Thursday, October 29, 2009

ਸ਼ੀ ਇਜ਼ ਡੇਡ -ਕੁਲਵੰਤ ਕੋਰ 'ਚੰਨ 'ਜੰਮੂ (ਪੈਰਿਸ ਫਰਾਂਸ)



    ਸ਼ੀ ਇਜ਼ ਡੇਡ    -ਕੁਲਵੰਤ ਕੋਰ 'ਚੰਨ 'ਜੰਮੂ (ਪੈਰਿਸ ਫਰਾਂਸ)

          ਰੂਪਾ ਵਿਹੜੇ ਵਿਚ ਬੈਠੀ ਧੁੱਪ ਸੇਕ ਰਹੀ ਸੀ ,ਤੇ ਨਾਲੇ ਕਿਸੇ ਡੂੰਗੇ ਖਿਆਲਾਂ ਵਿਚ ਗੁਆਚੀ ਤੇ ਅੱਖਾਂ ਵਿਚ ਆਏ ਅੱਥਰੂਆਂ ਨੂੰ ਅਪਣੇ ਲੰਬੇ ਤੇ ਕਾਲੇ ਵਾਲਾਂ ,ਜਿਹੜੇ ਵਕਤ  ਦੇ ਨਾਲ ਅਪਣੀ ਉਮਰ ਦੱਸ ਰਹੇ ਸਨ,ਉਹਨਾਂ ਵਿਚ ਛੁੱਪਾ ਰਹੀ ਸੀ । ਉਸ ਨੂੰ ਪਤਾ ਹੀ ਨਹੀ ਲੱਗਾ ਜੋਗਿੰਦਰ ਕਦੋ ਦਾ ਉਸ ਦੇ ਕੋਲ ਖਲੋਤਾ ਉਸ ਨੂੰ ਰੋਂਦੇ ਤੇ ਹੋਲੀ ਹੋਲੀ ਇਹ ਕਹਿੰਦੇ ਸੁਣ ਰਿਹਾ ਸੀ ਰੱਬਾ ਇਹਨਾਂ ਭੈਣਾ ਨੂੰ ਵੀ ਇਕ ਵੀਰ ਦਈ, ਤੇਰੇ ਘਰ ਤਾਂ ਕਿਸੇ ਚੀਜ਼ ਦੀ ਕਮੀ ਨਹੀ ।ਜੋਗਿੰਦਰ ਨੂੰ ਇਹ ਤਾਂ ਪਤਾ ਲੱਗ ਹੀ ਗਿਆ  ਸੀ, ਇਹ ਕਿਹੜੇ ਵੈਣਾਂ ਵਿਚ ਪਈ ਏ ਪਰ ਰੂਪਾ ਨੂੰ ਪਤਾ ਨਾ ਲਗੇ ਉਹ ਉਸ ਦੀ ਕੋਈ ਗੱਲ ਜਾਂ ਉਦਾਸੀ ਨੂੰ ਬੜੀ ਨਜ਼ਦੀਕੀ ਤੋ ਵੇਖ ਜਾਂ ਸੁਣ ਰਿਹਾ ਸੀ , ਉਹ ਸਮਝੇ ਕੇ ਉਹ ਹੁਣੇ ਹੁਣੇ ਹੀ ਆਇਆ ਹੈ , ਤੇ ਬਹੁਤ ਹੀ ਖੁੱਸ਼ ਹੈ ।ਹਾਏ ਰੂਪਾ, ਕਹਿ ਆਵਾਜ਼ ਲਗਾਈ ਤਾਂ ਅਬੜਵਾਈ ਉਸ ਨੇ ਵੀ ਇਹੀ ਸ਼ੋਅ ਕੀਤਾ ਕਿ ਉਹ ਬੜੀ ਖੁੱਸ਼ ਤੇ ਕੋਈ ਗੀਤ ਗੁਨ-ਗੁਨਾ ਰਹੀ ਸੀ ।ਤੁਸੀ ਕਦੋ ਆਏ? ਜਦੋ ਸਰਕਾਰ ਨੇ ਵੇਖਿਆ ਕਹਿ ਜੋਗਿੰਦਰ ਨੇ ਵੀ ਗੱਲ ਪਲਟਣ ਦੀ ਕੋਸ਼ਿਸ਼ ਕੀਤੀ । ਰੂਪਾ ਨੇ ਅਵਾਜ਼ ਲਗਾਈ ਬਹਾਦਰ ਸਾਬ ਲਾਈ ਏਕ ਗਿਲਾਸ ਪਾਣੀ ਲਏਰੇ ਆਇਜਾ ਇਹ ਨਿਪਾਲੀ ਵਿਚ ਬੋਲ ਰਹੀ ਸੀ (ਸਾਬ ਵਾਸਤੇ ਇਕ ਗਿਲਾਸ ਪਾਣੀ ਲੈ ਕੇ ਆ) ਜੀ ਹਜੂਰ ਕਹਿ ਕਾਂਸ਼ੇ ਨੇ ਅੰਦਰੋ ਹੀ ਅਵਾਜ਼ ਲਗਾਈ ।ਇਹ ਨਿੱਕਾ ਜਿਹਾ ਬੱਚਾ ਰੂਪਾ ਨੇ ਪਾਲਿਆ ਸੀ ਜਿਸ ਦਾ ਮਾਂ ਬਾਪ ਐਕਸੀਡੈਂਟ ਵਿਚ ਮਾਰਿਆ ਗਿਆ ਸੀ ਤੇ ਇਸ ਦੀ ਥੌੜੀ ਜਿਹੀ ਪਹਾੜ ਤੇ ਜੋ ਜ਼ਮੀਨ ਸੀ ਚਾਚਿਆਂ ਤੇ ਵੱਡੇ ਭੈਣ ਭਰਾਂਵਾਂ ਨੇ ਲੈ ਲਈ ਸੀ ਤੇ ਇਹ ਵਿਚਾਰਾ ਲੋਕਾਂ ਦੇ ਘਰ ਬਰਤਨ ਹੀ ਸਾਫ ਕਰਦਾ ਰਹਿ ਗਿਆ ਰੂਪਾ ਦੇ ਮਾਂ ਬਾਪ ਜੋ ਪਹਾੜ ਤੇ ਰਹਿੰਦੇ ਸਨ , ਉਹਨਾਂ ਇਸ ਨੂੰ ਅਪਣੇ ਘਰ ਰੱਖ ਲਿਆ ਹੁਣ ਰੂਪਾ ਇਸ ਨੂੰ ਸ਼ਹਿਰ ਵਿਚ ਲੈ ਆਈ ਸੀ ਤੇ ਬੱਚਿਆਂ ਵਾਂਗ ਇਸ ਨੂੰ ਪਿਆਰ ਕਰਦੇ ਸਨ ਕਹਿੰਦੇ ਹਨ 'ਖਾਈ ਭਲੀ ਕਿ ਮਾਈ ਭਲੀ' ਇਹ ਬੱਚਾ ਵੀ ਬੜਾ ਈਮਾਨਦਾਰ ਤੇ ਸਿਆਣਾ ਸੀ ।ਕੀ ਗੱਲ ਕਿਤੇ ਗਹਿਰੀ ਸੋਚ ਵਿਚ ਪੈ ਗਈ , ਬਹਾਦਰ ਚਾਹ ਲੈ ਆਇਆ ਹੈ ਤੇ ਤੈਨੂੰ ਕੁਝ ਪੁੱਛ ਵੀ ਰਿਹਾ ਹੈ, ਤੁੰ ਕਿਥੇ ਗੁਆਚੀ ਪਈ ਏ ਕਹਿ ਜੋਗਿੰਦਰ ਨੇ ਚਾਹ ਦਾ ਕੱਪ ਕਾਂਸ਼ੇ ਦੀ ਲਿਆਉਂਦੀ ਟਰੇ ਵਿਚੋ ਚੁਕਿਆ । ਹਾਏ ਮੈਂ ਵੀ ਕਿਹੜੇ ਵਹਿਣਾ ਵਿਚ ਵਹੀ ਜਾਂਦੀ ਹਾਂ ?ਤੇ ਝੱਟ ਜੋਗਿੰਦਰ ਨੇ ਗੱਲ ਫ੍ਹੜ ਲਈ ਮੈਨੂੰ ਪਤਾ ਹੈ ਜਿਹੜੇ ਵਹਿਣਾ ਵਿਚ ਤੂੰ ਗੁਆਚੀ ਏ, ਕਿੰਨੀ ਵਾਰੀ ਕਿਹਾ ਰੱਬ ਤੇ ਭਰੋਸਾ ਰੱਖ, ਉਹਦੇ ਘਰ ਦੇਰ ਹੈ ਅੰਦੇਰ ਨਹੀ ਬਹੁਤਾ ਸੋਚੀ ਦਾ ਨਹੀ , ਰੱਬ ਨਾਲ ਮੱਥਾ ਨਹੀ ਲਾਈਦਾ ਉਸ ਨੇ ਅਪਣੀ ਹੀ ਮਰਜੀ ਕਰਨੀ ਹੁੁੰਦੀ ਹੈ ਜੋ ਕਰੇਗਾ ਭਲੀ ਹੀ ਕਰੇਗਾ । ਦੀਪੇ ਮਿਸਤਰੀ ਨੂੰ ਬੁਲਾਇਆ ਏ ਕੀ ਆਇਆ ਸੀ ? ਨਹੀ ਆਉਣ ਵਾਲਾ ਏ , ਤੁਹਾਨੂੰ ਕਿਵੇਂ ਪਤਾ ਰੂਪਾ ਨੇ ਜਲਦੀ ਨਾਲ ਪੁਛਿਆ। ਮੈਨੂੰ ਜਲਜਲਾ ਸਿਨੇਮਾ ਘਰ ਦੇ ਕੋਲ ਮਿਲਿਆ ਕਹਿ ਰਿਹਾ ਸੀ ਦੀਦੀ ਨੇ ਬੁਲਾਇਆ ਏ, ਕੀ ਕੋਈ ਹੋਰ ਕੁਝ ਬਨਾਉਣ ਦਾ ਇਰਾਦਾ ਹੈ ਅੱਗੇ ਹੀ ਏਨਾ ਵੱਡਾ ਘਰ ਏ ,ਨਹੀ ਨਹੀ ਵਿਚੇ ਹੀ ਰੂਪਾ ਬੋਲ ਪਈ ਜਿਹੜਾ ਕੋਠੀ ਦੇ ਬਾਹਰ ਮੱਥੇ ਤੇ ਰਾਮ ਤੇ ਸ਼ਾਮ ਲਿਖਿਆ ਏ ਮੈਂ ਕਹਿੰਦੀ ਹਾਂ ਉਹ ਮਿਟਾ ਦਈਏ ਸ਼ਾਇਦ ਕਿਤੇ ਰੱਬ ਬੋੜ ਪਏ ।ਉਦੋ ਲਿਖਾਉਣ ਲਈ ਜਿੱਦ ਪੈ ਗਈ ਸੀ ਤੇ ਹੁਣ ਮਿਟਾਉਣ ਲਈ ਤੇਰੀ ਮਰਜ਼ੀ ਮੈਡਮ  ਜੀ ਜਿਵੇਂ ਚੰਗਾ ਲੱਗਦਾ ਕਰੋ ਜੀ ਅਸੀ ਤਾਂ ਮੈਡਮ ਦੇ ਜੈਸ ਬੋਸ ਹਾਂ ਬਈ ਨਾਲੇ ਜਨਾਨੀਆਂ ਦਾ ਰਾਜ ਏ ਕਹਿ ਗੱਲ ਹਾਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜੋਗਿੰਦਰ ਨੇ।ਰੂਪਾ ਨੇ ਝੂਠਾ ਜਿਹਾ ਹਾਸਾ ਹੱਸ ਚਾਹ ਦਾ ਕੱਪ ਫ੍ਹੜ ਪੀਣ ਲੱਗੀ ਸੀ ਕੇ ਮਿਸਤਰੀ ਦੀਪਾ ਵੀ ਆ ਗਿਆ, ਹੁਣ ਚਾਹ ਤਾਂ ਜਿਵੇਂ ਜ਼ਹਿਰ ਦੇ ਘੁੱਟ ਭਰ ਰਹੀ ਲੱਗ ਰਿਹਾ ਸੀ । ਚਲੋ ਤੁਸੀ ਕਰੋ ਗੱਲ ਮੈਂ ਕਪੜੇ ਚੈਂਜ ਕਰ ਆਵਾਂ ਕਹਿ ਜੋਗਿੰਦਰ ਵੀ ਜਿਵੇਂ ਬਾਜੀ ਹਾਰ ਚੁੱਕਾ ਸੀ ਅਪਣੇ ਕਮਰੇ ਵਲ ਚਲਾ ਗਿਆ ,ਉਪਰੋ ਭਾਵੇਂ ਹੱਸਦਾ ਸੀ ਪਰ ਵਿਚੋ ਰੂਪਾ ਨੂੰ ਵੇਖ ਬਹੁਤ ਹੀ ਦੁੱਖੀ ਤੇ ਉਦਾਸ ਹੁੰਦਾ ਸੀ ।ਬੈਂਕ ਵਿਚ ਮੈਨੇਜਰ ਦੀ ਕੁਰਸੀ ਤੇ ਬੈਠਾ ਜੋਗਿੰਦਰ ਮਾਂ ਬਾਪ ਦਾ ਇਕਲੋਤਾ ਪੁੱਤਰ ਪੈਲੀ ਬੰਨਾ ਵੀ ਬਹੁਤ ਸੀ ਪਰ ਇਕੋ ਹੀ ਘਾਟ ਪੁੱਤਰ ਦੀ ,ਸੋਚਦੇ ਨੇ ਅੰਦਰੋ ਅੰਦਰ ਬੀਮਾਰੀ ਲਾ ਲਈ ਸੀ । ਰੂਪਾ ਨੂੰ ਸਤੱਵਾਂ ਅੱਠਵਾਂ ਮਹੀਨਾ ਫਿਰ ਲੱਗਾ ਸੀ। ਪੁੱਤਰ ਦੀ ਆਸ ਲਾਈ ਨੇ ਇਹਨਾਂ ਸੁੰਦਰ ਤੇ ਸਿਆਣੀਆ ਸੱਤ ਦੀਆਂ ਨੂੰ ਜਨਮ ਦੇ ਦਿਤਾ ਸੀ ।ਦੀਪ ਮਿਸਤਰੀ ਜੀ ਇਹ ਨਾਮ ਹਟਾ ਦਿਓ ਤੇ ਇਥੇ ਕੋਈ ਫੁੱਲ ਬੂਟਾ ਬਣਾ ਦਿਓ ਬੜੀ ਹਿੰਮਤ ਤੇ ਦਿਲ ਨਾਲ ਅੱਜ ਰੂਪਾ ਉਸੇ ਮਿਸਤਰੀ ਦੇ ਪੁੱਤਰ ਨੂੰ ਕਹਿ ਰਹੀ ਸੀ, ਜਿਸ ਦੇ ਪਿਓ ਕੋਲੋ ਇਸ ਨੇ ਇਹ ਰਾਮ ਤੇ ਸ਼ਾਮ ਦੋ ਪੁੱਤਰ ਹੋਣ ਗੇ ਤਾਂ ਨਾਮ ਰੱਖਾਂਗੇ, ਪੁੱਤਰ ਹੱਥੋ ਮਿਟਾਉਣ ਲਈ ਕਹਿ ਰਹੀ ਸੀ।
                                                   ਉਧਰੋ ਜੋਗਿੰਦਰ ਦੇ ਚਾਚੇ ਦੀ ਕੁੜੀ ਇੰਦੂ ਦੌੜਦੀ ਆਈ ਕਹਿੰਦੀ ਵੀਰੇ ਚਿੰਟੂ ਨੂੰ ਡਾਕਟਰਾਂ ਦੀ ਰਿਪੋਰਟ ਨੇ ਕੋਈ ਸਿਰ ਵਿਚ ਬੀਮਾਰੀ ਦੱਸੀ ਏ ।ਚਿੰਟੂ, ਜੋਗਿੰਦਰ ਦੀ ਭੈਣ ਦਾ ਦਿਓਰ ਹੈ, ਭੈਣ ਦਾ ਕੋਈ ਬੱਚਾ ਨਹੀ ਸੀ ਇਸ ਛੋਟੇ ਦਿਓਰ ਨੂੰ ਬੱਚਿਆਂ ਵਾਂਗ ਪਾਲਿਆ ਪੋਸਿਆ ਤੇ ਵੱਡਾ ਕਰਕੇ ਹੁਣ ਵਿਆਹ ਦੀਆ ਤਿਆਰੀਆਂ ਵਿਚ ਸਨ । ਜਦੋ ਪਿਛਲੇ ਮਹੀਨੇ ਉਹ ਪਟਨਾ ਸ਼ਹਿਰ ਘੁੰਮਣ ਤੇ ਨਾਲੇ ਕੋਈ ਵਰੀਆਂ ਵਗੈਰਾ ਵੀ ਉਥੋ ਲੈ ਆਂਵਾਗੇ ਗਏ ਸਨ ਤਾਂ ਚਿੰਟੂ ਧੜਾਮ ਬਜਾਰ ਵਿਚ ਚਲਦਾ ਚਲਦਾ ਡਿੱਗ ਪਿਆ ਸੀ ਤਾਂ ਡਾਕਟਰਾਂ ਨੂੰ ਦੱਸਣ ਤੇ ਇਸ ਨੂੰ ਕੋਈ ਸਿਰ ਵਿਚ ਪ੍ਰੋਬਲਿਮ ਦੱਸਿਆ ਸੀ ਤਾਂ ਉਹਨਾਂ ਦੇ ਤੇ ਸਾਹ ਹੀ ਨਿਕਲ ਗਏ ਸਨ  ।ਅੱਜ ਜਦੋ ਰਿਪੋਟਾਂ ਆਈਆਂ ਤਾਂ ਮਸਰ ਦੇ ਦਾਣੇ ਵਰਗੀ ਕੋਈ ਚੀਜ਼ ਬਣਦੀ ਸ਼ੱਕ ਪਈ ਹੈ । ਹਾਏ ਵੀਰੇ ਕੀ ਕਰਾਂਗੇ ? ਕੁੜੀਏ ਹੋਸਲਾ ਰੱਖ ਰੱਬ ਤੇ ਕਹਿ ਵਿਚਾਰਾ ਆਈਆਂ ਸਾਰੀਆਂ ਰਿਪੋਟਾਂ ਵੇਖਣ ਲੱਗ ਪਿਆ ।ਜੋਗਿੰਦਰ ਵਿਚੋ ਹਿੱਲ ਗਿਆ ਸੀ ਕਿਉਂਿਕ ਭੈਣ ਨੂੰ ਵਿਆਹੀ ਨੂੰ ੨੫-੨੬ ਸਾਲ ਹੋ ਗਏ ਸਨ ਤੇ ਬੱਚਾ ਨਹੀ ਸੀ ਹੋਇਆ ਇਹ ਅਜੇ ਛੋਟਾ ਜਿਹਾ ਬੱਚਾ ਹੀ ਸੀ ਤੇ ਭੈਣ ਦੀ ਸੱਸ ਪੂਰੀ ਹੋ ਗਈ ਤੇ ਭੈਣ ਨੇ ਇਹਨੂੰ ਬੱਚਿਆ ਵਾਂਗ ਪਾਲਿਆ ਪੋਸਿਆ ਸੀ ਤੂੰ ਕਿਉਂ ਫਿਕਰ ਕਰਦੀ ਏ ਮੈਂ ਹੁਣੇ ਹੀ ਫੋਨ ਕਰਦਾ ਹਾਂ ਮੇਰਾ ਦੋਸਤ ਹੈ ਚੰਡੀ੍ਹਗੜ ਜੋ ਡਾਕਟਰ ਓਪਰੇਸ਼ਨ ਕਰੇਗਾ  ਉਸ ਦਾ ਵਾਕਿਫ ਹੈ। ਤੁਸੀ ਕਲ ਦੀ ਹੀ ਤਿਆਰੀ ਕਰੋ ਕਹਿ ਅਪਣਾ ਤੇ ਰੂਪਾ ਦਾ ਗੰਮ ਭੁੱਲ ਉਸ ਦੀਆਂ ਸੋਚਾ ਵਿਚ ਆਣ ਡੁੱਬਾ।ਉਸ ਨੂੰ ਚੰਡੀਗ੍ਹੜ ਜੰਮੂ ਤੋ ਜਿਵੇਂ ਅਮਰੀਕਾ ਜਿੰਨੀ ਦੂਰ ਹੈ ਲੱਗ ਰਿਹਾ ਸੀ ।ਹੁਣ ਉਹ ਚਡੀਗ੍ਹੜ ਪਹੁੰਚ ਗਏ ਸਨ। ਦੂਜੇ ਦਿਨ ਹੋਸਪਿਟਲ ਦਾ ਵਕਤ ਮਿਲ ਗਿਆ ਤੇ ਤੀਜੇ ਦਿਨ ਓਪਰੇਸ਼ਨ ਵਾਸਤੇ ਟਾਇਮ ਵੀ ਮਿਲ ਗਿਆ।ਹੁਣ ਸਵੇਰ ਅੱਠ ਵਜੇ ਦਾ ਓਪਰੇਸ਼ਨ ਸ਼ੁਰੂ ਹੋਇਆ ਤੇ ਸ਼ਾਮੀ ਚਾਰ ਵਜੇ ਬਾਹਰ ਚਿੰਟੂ ਨੂੰ ਲਿਆਦਾਂ ਗਿਆ, ਰਿਪੋਟ ਆਉਣ ਦੀ ਹੁਣ ਇੰਤਜਾਰ ਹੋ ਰਹੀ ਸੀ । ਇਧਰ ਕੋਠੀ ਦੇ ਮੱਥੇ ਉਪਰ ਲਿਖਿਆ ਰਾਮ ਤੇ ਸ਼ਮ ਮਿਟਾ ਕੇ ਉਥੇ ਫੁੱਲਾਂ ਦਾ ਇਕ ਗੁਲੱਦਸਤਾ ਬਣਾ ਦਿਤਾ ਸੀ। ਓਧਰ ਮਾਸ ਦਾ ਉਹ ਟੁਕੜਾ ਚੈੱਕ ਹੋਣ ਵਾਸਤੇ ਲਬਾਟਰੀ ਵਿਚ ਪਹੁੰਚ ਗਿਆ ਸੀ ਪਰ ਉਸ ਦੀ ਜਦੋਂ ਤੱਕ ਕੋਈ ਰਿਪੋਰਟ ਨਹੀ ਸੀ ਆ ਜਾਂਦੀ ਸਾਰਿਆ ਦੇ ਸਾਹ ਸੁੱਕੇ ਹੋਏ ਸਨ ।ਸਾਰੇ ਵਾਹਿਗੁਰੂ ਅੱਗੇ ਮਿੱਤਰ ਦੋਸਤ ਜੋ ਵੀ ਜਿਸ ਨੂੰ ਮੰਨਦੇ ਅਪਣੇ ਅਪਣੇ ਇਸ਼ਟ ਅੱਗੇ ਅਰਦਾਸਾਂ ਕਰ ਰਹੇ ਸਨ ।ਆਖਿਰ ਸਭ ਦੀ ਰੱਬ ਨੇ ਸੁਣ ਲਈ ਤੇ ਡਾਕਟਰਾਂ ਨੇ ਇਹ ਦੱਸਿਆ ਕਿ ਇਹ ਲੱਖਾਂ ਵਿਚੋ ਕਿਸੇ ਇਕ ਬੰਦੇ ਦੇ ਹੁੰਦੀ ਹੈ ਇਹ ਦੋਬਾਰਾ ਨਹੀ ਹੋਣ ਵਾਲੀ ,ਹੁਣ ਕੋਈ ਖੱਤਰਾ ਨਹੀ ਤੁਸੀ ਬੇਫਿਕਰ ਹੋ ਜਾਵੋ, ਦਾਤੇ ਨੇ ਕਿਸੇ ਦੀ ਕੂਕ ਸੁਣ ਲਈ ,ਸਭ ਥੋੜੇ ਖੁੱਸ਼ ਹੋ ਗਏ ਪਰ ਇੰਦੂ ਜਿਵੇਂ ਅਜੇ ਵੀ ਉਸ ਸਦਮੇ ਵਿਚੋ ਬਾਹਰ ਨਹੀ ਆ ਰਹੀ ਸੀ ,ਜਦੋ ਉਸ ਨੂੰ ਓਪਰੇਸ਼ਨ ਵਾਸਤੇ ਅੰਦਰ ਲੈ ਕੇ ਜਾਂਦੇ ਨੂੰ ਵੇਖ ਘਬਰਾ ਗਈ ਸੀ ਤੇ ਸਿਰ ਫ੍ਹੜ ਬੈਠ ਗਈ ਸੀ ।ਹੋਸਲਾ ਕਰ ਸਾਡੇ ਚਿੰਟੂ ਨੂੰ ਸ਼ਿੱਵ ਜੀ ਪਰਬਤੀ ਨੇ ਹੱਥ ਦੇ ਰੱਖਿਆ ਏ, ਐਂਵੇ ਮਰੀ ਜਾ ਰਹੀ ਏ ਜਾ ਸਾਰਿਆਂ ਨੂੰ ਹੁਣ ਜੂਸ ਮੰਗਾ ਕੇ ਪਿਲਾ , ਤੇ ਸਰਦਾਰ ਜੀ ਦੇ ਟਾਬੇ ਤੇ ਤੰਦੁਰੀ ਰੋਟੀਆਂ ਦਾ ਆਡਰ ਦੇ ਕੇ ਆ ਭਰ੍ਹਾ ਭੈਣ ਦਾ ਦਿਲ ਹੋਰ ਪਾਸੇ ਪਾਉਣ ਲਈ ਗੱਲਾਂ ਕਰ ਰਿਹਾ ਸੀ ।ਓਧਰ ਰੂਪਾ ਦਾ ਸੋਚ ਸੋਚ ਜੋਗਿੰਦਰ ਦਾ ਦਿੱਲ ਬੈਠਾ ਜਾ ਰਿਹਾ ਸੀ ਇਕ ਗੱਲ ਤਾਂ ਰੱਬ ਜੋ ਕਰਦਾ ਚੰਗਾ ਹੀ ਕਰਦਾ ਮੈਂ ਉਹ ਪਿਆਰ ਨਾਲ ਲਿਖਾਇਆ ਰਾਮ ਤੇ ਸ਼ਾਮ ਜੋ ਰੂਪਾ ਜਿੱਦ ਉਦੋ ਵੀ ਕੀਤੀ ਸੀ ਮਿਟਾਉਂਦੇ ਨਹੀ ਵੇਖਿਆਂ ,ਇਧਰ ਰੂਪਾ ਨੇ ਬਾਈ ਜਲਦੀ ਜਲਦੀ ਕਰੋ ਸਾਬ ਦੇ ਆਉਣ ਤੋ ਪਹਿਲਾ ਹੀ ਇਥੇ ਸੋਹਣਾ ਜਿਹਾ ਕੋਈ ਗੁਲਦੱਸਤਾ ਬਣਾ ਦਿਓ। ਹੁਣ ਅਜੇ ਕੋਈ ਦੋ ਹਫਤੇ ਉਥੇ ਹੀ ਠਹਿਰਨਾ ਪੈਣਾ ਸੀ ਪਰ ਜੋਗਿੰਦਰ ਨੇ ਮੈਂ ਇਕ ਵਾਰੀ ਘਰ ਚੱਕਰ ਲਾ ਆਂਵਾ ਤੇ ਨਾਲੇ ਰੂਪਾ ਦੀ ਵੀ ਸੁੱਖ ਸਾਂਦ ਲੈ ਆਵਾਂ ਉਹ ਵੀ ਚਿੰਤਾਂ ਕਰ ਰਹੀ ਹੋਵੇਗੀ । ਫੋਨਾਂ ਦਾ ਤਾਂ ਉਦੋ ਜਮਾਨਾ ਨਹੀ ਸੀ ਬਹੁਤ ਘੱਟ ਕਿਸੇ ਵਿਰਲੇ ਦੇ ਘਰ ਫੋਨ ਹੁੰਦਾ ਸੀ ।ਹੁਣ ਪੁਰਾਂ ਹੀ ਟਾਇਮ ਸੀ ਰੂਪਾ ਨੂੰ ਵੀ, ਅਜੇ ਦੋ ਤਿੰਨ ਹੀ ਹੋਏ ਸਨ ਜੋਗਿੰਦਰ ਨੂੰ ਘਰ ਆਏ ਨੂੰ ਤੇ ਰੂਪਾ ਬੀਮਾਰ ਹੋਣ ਕਰਕੇ ਹੋਸਪਿਟਲ ਲੈ ਗਏ ਜਿਥੇ ਉਸ ਨੇ ਅੱਠਵੀਂ ਕੁੜੀ ਨੂੰ ਜਨਮ ਦਿਤਾ ਜੋਗਿੰਦਰ ਤਾਂ ਵਿਚਾਰਾ ਕੀ ਕਰੇ ਰੂਪਾ ਦਾ ਰੋ ਰੋ ਬੁਰਾ ਹਾਲ ਸੀ ਪਰ ਧੀ ਨੂੰ ਗਲੇ ਨਾਲ ਲਾ ਜਿਵੇਂ ਉਹ ਅਜੇ ਵੀ ਪੁੱਤਰ ਦੀ ਆਸ ਲਾਈ ਬੈਠੀ ਸੀ ਹਾਰੀ ਨਹੀ ਇਕ ਹੋਰ ਮੋਕਾ ਵੇਖੇਗੀ। ਇਹੀ ਸੋਚ ਵਿਚਾਰੀ ਨੇ ਮੰਨ ਨੂੰ ਹੋਸਲਾ ਦਿਤਾ।ਇਕ ਸਾਲ ਡੇਢ ਸਾਲ ਦਾ ਹੀ ਹਰ ਬੇਟੀ ਵਿਚ ਫਰਕ ਸੀ। ਅੱਠਵੀਂ ਬੇਟੀ ਦਾ ਨਾਮ ਉਹਨਾਂ ਸ਼ੁਕਰਿਆ ਰੱਖਿਆ ਸੀ । ਇਹ ਵੀ ਹੱਸਦੀ ਤੇ ਭੈਣਾਂ ਦੀ ਗੋਦੀ ਵਿਚ ਖੇਡਦੀ ਸਾਲ ਦੀ ਹੋਣ ਲੱਗੀ ਸੀ । ਚਿੰਟੂ ਵੀ ਹੁਣ ਠੀਕ ਠਾਕ ਸੀ ਵਿਆਹ ਵੀ ਉਸ ਦਾ ਬੜੀ ਧੂੰਮ-ਧਾਂਮ ਨਾਲ ਕੀਤਾ ਗਿਆ ਬੜੀਆਂ ਖੁੱਸ਼ੀਆਂ ਮੰਨਾਈਆਂ ਗਈਆਂ ।ਮੰਜੂ ਤੇ ਮੀਨਾ ਵੱਡੀਆਂ ਬੇਟੀਆਂ  ਦਾ ਵਿਆਹ ਇਕੱਠੇ ਹੀ ਰੱਖ ਦਿਤੇ ਭਾਂਵੇ ਧੀਆਂ ਅੱਠ ਹੋ ਗਈਆਂ ਪਰ ਜੋਗਿੰਦਰ ਨੇ ਸਾਰੀਆਂ ਬੇਟੀਆਂ ਨੂੰ ਪੁੱਤਰਾਂ ਤੋ ਵੱਧ ਪਿਆਰ ਤੇ ਲਾਡ ਕੀਤਾ ਤੇ ਬਹੁਤ ਸੋਣੀਆਂ ਪੜਾਈਆਂ ਲਿਖਾਈਆਂ ਸਨ ।ਸੋਹਣੀ ਵੀ ਇਕ ਤੋ ਇਕ ਜਿਵੇਂ ਘੜ_ਘੜ ਕੇ ਰੱਬ ਨੇ ਬਣਾਈਆਂ ਹੋਣ।ਰੂਪਾ ਤੇ ਜੋਗਿੰਦਰ ਦੀ ਉਮਰ ਨੇ ਵੀ ਅਪਣੇ ਹਾਵ-ਭਾਵ ਦੱਸਣੇ ਸ਼ੁਰੂ ਕਰ ਦਿਤੇ।
                                      ਸਾਰੀਆਂ ਧੀਆਂ ਸਾਲ ਸਾਲ ਦੀ ਵਿੱਥ ਤੇ ਵਿਆਹੀਆਂ ਜਾ ਰਹੀਆਂ ਸਨ ਇਕ ਤੋ ਇਕ ਜਵਾਈ ਮਿਲੇ ਤੇ ਪੁੱਤਰਾਂ ਤੋ ਵੱਧ ਪਿਆਰ ਕਰਨ ਵਾਲੇ। ੧੬-੧੭ ਵੱਧ ਤੋ ਵੱਧ ੧੮ ਸਾਲਾਂ ਦੀਆਂ ਧੀਆਂ ਕਰਕੇ ਕੰਨਿਆਂ ਦਾਨ ਕਰੀ ਜਾ ਰਿਹਾ ਸੀ ਜੋਗਿੰਦਰ ,ਜਿਵੇਂ ਉਸ ਨੂੰ ਕੋਈ ਰੱਬ ਵਲੋ ਹੀ ਸੁਝਨਾ ਆ ਗਈ ਹੋਵੇ ।ਹੁਣ ਫਿਰ ਨੋਵੀਂ ਵਾਰ ਵੀ ਰੂਪਾ ਨੇ ਚਾਂਸ ਵੇਖਿਆ ਜਿਵੇਂ ਰੱਬ ਨੇ ਆਸ ਪੂਰੀ ਕਰ ਦੇਣੀ ਏ ਮੰਜੂ ਦੇ ਡੇਡੀ ? ਕੀ ਬੁਜਾਰਤਾਂ ਪਾਈ ਜਾਂਦੀ ਏ ਮੈਂ ਸਪਨਾ ਕਦੀ ਨਹੀ ਸੀ ਵੇਖਿਆ ਪਰ ਮੈਨੂੰ ਇਸ ਵਾਰੀ ਲੱਗਦਾ ਹੈ ਸਾਡੇ ਘਰ ਭਗਵਾਨ ਨੇ ਪੁੱਤਰ ਹੀ ਦੇਣਾ ਏ , ਰੂਪਾ ਜਵਾਈਆ ਭਾਈਆ ਵਾਲੇ ਹੋ ਗਏ ਹਾਂ ਸ਼ਰਮ ਵੀ ਆਉਂਦੀ ਏ ,ਹੁਣ ਇਹ ਤਾਂ ਕੁੱਦਰਤ ਦੀ ਦਾਤ ਹੈ ਅੰਜੂ ਦੀ ਸੱਸ ਘਰ ਵੀ ਤਾਂ ਅਜੇ ਪੁੱਤਰ ਦੇ ਵਿਆਹ ਤੋ ਬਾਅਦ ਮੰਗ ਮੰਗ ਕੇ ਧੀ ਲਈ ਹੈ , ਸਾਨੂੰ ਕਾਦੀ ਸੰਗ ਕੋਈ ਕਿਸੇ ਦਾ ਬੱਚਾ ਏ ਜਿਹੜੀ ਸਾਨੂੰ ਸ਼ਰਮ ਆਉਂਦੀ ਏ ।ਰੂਪਾ ਤਾਂ ਜਿਵੇਂ ਪੁੱਤਰ ਤੋ ਬਗੈਰ ਇਹ ਜੀਵਨ ਹੀ ਅਧੂਰਾ ਸਮਝ ਰਹੀ ਸੀ।ਵਕਤ ਲੰਘ ਰਿਹਾ ਸੀ ਹੁਣ ਫਿਰ ਪੁੱਤਰ ਦੀ ਆਸ ਨਾਲ ਭੈਣਾ ਵੀ ਤੇ ਮਾਂ ਵੀ ਖੁੱਸ਼ ਸੀ ।ਭੈਣਾ ਨੇ ਕੋਈ ਪੀਰ, ਫਕੀਰ, ਮੰਦਿਰ ਗੁਰਦੂਆਰਾ,ਮਸਜਿਦ ਨਹੀ ਛੱਡੀ ਹੋਣੀ ਜਿਥੇ ਕੋਈ ਨਾ ਕੋਈ ਸੁੱਖਣਾ ਨਾ ਸੁੱਖੀ ਹੋਵੇ।ਰੱਬਾ ਇਕ ਵੀਰ ਜਰੂਰ ਦੇਵੀਂ ਮੇਰੀ ਮਾਂ ਦੀ ਆਸ ਤੇ ਸਾਡੀ ਰੱਖੜੀ ਜਰੂਰ ਕਬੂਲ ਕਰੀ , ਆਖਿਰ ਭੈਣਾ ਦੀ ,ਮਾਂ ਦੀ ਜਿੱਦ ਅੱਗੇ ਰੱਬ ਨੂੰ ਵੀ ਇਕ ਪੁੱਤਰ ਦੇਣਾ ਪਿਆ,ਤੇ ਪੁੱਤਰ ਦਾ ਨਾਮ ਰੱਖਿਆਂ ਗਿਆ ਰੋਣਕ ਬਟਰਾਈ । ਅੱਜ ਘਰ ਕੀ ਪੂਰੇ ਮੱਹਲੇ ਵਿਚ ਗਹਿਮਾਂ ਗਹਿਮੀ ਤੇ ਰੋਣਕਾਂ ਲੱਗੀਆਂ ਸਨ । ਮੁੰਡਾ ਅਜੇ ਚਾਰ ਕੁ ਮਹੀਨਿਆਂ ਦਾ ਸੀ ਤੇ ਛੋਟੀ ਭੈਣ ਦਾ ਵੀ ਵਿਆਹ ਰਚਾ ਦਿਤਾ ,ਹੁਣ ਬੱਸ ਇਕ ਛੋਟੀ ਭੈਣ ਸ਼ੁਕਰਿਆ ਜਿਹੜੀ ਰੱਬ ਤੋ ਵੀਰ ਮੰਗ ਲਿਆਈ ਏ ਇਸ ਦਾ ਵਿਆਹ ਤਾਂ ਮੈਂ ਪੁੱਤਰ ਦੇ ਵਿਆਹ ਤੋ ਬਾਅਦ ਹੀ ਕਰਾਂਗੀ ਨਾਲੇ ਸਾਰੀਆਂ ਧੀਆਂ ਤੇ ਪ੍ਰੋਹਣੀਆਂ ਹੋ ਗਈਆਂ ਹਨ ਅਪਣੇ ਅਪਣੇ ਘਰ ਸੁੱਖੀ ਹਨ । ਇਸ ਨੂੰ ਮੈਂ ਸਭ ਤੋ ਬਾਅਦ ਹੀ ਵਿਆਵਾਂਗੀ ਨਾਲੇ ਦੂਰ ਨਹੀ ਲਾਗੇ ਹੀ ਵਿਆਵਾਂਗੀ ਜਿਥੇ ਬੁੱਡੀ ਹੋਈ ਕੋਲੋ ਟੁਰਨ ਨਾ ਵੀ ਹੋਇਆ ਤਾਂ ਡੰਗੋਰੀ ਫ੍ਹੜ ਅਸੀ ਦੋਵੇਂ ਇਹਦੇ ਡੈਡੀ ਤੇ ਮੈਂ ਪਹੁੰਚ ਜਾਇਆ ਕਰੀਏ, ਸਾਰੀਆਂ ਧੀਆਂ ਨੂੰ ਸੋਨੇ ਦੇ ਹਾਰ ਤੇ ਜਵਾਈਆਂ ਨੂੰ ਚੈਨੀਆਂ ਪਾਈਆਂ , ਪਹਿਲੀ ਲੋਹੜੀ ਸੀ ਬੜੀ ਧੂੰਮ-ਧਾਂਮ ਨਾਲ ਮਨਾਈ ।ਜੋਗਿੰਦਰ ਨੂੰ ਹੁਣ ਕੋਈ ਖੁੱਸ਼ੀ ਨਹੀ ਰਹਿ ਗਈ ਸੀ, ਕੁਝ ਦਿਨ ਪਹਿਲਾ ਹੀ ਉਸ ਨੂੰ ਅਪਣੇ ਦਫਤਰ ਵਿਚ ਬੈਠੇ ਹੀ ਚੱਕਰ ਆਇਆ ਸੀ ਤੇ ਧੜਾਮ ਉਹ ਕੁਰਸੀ ਤੋ ਡਿੱਗ ਪਿਆ ਸੀ ਤੇ ਚੰਨੋ ਚਪੜਾਸੀ ਦੋੜਦੀ ਸਾਬ ਨੂੰ ਪਤਾ ਨਹੀ ਕੀ ਹੋ ਗਿਆ ਤਾਂ ਸਭ ਨੇ ਚੁੱਕਿਆ ਤੇ ਪਾਣੀ ਛਾਣੀ ਪਿਲਾਇਆ ।ਜੋਗਿੰਦਰ ਨੇ ਸਭ ਨੂੰ ਕਹਿ ਦਿਤਾ ਸੀ ਮੇਰੇ ਘਰ ਗੱਲ ਨਹੀ ਹੋਣੀ ਚਾਹੀਦੀ ।ਡਾਕਟਰ ਸਾਹਿਬ ਇਹ ਕਿਵੇਂ ਹੋ ਸਕਦਾ ਮੈਂ ਤਾਂ ਸ਼ਰਾਬ ,ਸਿਗਰਟ, ਬੀੜੀ, ਤਮਾਕੂ ਇਥੋ ਤੱਕ ਕੀ ਮੀਟ ਵੀ ਨਹੀ ਖਾਂਦਾ ਤੇ ਤੁਸੀ ਕਹਿ ਰਹੇ ਹੋ ਮੈਨੂੰ ਕੋਈ ਸ਼ੱਕ ਲੱਗ ਰਿਹਾ ਹੈ ਤੁਸੀ ਇਕ ਵਾਰੀ ਚੰਗੀ ਤਰ੍ਹਾਂ ਅਪਣਾ ਚੈਕਅੱਪ ਕਰਾਓ ,ਵਾਰ ਵਾਰ ਚੱਕਰ ਆਉਣੇ ਠੀਕ ਨਹੀ ਡਾਕਟਰ ਨੇ ਜਿਵੇਂ ਕੁਝ ਅਪਣੇ ਕੋਲ ਛੁਪਾ ਲਿਆ ਸੀ।ਅੱਜ ਉਹ ਹੀ ਅਣਹੋਣੀ ਹੋ ਗਈ ਸੀ ਜੋਗਿੰਦਰ ਨੂੰ ਬੱਲਡ ਕੈਂਸਰ ਸੀ ਉਹ ਵੀ ਕੋਈ ਦੋ ਚਾਰ ਮਹੀਨੇ ਖਿੱਚ ਕੇ ਕੱਢ ਸਕਦਾ ਸੀ ਜਿਆਦਾ ਨਹੀ , ਸੁਣ ਪੈਰਾਂ ਦੇ ਹੇਠੋ ਜਮੀਨ ਕਿਸੱਕ ਗਈ ,ਵੱਡੇ ਜਵਾਈ ਦੀ ਜੋ ਪੁੱਤਰਾਂ ਤੋ ਵੱਧ ਪਿਆਰ ਕਰਦਾ ਸੀ ਸੱਸ ਸੋਹਰੇ ਨੂੰ ।ਹੁਣ ਅਜੇ ਇਕ ਸਾਲ ਤੇ ਚਾਰ ਮਹੀਨੇ ਦਾ ਹੀ ਰੋਣਕੂ ਹੋਇਆ ਸੀ । ਭਾਵੇਂ ਰੋਣਕੂ ਨਾਮ ਸੀ ਪਰ ਰੂਪਾ ਮਾਂ ਦਾ ਲਾਡੂ ਕਹਿ ਕੇ ਹੀ ਬੁਲਾਉਂਦੀ ਸੀ ਇਵੇ ਰੋਣਕੂ ਦਾ ਨਾਮ ਮਾਂ ਦਾ ਲਾਡੂ ਹੀ ਪੱਕ ਗਿਆ ਸੀ ਸਾਰੇ ਮਾਂ ਦਾ ਲਾਡੂ ਹੀ ਕਹਿੰਦੇ ਤੇ ਰੂਪਾ ਬੜੀ ਖੁੱਸ਼ ਹੁੰਦੀ ।ਅਚਾਨਕ ਪੇਟ ਵਿਚ ਦਰਦ ਜਿਹੀ ਮਹਿਸੂਸ ਕੀਤੀ ਤਾਂ ਅਜੇ ਡਾਕਟਰ ਕੋਲ ਜਾਣ ਦੀ ਤਿਆਰੀ ਹੀ ਸੀ ਕੀ ਜੋਗਿੰਦਰ ਹੋਰੀ ਸਾਰੀਆ ਖੁੱਸ਼ੀਆਂ ਨਾਲ ਸਮੇਟ ਸਭ ਨੂੰ ਵਿਲਖਦੇ ਤੇ ਤੜਪਦੇ ਛੱਡ ਕਿਤੇ ਦੂਰ ਦਰਾਡੇ ਜਾ ਵਸੇ ।ਲਾਡੂ ਦਾ ਪਾਲਣ ਪੋਸ਼ਣ ਤਾਂ ਰਾਜਿਆਂ ਵਾਂਗ ਹੋ ਰਿਹਾ ਸੀ ਪਰ ਰੂਪਾ ਦੇ ਚਾਅ ਜੋ ਪਤੀ ਦੇ ਨਾਲ ਸਨ ਸਭ ਉਹ ਨਾਲ ਹੀ ਲੈ ਗਿਆ ਸੀ । ੪੫ ਸਾਲਾਂ ਦੀ ਉਮਰ ਜਵਾਨ ਤੇ ਖੁਬਸੂਰਤ ਦਿਸਣ ਵਾਲੀ ਰੂਪਾ ਬਿੰਨਾ ਮੇਕੱਪ ਤੋ ਬਿਲਕੁਲ ਬੁੱਡੀ ਤੇ ਬਜੂਰਗ ਜਿਹੀ ਲੱਗਣ ਲੱਗ ਪਈ । ਹੰਸੂ ਹੰਸੂ ਕਰਦਾ ਚਿਹਰਾ ਉਦਾਸ ਤੇ ਬੀਮਾਰ ਜਿਹਾ ਦਿੱਸਣ ਲੱਗ ਪਿਆ। ਹੁਣ ਮਾਂ ਦਾ ਲਾਡੂ ਵੀ ਜਵਾਨ ਹੋ ਗਿਆ ਪਿਆਰ ਤੇ ਲਾਡ ਨੇ ਲਾਡੂ ਨੂੰ ਸ਼ਰਾਬੀ ਤੇ ਜੂਆਰੀ ਵੀ ਬਣਾ ਦਿਤਾ ਸੀ , ਮਾਂ ਨੂੰ ਹੁਣ ਚਿੰਤਾਂ ਖਾਣ ਲੱਗੀ ਜਿਹੜੀ ਰੱਬ ਨਾਲ ਲ੍ੜ ਲ੍ੜ ਕੇ ਪੁੱਤਰ ਮੰਗ ਰਹੀ ਸੀ ਆਪੇ ਵਿਚ ਹੀ ਗੁੰਮ ਰਹਿਣ ਲੱਗ ਪਈ ।ਭੈਣਾ ਤੇ ਜੀਜੇ ਵੀ ਬਹੁਤ ਸਮਝਾਉਂਦੇ ਪਰ ਉਹ ਕਿਸੇ ਦੀ ਵੀ ਨਹੀ ਸੁਣਦਾ ਸੀ ਸਗੋ ਉਹਨਾਂ ਨੂੰ ਵੀ ਬੁਰਾ ਭਲਾ ਕਹਿ, ਜਾਵੋ ਅਪਣੇ ਘਰੇ ਇਥੇ ਕੀ ਲੈਣ ਆਉਂਦੇ ਹੋ।ਸ਼ਰਾਬ ਵਿਚ ਮਸੱਤ ਇਕ ਦਿਨ ਤਾਂ ਹੱਦ ਹੀ ਕਰ ਦਿਤੀ ਜਦੋ ਗੱਲੇ ਵਿਚ ਪਾਈ ਪੰਜ ਤੋਲੇ ਦੀ ਚੈਨੀ ਜੂਏ ਵਿਚ ਹਾਰ ਆਇਆ । ਭੈਣਾਂ ਤੇ ਮਾਂ ਜਿੰਨੀਆਂ ਖੁੱਸ਼ ਸਨ ਪੁੱਤਰ ਤੇ ਭਰ੍ਹਾ ਮੰਗਣ ਵਾਸਤੇ ਉਸ ਤੋ ਕਿਤੇ ਵੱਧ ਸਨ ਦੁੱਖੀ ਪੁੱਤਰ ਤੇ ਭਰ੍ਹਾ ਮਿਲਣ ਤੇ । ਮਾਂ ਤਾਂ ਇਕ ਦਿਨ ਉੱਚੀ ਉੱਚੀ ਉਸ ਵਕਤ ਸਭ ਦੇ ਸਾਹਮਣੇ ਰੋਈ ਤੇ ਕਹਿੰਦੀ ਰੱਬਾ ਮੈਨੂੰ ਨੋਵੀਂ ਵੀ ਧੀ ਦਿੰਦਾ ਤਾਂ ਮੈਂ ਖੁੱਸ਼ ਸੀ, ਜਦੋ ਪੋਲਸਿ ਉਸ ਨੂੰ ਕਿਸੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਗਰੋਹ ਦਾ ਸਾਥੀ ਹੋਣ ਕਰਕੇ ਫੜ੍ਹਣ ਆਈ ਸੀ ।ਜਵਾਈ ਇਕ ਤੋ ਇਕ ਪ੍ਹੜੇ ਲਿਖੇ ਤੇ ਸਿਆਣੇ ਦਿਲ ਦੀਆਂ ਸੁਨਣ ਤੇ ਕਹਿਣ ਵਾਲੇ ,ਧੀਆਂ ਸਾਰੀਆਂ ਅਪਣੇ ਅਪਣੇ ਘਰ ਸੁੱਖੀ ।ਅੱਜ ਜਿਵੇਂ ਰੂਪਾ ਨੂੰ ਲੱਗ ਰਿਹਾ ਸੀ ਕੀ ਜੋਗਿੰਦਰ ਉਸ ਦਾ ਦੁੱਖ ਨਹੀ ਵੇਖ ਸਕਦਾ ਤੇ ਉਸ ਨੂੰ ਅਪਣੀਆਂ ਬਾਹਾਂ ਵਿਚ ਭਰਨਾ ਚਾਹੁੰਦਾ ਹੈ, ਅੰਜੂ ਦੇ ਪਾਪਾ ਮੈਨੂੰ ਵੀ ਕੋਲ ਬੁਲਾ ਲੈ, ਮੈਨੂੰ ਨਹੀ ਪੁੱਤਰ ਚਾਹੀਦਾ ਸੁਣਦਾ ਪਿਆ ਏ ਕੇ ਨਹੀ , ਉਹ ਕਿਹੜੇ ਲੋਕ ਹਨ ਜਿਹੜੇ ਧੀਆ ਨੂੰ ਪੇਟ ਵਿਚ ਹੀ ਮਾਰ ਮੁਕਾਉਂਦੇ ਹਨ ਤੇ ਪੁੱਤਰਾਂ ਵਾਸਤੇ ਤਰਲੇ ਪਾਉਂਦੇ ਹਨ , ਵੇਖੋ ਲੋਕੋ ਮੇਰੇ ਸਾਰੇ ਜਵਾਈ ਇਹ ਮੇਰੇ ਸੱਤ ਪੁੱਤਰ ਮੇਰੇ ਕੋਲ ਬੈਠੇ ਹਨ ਤੇ ਅੱਠਵਾਂ ਪੁੱਤਰ ਮੇਰਾ ਆਉਣ ਵਾਲਾ ਹੈ , ਮੈਂ ਤਾਂ ਐਵੇਂ ਹੀ ਭੁੱਲੀ ਪਈ ਸੀ,ਤੁਸੀ ਧੀਆਂ ਨੂੰ ਚੰਗਾ ਪੜਾਓ, ਲਿਖਾਓ ਪੜੇ ਲਿਖੇ ਪੁੱਤਰ ਲੱਭੋ ਜਿੰਨਾਂ ਨੂੰ ਪੜਾਈ ਦੀ ਤੇ ਇਨਸਾਨ ਦੇ ਜਜਬਾਤਾਂ ਦੀ ਕਦਰ ਹੋਵੇ, ਕਹਿੰਦੀ ਕਹਿੰਦੀ ਇਹਨਾਂ ਭੈਣਾਂ ਨੂੰ ਰੱਬਾ ਇਕ ਵੀਰ ਜਰੂਰ ਦਈ ਕਹਿਣ ਵਾਲੀ ਜੀਭਾ ਇਕ ਦਮ ਖਾਮੋਸ਼ ਹੋ ਜਾਂਦੀ ਹੈ ।ਸਾਰੇ ਕੁਝ ਨਹੀ ਹੋਇਆ ਮੰਮੀ ਨੂੰ, ਮੰਮੀ ਬੇਹੋਸ਼ ਹੋ ਗਏ ਹਨ, ਪਾਣੀ ਲਿਆਵੋ , ਡਾਕਟਰ ਨੂੰ ਬੁਲਾਵੋ, ਕੋਈ ਤੱਲੀਆਂ ਝਸਣ ਲੱਗਾ ।ਪਿਛੇ ਹਟੋ ਹਵਾ ਆਉਣ ਦਿਓ ਡਾਕਟਰ ਨੇ ਆਂਦੇ ਨਬਜ਼ ਦੇਖਦੇ ਹੀ ਸਿਰ ਮਾਰ ਦਿਤਾ ,ਸ਼ੀ ਇਜ਼ ਡੇਡ । ਰੋਣਾ ਧੋਣਾ ਚੀਕ ਚਿਹਾੜਾ ਪੈ ਗਿਆ ਚਾਰੇ ਪਾਸੇ ।ਸਭ ਹੈਰਾਨ ਸਨ ਇਹ ਕੀ ਭਾਣਾ ਵਰਤ ਗਿਆ ।ਪਿਛੇ ਮੁੜ ਕੇ ਵੇਖਦੇ ਤਾਂ ਪੋਲੀਸ ਦੇ ਅੱਠ ਦੱਸ ਬੰਦੇ ਖ੍ਹੜੇ ਕਿਸੇ ਨੂੰ ਪੁੱਛ ਰਹੇ ਸਨ ਰੂਪਾ ਰਾਣੀ ਕਿਥੇ ਹਨ ਉਹਨਾਂ ਦਾ ਲਾਡੂ ਜੇਲ ਤੋ ਭੱਜ ਗਿਆ ਏ।ਸਭ ਤੋ ਵੱਡਾ ਜਵਾਈ ਉੱਠ ਤੇ ਭੱਬਾ ਮਾਰਨ ਲੱਗ ਪਿਆ ਸਾਹਿਬ ਜੀ ਇਹ ਵੇਖੋ ਮਾਂ ਦਾ ਲਾਡੂ ਤੇ ਰੱਬ ਕੋਲੋ ਲ੍ਹੜ ਲ੍ਹੜ ਕੇ ਪੁੱਤਰ ਮੰਗਣ ਵਾਲੀ ਸਾਡੀ ਮਾਂ ਸਾਨੂੰ ਸਾਰਿਆਂ ਨੂੰ ਰੋਂਦੇ ਤੇ ਵਿਲਖਦੇ ਛੱਡ ਪਾਪਾ ਜੀ ਕੋਲ ਜਾ ਡੇਰੇ ਲਾਏ । ਛੋਟੀ ਭੈਣ  ਜੋ ਅਜੇ ਕੁਆਰੀ ਸੀ ਮਾਂ ਮੈਨੂੰ ਵੀ ਨਾਲ ਲੈ ਚੱਲ ਮੈਂ ਕਦੀ ਨਹੀ ਤੁਹਾਨੂੰ ਦੁੱਖ ਦੇਵਾਂਗੀ ,ਮੈਂ ਤੁਹਾਡੀ ਸੇਵਾ ਕਰਾਂਗੀ , ਦੁੱਖ ਸੁੱਖ ਸੁਣਾਗੀ ।ਉਹ ਲੋਕੋ ਕੋਈ ਨਾਂ ਧੀਆ ਨੂੰ ਮਾਰੋ ਧੀਆਂ ਤਾਂ ਸਾਰਿਆਂ ਦਾ ਦੁੱਖ ਸੁੱਖ ਸੁਨਦੀਆਂ, ਘਰ ਦਾ ਸ਼ਿੰਗਾਰ ਹੁੰਦੀਆਂ ਹਨ ,ਆਏ ਜਵਾਈ ਵੀ ਪੁੱਤਰ ਸਮਝੋ ਤਾਂ ਉਹ ਪੁੱਤਰਾਂ ਤੋ ਵੀ ਵੱਧ ਪਿਆਰ ਕਰਦੇ ਹਨ ਅੱਜ ਵੇਖ ਲਓ ਸੁੱਖਾਂ ਮੰਗ ਮੰਗ ਕੇ ਲਿਆ ਪੁੱਤਰ ਨਾ ਮਾਂ ਦੀ  ਅਰਥੀ ਨੂੰ ਕੰਧਾ ਦੇਣ ਤੇ ਨਾਂ ਦਸਵੇਂ ਤੇ  ਮਾਂ ਨੂੰ ਆਖਰੀ ਵਿਦਾਇਗੀ ਦੇਣ ਲਈ ਆਇਆ। ਅੱਜ ਕਿਸੇ ਦੀ ਮਾਂ ਨਹੀ ਮੇਰੀ ਮਾਂ ਮਰੀ ਏ ਮੈਂ ਅਨਾਥ ਹੋ ਗਿਆ ਹਾਂ ,ਵਿਲਖਦਾ ਹੋਇਆ ਕਾਂਸ਼ਾ ਬਹਾਦਰ ਉੱਚੀ ਉੱਚੀ ਰੋ ਰਿਹਾ ਸੀ ਨਾਲੇ ਉਹਨਾਂ ਲੋਕਾਂ ਨੂੰ ਸਮਝਾ ਰਿਹਾ ਸੀ ਜਿਹੜੇ ਪੁਤਰਾਂ ਦੇ ਲਾਲਚ ਵਿਚ ਅੱਠ ਅੱਠ ਧੀਆਂ ਨੂੰ ਜਨਮ ਦੇ ਅਪਣੇ ਆਪ ਨੂੰ ਬੀਮਾਰੀਆ ਲਗਾ ਲੈਂਦੇ ਹਨ , ਅਪਣਾ ਜੀਵਨ ਦਾਅ ਤੇ ਲਗਾ ਲੈਂਦੇ ਹਨ ।   
.............................

Sunday, September 6, 2009

ਪ੍ਰਤਿਭਾ ਦਾ ਵਿਨਾਸ਼ - ਬਲਬੀਰ ਸਿੰਘ ਮੋਮੀ

ਪ੍ਰਤਿਭਾ ਦਾ ਵਿਨਾਸ਼   - ਬਲਬੀਰ ਸਿੰਘ ਮੋਮੀ
  ਆਪਣੇ ਆਪ ਦੀ ਚਾਹੀ ਅਤੇ ਅਣਚਾਹੀ ਵਰਤੋਂ ਨਾ ਕਰ ਕੇ ਫਿਰ ਵੀ ਦੀਪ ਆਪਣੇ ਕਿੰਨੇ ਸਾਰੇ ਅਹਿਸਾਸਾਂ ਨੂੰ ਮਾਰ ਨਹੀਂ ਸਕਿਆ। ਅਤੀਤ ਤੇ ਝਾਤੀ ਮਾਰਦਾ ਤਾਂ ਕਈ ਉਪਜੀਵਕਾਵਾਂ ਦੇ ਸਾਧਨ ਵਿਚ ਵਿਚਾਲੇ ਛਡ ਜਾਂ ਬਦਲ ਇਸ਼ਕ, ਸ਼ਰਾਬ ਅਤੇ ਸ਼ਿਕਾਰ ਵਿਚ ਗਲਤਾਨ ਰਹਿਣ ਤੇ ਇਕੱਲਤਾ ਮਾਨਣ ਲਈ ਉਹ ਸ਼ਹਿਰਾਂ ਤੋਂ ਦੂਰ ਭਜਦਾ ਰਿਹਾ। ਉਜਾੜ ਬੀਆਬਾਨ ਥਾਵਾਂ, ਦਰਿਆਵਾਂ ਅਤੇ ਸਮੁੰਦਰਾਂ ਦੇ ਕੰਢਿਆਂ, ਰੇਤ ਦੇ ਟਿੱਬਿਆਂ ਤੇ ਇਕ ਨਕਲੀ ਆਸ਼ਕ ਅਤੇ ਅਨਾੜੀ ਸ਼ਿਕਾਰੀ ਦਾ ਰੂਪ ਧਾਰ ਕੇ ਮਛਲੀਆਂ, ਮੁਰਗਾਬੀਆਂ, ਤਿੱਤਰ, ਬਟੇਰੇ, ਰੈਬਟ, ਮਛੀਆਂ ਤੇ ਕੂੰਜਾਂ ਵੱਲ ਆਪਣੀ ਪੁਆਇੰਟ ਟੂ ਟੂ ਜਾਂ ਬਾਰਾਂ ਬੋਰ ਦੀ ਬੰਦੂਕ ਸਿੱਧੀ ਕਰਦਾ ਰਿਹਾ। ਗੋਲੀ ਲਗ ਕੇ ਫਰ ਫਰ ਕਰਦੇ ਪੰਛੀਆਂ ਨੂੰ ਡਿਗਦੇ ਤੇ ਕੁਰਲਾਂਦੇ ਵੇਖ ਕੇ ਉਹ ਕਿਸੇ ਅਦਿਸ ਨਜ਼ਾਰੇ ਦੇ ਅਹਿਸਾਸ ਨੂੰ ਮਾਣਦਾ ਰਿਹਾ। ਦੀਪ ਸ਼ਿਕਾਰੀਆਂ ਦੇ ਇਸ ਵਿਸ਼ਵਾਸ਼ ਨੂੰ ਮੰਨਦਾ ਰਿਹਾ ਕਿ ਪੁਆਇੰਟ ਟੂ ਟੂ ਉਡਦੀਆਂ ਕੂੰਜਾਂ ਮਾਰਨ ਦੇ ਵਧੇਰੇ ਕੰਮ ਆਉਂਦੀ ਸੀ। ਭਾਰਤ ਵਿਚ ਕੂੰਜਾਂ ਵਾਹੇ ਵਾਹਨ ਵਿਚ ਬਹਿੰਦੀਆਂ ਤੇ ਧਰਤੀ ਚੋਂ ਕੀੜੇ ਮਕੌੜੇ ਚੁਗਦੀਆਂ ਜਾਂ ਉਹ ਬੀਜ ਚੁਗ ਕੇ ਖਾਂਦੀਆਂ ਜੋ ਕਿਸਾਨਾਂ ਨੇ ਧਰਤੀ ਦਾ ਸੀਨਾ ਪਾੜ ਕੇ ਬੀਜੇ ਹੁੰਦੇ। ਦੀਪ ਨੂੰ ਪਤਾ ਸੀ ਕਿ ਕੂੰਜਾਂ ਦੀ ਸਰਬਰਾਹ ਆਪਣੀਆਂ ਸਾਥਣਾਂ ਨੂੰ ਬਚਾਉਣ ਲਈ ਰਾਡਾਰ ਵਾਂਗ ਆਪਣੀ ਲੰਮੀ ਗਰਦਨ ਚੁਫੇਰੇ ਘੁਮਾਉਂਦੀ ਰਹਿੰਦੀ ਤੇ ਸ਼ਿਕਾਰੀਆਂ ਤੋਂ ਚੌਕੰਨੇ ਰਹਿਣ ਲਈ ਪਹਿਰਾ ਦੇਂਦੀ ਰਹਿੰਦੀ। ਕੂੰਜਾਂ ਆਲੇ ਦਵਾਲੇ ਵੇਖ ਕੇ ਓਥੇ ਹੀ ਬੈਠਦੀਆਂ ਜਿਥੇ ਕੋਈ ਓਹਲਾ ਨਾ ਹੋਵੇ, ਤਾਂ ਜੋ ਕੋਈ ਸ਼ਿਕਾਰੀ ਉਹਨਾਂ ਤੇ ਕਿਸੇ ਲਾਗਲੇ ਖੇਤ ਜਿਵੇਂ ਕਮਾਦ ਜਾਂ ਕਪਾਹ ਵਿਚੋਂ ਲੁਕ ਕੇ ਫਾਇਰ ਨਾ ਕਰ ਸਕੇ ਜਾਂ ਤੀਰ ਨਾ ਮਾਰ ਸਕੇ। ਚੰਗੇ ਤੀਰ ਅੰਦਾਜ਼ ਤਾਂ ਉਡਾਰੀ ਮਾਰਦੀ ਕੂੰਜ ਨੂੰ ਤੀਰ ਮਾਰ ਕੇ ਫੁੰਡ ਲੈਂਦੇ ਸਨ ਪਰ ਉਹ ਜ਼ਮਾਨਾ ਹੁਣ ਪਿਛੇ ਰਹਿ ਗਿਆ ਸੀ। ਕੂੰਜ ਅਕਸਰ ਬਹੁਤ ਉਚਾ ਉਡਦੀ ਹੈ ਜਿਥੇ ਕਈ ਵਾਰ ਤੀਰ ਜਾਂ ਗੋਲੀ ਵੀ ਮਾਰ ਨਹੀਂ ਕਰ ਸਕਦੀ। ਦੀਪ ਇਸ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਉਹਨੂੰ ਕੂੰਜਾਂ ਦੀ ਕੁਰਲਾਹਟ ਕਿਉਂ ਪਸੰਦ ਸੀ ਜਾਂ ਉਹ ਆਪਣੇ ਮਨ ਦੀ ਕੁਰਲਾਹਟ ਦਾ ਉਹਨਾਂ ਪੰਛੀਆਂ ਦੀ ਕੁਰਲਾਹਟ ਨਾਲ ਮੇਲ ਮੁਕਾਬਲਾ ਕਿਉਂ ਕਰਦਾ ਰਹਿੰਦਾ ਸੀ।

ਦੀਪ ਇਹ ਵੀ ਜਾਣਦਾ ਸੀ ਕਿ ਤਿਲੀਅਰ ਮਾਰਨ ਲਈ ਬਾਰਾਂ ਬੋਰ ਠੀਕ ਰਹਿੰਦੀ ਸੀ ਜਿਸ ਵਿਚ ਕਿਰ ਜਾਣ ਵਾਲਾ ਬਾਰਾਂ ਨੰਬਰ ਦਾ ਬਹੁਤੇ ਦਾਣਿਆਂ ਵਾਲਾ ਕਾਰਤੂਸ ਪਾਇਆ ਜਾਂਦਾ ਸੀ। ਪੰਜਾਬ ਵਿਚ ਤਿਲੀਅਰ ਮਾਰਚ ਦੇ ਮਹੀਨੇ ਦੇ ਅੰਤ ਤਕ ਛੋਲੀਆ ਤੇ ਹੋਰ ਨਿਕ ਸੁਕ ਖਾ ਕੇ ਪਲ ਜਾਂਦੇ ਸਨ ਪਰ ਕੈਨੇਡਾ ਵਿਚ ਇਹ ਘਰਾਂ ਜਾਂ ਆਲੇ ਦਵਾਲੇ ਦੇ ਖੇਤਾਂ ਅਤੇ ਪਾਰਕਾਂ ਵਿਚ ਸਾਰਾ ਸਾਲ ਹੀ ਘੁੰਮਦੇ ਰਹਿੰਦੇ ਹਨ ਜਿਥੇ ਇਹਨਾਂ ਨੂੰ ਕੋਈ ਨਹੀਂ ਮਾਰਦਾ। ਕਦੀ ਕਦੀ ਕਾਬਲ ਸਿੰਘ ਆਪਣੇ ਫਾਰਮ ਵਿਚੋਂ ਮੁਰਗਾਬੀਆਂ ਮਾਰ ਕੇ ਆਪਣੇ ਦੋਸਤਾਂ ਦੇ ਘਰਾਂ ਤੀਕ ਪੁਚਾਂਦਾ ਰਹਿੰਦਾ। ਇਕ ਚੰਗੇ ਹੋਸਟ ਦਾ ਕਿਰਦਾਰ ਨਿਭਾਂਦਾ ਆਪਣੀਆਂ ਡੂੰਘੀਆਂ ਕਵਿਤਾਵਾਂ ਦੀ ਤਾਰੀਫ ਵੀ ਕਰਵਾਂਦਾ ਰਹਿੰਦਾ। ਜਦੋਂ ਭਾਰਤੀ ਅਤੇ ਹੋਰਨਾਂ ਮੁਲਕਾਂ ਦੇ ਲੋਕ ਕੈਨੇੇਡਾ ਨੂੰ ਆਪਣਾ ਨਵਾਂ ਅਪਣਾਇਆ ਦੇਸ਼ ਮਿਥ ਏਥੇ ਆਣ ਵਸੇ ਤੇ ਪਿਛੋਂ ਜਾਗੀਰੂ ਰੁਚੀਆਂ ਵਾਲੇ ਕੁਝ ਦੋਸਤ ਇਕੱਠੇ ਹੋ ਕੇ ਆ ਜਾਂਦੇ ਤਾਂ ਪਿਕਨਿਕ ਮਨਾਂਦੇ ਟੈਂਟ ਲਾਗੇ ਸੁਕੀਆਂ ਲੱਕੜਾਂ ਇਕੱਠੀਆਂ ਕਰ ਕੇ ਬਾਰਬੀਕੂ ਭਖਾਉਣ ਦਾ ਕੰਮ ਮਾਈਕਲ ਤੋਂ ਵਧੀਆ ਹੋਰ ਕੋਈ ਨਹੀਂ ਸੀ ਕਰ ਸਕਦਾ। ਫਿਰ ਕੈਨੇਡਾ ਵਰਗੇ ਦੇਸ਼ ਵਿਚ ਕਿਤੇ ਵੀ ਚਲੇ ਜਾਓ, ਬਾਲਣ ਲਈ ਲੱਕੜ ਦੀ ਕੋਈ ਕਮੀ ਨਹੀਂ ਹੁੰਦੀ ਪਰ ਉਹ ਤਾਂ ਅਕਸਰ ਕੋਇਲਿਆਂ ਦੇ ਬੈਗ ਨਾਲ ਲੈ ਕੇ ਤੁਰਦੇ ਸਨ। ਲਿੰਡਾ ਵੀ ਸਹਾਇਤਾ ਕਰਨ ਲਈ ਪਿਛੇ ਨਹੀਂ ਰਹਿੰਦੀ ਸੀ ਅਤੇ ਨਾ ਹੀ ਕਦੇ ਉਹ ਆਪਣੇ ਲਾਈਟਰ ਦਾ ਵਿਸਾਹ ਖਾਂਦੀ ਸੀ ਜੋ ਉਸ ਨੂੰ ਸਿਗਰਟ ਸੁਲਘਾਉਣ ਲਈ ਵੀ ਚਾਹੀਦਾ ਹੁੰਦਾ ਸੀ। ਮਾਈਕਲ ਨੂੰ ਪੋਰਕ ਅਤੇ ਬੀਫ ਦੀਆਂ ਸਟੇਕਾਂ ਬਹੁਤ ਪਸੰਦ ਸਨ ਤੇ ਉਹ ਬਣੀਆਂ ਬਣਾਈਆਂ ਸਟੇਕਾਂ ਸ਼ਹਿਰੋਂ ਹੀ ਆਪਣੀ ਗੱਡੀ ਵਿਚ ਰੱਖ ਲੈਂਦਾ ਸੀ। ਕਾਬਲ ਸਿੰਘ ਬੋਨਲੈੱਸ ਚਿਕਨ ਨੂੰ ਕੁਝ ਦਿਨ ਪਹਿਲਾਂ ਹੀ ਮਸਾਲਾ ਲਾ ਕੇ ਰਖ ਲੈਂਦਾ ਸੀ ਜਿਸ ਦਾ ਕੋਇਲਿਆਂ ਦੀ ਅੱਗ ਤੇ ਭੁੰਨ ਭੁੰਨ ਕੇ ਖਾਣ ਦਾ ਸਵਾਦ ਬਹੁਤ ਹੀ ਵਖਰਾ ਸੀ। ਚਿਕਨ ਲੈੱਗਜ਼ ਕਈ ਵਾਰ ਉਪਰੋਂ ਸੜ ਕੇ ਕਾਲੀਆਂ ਹੋ ਜਾਂਦੀਆਂ ਸਨ ਪਰ ਅੰਦਰੋਂ ਕੱਚੀਆਂ ਜਾਂ ਅਧ ਪੱਕੀਆਂ ਰਹਿ ਜਾਂਦੀਆਂ। ਪਰ ਜਦੋਂ ਡਰਿੰਕ ਦੇ ਦੌਰ ਚੱਲ ਰਹੇ ਹੁੰਦੇ ਤਾਂ ਫਿਰ ਕੌਣ ਪਰਵਾਹ ਕਰਦਾ ਸੀ। ਖੁਦ ਵਧੀਆ ਕੁੱਕ ਹੋਣ ਕਰ ਕੇ ਨਾਜ਼ ਤਾਂ ਇਸ ਬਾਰੇ ਚਿੰਤਾ ਲਾ ਲੈਂਦਾ ਪਰ ਦੂਜੇ ਦੋਸਤ ਪਰਵਾਹ ਨਾ ਕਰਦੇ। ਇਸ ਚਿੰਤਾ ਨੂੰ ਉਹ ਉਪਰੋਂ ਥੀਂ ਪੀਤੇ ਸ਼ਾਟਸ ਦੇ ਸਵਾਦਾਂ ਵਿਚ ਭੁੱਲ ਜਾਂਦਾ ਤੇ ਫਿਰ ਉਹਦਾ ਦਿਲ ਉਚੀ ਉਚੀ ਗੀਤ ਗਾਉੇਣ ਨੂੰ ਕਰਨ ਲਗਦਾ। ਅਜਿਹੇ ਮੌਕੇ ਜਦੋਂ ਪਾਰਟੀ ਪੀਕ ਤੇ ਚੱਲ ਰਹੀ ਹੁੰਦੀ ਤਾਂ ਹਰੀਹਰ ਆਪਣੀਆਂ ਮੋਟੀਆਂ ਐਨਕਾਂ ਚੋਂ ਘੂਰਦਾ ਹੋਇਆ ਮੈਂ ਚਲਿਆ ਕਹਿ ਕੇ ਟੁਰ ਜਾਂਦਾ।

ਪਿਕਨਿਕ ਤੇ ਗਈ ਲਿੰਡਾ ਨੇ ਇਕ ਦਿਨ ਬਿਰਜਸ ਪਹਿਨ ਤੇ ਪਿੰਨੀਆਂ ਤੋਂ ਉਤਾਂਹ ਤੀਕ ਉਚੇ ਸ਼ੂਜ਼ ਪਾ ਲੇਕ ਤੋਂ ਦੂਰ ਸ਼ਿਕਾਰ ਲਈ ਮਿਥੀ ਜਗ੍ਹਾ ਤੇ ਜਾ ਕੇ ਇਕ ਜੰਗਲੀ ਸੁਰਖਾਬ ਮਾਰ ਲਿਆ ਤੇ ਖਾਹ ਮੁਖਾਹ ਹੇਮੰਗਜ਼ਵੇ ਨੂੰ ਯਾਦ ਕਰਨ ਲਗ ਪਈ। ਦੀਪ ਨੇ ਉਸਦੇ ਆਉਣ ਤੀਕ ਬਕਾਰਡੀ ਦੇ ਕੁਸੈਲੇ ਪੈਗ ਪੀ ਪੀ ਕੇ ਆਪਣੇ ਅਹਿਸਾਸਾਂ ਦੀ ਧਾਰ ਨੂੰ ਹੋਰ ਖੁੰਢਾ ਕਰ ਲਿਆ ਸੀ। ਲਿੰਡਾ ਨੂੰ ਸ਼ਹਿਰ ਵਿਚ ਰਮ ਤੇ ਕੋਕ ਪਸੰਦ ਸੀ ਪਰ ਪਿਕਨਿਕ ਤੇ ਉਸ ਨੂੰ ਟਿਕੂਲਾ ਚੰਗੀ ਲਗਦੀ ਸੀ। ਐਂਡਰੀਊ ਪੰਛੀਆਂ ਦੀ ਡਰੈਸਿੰਗ ਕਰ ਕੇ ਉਹਨਾਂ ਦੀ ਸਪੈਨਿਸ਼ ਢੰਗ ਨਾਲ ਫਿਲਿੰਗ ਕਰ ਕੇ ਸਫਰੀ ਸਟੋਵ ਦੀ ਮੱਠੀ ਅੱਗ ਤੇ ਭੁੰਨਦਾ ਰਹਿੰਦਾ। ਉਹਦੀ ਮਾਂ ਰੋਮਾਨੀਆ ਦੀ ਅੰਗਰੇਜ਼ ਔਰਤ ਸੀ ਤੇ ਪਿਓ ਪੋਲਸ਼æ। ਮੁਢਲੀ ਵਿਦਿਆ ਤੋਂ ਬਾਅਦ ਉਹ ਆਪਣੀ ਮਾਂ ਨਾਲ ਇੰਗਲੈਂਡ ਆ ਗਿਆ ਸੀ। ਇਕ ਥਾਂ ਟਿਕ ਕੇ ਨਾ ਬਹਿਣ ਵਾਲੇ ਖੂੰਨ ਦੀ ਪਿੱਠ ਭੂਮੀ ਹੋਣ ਕਰ ਕੇ ਉਹ ਟਿਕਾਣੇ ਬਦਲਣ ਵਿਚ ਬਹੁਤ ਵਿਸ਼ਵਾਸ ਰਖਦਾ ਸੀ। ਫਿਰ ਸਬੱਬੀਂ ਇਕ ਵਾਰ ਇਹ ਸਾਰੇ ਮਾਂਟਰੀਆਲ ਵਿਚ ਫਿਰ ਇਕੱਠੇ ਹੋ ਗਏ ਸਨ ਜਿਥੇ ਉਹ ਸਾਰੇ ਆਪਣੇ ਆਪ ਨੂੰ ਭਾਸ਼ਾਈ ਮਾਹਿਰ ਸਮਝਣ ਦੇ ਭੁਲੇਖੇ ਵਿਚ ਕਿਸੇ ਵੱਡੀ ਇਨਸ਼ੋਰੰਸ ਕੰਪਨੀ ਦੇ ਬ੍ਰੋਸ਼ਰ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰ ਕੇ ਚੰਗੇ ਪੈਸੇ ਬਨਾਉਣ ਦੇ ਚੱਕਰਾਂ ਵਿਚ ਸਨ। ਇਸ ਤੋਂ ਬਾਅਦ ਉਹਨਾਂ ਨੂੰ ਇਕ ਗਵਾ ਦੀ ਤਿਖੀ ਔਰਤ ਰਾਹੀਂ ਟੀ ਡੀ ਕੈਨੇਡਾ ਟਰੱਸਟ ਦੇ ਇੰਗਲਸ਼ ਬਰੋਸ਼ਰਾਂ ਨੂੰ ਨਵੇਂ ਆਏ ਇਮੀਗਰੰਟਸ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਅਤੇ ਟਾਈਪ ਸੈਟਿੰਗ ਦਾ ਚੰਗੇ ਪੈਸਿਆਂ ਦਾ ਕਨਟਰੈਕਟ ਵੀ ਮਿਲਿਆ ਹੋਇਆ ਸੀ। ਗਲੈਕਸੋ ਕੰਪਨੀ ਦੇ ਬਰੋਸ਼ਰਜ਼ ਵੀ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰਨ ਦੇ ਕਾਂਟਰੈਕਟ ਦੀ ਗੱਲ ਵੀ ਟਰਾਂਟੋ ਦੀ ਇਕ ਮਸ਼ਹੂਰ ਅਡਵਰਟਾਈਜ਼ਮੈਂਟ ਏਜੰਸੀ ਨਾਲ ਚੱਲ ਰਹੀ ਸੀ।

ਐਂਡਰੀਊ ਫ੍ਰੈਂਚ ਤੇ ਇੰਗਲਸ਼ ਦੀਆਂ ਕਲਾਸਾਂ ਪੜ੍ਹਾਨ ਦੇ ਨਾਲ ਕੰਪਿਊਟਰ ਪਰੋਗਰਾਮਿੰਗ ਵੀ ਕਰ ਰਿਹਾ ਸੀ। ਜਦੋਂ ਤੋਂ ਉਹਦਾ ਅਖਬਾਰਾਂ ਦੇ ਅਨੈਲੇਸਜ਼ ਕਰਨ ਦਾ ਕੰਮ ਮੱਠਾ ਪਿਆ ਸੀ ਤਾਂ ਉਹ ਵੀ ਬੜਾ ਖਿਝਿਆ ਖਿਝਿਆ ਰਹਿੰਦਾ ਸੀ ਅਤੇ ਉਹਦੀਆਂ ਇਕ ਇਕ ਕਰ ਕੇ ਕਈ ਗਰਲਫ੍ਰੈਂਡਜ ਵੀ ਸਾਥ ਛਡ ਕੇ ਟੁਰ ਗਈਆਂ ਸਨ। ਹੁਣ ਤਾਂ ਕਈ ਵਾਰ ਓਸ ਕੋਲ ਆਪਣੇ ਅਪਾਰਟਮੈਂਟ ਦਾ ਕਿਰਾਇਆ ਦੇਣ ਨੂੰ ਪੈਸੇ ਵੀ ਨਹੀਂ ਹੁੰਦੇ ਸਨ ਤੇ ਆਪਣੀ ਬੁਢੀ ਮਾਂ ਨੂੰ ਮਿਲਦੀ ਬੁਢਾਪਾ ਪੈਨਸ਼ਨ ਵਿਚੋਂ ਪੈਸੇ ਉਧਾਰੇ ਲੈ ਕੇ ਅਪਾਰਟਮੈਂਟ ਦਾ ਕਿਰਾਇਆ ਅਦਾ ਕਰਦਾ ਸੀ। ਲਿੰਡਾ ਨੂੰ ਪਹਿਲੇ ਨਾਲੋਂ ਚੰਗੀ ਜੌਬ ਮਿਲ ਗਈ ਸੀ। ਪਹਿਲਾਂ ਉਹਨੂੰ ਕਾਲਿਆਂ ਦੀ ਬਹੁ ਵਸੋਂ ਵਾਲੇ ਸਕੂਲ ਵਿਚ ਪੜ੍ਹਾਨ ਦੀ ਨੌਕਰੀ ਮਿਲੀ ਪਰ ਜਦੋਂ ਉਹ ਜਮਾਇਕਨ ਐਕਸੈਂਟ ਫਾਲੋ ਨਾ ਕਰ ਸਕੀ ਤਾਂ ਓਥੋਂ ਛੱਡ ਕੇ ਇਕ ਐਡਵਰਟਾਈਜ਼ਮੈਂਟ ਕੰਪਨੀ ਜਾਇਨ ਕਰ ਲਈ ਅਤੇ ਨਾਲ ਨਾਲ ਉਸ ਨੇ ਜਰਨਲਿਜ਼ਮ ਦੀ ਕਲਾਸ ਵੀ ਜਾਇਨ ਕਰ ਲਈ। ਭਾਵੇਂ ਹੁਣ ਉਹ ਟੀਚਿੰਗ ਛਡ ਚੁਕੀ ਸੀ ਪਰ ਫਿਰ ਵੀ ਉਹ ਟੀਚਿੰਗ ਵਿਚ ਕੁਝ ਨਵੇਂ ਕੋਰਸ ਲੈਣ ਲਈ ਆਨ ਲਾਈਨ ਫਾਰਮ ਭਰੀ ਜਾ ਰਹੀ ਸੀ। ਉਹਦੀ ਵਿਕੋਲਿਤਰੀ ਸੋਚ ਜੇ ਉਹਨੂੰ ਵਕਤੀ ਤੌਰ ਤੇ ਪਰੇਸ਼ਾਨ ਕਰਦੀ ਤਾਂ ਉਹ ਸੋਚ ਬਦਲ ਲੈਂਦੀ ਤੇ ਆਪਣੇ ਆਪ ਨੂੰ ਕਿਸੇ ਹੋਰ ਰਸਤੇ ਤੇ ਤੁਰਨ ਲਈ ਤਿਆਰ ਕਰ ਲੈਂਦੀ।

ਐਂਡਰੀਊ ਨੂੰ ਪਾਈਪ ਵਿਚ ਤਮਾਕੂ ਭਰ ਕੇ ਸੂਟੇ ਲਾਉਣ ਅਤੇ ਆਪਣੀ ਬੋਟ ਨੂੰ ਡੂੰਘੇ ਪਾਣੀਆਂ ਵਿਚ ਲਿਜਾਣ ਦਾ ਬਹੁਤ ਸ਼ੌਕ ਸੀ। ਨਾਜ਼ ਵੀ ਇੰਗਲੈਂਡ ਛਡ ਕੇ ਕੈਨੇਡਾ ਆ ਗਿਆ ਸੀ ਤੇ ਦੀਪ ਵੀ ਮਿਤਰ ਮੰਡਲੀ ਵਿਚ ਆ ਰਲਿਆ ਸੀ। ਉਸ ਨੂੰ ਇੰਟਰਨੈਸ਼ਨਲ ਪਾਲੇਟਿਕਸ ਤੇ ਬਹਿਸ ਕਰਨਾ ਤੇ ਪੰਜਾਬ ਵਿਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਨਾ ਬਹੁਤ ਪਸੰਦ ਸੀ। ਉਹਦੀ ਹਰ ਕੋਸ਼ਿਸ਼ ਹੁੰਦੀ ਕਿ ਦੂਜੇ ਧਰਮਾਂ ਨੂੰ ਸਮਝਿਆ ਜਾਵੇ ਪਰ ਈਸਾਈਅਤ ਦੇ ਗੁਣ ਕੁਝ ਜ਼ਿਆਦਾ ਗਾ ਕੇ ਉਸਦੀ ਪ੍ਰਭੂਸਤਾ ਕਾਇਮ ਕੀਤੀ ਜਾਵੇ। ਕਮਾਲ ਇਹ ਸੀ ਕਿ ਉਸਨੂੰ ਗੱਲ ਬਨਾਉਣੀ ਤੇ ਮਨਾਉਣੀ ਆਉਂਦੀ ਸੀ। ਉਹ ਝੂਠ ਨੂੰ ਸੱਚ ਕਰ ਕੇ ਮਨਾਉਣ ਵਿਚ ਸਫਲ ਹੋ ਜਾਂਦਾ ਸੀ। ਕੋਈ ਓਸ ਨਾਲ ਇਸ ਲਈ ਵੀ ਪੰਗਾ ਨਹੀਂ ਲੈਂਦਾ ਸੀ ਕਿ ਉਹਨੂੰ ਦੂਜੇ ਧਰਮਾਂ ਦੀ ਨਾਲਜ ਵੀ ਬਹੁਤ ਸੀ ਜਿਸ ਨਾਲ ਉਹ ਆਪਣੇ ਅਕਲ ਦੇ ਭੇਡੂ ਦਾ ਵਡੇ ਤੋਂ ਵਡੇ ਨਾਢੂ ਖਾਨ ਨਾਲ ਵੀ ਸਿਰ ਭੜਾਣ ਲਈ ਸਦਾ ਤਿਆਰ ਰਹਿੰਦਾ ਸੀ।

ਦੀਪ ਅਕਸਰ ਉਹਨੂੰ ਆਪਣੀਆਂ ਉਹ ਅਣਲਿਖੀਆਂ ਕਹਾਣੀਆਂ ਤੇ ਕਵਿਤਾਵਾਂ ਸੁਣਾਉਂਦਾ ਰਹਿੰਦਾ ਜਿਹੜੀਆਂ ਉਹ ਪਿਛਲੇ ਕਈ ਸਾਲਾਂ ਤੋਂ ਲਿਖਣ ਦੇ ਵਾਅਦੇ ਕਰਦਾ ਆ ਰਿਹਾ ਸੀ। ਜਦ ਉਹ ਜ਼ਿਆਦਾ ਪੀ ਲੈਂਦੇ ਤਾਂ ਸ਼ਿਵ ਦੇ ਸੋਗ ਸੱਥਰ ਤੇ ਬੈਠ ਕੇ ਕੀਰਨੇ ਪਾਉਣ ਲਗ ਜਾਂਦੇ। ਦੀਪ ਦੀਆਂ ਇਹਨਾਂ ਅਣਲਿਖੀਆਂ ਕਹਾਣੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ ਤੇ ਸ਼ਰਾਬ ਦੇ ਲਗਾਤਾਰ ਕਈ ਪੈਗ ਸੰਘ ਵਿਚ ਸੁਟਣ ਤੋਂ ਬਾਅਦ ਦੀਪ ਨੂੰ ਇਹ ਕਹਾਣੀਆਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਲਿੰਡਾ ਅਕਸਰ ਡਾਂਟ ਕੇ ਕਹਿੰਦੀ ਰਹਿੰਦੀ ਕਿ ਦੀਪ ਤੂੰ ਹਾਲੇ ਵੀ ਸ਼ਰਾਬ ਛਡ ਕੇ ਚੰਗੀਆਂ ਕਹਾਣੀਆਂ ਲਿਖ ਸਕਦਾ ਹੈਂ। ਤੇਰੇ ਅੰਦਰ ਦਾ ਟੇਲੈਂਟ ਅਜੇ ਮਰਿਆ ਨਹੀਂ ਹੈ। ਜੇ ਤੂੰ ਹਾਲੇ ਵੀ ਇਸ਼ਕ ਤੇ ਔਰਤ ਦੀ ਗੱਲ ਕਰ ਸਕਦਾ ਹੈਂ ਜਾਂ ਇਹਨਾਂ ਦੇ ਸਾਥ ਦੀ ਲੋਚਾ ਤੇਰੇ ਮਨ ਦੀ ਕਿਸੇ ਨੁਕਰੇ ਵਿਚ ਮੌਜੂਦ ਹੈ ਤਾਂ ਕਹਾਣੀ ਲਿਖਣੀ ਤੇਰੇ ਲਈ ਕੋਈ ਔਖੀ ਨਹੀਂ ਹੈ। ਉਹਦੀ ਗੱਲ ਸੁਣ ਕੇ ਸ਼ਰਮਿੰਦਗੀ ਦੇ ਅਹਿਸਾਸ ਵਿਚ ਦੀਪ ਬਕਾਰਡੀ ਦਾ ਇਕ ਹੋਰ ਵਡਾ ਸਾਰਾ ਸ਼ਾਟ ਅੰਦਰ ਸੁਟਦਾ ਤੇ ਸੋਚਦਾ ਕਿ ਮੈਨੂੰ ਸ਼ਹਿਰ ਮੁੜ ਜਾਣਾ ਚਾਹੀਦਾ ਹੈ। ਇਹਨਾਂ ਗੋਰੇ ਲੋਕਾਂ ਨਾਲ ਮੇਰੀ ਸਾਂਝ ਵੀ ਕੀ ਹੈ। ਇਹੀ ਕਿ ਇਕਠੇ ਕੰਮ ਕਰਦੇ ਹਾਂ। ਇਕਠੇ ਸ਼ਰਾਬ ਪੀ ਕੇ ਆਪਣੇ ਮਨਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਸਾਂਝੀਆਂ ਕਰਦੇ ਹਾਂ ਤੇ ਕਈ ਵਾਰ ਇਕੋ ਵਡੇ ਟੈਂਟ ਵਿਚ ਜਿਥੇ ਨੀਂਦ ਆ ਜਾਵੇ, ਓਥੇ ਹੀ ਸੌਂ ਜਾਂਦੇ ਹਾਂ। ਲਿੰਡਾ ਸਵਰੇੇੇ ਕਹੇਗੀ ਕਿ ਰਾਤ ਨੂੰ ਉਸਨੂੰ ਕਿਸੇ ਅਣਜਾਨ ਵੱਲੋਂ ਚੁੰਮੇ ਜਾਣ ਦੇ ਸੁਪਨੇ ਔਂਦੇ ਰਹੇ ਹਨ ਅਤੇ ਐਂਡਰੀਊ ਦੀਪ ਨੂੰ ਘੂਰੀ ਵੱਟ ਕੇ ਕਹੇਗਾ, ਏ ਮੈਨ ਯੂ ਆਰ ਨੈਵਰ ਲਾਸਟ ਆਫਟਰ ਹੈਵੀ ਡਰਿੰਕਸਤੇ ਦੀਪ ਇਕ ਸੁਹਿਰਦ ਮਨੁਖ ਦਾ ਸਵਾਂਗ ਕਰਦਿਆਂ ਕਹਿੰਦਾ, ਦੈਟ'ਸ ਆਲ ਰਾਈਟ ਮੈਨ, ਦਿਸ ਇਜ਼ ਲਾਈਫ।

ਇਹ ਸਾਰੇ ਯੂਰਪ ਦੀ ਪਿਠ ਭੂਮੀ ਦੇ ਸਨ। ਦੀਪ, ਕਾਬਲ ਤੇ ਨਾਜ਼ ਸਿਰਫ ਤਿੰਨੇ ਹੀ ਭਾਰਤੀ ਮੂਲ ਦੇ ਸਨ। ਦੀਪ ਬਹੁਤ ਵਰ੍ਹੇ ਪਹਿਲਾਂ ਕਾਬੁਲ ਤੋਂ ਖੁਸ਼ਕੀ ਦੇ ਰਸਤੇ ਈਰਾਨ, ਟਰਕੀ ਤੇ ਯੂਰਪ ਹੁੰਦਾ ਹੋਇਆ ਇੰਗਲੈਂਡ ਪੁਜ ਅਗੇ ਕਿਸੇ ਤਰੀਕੇ ਨਾਲ ਕੈਨੇਡਾ ਆ ਗਿਆ ਸੀ ਜਿਥੇ ਕੁਝ ਵਰ੍ਹਿਆਂ ਦੀ ਖਜਲ ਖਵਾਰੀ ਤੋਂ ਬਾਅਦ ਉਸਨੂੰ ਕੈਨੇਡਾ ਦੀ ਇਮੀਗਰੇਸ਼ਨ ਮਿਲ ਗਈ ਸੀ। ਨਾਜ਼ ਤੇ ਓਸ ਨੂੰ ਭਾਰਤ ਬਹੁਤ ਯਾਦ ਆਉਂਦਾ ਸੀ, ਭਾਰਤ ਜਿਸ ਦੀ ਹਵਾ ਵਿਚ ਜਜ਼ਬਾਤੀ ਸਾਂਝ ਤੋਂ ਇਲਾਵਾ ਵਫਾ ਤੇ ਬੇਵਫਾਈ ਦੇ ਹੌਕੇ ਹਨ। ਲਿੰਡਾ ਤੇ ਐਂਡਰੀਊ ਜੋ ਇਕ ਦੂਜੇ ਨਾਲ ਕਾਮਨ ਇਨ ਲਾਅ ਫ੍ਰੈਂਡਸ਼ਿਪ ਵਿਚ ਰਹਿ ਰਹੇ ਸਨ, ਨੂੰ ਦੀਪ ਨੇ ਆਪਣੇ ਭਾਰਤੀ ਇਸ਼ਕਾਂ ਦੀਆਂ ਗੱਲਾਂ ਬਹੁਤ ਵਧਾ ਚੜ੍ਹਾ ਕੇ ਸੁਣਾਈਆਂ ਹੋਈਆਂ ਸਨ। ਪੱਛਮੀ ਵਿਚਾਰਧਾਰਾ ਦੇ ਉਹ ਲੋਕ ਦੀਪ ਦੀਆਂ ਗੱਲਾਂ ਸੁਣ ਕੇ ਬੜੇ ਹੈਰਾਨ ਹੁੰਦੇ ਜਦੋਂ ਉਹ ਆਪਣੀਆਂ ਦੋ ਵਿਸ਼ੇਸ਼ ਪ੍ਰੇਮਕਾਵਾਂ ਦੇ ਕਿੱਸੇ ਸੁਣਾਂਦਾ ਤੇ ਅੱਖਾਂ ਭਰ ਲੈਂਦਾ। ਉਹਨਾਂ ਦੀ ਜੁਦਾਈ ਦੀਪ ਨੂੰ ਵਿਆਕੁਲ ਕਰਦੀ ਤੇ ਦੀਪ ਦੀਆਂ ਵਫਾਵਾਂ ਤੇ ਬੇਵਫਾਵਾਂ ਚੋਂ ਉਪਜੀ ਤਿਖੀ ਸੂਲ ਨਸ਼ਤਰ ਬਣ ਕੇ ਉਹਦੇ ਜਿਗਰ ਵਿਚ ਚੁਭੀ ਹੋਈ ਸੀ। ਪਛਮ ਦੇ ਲੋਕ ਉਸਦੀ ਓਸ ਪੀੜ ਦੇ ਅਹਿਸਾਸਾਂ ਦਾ ਮਾਪ ਤੋਲ ਨਾ ਕਰ ਸਕਦੇ ਜਿਥੋਂ ਕਾਫੀ ਬਲੀਡਿੰਗ ਹੋ ਗਈ ਸੀ। ਦੀਪ ਨੂੰ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ਼ ਹੋ ਗਿਆ ਸੀ ਕਿ ਖੂੰਨ ਦੀ ਘਾਟ ਸ਼ਰਾਬ ਨਾਲ ਪੂਰੀ ਕੀਤੀ ਜਾ ਸਕਦੀ ਹੈ। ਉਹ ਮਧਹੋਸ਼ ਅਖਾਂ ਨਾਲ ਵੇਖ ਰਿਹਾ ਸੀ ਕਿ ਕਾਰ ਦੇ ਟਰੰਕ ਚੋਂ ਲਿੰਡਾ ਫਰੈਂਚ ਵਾਈਨ ਦੀ ਵਡੀ ਬੋਤਲ ਕਢ ਲਿਆਈ ਹੈ ਤੇ ਓਸ ਕਿਸੇ ਨੂੰ ਪੁਛੇ ਬਿਨਾਂ ਪਤਲੇ ਲੱਕਾਂ ਵਾਲੇ ਬਲੌਰੀ ਗਲਾਸ ਭਰ ਕੇ ਸਭ ਨੂੰ ਪੇਸ਼ ਕਰ ਦਿਤੇ ਹਨ। ਇਹ ਗਲਾਸ ਉਹਨੇ ਇਕ ਇਟਾਲੀਅਨ ਸਟੋਰ ਤੋਂ ਖਰੀਦੇ ਸਨ। ਲਿੰਡਾ ਦੇ ਹਥੋਂ ਵਾਈਨ ਫੜ ਕੇ ਸਭ ਨੂੰ ਥੈਂਕਯੂ ਕਹਿਣਾ ਹੀ ਪੈਂਦਾ ਹੈ।

ਇਹ ਸਾਰੇ ਲੋਕ ਵੋਕੇਸ਼ਨ ਤੇ ਸਨ। ਅਗਸਤ ਦੀ ਗਰਮੀ ਨੇ ਗੋਰਿਆਂ ਨੂੰ ਆਪਣੀਆਂ ਸ਼ਟਰਾਂ ਲਾਹ ਲੇਕ ਦੇ ਕੰਢਿਆਂ ਵੱਲ ਤੋਰ ਦਿਤਾ ਸੀ। ਦੂਰ ਕਿਧਰੇ ਚਿੱਟੇ ਕਾਲੇ ਬਦਲਾਂ ਵਿਚੋਂ ਮੌਸਮ ਬਦਲ ਜਾਣ ਦੇ ਆਸਾਰ ਪੈਦਾ ਹੋ ਰਹੇ ਸਨ। ਐਂਡਰੀਊ ਦੀ ਬੋਟ ਸਾਰਿਆਂ ਨੂੰ ਉਨਟੈਰੀਓ ਲੇਕ ਤੇ ਤਾਰੀਆਂ ਲਵਾਉਂਦੀ ਇਕ ਐਸੇ ਆਈਲੈਂਡ ਤੇ ਲੈ ਆਈ ਸੀ ਜਿਥੇ ਲਿੰਡਾ ਕੈਂਪ ਦਾ ਪ੍ਰਬੰਧ ਕਰਨ ਲਈ ਪਹਿਲਾਂ ਹੀ ਪਹੁੰਚੀ ਹੋਈ ਸੀ ਤੇ ਬਾਕੀ ਦੇ ਸਾਥੀਆਂ ਦਾ ਇੰਤਜ਼ਾਰ ਕਰ ਰਹੀ ਸੀ। ਸ਼ਿਕਾਰ ਦੇ ਦਿਨ ਸਨ ਤੇ ਸਰਕਾਰ ਵੱਲੋਂ ਨਿਸਚਿਤ ਇਲਾਕੇ ਵਿਚ ਗਿਣਤੀ ਦੇ ਕੁਝ ਪੰਛੀ ਤੇ ਜਾਨਵਰ ਮਾਰਨ ਦੀ ਇਜਾਜ਼ਤ ਮਿਲੀ ਹੋਈ ਸੀ। ਦੂਰ ਜੰਗਲਾਂ ਵਿਚ ਮੂਸ, ਰੈਬਟ ਤੇ ਹਿਰਨ ਵੀ ਸਨ ਪਰ ਉਹਨਾਂ ਦੀ ਪਹੁੰਚ ਤੋਂ ਦੂਰ ਸਨ। ਉਹ ਤਾਂ ਨਕਲੀ ਸ਼ਿਕਾਰੀ ਸਨ ਤੇ ਅਸਲੀ ਸ਼ਰਾਬੀ ਤੇ ਨਾਮ ਨਿਹਾਦ ਚਿੰਤਕ ਤੇ ਬੁਧੀਜੀਵੀ। ਉਹਨਾਂ ਵਿਚੋਂ ਕੁਝ ਇਕ ਨੇ ਕੁੰਡੀ ਲਾ ਕੇ ਮਛੀ ਜ਼ਰੂਰ ਫੜੀ ਸੀ ਪਰ ਤਿਲੀਅਰ, ਬਟੇਰੇ ਜਾਂ ਮੁਰਗਾਬੀ ਦੇ ਸ਼ਿਕਾਰ ਦਾ ਤਾਂ ਸਵਾਲ ਹੀ ਪੈਦਾ ਨਾ ਹੋਇਆ। ਸੀਗਲ ਮਾਰਨ ਦੀ ਮਨਾਹੀ ਤੇ ਜੁਰਮਾਨਾ ਭਰਨਾ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ ਅਤੇ ਨਾ ਹੀ ਕਿਸੇ ਕੋਲ ਏਨਾ ਹੌਸਲਾ ਹੀ ਸੀ। ਕਈਆਂ ਨੇ ਉਹ ਖਬਰ ਪੜ੍ਹੀ ਹੋਈ ਸੀ ਕਿ ਇਕ ਅਮਰੀਕਨ ਬੱਲੇਬਾਜ਼ ਦੀ ਗੇਂਦ ਸੀਗਲ ਨੂੰ ਵਜਣ ਤੇ ਉਸ ਨੇ 500 ਡਾਲਰ ਜੁਰਮਾਨੇ ਦੇ ਭਰੇ ਸਨ। ਆ ਜਾ ਕੇ ਸਾਰਿਆਂ ਦਾ ਬਹੁਤਾ ਜ਼ੋਰ ਸ਼ਰਾਬ ਪੀਣ ਤੇ ਲਗ ਗਿਆ ਸੀ ਤੇ ਐਂਡਰੀਊ ਨੂੰ ਉਸ ਵੇਲੇ ਆਪਣੀ ਬੋਟ ਦੀਆਂ ਮੁਹਾਰਾਂ ਟਰਾਂਟੋ ਵੱਲ ਮੋੜਨੀਆਂ ਪਈਆਂ ਜਦੋਂ ਦੀਪ ਨੂੰ ਖੂੰਨ ਦੀਆਂ ਉਲਟੀਆਂ ਆਉਣ ਲਗ ਪਈਆਂ ਤੇ ਲੇਕ ਦੇ ਕੰਢੇ ਤੇ ਪੁਜਦੇ ਹੀ ਐਂਬੂਲੰਸ ਕਾਲ ਕਰ ਕੇ ਉਹਨੂੰ ਤੁਰਤ ਟਰਾਂਟੋ ਦੇ ਸਭ ਤੋਂ ਵਡੇ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ।

ਨਾਜ਼ ਦਾ ਕਹਿਣਾ ਸੀ ਕਿ ਰੋਜ਼ ਦੀਪ ਨੂੰ ਹਸਪਤਾਲ ਵੇਖਣ ਜਾਇਆ ਕਰੇਗਾ ਅਤੇ ਨਰਸਾਂ ਤੇ ਡਾਕਟਰਾਂ ਤੋਂ ਚੋਰੀ ਉਸ ਦੇ ਸਰ੍ਹਾਣੇ ਜਾਂ ਬੈੱਡ ਥਲੇ ਸਕਾਚ ਦੀ ਛੋਟੀ ਬੋਤਲ ਰਖ ਆਇਆ ਕਰੇਗਾ। ਪਰ ਇਹ ਦੀਪ ਦੀ ਆਖਰੀ ਪਿਕਨਿਕ ਸੀ ਤੇ ਆਪਣੀ ਪ੍ਰਤਿਭਾ ਨੂੰ ਜ਼ਾਹਰ ਕਰਨ ਲਈ ਉਹ ਸਮੇਂ ਨੂੰ ਅਨਕੂਲ ਕਰਨ ਦੇ ਵਧ ਤੋਂ ਵਧ ਅਸਫਲ ਯਤਨ ਕਰਦਾ ਕਰਦਾ ਆਖਰ ਇਕ ਦਿਨ ਆਪਣੇ ਸਾਰੇ ਦੋਸਤਾਂ ਨੂੰ ਅਲਵਿਦਾ ਕਹਿ ਗਿਆ। ਮਰਨ ਵੇਲੇ ਜਦ ਉਸ ਅਖਾਂ ਪੁਟ ਕੇ ਏਧਰ ਓਧਰ ਬੈਠੇ ਆਪਣੇ ਦੋਸਤਾਂ ਤੇ ਨਿਕਟਵਰਤੀਆਂ ਨੂੰ ਵੇਖਿਆ ਤਾਂ ਇੰਜ ਲਗ ਰਿਹਾ ਸੀ ਜਿਵੇਂ ਉਸਦੀਆਂ ਅਖਾਂ ਕਿਸੇ ਐਸੀ ਤਲਬ ਦੀ ਆਸ ਵਿਚ ਸਨ ਜੋ ਯੁਗਾਂ ਯੁਗਾਂ ਤੋਂ ਉਹਦੇ ਧੁਰ ਅੰਦਰ ਬਹੁਤ ਬੁਰੀ ਤਰ੍ਹਾਂ ਖੁਭੀ ਹੋਈ ਸੀ। ਉਸਦੇ ਕੁਝ ਦੋਸਤਾਂ ਦਾ ਕਹਿਣਾ ਸੀ ਕਿ ਦੀਪ ਦੇ ਮਨ ਅੰਦਰ ਕਹਿਣ ਲਈ ਬਹੁਤ ਕੁਝ ਬਾਕੀ ਸੀ ਜੋ ਉਹ ਕਿਸੇ ਨੂੰ ਦਸਦਾ ਨਹੀਂ ਸੀ। ਆਪਣੇ ਬਹੁਤ ਹਮਰਾਜ਼ ਦੋਸਤਾਂ ਤੋਂ ਵੀ ਆਪਣੇ ਮਨ ਦੇ ਗਮ ਨੂੰ ਲੁਕਾਂਦਾ ਬੱਸ ਸ਼ਰਾਬ ਦਾ ਸਹਾਰਾ ਹੀ ਲੈਂਦਾ ਰਿਹਾ ਸੀ।
.................

… ਤੇ ਕਾਨੂੰ ਮਰ ਗਿਆ -ਸੰਤੋਖ ਧਾਲੀਵਾਲ

… ਤੇ ਕਾਨੂੰ ਮਰ ਗਿਆ   -ਸੰਤੋਖ ਧਾਲੀਵਾਲ

      ਕਾਨੂੰ ਬੇਹੱਦ ਕਮਜ਼ੋਰ ਹੋ ਚੁੱਕਾ ਸੀ । ਉੱਠਣ ਬੈਠਣ ਦੀ ਉਸ 'ਚ ਹਿੰਮਤ ਨਹੀਂ ਸੀ ਬਚੀ । ਉਸਦੀਆਂ ਅੱਖਾਂ ਅੰਦਰ ਧਸੀਆਂ ਪਈਆਂ ਸਨ। ਮੀਟੀਆਂ ਅੱਖਾਂ ਉਹ ਕਦੀ ਕਦੀ ਬਹੁਤ ਜ਼ੋਰ ਲਾ ਕੇ ਖੋਲ੍ਹਦਾ, ਤਰਸਾਈ ਤੇ ਲਲਚਾਈ ਨਜ਼ਰ ਨਾਲ ਦੂਰ ਪਰ੍ਹਾਂਹ ਮੋਗਾਡਿਸ਼ੂ (ਸੁਮਾਲੀਆ ਦੀ ਰਾਜਧਾਨੀ) ਤੋਂ ਆਉਂਦੀ ਟੁੱਟੀ ਸੜਕ ਵੱਲ ਵੇਖਦਾ ਤੇ ਨਿਰਾਸ਼ਾ ਜਹੀ 'ਚ ਫੇਰ ਮੀਟ ਲੈਂਦਾ। ਕਈ ਵੇਰ ਉਹ ਆਪਣੇ ਆਲੇ ਦੁਆਲੇ ਪੰਜਾਹਾਂ ਤੋਂ ਵੱਧ, ਸੁੱਕੇ ਕਰੰਗ ਬਣੇ ਬਚਿੱਆਂ ਨੂੰ ਆਪਣੀਆਂ ਨਿਰਾਸ਼ੀਆਂ ਮਾਵਾਂ ਦੇ ਬਿਨ-ਦੁੱਧੇ ਥਣਾਂ ਨੂੰ ਚਰੂੰਡਦੇ, ਵਿਲਕਦੇ ਹੋਏ ਵੇਖਦਾ ਤੇ ਇੱਕ ਚੀਸ ਜਹੀ ਮਹਿਸੂਸਦਿਆਂ ਕਸੀਸ ਵੱਟਦਾ ਤੇ ਕਦੇ ਕਦੇ ਤਰਸਦੀ ਜਹੀ ਇੱਕ ਨਜ਼ਰ ਕੈਂਪ ਦੇ ਗੇਟ ਵੱਲ ਵੀ ਮਾਰ ਲੈਂਦਾ। ਗੇਟ ਜਿਸਦਾ ਬੂਹਾ ਖੁੱਲ੍ਹਣ ਤੇ ਇੱਕ ਸੰਜੀਦਾ, ਗੰਭੀਰ ਨਰਸ ਨੇ ਬਾਹਰ ਆਉਣਾ ਸੀ ਤੇ ਉਸਦੀ ਜਾਂ ਉਸਦੀ ਉਮਰ ਤੋਂ ਘੱਟ ਕੁੱਝ ਕੁ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਛਾਤੀਆਂ ਨਾਲੋਂ ਨਖੇੜ ਗੇਟ ਅੰਦਰ ਲੈ ਜਾਣਾ ਸੀ। ਜਿਸ ਨਾਲ ਮਾਵਾਂ ਦੀਆਂ ਨਜ਼ਰਾਂ 'ਚ ਇੱਕ ਆਸਾਂ ਭਰੀ ਅਨੋਖੀ ਚਮਕ ਲਿਸ਼ਕ ਪੈਣੀ ਸੀ। ਇਹ ਉਹ ਪਿਛਲੇ ਹਫ਼ਤੇ ਆਇਆ ਵੇਖ ਗਿਆ ਸੀ। ਕਾਨੂੰ ਦੀ ਮਾਂ ਨਹੀਂ ਸੀ। ਮਾਂ ਪਤਾ ਨਹੀਂ ਕਿੱਥੇ ਚਲੀ ਗਈ ਸੀ । ਉਸਨੂੰ ਕਿਉਂ ਛੱਡ ਕੇ ਚਲੀ ਗਈ ਸੀ। ਉਸ ਨੂੰ ਲੈ ਕੇ ਆਇਆ ਬਿਰਧ, ਉਸਦਾ ਬਾਬਾ ਦਸਦਾ ਸੀ ਕਿ ਇੱਕ ਰਾਤ ਉਨ੍ਹਾਂ ਦੇ ਮੁਲਕ 'ਚ ਉਨ੍ਹਾਂ ਦੀ ਰੱਖਿਆ ਕਰਨ ਆਏ ਅਮਰੀਕੀ ਫੌਜੀ ਆਪਣੀਆਂ ਆਕੜੀਆ ਵਰਦੀਆਂ 'ਚ ਕੱਸੇ, ਉਨ੍ਹਾਂ ਦੇ ਘਰੇ ਆਏ ਸਨ ਤੇ ਉਹ ਉਸਦੇ ਪਿਉ ਤੇ ਮਾਂ ਨੂੰ ਆਪਣੀ ਜੀਪ 'ਚ ਸੁੱਟ ਕੇ ਲੈ ਗਏ ਸਨ। ਮਾਂ ਉਨ੍ਹਾਂ ਦੇ ਇਸ ਪਿੰਡ ਦੇ ਨਿੱਕੇ ਜਹੇ ਸਕੂਲ 'ਚ ਪੜ੍ਹਾਉਂਦੀ ਸੀ।
ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀ। ਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈ। ਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ-ਨਿਸ਼ਾਨ ਵੀ ਨਹੀਂ ਛੱਡਿਆ। ਤਬਾਹੀ ਮਚਾ ਦਿੱਤੀ ਹੈ। ਘਰਾਂ ਦੇ ਘਰ ਖਾਲੀ ਹੋ ਗਏ। ਸੋਕੇ ਮਾਰੀਆਂ ਬਚੀਆਂ ਫਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ। ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ 'ਚ ਮੋਰੀਆਂ ਕਰਦੀਆਂ ਰਹਿੰਦੀਆਂ। ਕਾਨੂੰ ਅਜੇ ਪੂਰੇ ਦਸਾਂ ਸਾਲਾਂ ਦਾ ਨਹੀਂ ਸੀ ਹੋਇਆ। ਪਰ ਉਸਨੂੰ ਵੇਖ ਇਹ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਏਨੀ ਉਮਰ ਦਾ ਵੀ ਹੋਵੇਗਾ । ਉਹ, ਉਸਨੂੰ ਇੱਥੇ ਲੈ ਕੇ ਆਏ, ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਾ ਸੀ। ਬਿਰਧ ਦੇ ਗੋਡਿਆਂ ਦਾ ਉਸਨੇ ਸਹਾਰਾ ਲਿਆ ਹੋਇਆ ਸੀ। ਨਹੀਂ ਤੇ ਸ਼ਾਇਦ ਉਹ ਬਹੁਤਾ ਚਿਰ ਬੈਠਾ ਨਾ ਰਹਿ ਸਕਦਾ ਤੇ ਲੰਮੇ ਪੈਣ ਨਾਲ ਉਸਨੂੰ ਗੇਟ ਖੁਲ੍ਹਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ।
ਮੋਗਾਡਿਸ਼ੂ ਤੋਂ ਧੂੜ ਉੜਾਉਂਦੀ, ਖ਼ਸਤਾ ਜਹੀ ਜੀਪ ਦਾ ਖੜਾਕ ਸੁਣਨ ਤੇ ਕੈਂਪ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਤੇ ਅੱਖਾਂ ਟੁੱਟੀ ਜਹੀ ਸੜਕ ਤੇ ਚਿਪਕ ਗਈਆਂ। ਕਾਨੂੰ ਵੀ ਆਪਣੀਆਂ ਅੱਖਾਂ ਪੂਰਾ ਤਾਣ ਲਾ ਕੇ ਖੋਲ੍ਹਦਾ ਹੈ ਤੇ ਹੌਲੀ ਹੌਲੀ ਸੁੱਕੀ ਛਿਟੀ ਬਣੀ ਗਰਦਣ ਤੇ ਫੁਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਹੈ। ਕੈਂਪ ਦੇ ਗੇਟ ਤੋਂ ਕੋਈ ਪੰਜਾਹਾਂ ਕੁ ਗਜ਼ਾਂ ਤੋਂ ਵਜਾਇਆ ਡਰਾਈਵਰ ਦਾ ਹਾਰਨ ਸੁਣ ਕੈਂਪ ਦਾ ਗੇਟ ਹੌਲੀ ਹੌਲੀ ਖੁੱਲ੍ਹਦਾ ਹੈ। ਦੋ ਹੱਟੇ ਕੱਟੇ ਸਿਪਾਹੀ, ਜਿਨ੍ਹਾਂ ਤੇ ਇਸ ਮੁਲਕ 'ਚ ਪਏ ਕਾਲ ਦਾ ਕੋਈ ਅਸਰ ਨਹੀਂ ਸੀ ਲੱਗਦਾ, ਜੀਪ 'ਚੋਂ ਛਾਲਾਂ ਮਾਰ ਬਾਹਰ ਆਉਂਦੇ ਹਨ ਤੇ ਜੁੜੀ ਭੀੜ ਨੂੰ ਛਛਕਾਰ ਛਛਕਾਰ ਪਰ੍ਹੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਹਨ। ਉਹ ਉੱਚੀ ਉੱਚੀ ਬੋਲ ਰਹੇ ਹਨ। ਦਬਕਾ ਰਹੇ ਹਨ। ਗਾਲਾਂ ਵੀ ਦੇ ਰਹੇ ਹਨ। ਜਦੋਂ ਕੋਈ ਬਹੁਤੀ ਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਵਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਸ਼ ਕਰਦੀ ਹੈ ਤਾਂ ਉਸਦੇ ਮੌਰਾਂ 'ਚ ਇੱਕ ਡੰਡਾ ਵੀ ਜੜ ਦਿੰਦੇ ਹਨ। ਤੇ ਜੀਪ ਇਸ ਹਾੜੇ ਕੱਢਦੀ ਕਰਲਾਉਂਦੀ ਭੀੜ 'ਚੋਂ ਰੀਂਘਦੀ ਹੋਈ ਕੈਂਪ ਦਾ ਗੇਟ ਲੰਘ ਜਾਂਦੀ ਹੈ। ਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਹੈ। ਭੀੜ ਦੀਆਂ ਅੱਖਾਂ 'ਚ ਆਈ ਮਾਸਾ ਕੁ ਆਸ ਫੇਰ ਬੀਆਬਾਨੀ ਦੇ ਬਾਬਰੋਲਿਆਂ 'ਚ ਗੁਆਚ ਜਾਂਦੀ ਹੈ। ਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਤੇ ਬੇ-ਬਸੀ 'ਚ ਅੱਖਾਂ ਮੀਟ ਲੈਂਦਾ ਹੈ।
ਕਰੈਸਟੀਨਾ ਆਪਣੇ ਸਹਿਕਾਮਿਆਂ ਨਾਲ ਹੋ ਕੇ ਸਾਮਾਨ ਲੁਹਾਉਂਦੀ ਹੈ। ਡਲਿਵਰੀ ਨੋਟ ਵੇਖਦੀ ਹੈ। ਉਸਦੇ ਮੂਜਬ ਸਾਮਾਨ ਦੀ ਗਿਣਤੀ ਕਰਦੀ ਹੈ।
ਸਾਮਾਨ ਤਾਂ ਮਸਾਂ ਅੱਧਾ ਹੈ? ਕਰੈਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮਕਾਉਂਦਿਆਂ ਹੀ 'ਸੇਵ ਦੀ ਚਿਲਡਰਨ' ਨਾਂ ਦੀ ਚੈਰਿਟੀ 'ਚ ਆਪਣਾ ਨਾਂ ਜਾ ਦਰਜ ਕਰਵਾਇਆ ਸੀ। ਉਸਨੇ ਨਰਸਿੰਗ ਕੀਤੀ ਹੀ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ,ਬੀਮਾਰ, ਮਜਬੂਰ ਲੋਕਾਂ ਦੀ ਮਦਦ ਕਰੇਗੀ। ਏਸੇ ਹੀ ਉਤਸ਼ਾਹ ਨਾਲ ਨੱਕੋ-ਨੱਕ ਹੋਈ ਨੇ ਸੁਮਾਲੀਆ ਦੀ ਖ਼ਾਨਾਜੰਗੀ 'ਚ ਹੋਈ ਤਬਾਹੀ ਦੀਆਂ ਖ਼ਬਰਾਂ ਪੜ੍ਹੀਆਂ, ਟੈਲੀਵੀਯਨ ਤੇ ਹੋਈ ਬਰਬਾਦੀ ਨੂੰ ਵੇਖਿਆ, ਅਮਰੀਕਨ ਫੌਜਾਂ ਮਦਦ ਲਈ ਸੋਮਾਲੀਆ ਨੂੰ ਜਾਂਦੀਆਂ ਵੇਖੀਆਂ ਤੇ ਆਪਣਾ ਮਨ ਉਸ ਮੁਲਕ 'ਚ ਜਾ ਕੇ ਭੁੱਖ ਤੇ ਬੀਮਾਰੀ ਨਾਲ ਮਰ ਰਹੇ ਬੱਚਿਆਂ ਦੀ ਸੇਵਾ ਕਰਨ ਲਈ ਬਣਾ ਲਿਆ। ਉੱਥੋਂ ਦੇ ਖ਼ਤਰਿਆਂ ਬਾਰੇ ਆਪਣੇ ਮਾਂ ਪਿਉ ਦੀ ਦਿੱਤੀ ਚਿਤਾਵਨੀ ਨੂੰ ਵੀ ਅਣਗੌਲਿਆਂ ਕਰਕੇ ਸੁਮਾਲੀਆ ਦੇ ਸ਼ਹਿਰ ਮੋਗਾਡਿਸ਼ੂ ਆਣ ਉੱਤਰੀ ਸੀ। ਲੰਦਨੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਮੋਗਾਡਿਸ਼ੂ ਤੋਂ ਕੋਈ ਵੀਹ ਕੁ ਮੀਲ ਦੂਰ 'ਸੇਵ ਦੀ ਚਿਲਡਰਨ ਚੈਰਿਟੀ' ਦੇ ਇੱਕ ਕੈਂਪ 'ਚ ਆਪਣਾ ਨਾਂ ਜਾ ਦਾਖਲ ਕਰਾਇਆ ਸੀ। ਚੈਰਿਟੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਤਾਂ ਇਹੋ ਜਹੀਆਂ ਜੁਆਨ, ਖ਼ਤਰਿਆਂ 'ਚ ਵੀ ਸੇਵਾ ਭਾਵ ਤੇ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀ। ਉਨ੍ਹਾਂ ਖਿੜੇ ਮੱਥੇ ਉਸਦੀ ਖਾਹਸ਼ ਤੇ ਮਨਜ਼ੂਰੀ ਦਾ ਠੱਪਾ ਲਾ ਦਿੱਤਾ ਸੀ ਤੇ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਵੀ ਆਪ ਕਰਕੇ ਦਿੱਤਾ ਸੀ।
''ਬਾਕੀ ਦਾ ਸਾਮਾਨ ਕਿੱਥੇ ਲਾਹ ਆਏ ਹੋ?'' ਕਰੈਸਟੀਨਾ ਦਿਆ ਬੋਲਾਂ 'ਚ ਕਿਲ੍ਹੇ ਢਾਉਣ ਵਰਗੀ ਆਕੜ ਤੇ ਅੱਖਾਂ 'ਚ ਸਾਰਾ ਕੁੱਝ ਝੁਲਸ ਦੇਣ ਵਰਗਾ ਭਾਂਬੜ ਬਲ ਤੁਰਿਆ ਸੀ।
''ਸਾਨੂੰ ਤਾਂ ਜੋ ਦਿੱਤਾ ਗਿਆ ਲੈ ਆਏ ਹਾਂ। ਡਰਾਈਵਰ ਤੇ ਸਪਾਹੀ ਅਣਜਾਣ ਜਹੇ ਬਣਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਹਨ ਤੇ ਮਿੰਨ੍ਹਾਂ ਮਿੰਨ੍ਹਾਂ ਮੁਸਕੜੀਏਂ ਹਸਦੇ ਹਨ। ਪਰ ਕਰੈਸਟੀਨਾ ਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਕੈਂਪ ਲਈ ਦਿੱਤਾ ਸਾਮਾਨ ਕਈ ਥਾਈਂ ਉੱਥੇ ਪਹੁੰਚਣ ਤੋਂ ਪਹਿਲਾਂ ਵੰਡਿਆ ਗਿਆ ਹੋਣਾ ਹੈ। ਦੁੱਧ ਦੇ ਡੱਬੇ ਗ਼ਾਇਬ ਸਨ। ਤਾਕਤ ਵਾਲੇ ਬਿਸਕੁਟਾਂ ਦੇ ਪੈਕਟ ਖੁੱਲੇ ਪਏ ਸਨ। ਪਾਣੀ ਦੀ ਬੋਤਲਾਂ ਦੀ ਗਿਣਤੀ ਘੱਟ ਸੀ। ਸਾਰੇ ਸਾਮਾਨ 'ਚੋਂ ਬਹੁਤ ਕੁੱਝ ਗ਼ਾਇਬ ਸੀ। ਕਰੈਸਟੀਨਾ ਬੇਬਸ ਹੋਈ ਵਿਲਕ ਉੱਠਦੀ ਹੈ।
''ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ 'ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋ। ਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ। ਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈ। ਉਸਦੀਆ ਭਵਾਂ ਤਣੀਆਂ ਜਾਂਦੀਆਂ ਹਨ। ਉਸਦੀਆਂ ਕਸੀਸ ਜਹੀ ਵੱਟਣ ਤੇ ਮੁੱਠੀਆਂ ਆਪੂੰ ਮੀਟੀਆਂ ਜਾਂਦੀਆਂ ਹਨ। ਉਹ ਭਸਮ ਕਰ ਦੇਣ ਵਰਗੀ ਕਹਿਰੀ ਤੱਕਣੀ ਨਾਲ ਸਿਪਾਹੀਆਂ ਤੇ ਡਰਾਈਵਰ ਨੂੰ ਵੇਖਦੀ ਹੈ।
''ਮੈਂ ਏਰੀਆਂ ਅਫ਼ਸਰ ਕੋਲ ਤੁਹਾਡੀ ਸ਼ਕਾਇਤ ਕਰਾਂਗੀ। ਉਸਨੇ ਦਬਕਾ ਜਿਹਾ ਮਾਰਿਆ।
ਡਰਾਈਵਰ ਤੇ ਸਿਪਾਹੀਆਂ ਨੇ ਆਪਸ 'ਚ ਅੱਖਾਂ ਮਿਲਾਈਆਂ ਤੇ ਮੁਸਕੜੀਆਂ 'ਚ ਹੱਸਦੇ ਹੋਏ ਉਸਦੀ ਕਹੀ ਗੱਲ ਨੂੰ ਅਣਗੌਲਿਆਂ ਕਰ ਗਏ । ਸ਼ਾਇਦ ਇਹੋ ਜਹੀਆਂ ਝਿੜਕਾਂ, ਦਬਕੇ ਉਹ ਰੋਜ਼ ਸੁਣਦੇ ਹਨ। ਉਨ੍ਹਾਂ ਨੂੰ ਪੂਰਾ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ, ਰਾਹਾਂ 'ਚ ਕਿਵੇਂ ਖ਼ੁਰਦੀ ਹੈ। ਪਹਿਲਾਂ ਜਦੋਂ ਮੋਗਾਡਿਸ਼ੂ ਦੇ ਸੈਂਟਰਲ ਡੀਪੂ 'ਚ ਪਹੁੰਚਦੀ ਹੈ ਤਾਂ ਉੱਪਰਲੀ ਅਫ਼ਸਰਸ਼ਾਹੀ ਉਸ 'ਚ ਵੱਡੀਆਂ ਵੱਡੀਆਂ ਮੋਰੀਆਂ ਕਰਦੀ ਹੈ। ਤੇ ਫੇਰ ਜਿਹੜੀ ਬਚਦੀ ਕੈਂਪਾਂ ਲਈ ਅਲਾਟ ਕੀਤੀ ਜਾਂਦੀ ਹੈ ਉਸ 'ਚ ਰਾਖੀ ਕਰਨ ਵਾਲੇ ਸਿਪਾਹੀ, ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਹੈ ਜਿੰਨੀ ਕੁ ਕਰ ਸਕਦਾ ਹੈ ਚੋਰੀ ਕਰਦਾ ਹੈ। ਹਰ ਕੋਈ ਆਪਣੇ ਅਹੁਦੇ ਮੂਜਬ ਖਿੱਚ-ਧੂਹ ਕਰਦਾ ਹੈ। ਜਿੰਨੀ ਕੁ ਕਿਸੇ ਦੀ ਕੁਰਸੀ ਦੀ ਅਹਿਮੀਅਤ ਹੁੰਦੀ ਹੈ ਉਹ ਆਪਣੀਆਂ ਫੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਕਰਦਾ ਹੈ। ਰਾਸ਼ਨ, ਦਵਾਈਆਂ ਆਪਣਿਆਂ ਤੇ ਬਲੈਕ 'ਚ ਵੇਚਣ ਲਈ ਖਿਸਕਾਉਣ ਦੀ ਪੂਰੀ ਪੂਰੀ ਵਾਹ ਲਾਉਂਦਾ ਹੈ।
ਕਰੈਸਟੀਨਾ ਦਾ ਇਹ ਕੈਂਪ, ਦਸ ਸਾਲ ਤੋਂ ਨਿੱਕੀ ਉਮਰ ਦੇ ਸਿਰਫ ਪੰਜਾਹਾਂ ਬੱਚਿਆਂ ਲਈ ਸੀ। ਤੇ ਇਸ ਵੇਲੇ ਕੈਂਪ 'ਚ ਸੱਤਰ ਬੱਚੇ ਸਨ। ਪੰਜਾਹਾਂ ਬੱਚਿਆਂ ਲਈ ਸਾਮਾਨ ਤੇ ਫੇਰ ਉਸ 'ਚ ਹੋਈ ਖਿੱਚ-ਧੂਹ ਸੱਤਰ ਬੱਚਿਆਂ ਦੀ ਹਾਲਤ ਕਿਵੇਂ ਸੁਧਾਰੂ, ਇਹ ਫਿਕਰ ਉਸਦੀ ਰੂਹ ਨੂੰ ਸਦਾ ਪੱਛਦਾ ਰਹਿੰਦਾ। ਦਵਾਈਆਂ ਵਾਲੀ ਅਲਮਾਰੀ ਭਾਂਅ ਭਾਂਅ ਕਰ ਰਹੀ ਹੈ ਤੇ ਬਾਹਰ ਇੱਕ ਵਿਲਕਦੀ ਭੀੜ ਉਸਨੂੰ ਡੰਗੀ ਜਾ ਰਹੀ ਹੈ।
ਰੁਟੀਨ ਮੁਤਾਬਕ ਉਹ ਹਰ ਦੋਂਹ ਹਫਤਿਆਂ ਬਾਅਦ ਕੈਂਪ ਵਿਚਲੇ ਸਾਰੇ ਬੱਚਿਆਂ ਦਾ ਮੁਆਇਨਾ ਕਰਦੀ ਹੈ। ਜਿਨ੍ਹਾਂ ਦੀ ਹਾਲਤ ਕੁੱਝ ਸੁਧਰ ਜਾਂਦੀ ਹੈ, ਜ਼ਰਾ ਤਕੜੇ ਹੋ ਜਾਂਦੇ ਹਨ ਤੇ ਜਿਨ੍ਹਾਂ ਦੇ ਬਚਣ ਦੀ ਆਸ ਜ਼ਰਾ ਕੁ ਵੀ ਨਰੋਈ ਹੋ ਜਾਂਦੀ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਲੇਲੜੀਆਂ, ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਖਾਰਜ ਕਰ ਦਿੰਦੀ ਹੈ ਤੇ ਉੱਨੇ ਕੁ ਹੋਰ ਬੱਚੇ ਜਿਨ੍ਹਾਂ ਦੇ ਬਚਣ ਦੀ ਉਸਨੂੰ ਥੋਹੜੀ ਬਹੁਤੀ ਆਸ ਹੁੰਦੀ ਹੈ ਦਾਖਲ ਕਰ ਲੈਂਦੀ ਹੈ।
ਅੱਜ ਉਸਨੇ ਪੱਚੀ ਬੱਚੇ ਹੋਰ ਲੈਣੇ ਸਨ। ਪੰਦਰਾਂ ਠੀਕ ਹੋ ਕੇ ਆਪਣੀਆਂ ਮਾਵਾਂ ਦੇ ਨਾਲ ਜਾ ਰਹੇ ਸਨ ਤੇ ਦਸ ਉਸਦੇ ਹਰ ਤਰ੍ਹਾਂ ਦੀ ਕੋਸ਼ਸ਼ ਕਰਨ ਦੇ ਬਾਵਜੂਦ ਕਬਰਾਂ ਬਣ ਗਏ ਸਨ। ਹੋਰ ਬੱਚੇ ਦਾਖਲ ਕਰਨ ਤੋਂ ਉਹ ਅੱਜ ਬਹੁਤ ਝਿਜਕ ਰਹੀ ਸੀ।
ਸਾਮਾਨ ਇਸ ਵਾਰ ਬਹੁਤ ਥੋਹੜਾ ਆਇਆ ਹੈ। ਇਹ ਤਾਂ ਕੈਂਪ 'ਚ ਬਚੇ ਬੱਚਿਆਂ ਜੋਗਰਾ ਵੀ ਨਹੀਂ ਸੀ। ਹੋਰ ਨਵੇਂ ਦਾਖਲ ਕੀਤੇ ਬੱਚਿਆਂ ਦੀ ਦੇਖ ਭਾਲ ਉਹ ਕਿਵੇਂ ਕਰੇਗੀ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਕਦੀ ਉਹ ਸੋਚਦੀ ਕਿ ਕੈਂਪ 'ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਪੂਰੀ ਤੇ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਕੰਬ ਜਾਂਦੀ। ਇਨ੍ਹਾ ਹੀ ਖਿਆਲਾਂ 'ਚ ਘਿਰੀ ਉਹ ਆਪਣੇ ਦੋਨਾਂ ਹੱਥਾਂ ਨਾਲ ਮੂੰਹ ਢੱਕ ਲੈਂਦੀ ਹੈ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਹੈ। ਸਿਰ ਮੇਜ਼ ਤੇ ਰੱਖ ਕੇ ਡੁਸਕਣ ਲੱਗ ਪੈਂਦੀ ਹੈ। ਬੇਬਸੀ ਤੇ ਲਾਚਾਰੀ ਦੇ ਬੀਆਬਾਨਾਂ 'ਚ ਝੁਲਸੀ ਜਾਣ ਲੱਗਦੀ ਹੈ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
''ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ 'ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?'' ਉਹ ਆਪਣੀ ਤਿੜਕਦੀ ਹੋਈ ਸੋਚਣੀ ਨੂੰ ਝਿੜਕਦੀ ਤੇ ਇੱਕ ਝਟਕੇ ਨਾਲ, ਇੱਕ ਹੰਭਲਾ ਮਾਰ ਕੇ ਉੱਠਦੀ ਤੇ ਆਪਣੇ ਨਿੱਤ ਦੇ ਰੁਟੀਨ 'ਚ ਰੁੱਝ ਜਾਂਦੀ।
ਅੱਜ ਵੀ ਉਸਦੀ ਇਹੋ ਜਹੀ ਹੀ ਹਾਲਤ ਸੀ। ਉਹ ਮਸਾਂ ਇਸ ਸੋਚਣੀ 'ਚੋਂ ਨਿਕਲੀ ਹੈ। ਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਖਾਰਜ ਕਰਨਾ ਹੈ ਉਨ੍ਹਾਂ ਨੂੰ ਖਾਰਜ ਕਰਦੀ ਹੈ ਤੇ ਹਦਾਇਤਾਂ ਕਰਕੇ ਉਨ੍ਹਾਂ ਦੀਆਂ ਮਾਵਾਂ ਨੂੰ ਸੌਂਪਦੀ ਹੈ। ਇਸ ਕਾਰਜ ਤੋਂ ਵਿਹਲੀ ਹੋ ਕੇ ਉਹ ਆਪਣੀਆਂ ਸਾਥਣਾਂ ਨੂੰ ਬਾਕੀ ਬੱਚਿਆਂ ਨੂੰ ਦਵਾਈਆਂ, ਵਿਟਾਮਨ ਤੇ ਦੁੱਧ ਦੇਣ ਦੀ ਚਿਤਾਵਨੀ ਦਿੰਦੀ ਹੈ। ਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਹੈ। ਦੁੱਧ 'ਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਸਦੀ ਆਤਮਾ ਵਿਲੂੰਧਰੀ ਜਾਂਦੀ ਹੈ। ਗੁੱਸੇ ਦੇ ਸਿਆੜ ਉਸਦੇ ਮੱਥੇ ਤੇ ਹੋਰ ਡੂੰਘੇ ਹੋ ਜਾਂਦੇ ਹਨ।
''ਇਹ ਤਕੜੇ ਕਿਵੇਂ ਹੋਣਗੇ ਜੇ ਇਨ੍ਹਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ?'' ਉਸਦੇ ਨਾਲ ਕੰਮ ਕਰਦੀ ਸੁਮਾਲੀਅਣ ਨਰਸ ਨੇ ਇੱਕ ਕਰੂਰ ਸਵਾਲ ਉਸਦੇ ਮੂਹਰੇ ਖਿਲਾਰ ਦਿੱਤਾ। ਕਰੈਸਟੀਨਾ ਕੋਲ ਇਸਦਾ ਕੀ ਜਵਾਬ ਸੀ। ਉਹ ਕੁੱਝ ਪਲਾਂ ਲਈ ਖਾਮੋਸ਼ੀ ਦੀ ਬੁੱਕਲ ਮਾਰ ਗਈ। ਤੇ ਫੇਰ ਹੌਲੀ ਹੌਲੀ ਬੀਮਾਰ ਆਵਾਜ਼ 'ਚ ਮਸਾਂ ਕਹਿੰਦੀ ਹੈ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ। ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
ਆਖਰ ਉਸਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਖੋਲ੍ਹ ਬਾਹਰ ਉਡੀਕਦੀ ਭੀੜ 'ਚ ਜਾ ਵੜੀ। ਮਿੱਟੀ ਘੱਟੇ 'ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਸ ਉੱਤੇ ਗੱਡੀਆਂ ਗਈਆਂ। ਉਨ੍ਹਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ ਬੱਚੇ ਇਸ ਸਾਰੇ ਕੁੱਝ ਤੋਂ ਬੇਖ਼ਬਰ ਆਪਣੇ ਆਹਰੇ ਲੱਗੇ ਰਹੇ। ਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ 'ਚ ਬੈਠਿਆਂ ਕਰ ਦਿੱਤਾ। ਉਹ 'ਕੱਲੇ 'ਕੱਲੇ ਬੱਚੇ ਕੋਲ ਜਾਂਦੀ। ਉਸਨੂੰ ਗੌਹ ਨਾਲ ਵੇਖਦੀ। ਉਸਦੀਆਂ ਮੀਟੀਆਂ ਅੱਖਾਂ ਖੋਲ੍ਹ ਉਨ੍ਹਾਂ 'ਚ ਵੇਖਦੀ। ਸੁੱਕੀਆਂ ਛਿਟੀਆਂ ਬਾਹਵਾਂ ਫੜ ਫੜ ਨਬਜ਼ਾਂ ਟੋਂਹਦੀ। ਜਿਸ ਬੱਚੇ ਦੇ ਠੀਕ ਹੋਣ ਦੀ ਉਸਨੂੰ ਮਾੜੀ ਮੋਟੀ ਵੀ ਆਸ ਹੁੰਦੀ ਉਸਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਲਈ ਇਸ਼ਾਰਾ ਕਰਦੀ। ਮਾਂ ਦੀਆਂ ਅੱਖਾਂ 'ਚ ਬੇਪਨਾਹ ਸ਼ੁਕਰਾਨਾ ਸਿੰਮ ਆਉਂਦਾ। ਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸੱਭ ਨੂੰ ਪਤਾ ਸੀ। ਗੇਟ ਅੰਦਰ ਜ਼ਿਦਗੀ ਦਾ ਵਰਦਾਨ ਮਿਲਦਾ ਸੀ। ਸਾਹ ਲੈਂਦੇ ਰਹਿਣ ਦੀ ਖੁਸ਼ੀਆਂ ਭਰੀ ਤਸੱਲੀ ਮਿਲਦੀ ਸੀ। ਤੇ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਨ੍ਹਾਂ ਦੀਆਂ ਲੇਲੜੀਆਂ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀਆਂ। ਉਨ੍ਹਾਂ ਮਾਵਾਂ ਦੀ ਤੱਕਣੀ ਇੱਕ ਹੌਕਾ ਬਣਕੇ ਉਸਦੇ ਗਲੇ 'ਚ ਅੜੀ ਰਹਿੰਦੀ । ਉਨ੍ਹਾਂ ਦੀ ਅਪਣੇ ਬੱਚਿਆਂ ਲਈ ਬੇਬਸੀ ਉਸਦੀ ਵਿਚਰਨ 'ਚ ਇੱਕ ਭੁਚਾਲ ਲਿਆਈ ਰੱਖਦੀ। ਉਹ ਆਪਣਾ ਫਰਜ਼ ਨਿਭਾਉਂਦੀ, ਆਪਣੀ ਸੋਚ ਮੁਤਾਬਿਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀ। ਜਿਨ੍ਹਾਂ ਬੱਚਿਆਂ ਨੂੰ ਉਹ ਅੰਦਰ ਨਹੀਂ ਸੀ ਭੇਜ ਰਹੀ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਹੈ । ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੂਹਿਆਂ ਤੇ ਅੰਗੜਾਈਆਂ ਲੈਂਦੀ ਵੇਖਣ ਦੀ ਚਾਹਵਾਨ, ਕਰੈਸਟੀਨਾ, ਅੱਜ ਮੌਤਾਂ ਪਰੋਸ ਰਹੀ ਹੈ। ਪਹਿਲੀ ਵਾਰ ਉਸਨੂੰ ਇੱਥੇ ਇਸ ਕੈਂਪ 'ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
ਜ਼ਿੰਦਗੀ....ਮੌਤ
ਮੌਤ....ਜ਼ਿੰਦਗੀ
ਕਿੰਨੀਆਂ ਕੋਲ ਕੋਲ ਹਨ।
ਤੇ ਕਿੰਨੀਆਂ ਦੂਰ ਦੂਰ ਵੀ।
ਕਰੈਸਟੀਨਾ ਨੂੰ ਕੀ ਪਤਾ ਸੀ ਕਿ ਉਸਨੂੰ ਅਦਾਲਤ ਵੀ ਬਨਣਾ ਪਵੇਗਾ। ਮੌਤ ਦੀਆਂ ਸਜ਼ਾਵਾਂ ਵੀ ਸੁਨਾਉਣੀਆਂ ਪੈਣਗੀਆਂ। ਉਹ ਤਾਂ ਜ਼ਿੰਦਗੀ ਦੀ ਵਕੀਲ ਬਣਕੇ ਆਈ ਸੀ। ਹੁਣ ਕਈ ਵਾਰ ਉਸਨੂੰ ਇਹੋ ਜਹੀ ਹਾਲਤ 'ਚ ਆਪਣੇ ਆਪ ਤੋਂ ਘਿਰਣਾ ਜਹੀ ਵੀ ਹੋਣ ਲੱਗਦੀ ਸੀ। ਜ਼ਿੰਦਗੀ ਬਖ਼ਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਵੰਡ ਰਹੇ ਸਨ।
ਉਹ ਸਾਰਾ ਕੁੱਝ ਇੱਕ ਰੋਬੋਟ ਵਾਂਗੂੰ ਕਰੀ ਜਾ ਰਹੀ ਸੀ, ਜਿਸਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇ। ਹਰ ਬੱਚੇ ਦੀਆਂ ਅੱਖਾਂ ਖੋਲ੍ਹਦੀ, ਨਬਜ਼ ਟੋਂਹਦੀ, ਧੜਕਣ ਚੈੱਕ ਕਰਦੀ ਉਸਦੀ ਮਾਂ ਵੱਲ ਵੀ ਇੱਕ ਦੋ ਵਾਰ ਵੇਖਦੀ। ਤੇ ਜਦੋਂ ਕਿਸੇ ਬੱਚੇ ਨੂੰ ਉਹ ਕੈਂਪ ਅੰਦਰ ਜਾਣ ਲਈ ਕਹਿੰਦੀ, ਉਸਦੀ ਮਾਂ ਨੂੰ ਵੀ ਦਿਲਾਸੇ ਭਰੀ ਤੱਕਣੀ ਨਾਲ ਵੇਖਦੀ, ਉਸ ਬੱਚੇ ਦੀ ਮਾਂ ਦੀਆਂ ਅੱਖਾਂ 'ਚ ਚਮਕ ਤੇ ਖੁਸ਼ੀ ਵੇਖ ਕੇ ਉਹ ਆਪ ਵੀ ਸਾਰੀ ਦੀ ਸਾਰੀ ਸਰਸ਼ਾਰੀ ਜਾਂਦੀ। ਤੇ ਇੱਥੇ ਆਂ ਕੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਇਵਜ਼ਾਨਾ ਉਸਨੂੰ ਮਿਲ ਜਾਂਦਾ। ਸ਼ਾਇਦ ਇਹੋ ਜਹੇ ਹੀ ਕੁੱਝ ਕੁ ਪਲ ਹਨ ਜਿਹੜੇ ਉਸਨੂੰ ਇੱਥੇ ਨੂੜੀ ਬੈਠੇ ਸਨ, ਨਹੀਂ ਤਾਂ ਉਹ ਚਿਰਾਂ ਦੀ ਇਸ ਨਿਰਾਸ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ।
''ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?'' ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾ। ਉਹ ਲੁੱਚੀ ਸਿਆਸਤ ਤੇ ਖਿਝਦੀ। ਬਦਮਾਸ਼ ਸਿਆਸੀ ਢਾਂਚੇ ਨੂੰ ਨਫਰਤ ਨਾਲ ਦੁਰਕਾਰਦੀ। ਹਿਫਾਜ਼ਤ ਤੇ ਮਦਦ ਕਰਨ ਆਏ ਅਮਰੀਕੀ ਸਿਪਾਹੀਆਂ ਦੀਆਂ ਸੁਣੀਆਂ ਕਹਾਣੀਆਂ ਬਾਰੇ ਉਹ ਸੋਚਦੀ ਤਾਂ ਸਾਰੀ ਸਾਰੀ ਹਲੂਣੀ ਜਾਂਦੀ।
ਇਵੇਂ ਚੈੱਕ ਕਰਦੀ ਕਰਦੀ ਉਹ ਕਾਨੂੰ ਕੋਲ ਜਾ ਪਹੁੰਚਦੀ ਹੈ। ਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਉਸਨੇ ਮੋੜ ਦਿੱਤਾ ਸੀ ਕਿਉਂਕਿ ਉਸਦੇ ਬਾਬੇ ਨੇ ਉਸਦੀ ਉਮਰ ਦਸਾਂ ਸਾਲਾਂ ਤੋਂ ਉੱਪਰ ਦੱਸੀ ਸੀ ਤੇ ਇਹ ਕੈਂਪ ਦਸਾਂ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀ। ਕਰੈਸਟੀਨਾ ਨੇ ਕਾਨੂੰ ਤੇ ਉਸਦੇ ਬਾਬੇ ਨੂੰ ਪਛਾਣ ਲਿਆ ਸੀ।
''ਮੈਂ ਤੈਨੂੰ ਪਹਿਲਾਂ ਵੀ ਦਸਿਆ ਸੀ ਕਿ ਇਸਦੀ ਉਮਰ ਵੱਡੀ ਹੈ ਤੇ ਮੈਂ ਇਸ ਕੈਂਪ 'ਚ ਇਸਨੂੰ ਦਾਖਲ ਨਹੀਂ ਕਰ ਸਕਦੀ। ਇਸਦੀ ਉਮਰ ਦੇ ਬੱਚਿਆਂ ਲਈ ਮੋਗਾਡਿਸ਼ੂ ਇੱਕ ਕੈਂਪ ਹੈ। ਇਸਨੂੰ ਉੱਥੇ ਲੈ ਜਾਹ।
''ਮੈਨੂੰ ਇਸਦੀ ਉਮਰ ਦਾ ਭੁਲੇਖਾ ਲੱਗ ਗਿਆ ਸੀ। ਇਹ ਹਾਲੀ ਦਸਾਂ ਸਾਲਾਂ ਦਾ ਨਹੀਂ ਹੋਇਆ।" ਕਾਨੂੰ ਦੇ ਬਾਬੇ ਨੇ ਲੇਲ੍ਹੜੀ ਜਹੀ ਕੱਢੀ।
''ਮਤਲਬ....ਉਸ ਦਿਨ ਤਾਂ ਤੂੰ ਕਹਿੰਦਾ ਸੀ ਕਿ ਇਹ ਦਸਾਂ ਤੋਂ ਉੱਪਰ ਹੈ?'' ਕਰੈਸਟੀਨਾ ਨੇ ਗੁੱਸੇ ਜਹੇ 'ਚ ਕਿਹਾ। ਉਸਨੂੰ ਲੱਗਾ ਕਿ ਇਹ ਬੁੱਢਾ ਕਾਨੂੰ ਨੂੰ ਇਸ ਕੈਂਪ 'ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ।
''ਇਹ ਅਜੇ ਦਸਾਂ ਦਾ ਨਹੀਂ ਹੋਇਆ ।ਜਿਸ ਦਿਨ ਅਮਰੀਕਣ ਫੌਜੀ ਛੋਕਰੇ ਇਸਦੀ ਮਾਂ ਨੂੰ ਸੁੱਤਿਆਂ ਉਠਾਲ ਲੈ ਗਏ ਸਨ ਉਦੋਂ ਤਾਂ ਇਹ ਮਸਾਂ ਸੱਤਾਂ ਸਾਲਾਂ ਦਾ ਸੀ। ਉਸ ਵਾਰਦਾਤ ਨੂੰ ਤਾਂ ਅਜੇ ਦੋ ਸਾਲ ਵੀ ਨਹੀਂ ਹੋਏ। ਉਹ ਆਪਣੀਆਂ ਵਰਦੀਆਂ 'ਚ ਆਏ ਤੇ ਇਸਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ । ਮੇਰੇ ਪੁੱਤ ਨੇ ਜਦੋਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸਨੂੰ ਵੀ ਨਾਲ ਹੀ ਲੈ ਗਏ ਸਨ। ਉਸਦੀ ਲਾਸ਼ ਤਾਂ ਸਾਨੂੰ ਸਾਡੇ ਪਿੰਡ ਦੀ ਹੱਦੋਂ ਅੰਦਰ ਹੀ ਮਿਲ ਗਈ ਸੀ। ਇਸਦੇ ਪਿਉ ਨੇ ਬੜਾ ਕਿਹਾ ਕਿ ਕਾਨੂੰ ਦੀ ਮਾਂ ਦਾ ਕੀ ਕਸੂਰ ਹੈ। ਜੇ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਲੈ ਚਲੋ, ਮੈਂ ਤਿਆਰ ਹਾਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ। ਇਸਦਾ ਕੀ ਕਸੂਰ ਹੈ।
''ਇਸਦਾ ਵੀ ਕਸੂਰ ਹੈ। ਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈ। ਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂ। ਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂ। ਤੁਹਾਡੀ ਮਦਦ ਕਰਦਿਆਂ। ਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂ। ਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ।
''ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈ। ਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ 'ਚ ਸਿਮਟ ਕੇ ਰਹਿ ਗਿਆ। ਉਹ ਫੇਰ ਨਹੀਂ ਪਰਤੀ। ਉਹ ਬੜੀ ਅਣਖੀ ਕੁੜੀ ਸੀ। ਪਤਾ ਨਹੀਂ ਉਹ ਕਿਸ ਖੂਹ ਖਾਤੇ ਪਈ ਹੋਵੇਗੀ। ਪਰ ਅਸੀ ਉਡਦੀ ਉਡਦੀ ਖਬਰ ਸੁਣੀ ਸੀ ਕਿ ਉਨ੍ਹਾਂ ਅਮਰੀਕਣਾਂ 'ਚੋ ਇੱਕ ਵੀ ਉਸਦੀ ਜੁਆਨੀ ਨੂੰ ਨਹੀਂ ਸੀ ਮਾਣ ਸਕਿਆ। ਮੈਥੋਂ ਕਾਨੂੰ ਦੀ ਉਮਰ ਦੱਸਣ 'ਚ ਉਸ ਦਿਨ ਗ਼ਲਤੀ ਹੋ ਗਈ ਸੀ।
ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ । ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇ। ਇਨ੍ਹਾਂ ਹੀ ਬਦਲਾ ਲਊ ਖਿਆਲਾਂ 'ਚ ਉਹ ਕਿੰਨਾ ਹੀ ਚਿਰ ਉੱਥੇ ਹੀ ਬਿਨਾ ਕੁੱਝ ਕਿਹਾਂ ਉਨ੍ਹਾਂ ਦੇ ਕੋਲ ਹੀ ਬੈਠੀ ਰਹੀ। ਫੇਰ ਜੇਰਾ ਇਕੱਠਾ ਕਰ ਉਸਨੇ ਕਾਨੂੰ ਨੂੰ ਚੈਕ ਕਰਨਾ ਸ਼ੁਰੂ ਕੀਤਾ। ਉਸਦੀ ਨਬਜ਼ ਟੋਹੀ। ਅੱਖਾਂ ਪੁੱਟ ਕੇ ਵੇਖੀਆਂ। ਕਾਨੂੰ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖ੍ਹੋਲੀ ਰੱਖੀਆਂ।
ਕਰੈਸਟੀਨਾ ਇੱਕ ਵੇਰ ਫੇਰ ਕਾਨੂੰ ਨੂੰ ਗੌਹ ਨਾਲ ਵੇਖਦਿਆਂ ਇੱਕ ਡੂੰਘਾ ਹੌਕਾ ਭਰਿਆ।
''ਬਹੁਤ ਦੇਰ ਹੋ ਗਈ ਹੈ । ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥ 'ਚ ਘੁੱਟ ਲਈ।
ਤੇ ਅੱਖਾਂ ਮੀਟ ਲਈਆਂ।
ਅੱਖਾਂ....ਜਿਹੜੀਆਂ ਮੁੜ ਕੇ ਫੇਰ ਕਦੀ ਨਾ ਖੁਲ੍ਹੀਆਂ।
ਸਾਹਾਂ ਦੀ ਭੁੱਬਲ 'ਚ ਇੱਕ ਚਿਣਗ ਜਿਸ ਆਸ ਤੇ ਮੱਘਦੀ ਰਹੀ ਉਹ ਆਸ ਟੁੱਟਣ ਤੇ ਸੀਤ ਹੋ ਗਈ।
ਕਰੈਸਟੀਨਾ ਨੇ ਇੱਕ ਸਰਦ ਹੌਕਾ ਭਰਿਆ ਤੇ ਆਪਣੀਆਂ ਸਿੱਲ੍ਹੀਆਂ ਅੱਖਾਂ ਲਕੋਂਦੀ ਕਾਹਲੇ ਕਾਹਲੇ ਕਦਮੀ ਕੈਂਪ ਦਾ ਗੇਟ ਲੰਘ ਗਈ।
(ਸਮਾਪਤ)

Sunday, August 30, 2009

ਕਾਲ਼ੀ ਬੋਲ਼ੀ ਰਾਤ -ਸ਼ਿਵਚਰਨ ਜੱਗੀ ਕੁੱਸਾ

ਕਾਲ਼ੀ  ਬੋਲ਼ੀ  ਰਾਤ                -ਸ਼ਿਵਚਰਨ ਜੱਗੀ ਕੁੱਸਾ


ਅਜੇ ਉਹ ਬੱਚੀ ਸੀ।
ਇਕ ਮਾਸੂਮ ਬੱਚੀ, ਜਿਸ ਦਾ ਨਾਂ ਭੋਲੀ ਸੀ। ਉਹ ਆਪਣੇ ਨਾਂ ਵਾਂਗ ਸੱਚ ਹੀ 'ਭੋਲੀ' ਸੀ। ਇਕ ਪੁੰਗਰਦਾ ਫੁੱਲ ਸੀ। ਉਹ ਫੁੱਲ, ਜੋ ਇਕ ਧੂੜ ਭਰੇ ਬਾਗ ਵਿਚ ਆਪਣੇ ਜੀਵਨ ਨਾਲ ਜੱਦੋ-ਜਹਿਦ ਕਰ ਰਿਹਾ ਸੀ। ਉਸ ਦਾ ਜਨਮ ਇਕ ਹਨ੍ਹੇਰੇ ਭਰੀ ਜ਼ਿੰਦਗੀ ਵਾਲੇ, ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਅੱਜ ਉਹ ਪੰਜ ਸਾਲਾਂ ਦੀ ਸੀ। ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ। ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ 'ਤੇ ਹੀ ਪਲੀ ਸੀ। ਉਸ ਨੂੰ ਆਪਣੀ ਮਾਂ, ਜੋ ਮੰਜੇ 'ਤੇ ਬੈਠੀ ਸੀ, ਨੂੰ ਚਾਹ ਬਣਾ ਕੇ ਦੇਣ ਦੀ ਸੂੰਹ ਸੀ। ਦੁਆਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ। ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ।
ਕਦੇ-ਕਦੇ ਉਹ ਬੁੜ੍ਹੀਆਂ ਤੋਂ ਸੁਣ ਜਰੂਰ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਸ ਦੇ ਜਨਮ ਤੋਂ ਬਾਅਦ 'ਕੈਂਸਰ' ਹੋ ਗਿਆ ਸੀ। ਪਰ ਉਸ ਨੂੰ ਕੋਈ ਖਾਸ ਸਮਝ ਨਾਂ ਪੈਂਦੀ। ਜਦੋਂ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਮਹਿੰਦਰ ਕੌਰ ਭੋਲੀ ਨੂੰ ਗਲ ਲਾ ਕੇ ਰੋਣ ਲੱਗ ਜਾਂਦੀ ਅਤੇ ਕਹਿੰਦੀ, "ਮੈਥੋਂ ਬਾਅਦ ਤੈਨੂੰ ਕੌਣ ਗਲ ਨਾਲ ਲਾਊ ਧੀਏ?" ਮਹਿੰਦਰ ਕੌਰ ਵੈਰਾਗ ਵਿਚ ਡੁਸਕਦੀ। ਪਰ ਬਚਪਨ ਮੱਤ ਵਾਲੀ ਭੋਲੀ ਮਾਂ ਨੂੰ ਪੁੱਛਦੀ, "ਬੇਬੇ ਤੂੰ ਰੋਨੀਂ ਕਾਹਤੋਂ ਐਂ?" ਤਾਂ ਉਹ ਫਿਰ ਰੋ ਕੇ ਜਵਾਬ ਦਿੰਦੀ, "ਮੈਂ ਆਬਦੇ ਕਰਮਾਂ ਨੂੰ ਰੋਨੀਂ ਐਂ ਧੀਏ!" ਤੇ ਧੀ ਨੂੰ ਹਰ ਵਾਰ ਇਸ ਤਰ੍ਹਾਂ ਵੈਰਾਗ ਨਾਲ ਹਾਉਕੇ ਭਰ-ਭਰ ਪਿਆਰ ਕਰਦੀ, ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋਵੇ। ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਹ 'ਤੇ ਇਤਬਾਰ ਹੀ ਨਾ ਹੋਵੇ। ਸਾਹ ਦਾ ਕੀ ਭਰੋਸਾ? ਆਇਆ ਨਾ ਆਇਆ!
-"ਮਾਂ ਪਾਣੀ ਦੇਵਾਂ?" ਦੁਪਿਹਰੋਂ ਬਾਅਦ ਸੁੱਤੀ ਉਠੀ ਮਾਸੂਮ ਭੋਲੀ ਨੇ ਪੁੱਛਿਆ। ਕਿੰਨਾ ਖਿਆਲ ਰੱਖਦੀ ਸੀ ਉਹ ਆਪਣੀ ਮਾਂ ਦਾ!
-"ਦੇ-ਦੇ ਪੁੱਤ!" ਭੋਲੀ ਦੀ ਮਾਸੂਮ ਆਵਾਜ਼, ਮਾਸੂਮ ਸ਼ਕਲ, ਮਾਸੂਮ ਸੁਭਾਅ 'ਤੇ ਮਾਂ ਨੂੰ ਤਰਸ ਜਿਹਾ ਆਇਆ। ਉਸ ਅੰਦਰ ਝੋਕਾ ਜਿਹਾ ਫਿਰ ਗਿਆ ਅਤੇ ਮਾਂ ਦਾ ਬੇਵਸਾ, ਹੁਬਕੀਂ ਰੋਣ ਨਿਕਲ ਗਿਆ। ਮਾਂ ਨੂੰ ਆਪਣੀ ਜ਼ਿੰਦਗੀ 'ਤੇ ਇਤਨਾ ਕਰੋਧ ਆਇਆ ਕਿ ਉਹ ਖੁਦਕਸ਼ੀ ਕਰ ਲਵੇ। ਕੀ ਅਰਥ ਸੀ ਉਸ ਦੀ ਜ਼ਿੰਦਗੀ? ਜਿਹੜਾ ਆਪਣੀ ਫੁੱਲ ਵਰਗੀ ਧੀ ਨੂੰ ਖਿਡਾ, ਪਰਚਾ ਨਹੀਂ ਸਕਦੀ ਸੀ? ਉਸ ਦੇ ਚਾਅ-ਮਲਾਰ ਪੂਰੇ ਨਹੀਂ ਕਰ ਸਕਦੀ ਸੀ?
-"ਮਾਂ ਲੈ ਪਾਣੀ....।" ਭੋਲੀ ਨੇ ਕਿਹਾ ਮਾਂ ਨੇ ਪਾਣੀ ਫੜ ਲਿਆ। ਦੁਆਈ ਲੈ ਲਈ।
-"ਲੈ ਪੁੱਤ ਗਿਲਾਸ ਰੱਖ ਦੇ।" ਮਾਂ ਨੇ ਕਿਹਾ। ਭੋਲੀ ਨੇ ਫੜ ਕੇ ਗਿਲਾਸ ਹੇਠਾਂ ਰੱਖ ਦਿੱਤਾ।
-"ਮਾਂ ਮੈਂ ਭੱਠੀ 'ਤੇ ਖੇਡ ਆਵਾਂ?"
-"ਜਾਹ ਪੁੱਤ ਖੇਡ ਆ।" ਉਹ ਚਲੀ ਗਈ। ਖੇਡਦੇ ਬੱਚਿਆਂ ਨਾਲ ਖੇਡ ਲੱਗ ਗਈ।
-"ਲੈ ਕੁੜ੍ਹੇ-ਕੀ ਵਿਚਾਰੀ ਦੀ ਕੋਈ ਉਮਰ ਐ?" ਭੱਠੀ 'ਤੇ ਦਾਣੇ ਭੁੰਨਾ ਰਹੀ ਇਕ ਬੁੱਢੀ ਨੇ ਭੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਕਿਹਾ।
-"ਰੋਇਆ ਕਰੂਗੀ ਵਿਚਾਰੀ ਮਾਂ ਨੂੰ।" ਦੂਜੀ ਬੋਲੀ।
ਭੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ। ਪਰ ਬੁੜ੍ਹੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਸਨ।  ਉਹ ਖੇਡਣਾ ਵਿਚੇ ਹੀ ਛੱਡ ਘਰੇ ਆ ਗਈ। ਬਿਨਾ ਕੁਝ ਖਾਧੇ-ਪੀਤੇ ਮੰਜੇ 'ਤੇ ਪਈ ਮਾਂ ਨਾਲ ਜੱਫੀ ਪਾ ਕੇ ਪੈ ਗਈ। ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੁਝ ਜਿਆਦਾ ਹੀ ਪਿਆਰੀ-ਪਿਆਰੀ ਜਿਹੀ ਲੱਗੀ ਸੀ? ਮਾਂ ਦੇ ਸਰੀਰ 'ਚੋਂ ਆਉਂਦੀ ਬਦਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ-ਚੰਗੀ ਲੱਗੀ ਸੀ? ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲੋਂ ਉਠਣ ਨੂੰ ਦਿਲ ਨਹੀਂ ਕਰਦਾ ਸੀ? ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ? ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣ ਜਿਹਾ ਆ ਰਿਹਾ ਸੀ?
ਖੇਤੋਂ ਬਾਪੂ ਬਲਦ ਲੈ ਕੇ ਆ ਗਿਆ।
ਬਾਪੂ ਕੋਲ ਸਿਰਫ ਇਕ ਕਿੱਲਾ ਜ਼ਮੀਨ ਅਤੇ ਇਕ ਹੀ ਬਲਦ ਸੀ। ਜਿਸ ਨਾਲ ਉਹ ਖੇਤੀ ਕਰਦਾ ਸੀ। ਛਿਮਾਹੀ ਖਾਣ ਜੋਗੇ ਦਾਣੇ ਮਸਾਂ ਹੀ ਘਰ ਆਉਂਦੇ ਸਨ।
-"ਉਏ ਪੁੱਤ ਭੋਲਿਆ! ਤੂੰ ਸ਼ੇਰਾ ਮੇਰੇ ਆਸਤੇ ਅੱਜ ਚਾਹ ਨਹੀਂ ਬਣਾ ਕੇ ਰੱਖੀ ਉਏ?" ਬਾਪੂ ਦੇ ਬੋਲਾਂ ਵਿਚ ਲਾਡ ਸੀ। ਪਿਆਰ ਸੀ।
-"ਬਾਪੂ ਅੱਜ ਮੇਰਾ ਬੇਬੇ ਨਾਲੋਂ ਉਠਣ ਨੂੰ ਜੀਅ ਨਹੀਂ ਕਰਦਾ-ਅੱਜ ਤੂੰ ਆਪ ਈ ਬਣਾ ਲੈ।" ਭੋਲੀ ਨਾਲ ਦੀ ਨਾਲ ਰੋ ਪਈ। ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ।
ਉਸ ਨੇ ਚੁੱਲ੍ਹੇ ਵਿਚ ਛਿਟੀਆਂ ਡਾਹ ਕੇ ਆਪ ਹੀ ਚਾਹ ਧਰ ਲਈ।
ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ। ਜਦੋਂ ਉਸ ਦੀ ਜਾਗ ਖੁੱਲ੍ਹਦੀ ਤਾਂ ਉਹ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਅਤੇ ਮਾਂ ਦਾ ਮੂੰਹ ਚੁੰਮਦੀ। ਪਤਾ ਨਹੀਂ ਕਿਉਂ ਅੱਜ ਉਸ ਦਾ ਜੀਅ ਜਿਹਾ ਹੀ ਨਹੀਂ ਰੱਜਦਾ ਸੀ?
ਜਦੋਂ ਭੋਲੀ ਦੀ ਸਵੇਰੇ ਅੱਖ ਖੁੱਲ੍ਹੀ ਤਾਂ ਮਾਂ ਮੰਜੇ 'ਤੇ ਨਹੀਂ ਸੀ। ਵਿਹੜੇ ਵਿਚ ਪਿੰਡ ਦੀਆਂ ਚਾਰ ਕੁ ਬੁੜ੍ਹੀਆਂ ਹੀ ਬੈਠੀਆਂ ਗੱਲਾਂ ਕਰ ਰਹੀਆਂ ਸਨ। ਭੋਲੀ ਦਾ ਦਿਲ ਧੜਕਿਆ। ਉਹ 'ਬੇਬੇ' ਕਹਿ ਕੇ ਮੰਜੇ ਤੋਂ ਭਮੱਤਰ ਕੇ ਉਠੀ ਸੀ।
-"ਪੈ ਜਾਹ ਡੱਡੇ ਪੈ ਜਾਹ।" ਇਕ ਬੁੱਢੀ ਨੇ ਉਸ ਨੂੰ ਵਿਰਾਉਣ ਦੀ ਕੋਸ਼ਿਸ਼ ਕੀਤੀ।
-"ਮੇਰੀ ਬੇਬੇ ਕਿੱਥੇ ਐ?"
-"ਹਸਪਤਾਲ ਐ ਪੁੱਤ।"
-"ਰਾਤ ਤਾਂ ਘਰੇ ਸੀ?"
-"ਤੜਕਿਓਂ ਤਿੰਨ ਵਜੇ ਲੈ ਕੇ ਗਏ ਐ-ਕੁੜ੍ਹੇ।"
-"ਮੈਨੂੰ ਦੱਸਿਆ ਕਿਉਂ ਨਹੀਂ?"
-"ਤੂੰ ਪੁੱਤ ਸੁੱਤੀ ਪਈ ਸੀ।"
-"ਮੇਰਾ ਬਾਪੂ ਕਿੱਥੇ ਐ?"
-"ਉਹ ਵੀ ਨਾਲ ਈ ਗਿਐ।"
-"ਮੈਂ ਵੀ ਜਾਊਂਗੀ।" ਤੇ ਉਹ ਮੰਜੇ ਤੋਂ ਪਾਗਲਾਂ ਵਾਂਗ ਉਠ ਕੇ ਭੱਜ ਤੁਰੀ। ਬੁੜ੍ਹੀਆਂ ਨੇ ਫੜ੍ਹ ਕੇ ਮਸਾਂ ਹੀ ਰੋਕੀ। ਉਹ ਬੁੜ੍ਹੀਆਂ ਨੂੰ ਗਾਹਲਾਂ ਕੱਢਦੀ ਰਹੀ। ਅਖੀਰ ਬੇਵੱਸ ਹੋ ਕੇ ਰੋਣ ਲੱਗ ਪਈ।
ਦੁਪਿਹਰੋਂ ਬਾਅਦ ਬਾਪੂ ਪਹੁੰਚ ਗਿਆ। ਉਦਾਸੀ ਅਤੇ ਦੁੱਖ ਦੀ ਸਿੱਕਰੀ ਉਸ ਦੇ ਚਿਹਰੇ ਤੋਂ ਸਾਫ਼ ਜ਼ਾਹਿਰ ਕਰਦੀ ਸੀ ਕਿ ਕੋਈ ਬੁਰੀ ਖਬਰ ਸੀ। ਭੋਲੀ ਡਡਿਆ ਕੇ ਬਾਪੂ ਦੀ ਬੁੱਕਲ ਵਿਚ ਵੜ ਗਈ। ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ।
-"ਕਿਉਂ ਸਰਦਾਰਾ ਸਿਆਂ-ਕੀ ਹਾਲ ਐ ਹੁਣ ਮੁਹਿੰਦਰ ਕੁਰ ਦਾ ਪੁੱਤ?" ਅੰਬੋ ਨੇ ਪੁੱਛਿਆ। ਉਹ ਬੜੀ ਹੀ ਹਮਦਰਦ ਬੁੜ੍ਹੀ ਜਾਪਦੀ ਸੀ।
-"ਡਾਕਦਾਰ ਪੈਸੇ ਭਾਲਦੈ ਤਾਈ!" ਕਹਿਰਾਂ ਦੀ ਮਜਬੂਰੀ ਵਿਚ ਉਸ ਨੇ ਸਿਰ ਫੇਰਿਆ।
-"ਸਰਦਾਰਾ ਸਿਆਂ ਬੰਦਾ ਲੱਖੀਂ ਨਾ ਹਜਾਰੀਂ-ਪੈਸਾ ਤਾਂ ਕੋਹੜਿਆ ਵਾ ਹੱਥਾਂ ਦੀ ਮੈਲ ਐ-ਜਦੋਂ ਮਰਜ਼ੀ ਐ ਕਮਾ ਲਈਏ-ਪਰ ਬੰਦਾ ਨਹੀਂ ਮਿਲਦਾ ਭਾਈ-ਚੱਲ ਮੇਰੇ ਨਾਲ ਤੁਰ-ਬੋਲ ਕਿੰਨੇ ਪੈਸੇ ਚਾਹੀਦੇ ਐ-ਫੋਟ੍ਹ ਚੰਦਰਾ! ਸਿਰਫ ਐਨੀ ਕੁ ਗੱਲ ਪਿੱਛੇ ਮੂੰਹ ਢਿੱਲਾ ਜਿਆ ਕਰੀ ਫਿਰਦੈਂ? ਵੇ ਜਾਹ ਪਰੇ੍ਹ! ਆ ਤੁਰ ਮੇਰੇ ਨਾਲ਼...!" ਅੰਬੋ ਸਰਦਾਰੇ ਨੂੰ ਖਿੱਚ ਕੇ ਆਪ ਦੇ ਘਰ ਲੈ ਗਈ। ਵਰਾਂਡੇ ਵਿਚ ਮੰਜਾ ਡਾਹ ਦਿੱਤਾ ਅਤੇ ਆਪ ਆਪਦੇ ਵੱਡੇ ਮੁੰਡੇ ਸੌਦਾਗਰ ਸਿੰਘ ਕੋਲੇ ਅੰਦਰ ਚਲੀ ਗਈ।
ਪੰਦਰਾਂ ਕੁ ਮਿੰਟਾਂ ਬਾਅਦ ਹੀ ਉਸ ਨੇ ਸਰਦਾਰੇ ਨੂੰ ਅੰਦਰ ਆਵਾਜ਼ ਮਾਰ ਲਈ।
ਸਰਦਾਰਾ ਅੰਦਰ ਚਲਾ ਗਿਆ।
-"ਬੋਲ ਸਰਦਾਰਾ ਸਿਆਂ ਕਿੰਨੇ ਪੈਸੇ ਦਿਆਂ?" ਅੰਬੋ ਦੇ ਮੁੰਡੇ ਸੌਦਾਗਰ ਨੇ ਖੁੱਲ੍ਹ-ਦਿਲੀ ਵਿਖਾਈ।
-"ਦੋ ਕੁ ਹਜਾਰ ਤਾਂ ਚਾਹੀਦਾ ਈ ਐ ਬਾਈ।"
-"ਤੂੰ ਦੋ ਤਾਂ ਕੀ ਤਿੰਨ ਹਜਾਰ ਲੈ-ਹੈ ਕਮਲਾ? ਬੰਦਾ ਬੰਦੇ ਦੀ ਦਾਰੂ ਐ-ਆਹ ਫੜ ਤਿੰਨ ਹਜਾਰ-!" ਉਹ ਪੈਸੇ ਦਿੰਦਾ ਬੋਲਿਆ।
-"ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਿਹਾ ਕਰ ਲੈਂਦੇ ਤਾਂ ਸਿਆਣਿਆਂ ਦੇ ਆਖਣ ਮਾਂਗੂੰ ਕੰਮ ਪੱਕਾ ਜਿਆ ਹੋ ਜਾਂਦਾ?" ਕਹਿ ਕੇ ਅੰਬੋ ਨੇ ਸਰਦਾਰੇ ਦਾ ਚਿਹਰਾ ਨਿਰਖਿਆ।
-"ਕਿਹੜਾ ਵਿਹਾਰ ਤਾਈ?" ਸਰਦਾਰਾ ਹੈਰਾਨ ਸੀ।
-"ਓਸ ਗੱਲ ਦੇ ਆਖਣ ਮਾਂਗੂੰ-ਡੁੱਬੜਾ ਨਾਂ ਨਹੀਂ ਆਉਂਦਾ ਸਰਦਾਰਾ ਸਿਆਂ ਪੁੱਤ-ਹਿੱਕ ਤੇ ਧਰਕੇ ਤਾਂ ਪੁੱਤ ਕਿਸੇ ਨੇ ਕੁਛ ਲੈ ਨਹੀਂ ਜਾਣਾ ਹੁੰਦਾ-ਪਰ ਜੇ ਤੂੰ ਕਿੱਲੇ 'ਤੇ Ḕਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਿਆ ਕਰ ਦੇਵੇਂ ਤਾਂ-?"
-"......।" ਸਰਦਾਰਾ ਖਾਮੋਸ਼ ਹੋ ਗਿਆ।
-"ਕਮਲਿਆ ਪੁੱਤਾ ਜੇ ਮਹਿੰਦਰ ਕੁਰ ਠੀਕ ਹੋ ਗਈ-ਤੈਨੂੰ ਤਾਂ ਸਾਰੇ ਕਿੱਲੇ ਵਿਚੇ ਹੀ ਆ ਗਏ-ਨਾਲੇ ਇਹ ਰਕਮ ਤਾਰ ਕੇ ਤੂੰ ਆਬਦਾ ਕਿੱਲਾ ਜਦੋਂ ਮਰਜ਼ੀ ਐ ਦੁੱਧ ਵਰਗਾ ਲੈ ਲਵੀਂ।" ਸਿਰੇ ਦੀ ਗੱਲ ਕਰ ਕੇ ਅੰਬੋ ਨੇ ਉਸ ਨੂੰ ਚਿੱਤ ਕਰ ਦਿੱਤਾ।  ਸਰਦਾਰਾ ਕਰ ਵੀ ਕੀ ਸਕਦਾ ਸੀ? ਦੋ ਪੁੜਾਂ ਸੰਨ੍ਹ ਜਾਨ ਸੀ। ਅਖੀਰ ਮਜ਼ਬੂਰ ਹੋ ਕੇ ਉਸ ਨੂੰ ਪਰੋਨੋਟ 'ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਪਤਾਲ ਚਲਾ ਗਿਆ। ਉਹ ਸਾਹ ਜਿਹੇ ਵਰੋਲਦਾ ਫਿਰਦਾ ਸੀ।
ਅੰਬੋ ਲੋਕਾਂ ਵਿੱਚ ਹਿੱਕ ਠੋਕਦੀ ਫਿਰਦੀ ਸੀ। ਅਖੇ: ਜੇ ਬੰਦਾ ਬੰਦੇ ਦੇ ਭੀੜ ਪੈਣ 'ਤੇ ਕੰਮ ਨਾ ਆਇਆ ਤਾਂ ਫਿੱਟੇ ਮੂੰਹ ਜੰਮਣ ਦੇ! ਪਰ ਕਿੱਲੇ ਵਾਲੀ ਵਿਚਲੀ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ। ਅਗਲੇ ਦਿਨ ਸਰਦਾਰਾ ਹਸਪਤਾਲੋਂ ਫਿਰ ਵਾਪਿਸ ਆ ਗਿਆ। ਭੋਲੀ ਬਾਪੂ ਨਾਲ ਹਸਪਤਾਲ ਜਾਣ ਦੀ ਜ਼ਿਦ ਕਰ ਰਹੀ ਸੀ।
-"ਪੁੱਤ ਮੈਨੂੰ ਅੰਬੋ ਤਾਈ ਦੇ ਘਰ ਹੋ ਆਉਣ ਦੇ-ਫਿਰ ਆਪਾਂ ਚੱਲਦੇ ਐ।" ਤੇ ਉਹ ਅੰਬੋ ਤਾਈ ਦੇ ਘਰੇ ਚਲਾ ਗਿਆ। ਅੰਬੋ ਮੰਜੇ ਤੇ ਬੈਠੀ ਮਾਲਾ ਫੇਰ ਰਹੀ ਸੀ। ਦੂਰੋਂ ਸਰਦਾਰੇ ਨੂੰ ਦੇਖ ਕੇ ਉਹ ਉਚੀ-ਉਚੀ ਬੋਲਣ ਲੱਗ ਪਈ, "ਹੇ ਮਹਾਰਾਜ! ਸਾਰੇ ਸੰਸਾਰ ਨੂੰ ਈ ਤੰਦਰੁਸਤੀ ਦੇਈਂ।" ਮਚਲੀ ਹੋ ਕੇ ਉਸ ਨੇ ਅੱਖਾਂ ਮੀਟ ਲਈਆਂ ਸਨ।
-"ਤਾਈ ਮੱਥਾ ਟੇਕਦੈਂ।" ਸਰਦਾਰਾ ਅੰਬੋ ਦੀ ਪੈਂਦ ਬੈਠ ਗਿਆ।
-"ਆ ਪੁੱਤ ਸਰਦਾਰਿਆ-ਮਹਾਰਾਜ ਭਾਗ ਲਾਵੇ-ਰਾਜੀ ਖੁਸ਼ੀ ਰੱਖੇ-ਤੇ ਆਪਣਾ ਦੇਹ ਗੱਲ ਮਹਿੰਦਰ ਕੁਰ ਦੀ?" ਖਚਰੀ ਬੁੜ੍ਹੀ ਨੇ ਗਰਾਰੀ ਵਿਚ ਗਰਾਰੀ ਫਸਾ ਲਈ। ਉਹ ਕੁਤਰੇ ਵਾਲੀ ਮਸ਼ੀਨ ਵਾਂਗ ਸ਼ੁਰੂ ਹੋ ਗਈ ਸੀ।
-"ਅਜੇ ਤਾਂ ਮਾੜਾ ਈ ਹਾਲ ਐ ਤਾਈ।"
-"ਹੇ ਬਾਘਰੂ! ਤੂੰ ਬੰਦਿਆਂ ਨੂੰ ਐਨੀਆਂ ਤਕਲੀਪਾਂ ਕਿਉਂ ਦਿੰਨੈ?" ਅੰਬੋ ਨੇ ਰੱਬ ਵੱਲ ਨੂੰ ਗਲ ਉਗੀਸ ਲਿਆ।
-"ਤਾਈ-ਡਾਕਦਾਰ ਥੋੜੇ ਜਿਹੇ ਪੈਸੇ ਹੋਰ ਮੰਗਦੈ।" ਜਕਦੇ ਜਕਦੇ ਸਰਦਾਰੇ ਨੇ ਕਹਿ ਹੀ ਦਿੱਤਾ।
-"ਫੇਰ ਕੀ ਹੋ ਗਿਆ ਸ਼ੇਰਾ? ਮੈਂ ਦੇਖਗਾਂ ਬੈਠੀ! ਤੈਨੂੰ ਚਿੰਤਾ ਕਾਹਦੀ? ਜਸਮੇਲ ਕੁਰੇ ਚਾਹ ਧਰ ਪੁੱਤ-ਜਾਹ ਵੇ ਮਿਲਟੂ ਆਬਦੇ ਪਿਉ ਨੂੰ ਸੱਦ ਕੇ ਲਿਆ।" ਅੰਬੋ ਨੇ ਇਕੇ ਸਾਹ ਕਈ ਹੁਕਮ ਚਾਹੜ ਦਿੱਤੇ।
ਅੰਬੋ ਦੀ ਨੂੰਹ ਜਸਮੇਲ ਕੌਰ ਚਾਹ ਬਣਾ ਕੇ ਰੱਖ ਗਈ। ਬਾਹਰੋਂ ਸੌਦਾਗਰ ਵੀ ਆ ਗਿਆ।
-"ਆਪਣੇ ਸਰਦਾਰਾ ਸਿਉਂ ਨੂੰ ਥੋੜੇ ਜਿਹੇ ਪੈਸਿਆਂ ਦੀ ਹੋਰ ਲੋੜ ਸੀ।" ਚਾਹ ਦੇ ਸੜ੍ਹਾਕੇ ਮਾਰਦੀ ਬੁੜ੍ਹੀ ਤਿਰਛੀ ਝਾਕ ਰਹੀ ਸੀ।
-"ਫੇਰ ਕੀ ਹੋ ਗਿਆ? ਇਹਦਾ ਆਬਦਾ ਘਰ ਐ-ਗੁਆਂਢ ਮੱਥੈ-ਕਿੰਨੇ ਕੁ ਲੋੜੀਦੇ ਸੀ?" ਸੌਦਾਗਰ ਨੇ ਫੋਕੀ ਅਪਣੱਤ ਜ਼ਾਹਿਰ ਕੀਤੀ।
-"ਹਜਾਰ ਕੁ ਦੀ ਹੋਰ ਲੋੜ ਸੀ ਬਾਈ।"
-"ਮਿਲਜੂਗਾ-ਫਿਕਰ ਕਿਉਂ ਕਰਦੈਂ?" ਅੰਬੋ ਬੋਲੀ।
-"ਪਰ ਤਾਈ-ਹੁਣ ਤਾਂ ਮੇਰੇ ਕੋਲੇ ਕੁਛ ਗਹਿਣੇ ਧਰਨ ਨੂੰ ਵੀ ਨਹੀਂ ਰਹਿ ਗਿਆ।" ਸਰਦਾਰੇ ਦੀ ਆਵਾਜ਼ ਵਿਚ ਹੰਝੂ ਬੋਲੇ।
-"ਕਮਲਿਆਂ ਤੈਨੂੰ ਗਹਿਣੇ ਕਰਨ ਨੂੰ ਕਹਿੰਦਾ ਕੌਣ ਐਂ?"
-"ਤੇ ਉਹੋ ਆਪਣਾ ਸਾਅਵਾ ਬਲਦ ਵੇਚਤਾ?" ਸੌਦਾਗਰ ਨੇ ਪੈਂਦੀ ਸੱਟੇ 'ਦੱਲਿਆਂ' ਵਾਲਾ ਦਾਅ ਸੁੱਟਿਆ ਤਾਂ ਸਰਦਾਰੇ ਦਾ ਮੂੰਹ ਸਿਉਂਤਾ ਗਿਆ। ਉਹ ਸੋਚ ਰਿਹਾ ਸੀ ਕਿ ਮਾਂ ਪੁੱਤ ਰਲ ਕੇ ਮੇਰੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਸਨ।
-"ਕਮਲਿਆ-ਜਦੋਂ ਖੂਹ ਈ ਵੇਚਤਾ ਤੇ ਫਿਰ 'ਕੱਲੀ ਗਾਂਧਲ ਦਾ ਕੀ ਕੰਮ? ਮੇਰਾ ਮਤਬਲ ਜਦੋਂ ਖੇਤ ਈ ਗਹਿਣੇ ਕਰਤਾ ਫੇਰ ਬਲਦ ਦੀ ਕੀ ਜਰੂਰਤ? ਨਾਲੇ ਮਾੜੇ ਕਰਮਾਂ ਆਲਿਆ-ਤੇਰੇ ਤਾਂ ਕੋਈ ਪੁੱਤ ਵੀ ਹੈਨੀ-ਜੀਹਨੂੰ ਸੀਰੀ ਰਲਾ ਦੇਵੇਂਗਾ?" ਅੰਬੋ ਦੀ ਵਕਾਲਤ ਪਾਸ ਕੀਤੀ ਲੱਗਦੀ ਸੀ।
ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਦਿਲ 'ਤੇ ਜ਼ਖਮ ਜਰੂਰ ਕੀਤੇ ਸਨ। ਪਰ ਮਜ਼ਬੂਰੀ ਮਾਰਿਆ ਉਹ ਚੁੱਪ ਸੀ। ਉਸ ਨੇ ਸਾਰਾ ਕੁਝ ਸਹਿਣ ਕਰ ਲਿਆ। ਸੌਦਾਗਰ ਨੇ ਜੇਬ ਵਿਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਾ ਗਿਆ।
ਸ਼ਾਮ ਨੂੰ ਹੀ ਅੰਬੋ ਸਰਦਾਰੇ ਦਾ ਬਲਦ ਖੋਲ੍ਹ ਲਿਆਈ।
ਜਦੋਂ ਲੋਕਾਂ ਨੇ ਬਲਦ ਖੋਲ੍ਹ ਕੇ ਲਿਜਾਣ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ, "ਗਊ ਦਾ ਜਾਇਆ ਖੁਰਨੀ ਤੇ ਖੜ੍ਹਾ ਭੁੱਖਾ ਤਿਹਾਇਆ ਮਰੀ ਜਾਂਦੈ-ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸ ਤਾਂ ਸਾਨੂੰ ਤਾਂ ਆਉਂਦੈ? ਜੇ ਐਥੇ ਸਾਡੇ ਚਾਰ ਦਿਨ ਪੱਠੇ ਖਾ ਲਊ ਤਾਂ ਸਾਡਾ ਕੀ ਥੁੜਜੂ? ਹਰ ਕੋਈ ਆਬਦੀ ਕਿਸਮਤ ਖਾਂਦੈ ਭਾਈ!" ਪਰ 'ਅੰਦਰਲੀ' ਗੱਲ ਦਾ ਫਿਰ ਨਾ ਕਿਸੇ ਨੂੰ ਪਤਾ ਲੱਗਿਆ। ਅੰਬੋ ਗੱਲਾਂ ਦੀਆਂ ਬੱਤੀਆਂ ਵੱਟਦੀ ਫਿਰਦੀ ਸੀ।
ਅਗਲੇ ਦਿਨ ਹੀ ਡਾਕਟਰ ਨੇ ਦੋ ਹਜਾਰ ਰੁਪਏ ਦਾ ਹੋਰ ਸੁਆਲ ਪਾ ਦਿੱਤਾ, "ਇਸ ਕੇ ਟੀਕੇ ਹਮੇਂ ਚੰਡੀਗੜ੍ਹ ਸੇ ਮੰਗਵਾਨੇ ਪੜੇਂਗੇ।"
ਸਰਦਾਰਾ ਤਾਂ ਜਿਵੇਂ ਧਰਤੀ ਵਿੱਚ ਹੀ ਗਰਕ ਗਿਆ ਸੀ। ਪਹਾੜ ਜਿੱਡਾ ਸੁਆਲ! ਦੋ ਹਜਾਰ ਰੁਪਈਆ? ਪਰ ਮਹਿੰਦਰ ਕੌਰ ਦੀ ਜਾਨ, ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ। ਉਹ ਡਿੱਗਦਾ ਢਹਿੰਦਾ ਪਿੰਡ ਪਹੁੰਚਿਆ। ਅੰਬੋ ਕੋਲ ਜੋ ਕਿੱਲਾ ਗਹਿਣੇ ਸੀ, ਉਹ ਦੋ ਹਜ਼ਾਰ ਵਿਚ ਬੈਅ ਕਰ ਦਿੱਤਾ।
ਸ਼ਾਮ ਨੂੰ ਜਦ ਸਰਦਾਰੇ ਨੇ ਦੋ ਹਜਾਰ ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇਬ ਵਿਚ ਪਾਉਂਦਾ ਬੋਲਿਆ, "ਟੀਕੇ ਹਮਨੇ ਚੰਡੀਗੜ੍ਹ ਸੇ ਮੰਗਵਾ ਕਰ ਲਗਾਏ ਥੇ-ਲੇਕਿਨ ਬਿਮਾਰੀ ਕੰਟਰੋਲ ਸੇ ਬਾਹਰ ਹੋ ਚੁੱਕੀ ਥੀ-ਮੁਝੇ ਅਫਸੋਸ ਹੈ ਕਿ ਮੈਂ ਆਪ ਕੀ ਬੀਵੀ ਕੋ ਬਚਾ ਨਹੀਂ ਸਕਾ।" ਤੇ ਡਾਕਟਰ ਚਲਾ ਗਿਆ। ਸਰਦਾਰੇ ਅੰਦਰੋਂ ਕੀਰਨਾਂ ਨਿਕਲਣ ਲੱਗਿਆ ਸੀ। ਪਰ ਬਾਹਰ ਬੈਂਚ 'ਤੇ ਬੈਠੀ ਭੋਲੀ ਦੇ ਖਿਆਲ ਨੇ ਉਸ ਦੀ ਭੁੱਬ ਗਲ ਵਿੱਚ ਹੀ ਘੁੱਟ ਦਿਤੀ। ਉਹ ਬਾਹਰ ਬੈਂਚ 'ਤੇ ਬੇਖ਼ਬਰ ਬੈਠੀ ਲੱਤਾਂ ਹਿਲਾ ਰਹੀ ਸੀ।
ਇਕ ਭੋਲੀ ਤੋਂ ਬਿਨਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮੁਹਿੰਦਰ ਕੌਰ ਚੱਲ ਵਸੀ ਸੀ। ਪਤਾ ਲੱਗਦੇ ਹੀ ਸੌਦਾਗਰ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆਂ। ਪੋਸਟ ਮਾਰਟਮ ਤੋਂ ਬਾਦ ਪਾੜੀ ਝੀੜੀ ਲਾਸ਼ ਮੰਜੇ ਉਤੇ ਪਾ, ਟਰਾਲੀ ਵਿਚ ਰੱਖ ਲਈ।
-"ਚੱਲ ਬਈ ਪੁੱਤ ਭੋਲਿਆ ਬੈਠ ਟਰੈਗਟ 'ਤੇ-ਪਿੰਡ ਚੱਲੀਏ।" ਸਰਦਾਰੇ ਨੇ ਭੋਲੀ ਨੂੰ ਕਿਹਾ।
-"ਤੇ ਬੇਬੇ?" ਭੋਲੀ ਨੇ ਪੁੱਛਿਆ।
-"ਉਹ ਵੀ ਨਾਲ ਈ ਚੱਲੂਗੀ ਪੁੱਤ।" ਭਰਿਆ ਗਲਾ ਸਾਫ ਕਰਕੇ ਸਰਦਾਰੇ ਨੇ ਕਿਹਾ। ਉਸ ਦੀ ਕਮਜ਼ੋਰ ਛਾਤੀ ਅੰਦਰ ਸਾਹ ਖੜਕ ਜਿਹੇ ਰਹੇ ਸਨ।
-"ਬਾਪੂ ਬੇਬੇ ਕਿੱਥੇ ਐ?" ਭੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ।
-"ਔਹ ਸੀ-ਟਰਾਲੀ 'ਚ ਮੰਜੇ ਤੇ ਪਈ।"
-"ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ ਬਾਪੂ।" ਭੋਲੀ ਨੇ ਕਿਹਾ ਤਾਂ ਸਰਦਾਰੇ ਦਾ ਕਾਲਜਾ ਭਰਾੜ੍ਹ ਹੋ ਗਿਆ ਅਤੇ ਅੱਖਾਂ 'ਚੋਂ ਬੇਮੋਖਾ ਹੜ੍ਹ ਤੁਰ ਪਿਆ। ਉਹ ਮੂੰਹ ਹਨ੍ਹੇਰੇ ਵਿਚ ਖੜ੍ਹਾ, ਧਰਾਲੀਂ ਵਗਦੇ ਹੰਝੂ ਪੂੰਝ ਰਿਹਾ ਸੀ।
-"ਬਾਪੂ-ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ।" ਭੋਲੀ ਨੇ ਜ਼ਿਦ ਫੜ ਲਈ। ਉਸ ਮਾਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਢੀ ਛਾਂ ਤਾਂ ਸਿਰ ਤੋਂ ਉਡ ਗਈ ਸੀ?
-"ਨਹੀਂ ਪੁੱਤ-ਡਾਕਟਰ ਨੇ ਕਿਹੈ ਬਈ ਤੇਰੀ ਬੇਬੇ ਮਸਾਂ ਸੁੱਤੀ ਐ-ਜਗਾਉਣੀ ਨਹੀਂ-ਤੂੰ ਘਰੇ ਜਾ ਕੇ ਆਬਦੀ ਬੇਬੇ ਨਾਲ ਪੈਜੀਂ-ਬਹੁਤ ਛਿਆਣਾਂ ਪੁੱਤ ਐ।" ਬਾਪੂ ਨੇ ਸਮਝਾਇਆ। ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ।
-"ਚੰਗਾ।" ਭੋਲੀ ਸਹਿਮਤ ਹੋ ਗਈ।
ਮਹਿੰਦਰ ਕੌਰ ਦੀ ਲਾਅਸ਼ ਸਮੇਤ ਸਾਰੇ ਪਿੰਡ ਪਹੁੰਚ ਗਏ।
ਹਨ੍ਹੇਰਾ ਕਾਫੀ ਹੋ ਚੁੱਕਾ ਸੀ। ਲਾਅਸ਼ ਵਾਲਾ ਮੰਜਾ ਟਰਾਲੀ 'ਚੋਂ ਉਤਾਰਿਆ ਗਿਆ। ਆਂਢ-ਗੁਆਂਢ ਦੀਆਂ ਬੁੜ੍ਹੀਆਂ ਨੇ ਰੋਣਾਂ ਸ਼ੁਰੂ ਕਰ ਦਿੱਤਾ। ਅੰਬੋ ਬੁੜ੍ਹੀ ਵੀ ਪੱਟਾਂ 'ਤੇ ਹੱਥ ਮਾਰਦੀ, ਹਿੱਕ ਪਿੱਟਦੀ ਆ ਗਈ।
-"ਅੰਮਾਂ ਤੂੰ ਕਾਹਤੋਂ ਰੋਨੀਂ ਐਂ?" ਭੋਲੀ ਨੇ ਪੁੱਛਿਆ।
-"ਭੋਲੀ-ਪੁੱਤ ਤੇਰੀ ਬੇਬੇ ਮਰਗੀ!" ਤੇ ਭੋਲੀ 'ਬੇਬੇ-ਬੇਬੇ' ਕਰਦੀ ਮਾਂ ਦੀ ਲਾਅਸ਼ 'ਤੇ ਡਿੱਗ ਪਈ। ਹੁਣ ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ।
ਅਗਲੇ ਦਿਨ ਸਸਕਾਰ ਕੀਤਾ ਗਿਆ।
ਕਾਫੀ ਦਿਨ ਬੀਤੇ। ਅੰਬੋ ਨੇ ਫਿਰ ਸਰਦਾਰੇ ਦੇ ਘਰ ਗੇੜਾ ਮਾਰਿਆ।
-"ਸਰਦਾਰਿਆ-ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦੈ-ਰੱਬ ਦਾ ਭਾਣਾ ਮੰਨ-ਸਬਰ ਕਰ ਪੁੱਤ!"
-"ਹੁਣ ਤਾਂ ਜੱਗ ਤੇ ਜੀਅ ਨਹੀਂ ਲੱਗਦਾ ਤਾਈ-ਬੱਸ ਜੇ ਜਿਉਨੈਂ ਤਾਂ ਸਿਰਫ ਭੋਲੀ ਖਾਤਰ।" ਉਹ ਉੱਚੀ ਉੱਚੀ ਰੋ ਪਿਆ। ਦਿਲ ਉਸ ਦਾ ਲਹੂ-ਲੁਹਾਣ ਸੀ।
-"ਤੂੰ ਦਿਲ ਨਾ ਸਿੱਟ ਸਰਦਾਰਿਆ-ਤੂੰ ਇਉਂ ਕਰਿਆ ਕਰ-ਰੋਟੀ ਉਧਰ ਆਪਣੇ ਵੱਲ ਈ ਖਾ ਲਿਆ ਕਰ-ਨਾਲ ਈ ਭੋਲੀ ਨੂੰ ਲੈ ਆਇਆ ਕਰ-ਥੋਡਾ ਦਿਲ ਲੱਗਜੂ-ਭੋਲੀ ਬਹੂਆਂ ਨਾਲ ਚੱਕਣ ਧਰਨ ਕਰਵਾ ਦਿਆ ਕਰੂ ਤੇ ਤੂੰ ਪਸ਼ੂਆਂ ਨੂੰ ਪਾਣੀ ਧਾਣੀ-ਪੱਠੇ ਦੱਥੇ ਪਾ ਦਿਆ ਕਰੀਂ।" ਤੇ ਅੰਬੋ ਚਲੀ ਗਈ।
ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸੀਰੀਆਂ ਵਾਂਗ ਕੰਮ ਕਰਨਾ ਪੈਂਦਾ। ਪਰ ਪਤਾ ਨਹੀਂ ਕਿਉਂ, ਉਸ ਤੋਂ ਝੇਪ ਨਹੀਂ ਚੁੱਕੀ ਜਾਂਦੀ ਸੀ? ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪ੍ਰੀਵਾਰ ਦੇ ਕੱਪੜੇ ਧੋਂਦੀ, ਭਾਂਡੇ ਮਾਂਜਦੀ, ਜੁਆਕ ਖਿਡਾਉਂਦੀ। ਪਰ ਫਿਰ ਵੀ ਅੰਬੋ ਤੇ ਉਸ ਦੀਆਂ ਨੂੰਹਾਂ ਉਸ ਨੂੰ ਝਿੜਕਦੀਆਂ ਰਹਿੰਦੀਆਂ। ਕਦੇ-ਕਦੇ ਕੁੱਟਦੀਆਂ ਵੀ। ਭੋਲੀ ਨੂੰ ਆਪਣਾ ਜੀਵਨ 'ਕਾਲ਼ੀ
ਬੋਲ਼ੀ ਰਾਤ' ਵਰਗਾ ਲੱਗਦਾ। ਜਿਸ ਵਿਚ ਉਸ ਨੂੰ ਹੱਥ ਮਾਰਿਆਂ ਵੀ ਕੁਝ ਨਹੀਂ ਦਿਸਦਾ ਸੀ।
-ਸਮਾਪਤ

Thursday, August 27, 2009

ਲੈਲਾ - ਮੁਨਸ਼ੀ ਪ੍ਰੇਮ ਚੰਦ ਅਨੁਵਾਦਕ - ਹਰਦੇਵ ਗਰੇਵਾਲ

ਲੈਲਾ  ਮੁਨਸ਼ੀ ਪ੍ਰੇਮ ਚੰਦ
ਅਨੁਵਾਦਕ  -  ਹਰਦੇਵ ਗਰੇਵਾਲ




                       ਇਹ ਕੋਈ ਨਹੀਂ ਜਾਣਦਾ ਸੀ ਕਿ ਲੈਲਾ ਕੌਣ ਹੈ, ਕਿੱਥੋਂ ਆਈ ਹੈ ਅਤੇ ਕੀ ਕਰਦੀ ਹੈ। ਇੱਕ ਦਿਨ ਲੋਕਾਂ ਨੇ ਇੱਕ ਬੇਜੋੜ ਹੁਸੀਨਾ ਨੂੰ ਤਹਿਰਾਨ ਦੇ ਚੌਂਕ ਵਿੱਚ ਆਪਣੀ ਡੱਫ 'ਤੇ ਹਾਫ਼ਿਜ਼ ਦੀ ਗ਼ਜ਼ਲ ਝੂਮ-ਝੂਮ ਕੇ ਗਾਉਂਦੇ ਸੁਣਿਆ ਤੇ ਸਾਰਾ ਤਹਿਰਾਨ ਉਸ 'ਤੇ ਫ਼ਿਦਾ ਹੋ ਗਿਆ, ਇਹੀ ਲੈਲਾ ਸੀ।
        ਲੈਲਾ ਦੇ ਰੰਗ-ਰੂਪ ਦੀ ਕਲਪਨਾ ਕਰਨੀ ਹੋਵੇ ਤਾਂ ਪਹੁ-ਫੁਟਾਲ਼ੇ ਦੀ ਪ੍ਰਫੁੱਲ ਲਾਲੀ ਦੀ ਕਲਪਨਾ ਕਰ ਲਉ, ਜਦ ਨੀਲਾ ਅਸਮਾਨ ਸੁਨਹਿਰੀ ਪ੍ਰਕਾਸ਼ ਨਾਲ ਨਹਾ ਜਾਂਦਾ ਹੈ। ਬਹਾਰ ਦੀ ਕਲਪਣਾ ਕਰ ਲਉ, ਜਦ ਬਾਗ਼ 'ਚ ਰੰਗ-ਬਿਰੰਗੇ ਫੁੱਲ ਖਿੜ ਉੱਠਦੇ ਨੇ ਤੇ ਬੁਲਬੁਲਾਂ ਗਾਉਂਦੀਆਂ ਹਨ।
        ਲੈਲਾ ਦੀ ਗਾਉਣ-ਕਲਾ ਦੀ ਕਲਪਨਾ ਕਰਨੀ ਹੋਵੇ ਤਾਂ ਉਸ ਘੰਟੀ ਦੀ ਨਿਰੰਤਰ ਧੁਨੀ ਦੀ ਕਲਪਨਾ ਕਰ ਲਉ ਜੋ ਰਾਤ ਦੀ ਤਨਹਾਈ 'ਚ ਊਠਾਂ ਦੀਆਂ ਗਰਦਨਾਂ 'ਤੋਂ ਵੱਜਦੀ ਹੋਈ ਸੁਣਾਈ ਦਿੰਦੀ ਹੈ, ਜਾਂ ਉਸ ਬੰਸਰੀ ਦੀ ਆਵਾਜ਼ ਜੋ ਸਿਖਰ ਦੁਪਹਿਰੇ ਦੀ ਅਲਸਾਈ ਸ਼ਾਂਤੀ ਵਿੱਚ ਕਿਸੇ ਰੁੱਖ ਦੀ ਛਾਂ ਹੇਠ ਲੇਟੇ ਕਿਸੇ ਆਜੜੀ ਦੇ ਮੂੰਹੋਂ ਨਿੱਕਲਦੀ ਹੈ।
ਜਿਸ ਵਕਤ ਲੈਲਾ ਮਸਤ ਹੋ ਕੇ ਗਾਉਂਦੀ ਸੀ, ਉਸਦੇ ਮੱਥੇ 'ਤੇ ਇੱਕ ਅਗੰਮੀ ਨੂਰ ਝਲਕਣ ਲਗ ਪੈਂਦਾ ਸੀ। ਉਹ ਕਾਵਿ, ਸੰਗੀਤ, ਸੌਰਭ ਅਤੇ ਸੁਸ਼ਮਾ ਦਾ ਇੱਕ ਮਨਮੋਹਕ ਮੁਜੱਸਮਾ ਸੀ, ਜਿਸਦੇ ਸਾਹਮਣੇ ਛੋਟੇ ਅਤੇ ਵੱਡੇ, ਅਮੀਰ ਅਤੇ ਗ਼ਰੀਬ ਸਭਨਾਂ ਦੇ ਸਿਰ ਝੁਕ ਜਾਂਦੇ ਸਨ, ਸਭ ਮੰਤਰ-ਮੁਗਧ ਹੋ ਜਾਂਦੇ ਸਨ,ਸਭ ਖੀਵੇ ਹੋ ਜਾਂਦੇ ਸਨ।

ਉਹ, ਉਸ ਆਉਣ ਵਾਲੇ ਸਮੇਂ ਦਾ ਸੰਦੇਸ਼ ਸੁਣਾਉਂਦੀ ਸੀ, ਜਦੋਂ ਦੇਸ਼ ਵਿੱਚ ਸੰਤੋਖ ਅਤੇ ਪ੍ਰੇਮ ਦਾ ਸਾਮਰਾਜ ਹੋਵੇਗਾ, ਜਦ ਆਪਸੀ ਕਲੇਸ਼ ਅਤੇ ਸੰਗ੍ਰਾਮ ਦਾ ਅੰਤ ਹੋ ਜਾਏਗਾ, ਉਹ ਰਾਜੇ ਨੂੰ ਜਗਾਉਂਦੀ ਤੇ ਕਹਿੰਦੀ ਇਹ ਵਿਲਾਸਤਾ ਕਦੋਂ ਤੱਕ, ਧਨ-ਦੌਲਤ ਦਾ ਭੋਗ ਆਖ਼ਿਰ ਕਦੋਂ ਤੱਕ? ਉਹ ਪਰਜਾ ਦੀਆਂ ਸੁੱਤੀਆਂ ਹੋਈਆਂ ਇੱਛਾਵਾਂ ਨੂੰ ਜਗਾਉਂਦੀ, ਉਹਨਾਂ ਦੇ ਦਿਲ ਦੀਆਂ ਤਾਰਾਂ ਨੂੰ ਆਪਣੀਆਂ ਸੁਰਾਂ ਨਾਲ ਝਿੰਜੋੜ ਦਿੰਦੀ। ਉਹ ਉਹਨਾਂ ਅਮਰ ਯੋਧਿਆਂ ਦੇ ਸੋਹਲੇ ਗਾਉਂਦੀ ਜੋ ਦੀਨ ਹੀਨਾਂ ਦੀ ਪੁਕਾਰ ਸੁਣ ਕੇ ਬਿਹਬਲ ਹੋ ਉੱਠਦੇ ਸਨ,ਉਹਨਾਂ ਸੁੱਘੜ-ਸਿਆਣੀਆਂ ਦੀ ਮਹਿਮਾ ਗਾਉਂਦੀ ਜੋ ਮਾਣ-ਮਰਿਆਦਾ ਉੱਪਰ ਮਰ ਮਿਟੀਆਂ ਸਨ, ਉਸਦੀ ਅਨੁਰਾਗੀ ਸੁਰ ਸੁਣਕੇ ਲੋਕ ਦਿਲ ਫੜ ਕੇ ਬਹਿ ਜਾਂਦੇ ਸਨ, ਤੜਫ਼ ਉੱਠਦੇ ਸਨ।
ਸਾਰਾ ਤਹਿਰਾਨ ਲੈਲਾ 'ਤੇ ਫ਼ਿਦਾ ਸੀ, ਦਲਿਤਾਂ ਲਈ ਉਹ ਆਸ਼ਾ ਦਾ ਦੀਪਕ ਸੀ, ਰਸੀਆਂ ਲਈ ਜੰਨਤ ਦੀ ਹੂਰ, ਧਨਾਢਾਂ ਲਈ ਆਤਮਾ ਦੀ ਜਾਗ੍ਰਿਤੀ ਅਤੇ ਸੱਤਾਵਾਦੀਆਂ ਲਈ ਦਿਆ ਅਤੇ ਧਰਮ ਦਾ ਸੰਦੇਸ਼, ਉਸਦੀ ਅੱਖ ਦੇ ਇਸ਼ਾਰੇ 'ਤੇ ਜਨਤਾ ਅੱਗ ਵਿੱਚ ਛਾਲ ਮਾਰ ਸਕਦੀ ਸੀ, ਜਿਵੇਂ ਚੇਤੰਨ ਜੜ ਨੂੰ ਆਕਰਸ਼ਿਤ ਕਰ ਦਿੰਦਾ ਹੈ, ਉਸੇ ਪ੍ਰਕਾਰ ਲੈਲਾ ਨੇ ਜਨਤਾ ਨੂੰ ਆਕਰਸ਼ਿਤ ਕਰ ਲਿਆ ਸੀ।
ਅਤੇ ਇਹ ਬੇਜੋੜ ਹੁਸਨ ਅੰਮ੍ਰਿਤ ਜਿਹਾ ਪਵਿੱਤਰ, ਬਰਫ਼ ਜਿਹਾ ਨਿਹਕਲੰਕੀ ਅਤੇ ਨਵਖਿੜੇ ਫੁੱਲ ਜਿਹਾ ਮਾਸੂਮ ਸੀ। ਉਸਦੇ ਇੱਕ ਪ੍ਰੇਮ ਕਟਾਖ, ਇੱਕ ਪ੍ਰੇਮ ਭਰੀ ਮੁਸਕਾਨ, ਇੱਕ ਰਸੀਲੀ ਅਦਾ ਉੱਪਰ ਕੀ ਨਹੀਂ ਹੋ ਜਾਂਦਾ- ਕੰਚਨ ਦੇ ਪਹਾੜ ਖੜ੍ਹੇ ਹੋ ਜਾਂਦੇ, ਸੰਪਦਾ ਮੱਥਾ ਟੇਕਦੀ, ਰਿਆਸਤਾਂ ਪੈਰਾਂ ਦੀ ਧੂੜ ਚੱਟਦੀਆਂ, ਕਵੀ ਕੱਟ ਜਾਂਦੇ, ਵਿਦਵਾਨ ਗੋਡੇ ਟੇਕ ਦਿੰਦੇ, ਪਰ ਲੈਲਾ ਕਿਸੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦੀ ਸੀ। ਉਹ ਇੱਕ ਰੁੱਖ ਦੀ ਛਾਂ ਹੇਠ ਰਹਿੰਦੀ, ਭਿਖਿਆ ਮੰਗ ਕੇ ਖਾਂਦੀ ਅਤੇ ਆਪਣੇ ਹਿਰਦੇ ਦੀ ਵੀਣਾ ਦੇ ਰਾਗ ਅਲਾਪਦੀ ਸੀ। ਉਹ ਕਵੀ ਦੀ ਸੁਰਤੀ ਵਾਂਗੂੰ ਕੇਵਲ ਆਨੰਦ ਅਤੇ ਪ੍ਰਕਾਸ਼ ਦੀ ਵਸਤੂ ਸੀ, ਭੋਗ ਦੀ ਨਹੀਂ, ਉਹ ਰਿਸ਼ੀਆਂ ਦੇ ਆਸ਼ੀਰਵਾਦ ਦੀ ਮੂਰਤੀ ਸੀ, ਕਲਿਆਣ ਵਿੱਚ ਡੁੱਬੀ ਹੋਈ, ਸ਼ਾਂਤੀ ਵਿੱਚ ਰੰਗੀ ਹੋਈ। ਉਹਨੂੰ ਕੋਈ ਛੂਹ ਨਹੀਂ ਸਕਦਾ ਸੀ, ਖ਼ਰੀਦ ਨਹੀਂ ਸਕਦਾ ਸੀ।

ਇੱਕ ਦਿਨ ਸ਼ਾਮ ਵੇਲੇ ਤਹਿਰਾਨ ਦਾ ਸਹਿਜ਼ਾਦਾ ਨਾਦਿਰ ਘੋੜੇ 'ਤੇ ਸਵਾਰ ਹੋ ਉਧਰੋਂ ਨਿੱਕਲਿਆ।ਲੈਲਾ ਗਾ ਰਹੀ ਸੀ। ਨਾਦਿਰ ਨੇ ਘੋੜੇ ਦੀਆਂ ਵਾਗਾਂ ਖਿੱਚ੍ਹ ਲਈਆਂ ਅਤੇ ਦੇਰ ਤੱਕ ਆਪਣਾ ਆਪ ਭੁਲਾ ਕੇ ਖੜ੍ਹਾ ਸੁਣਦਾ ਰਿਹਾ।

ਫਿਰ ਉਹ ਘੋੜੇ 'ਤੋਂ ਉੱਤਰ ਕੇ ਉਥੇ ਹੀ ਜ਼ਮੀਨ 'ਤੇ ਬੈਠ ਗਿਆ ਅਤੇ ਸਿਰ ਝੁਕਾ ਕੇ ਰੋਂਦਾ ਰਿਹਾ। ਫਿਰ ਉਹ ਉੱਠਿਆ ਅਤੇ ਲੈਲਾ ਦੇ ਕੋਰੀਬ ਜਾ ਕੇ ਉੇਸਦੇ ਕਦਮਾਂ 'ਤੇ ਸਿਰ ਧਰ ਦਿੱਤਾ। ਲੋਕ ਅਦਬ ਨਾਲ ਇਧਰ-ਉਧਰ ਹਟ ਗਏ।

ਲੈਲਾ ਨੇ ਪੁੱਛਿਆ- ''ਤੂੰ ਕੌਣ ਏਂ?''
ਨਾਦਿਰ- ''ਤੇਰਾ ਗ਼ੁਲਾਮ!''
ਲੈਲਾ- ''ਮੇਰੇ ਤੋਂ ਕੀ ਚਾਹੁੰਦਾ ਏਂ?''
ਨਾਦਿਰ- ''ਤੁਹਾਡੀ ਖ਼ਿਦਮਤ ਕਰਨ ਦਾ ਹੁਕਮ, ਮੇਰੇ ਝੌਂਪੜੇ ਨੂੰ ਆਪਣੇ ਕਦਮਾਂ ਨਾਲ ਰੌਸ਼ਨ ਕਰ ਦਿਓ।''
ਲੈਲਾ- ''ਇਹ ਮੇਰੀ ਆਦਤ ਨਹੀਂ।''

ਸ਼ਹਿਜ਼ਾਦਾ ਫਿਰ ਉਥੇ ਹੀ ਬੈਠ ਗਿਆ ਅਤੇ ਲੈਲਾ ਫਿਰ ਗਾਉਣ ਲੱਗ ਪਈ, ਪਰ ਗਲ਼ਾ ਥਰਥਰਾਉਣ ਲੱਗ ਪਿਆ ਜਿਵੇਂ ਵੀਣਾ ਦਾ ਕੋਈ ਤਾਰ ਟੁੱਟ ਗਿਆ ਹੋਵੇ। ਉਸਨੇ ਨਾਦਿਰ ਵੱਲ ਕਰੁਣਾਮਈ ਨਜ਼ਰਾਂ ਨਾਲ ਦੇਖ ਕੇ ਕਿਹਾ- ''ਤੂੰ ਐਥੇ ਨਾ ਬੈਠ।''
ਕਈ ਲੋਕਾਂ ਨੇ ਕਿਹਾ- ''ਲੈਲਾ, ਇਹ ਸਾਡੇ ਹਜ਼ੂਰ ਸ਼ਹਿਜ਼ਾਦਾ ਨਾਦਿਰ ਨੇ।''
ਲੈਲਾ ਬੇਪਰਵਾਹੀ ਨਾਲ ਬੋਲੀ-''ਬੜੀ ਖ਼ੁਸ਼ੀ ਦੀ ਗੱਲ ਹੈ,ਪਰ ਐਥੇ ਸ਼ਹਿਜ਼ਾਦਿਆਂ ਦਾ ਕੀ ਕੰਮ? ਉਹਨਾਂ ਲਈ ਮਹਿਲ ਨੇ, ਮਹਿਫ਼ਿਲਾਂ ਨੇ, ਸ਼ਰਾਬ ਦੇ ਦੌਰ ਨੇ। ਮੈਂ ਉਹਨਾਂ ਲਈ ਗਾਉਂਦੀ ਹਾਂ ਜਿਨ੍ਹਾ ਦੇ ਦਿਲ ਵਿੱਚ ਦਰਦ ਹੈ, ਉਹਨਾਂ ਲਈ ਨਹੀਂ ਜਿਨ੍ਹਾਂ ਦੇ ਦਿਲ ਵਿੱਚ ਸ਼ੌਂਕ ਏ।''

ਸ਼ਹਿਜ਼ਾਦੇ ਨੇ ਵਿਆਕੁਲ ਹੋ ਕੇ ਕਿਹਾ- ''ਲੈਲਾ! ਤੇਰੀ ਇੱਕ ਤਾਨ 'ਤੇ ਮੈਂ ਆਪਣਾ ਸਭ ਕੁਛ ਨਿਛਾਵਰ ਕਰ ਸਕਦਾ ਹਾਂ। ਮੈਂ ਸ਼ੌਂਕ ਦਾ ਗ਼ੁਲਾਮ ਸੀ, ਪਰ ਤੂੰ ਮੈਨੂੰ ਦਰਦ ਦਾ ਮਜ਼ਾ ਚਖਾ ਦਿੱਤਾ।''

ਲੈਲਾ ਫਿਰ ਗਾਉਣ ਲੱਗ ਪਈ, ਪਰ ਆਵਾਜ਼ ਕਾਬੂ ਦੇ ਵਿੱਚ ਨਹੀਂ ਸੀ, ਜਿਵੇਂ ਕਿ ਇਹ ਉਹਦਾ ਗਲ਼ਾ ਹੀ ਨਾ ਹੋਵੇ।
ਲੈਲਾ ਨੇ ਡੱਫ ਮੋਢੇ 'ਤੇ ਧਰ ਲਿਆ ਅਤੇ ਆਪਣੇ ਡੇਰੇ ਵੱਲ ਚਲੀ ਗਈ। ਸਰੋਤੇ ਆਪੋ ਆਪਣੇ ਘਰ ਚਲੇ ਗਏ। ਕੁਛ ਲੋਕ ਉਸਦੇ ਪਿੱਛੇ-ਪਿੱਛੇ ਉਸ ਰੁੱਖ ਤੱਕ ਆਏ, ਜਿੱਥੇ ਉਹ ਆਰਾਮ ਕਰਦੀ ਸੀ। ਜਦ ਉਹ ਆਪਣੀ ਝੋਂਪੜੀ ਦੇ ਬੂਹੇ 'ਤੇ ਪਹੁੰਚੀ, ਉਦੋਂ ਤੱਕ ਸਾਰੇ ਆਦਮੀ ਜਾ ਚੁੱਕੇ ਸਨ, ਸਿਰਫ਼ ਇੱਕ ਆਦਮੀ ਝੋਂਪੜੀ ਤੋਂ ਦੂਰ ਹੱਥ 'ਤੇ ਹੱਥ ਰੱਖੀ ਚੁੱਪ ਚਾਪ ਖੜ੍ਹਾ ਸੀ।

ਲੈਲਾ ਨੇ ਪੁੱਛਿਆ- ''ਤੂੰ ਕੌਣ ਏਂ?''
ਨਾਦਿਰ ਨੇ ਕਿਹਾ- ''ਤੇਰਾ ਗ਼ੁਲਾਮ ਨਾਦਿਰ।''
ਲੈਲਾ- ''ਤੈਨੂੰ ਪਤਾ ਨਹੀਂ ਕਿ ਮੈਂ ਆਪਣੇ ਅਮਨ ਦੇ ਗ਼ੋਸ਼ੇ ਵਿੱਚ ਕਿਸੇ ਨੂੰ
ਆਉਣ ਨਹੀਂ ਦਿੰਦੀ?''
ਨਾਦਿਰ- ''ਇਹ ਤਾਂ ਦੇਖ ਹੀ ਰਿਹਾ ਹਾਂ।''
ਲੈਲਾ- ''ਫਿਰ ਐਥੇ ਕਿਉਂ ਬੈਠਾ ਏਂ?''
ਨਾਦਿਰ- ''ਉਮੀਦ ਦਾ ਪੱਲਾ ਫੜੀ ਬੈਠਾ ਹਾਂ।''
ਲੈਲਾ ਨੇ ਕੁਝ ਦੇਰ ਬਾਅਦ ਫਿਰ ਪੁੱਛਿਆ- ''ਕੁਛ ਖਾ ਕੇ ਆਇਆ ਏਂ?''
ਨਾਦਿਰ- ''ਹੁਣ ਤਾਂ ਨਾ ਭੁੱਖ ਹੈ ਨਾ ਪਿਆਸ।''
ਲੈਲਾ- ''ਆ ਜਾ, ਅੱਜ ਤੈਨੂੰ ਗ਼ਰੀਬਾਂ ਦੀ ਰੋਟੀ ਖੁਆਵਾਂ, ਇਸਦਾ ਸੁਆਦ ਵੀ ਚੱਖ ਲੈ।''

ਨਾਦਿਰ ਇਨਕਾਰ ਨਾ ਕਰ ਸਕਿਆ। ਅੱਜ ਬਾਜਰੇ ਦੀਆਂ ਰੋਟੀਆਂ ਵਿੱਚ ਵੀ ਉਸਨੂੰ ਅਭੂਤਪੂਰਵ ਸੁਆਦ ਮਿਲਿਆ।ਉਹ ਸੋਚ ਰਿਹਾ ਸੀ ਕਿ ਸੰਸਾਰ ਦੇ ਇਸ ਵਿਸ਼ਾਲ ਭਵਨ ਵਿੱਚ ਕਿੰਨਾ ਆਨੰਦ ਹੈ।ਉਸਨੂੰ ਆਪਣੀ ਆਤਮਾ ਵਿੱਚ ਵਿਕਾਸ ਦਾ ਅਨੁਭਵ ਹੋ ਰਿਹਾ ਸੀ।

ਜਦ ਉਹ ਖਾ ਚੁੱਕਿਆ ਤਾਂ ਲੈਲਾ ਨੇ ਕਿਹਾ- ''ਹੁਣ ਜਾਹ, ਅੱਧੀ ਤੋਂ ਜ਼ਿਆਦਾ
ਰਾਤ ਗੁਜ਼ਰ ਗਈ।''
ਨਾਦਿਰ ਨੇ ਅੱਖਾਂ ਵਿੱਚ ਅੱਥਰੂ ਭਰ ਕੇ ਕਿਹਾ- ''ਨਹੀਂ ਲੈਲਾ, ਹੁਣ ਮੇਰਾ ਧੂਣਾ ਤਾਂ ਏਥੇ ਹੀ ਰਮੇਗਾ।''

ਨਾਦਿਰ ਦਿਨ ਭਰ ਲੈਲਾ ਦੇ ਨਗ਼ਮੇ ਸੁਣਦਾ, ਗਲ਼ੀਆਂ ਵਿੱਚ, ਸੜਕਾਂ 'ਤੇ, ਜਿਥੇ ਵੀ ਉਹ ਜਾਂਦੀ ਉਸਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ, ਅਤੇ ਰਾਤ ਨੂੰ ਉਸੇ ਰੁੱਖ ਹੇਠ ਪਿਆ ਰਹਿੰਦਾ। ਬਾਦਸ਼ਾਹ ਨੇ ਸਮਝਾਇਆ, ਮੱਲਿਕਾ ਨੇ ਸਮਝਾਇਆ, ਵਜ਼ੀਰਾਂ ਨੇ ਮਿੰਨਤਾਂ ਕੀਤੀਆਂ, ਪਰ ਨਾਦਿਰ ਦੇ ਸਿਰੋਂ ਲੈਲਾ ਦਾ ਭੂਤ ਨਾ ਉੱਤਰਿਆ। ਜਿਨ੍ਹੀਂ ਹਾਲੀਂ ਲੈਲਾ ਰਹਿੰਦੀ, ਉਨ੍ਹੀਂ ਹਾਲੀਂ ਉਹ ਵੀ ਰਹਿੰਦਾ। ਮੱਲਿਕਾ ਉਸ ਲਈ ਲਜ਼ੀਜ਼ ਤੋਂ ਲਜ਼ੀਜ਼ ਪਕਵਾਨ ਬਣਾ ਕੇ ਭੇਜਦੀ, ਪਰ ਨਾਦਿਰ ਉਨ੍ਹਾਂ ਵੱਲ ਦੇਖਦਾ ਵੀ ਨਹੀਂ ਸੀ।
ਪਰ ਲੈਲਾ ਦੇ ਸੰਗੀਤ ਵਿੱਚ ਹੁਣ ਪਹਿਲਾਂ ਵਾਲੀ ਖਿੱਚ੍ਹ ਨਹੀਂ ਰਹਿ ਗਈ ਸੀ।

ਉਸਦਾ ਸੰਗੀਤ ਹੁਣ ਟੁੱਟੀਆਂ ਹੋਈਆਂ ਤਾਰਾਂ ਦਾ ਰਾਗ਼ ਸੀ, ਜਿਸ ਵਿੱਚ ਨਾ ਉਹ ਲੋਚ ਸੀ, ਨਾ ਉਹ ਜਾਦੂ, ਤੇ ਨਾ ਹੀ ਉਹ ਅਸਰ।ਉਹ ਹੁਣ ਵੀ ਗਾਉਂਦੀ ਸੀ, ਸੁਣਨ ਵਾਲੇ ਹੁਣ ਵੀ ਆਉਂਦੇ ਸਨ, ਪਰ ਹੁਣ ਉਹ ਆਪਣਾ ਦਿਲ ਖ਼ੁਸ਼ ਕਰਨ ਲਈ ਨਹੀਂ ਸਗੋਂ ਉਹਨਾਂ ਦਾ ਦਿਲ ਖ਼ੁਸ਼ ਕਰਨ ਲਈ ਗਾਉਂਦੀ ਸੀ, ਅਤੇ ਸੁਣਨ ਵਾਲੇ ਵੀ ਬਿਹਬਲ ਹੋ ਕੇ ਨਹੀਂ, ਬਲਕਿ ਉਸਨੂੰ ਖ਼ੁਸ਼ ਕਰਨ ਲਈ ਆਉਂਦੇ ਸਨ।

ਇਸ ਤਰ੍ਹਾਂ ਛੇ ਮਹੀਨੇ ਗੁਜ਼ਰ ਗਏ।
ਇੱਕ ਦਿਨ ਲੈਲਾ ਗਾਉਣ ਨਾ ਗਈ, ਨਾਦਿਰ ਨੇ ਕਿਹਾ- ''ਕੀ ਗੱਲ ਲੈਲਾ, ਅੱਜ ਗਾਉਣ ਨਹੀਂ ਜਾਵੇਂਗੀ?''

ਲੇਲਾ ਨੇ ਕਿਹਾ- ''ਹੁਣ ਕਦੀ ਨਹੀਂ ਜਾਵਾਂਗੀ। ਸੱਚ ਦੱਸੀਂ, ਤੈਨੂੰ ਹੁਣ ਵੀ ਮੇਰੇ ਗਾਣੇ ਵਿੱਚ ਉਹ ਪਹਿਲਾਂ ਵਾਲਾ ਹੀ ਮਜ਼ਾ ਆਉਂਦਾ ਏ?''

ਨਾਦਿਰ ਬੋਲਿਆ- ''ਪਹਿਲਾਂ ਤੋਂ ਵੀ ਕਿਤੇ ਜ਼ਿਆਦਾ।''
ਲੈਲਾ- ''ਪਰ ਲੋਕ ਤਾਂ ਹੁਣ ਪਸੰਦ ਨਹੀਂ ਕਰਦੇ।''
ਨਾਦਿਰ- ''ਹਾਂ, ਮੈਨੂੰ ਇਸਦੀ ਹੈਰਾਨੀ ਹੈ।''

ਲੇਲਾ- ''ਹੈਰਾਨੀ ਦੀ ਗੱਲ ਨਹੀਂ, ਪਹਿਲਾਂ ਮੇਰਾ ਦਿਲ ਖੁੱਲ੍ਹਾ ਸੀ, ਉਸ ਵਿੱਚ ਸਭਨਾਂ ਲਈ ਜਗ੍ਹਾ ਸੀ, ਉਸਦੀ ਆਵਾਜ਼ ਸਭਨਾਂ ਦੇ ਦਿਲਾਂ ਤੱਕ ਪਹੁੰਚਦੀ ਸੀ, ਹੁਣ ਤੂੰ ਉਸਦਾ ਦਰਵਾਜ਼ਾ ਬੰਦ ਕਰ ਦਿੱਤਾ ਏ, ਹੁਣ ਉੱਥੇ ਸਿਰਫ਼ ਤੂੰ ਏਂ, ਇਸ ਲਈ ਇਸਦੀ ਆਵਾਜ਼ ਵੀ ਹੁਣ ਤੈਨੂੰ ਹੀ ਪਸੰਦ ਆਉਂਦੀ ਏ। ਇਹ ਦਿਲ ਹੁਣ ਤੇਰੇ ਸਿਵਾ ਕਿਸੇ ਹੋਰ ਦਾ ਨਹੀਂ ਰਿਹਾ। ਚੱਲ, ਅੱਜ ਤੱਕ ਤੂੰ ਮੇਰਾ ਗ਼ੁਲਾਮ ਸੀ, ਅੱਜ ਤੋਂ ਮੈਂ ਤੇਰੀ ਲੌਂਡੀ ਹੁੰਦੀ ਆਂ। ਚੱਲ ਮੈਂ ਤੇਰੇ ਪਿੱਛੇ-ਪਿੱਛੇ ਚੱਲਾਂਗੀ। ਅੱਜ ਤੋਂ ਤੂੰ ਮੇਰਾ ਮਾਲਿਕ ਏਂ। ਥੋੜ੍ਹੀ ਜਿਹੀ ਅੱਗ ਲੈ ਕੇ ਇਸ ਝੌਂਪੜੇ ਨੂੰ ਜਲਾ ਦੇ, ਇਸ ਡੱਫ ਨੂੰ ਵੀ ਉਸੇ ਵਿੱਚ ਹੀ ਜਲਾ ਦਿਆਂਗੀ।

ਤਹਿਰਾਨ ਦੇ ਘਰ-ਘਰ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਅੱਜ ਸ਼ਹਿਜ਼ਾਦਾ ਨਾਦਿਰ, ਲੈਲਾ ਨੂੰ ਵਿਆਹ ਕੇ ਲਿਆਇਆ ਸੀ। ਬਹੁਤ ਦਿਨਾਂ ਬਾਅਦ ਉਸਦੇ ਦਿਲ ਦੀ ਮੁਰਾਦ ਪੂਰੀ ਹੋਈ ਸੀ। ਸਾਰਾ ਤਹਿਰਾਨ ਸ਼ਹਿਜ਼ਾਦੇ 'ਤੇ ਜਾਨ ਦਿੰਦਾ ਸੀ ਅਤੇ ਉਸਦੀ ਖ਼ੁਸ਼ੀ ਵਿੱਚ ਸ਼ਰੀਕ ਸੀ। ਬਾਦਸ਼ਾਹ ਨੇ ਤਾਂ ਆਪਣੇ ਵੱਲੋਂ ਮੁਨਾਦੀ ਕਰਵਾ ਦਿੱਤੀ ਸੀ ਕਿ ਇਸ ਸ਼ੁਭ ਅਵਸਰ ਤੇ ਸਮੇਂ ਅਤੇ ਧਨ ਦੀ ਬਰਬਾਦੀ ਨਾ ਕੀਤੀ ਜਾਵੇ, ਸਿਰਫ਼ ਲੋਕ ਮਸਜਿਦਾਂ ਵਿੱਚ ਜਮਾਂ ਹੋ ਕੇ ਖ਼ੁਦਾ ਤੋਂ ਦੁਆ ਮੰਗਣ ਕਿ ਲਾੜਾ ਅਤੇ ਲਾੜੀ ਦੀ ਉਮਰ ਲੰਮੀ ਹੋਵੇ ਅਤੇ ਉਹ ਸੁੱਖ ਨਾਲ਼ ਰਹਿਣ। ਸਮੇਂ ਦਾ ਮੂੰਹ ਦੇਖਣਾ ਕਿਸੇ ਨੂੰ ਵੀ ਗਵਾਰਾ ਨਹੀਂ ਸੀ, ਰਈਸਾਂ ਨੇ ਮਹਿਫ਼ਿਲਾਂ ਸਜਾਈਆਂ, ਚਿਰਾਗ਼ ਜਲਾਏ, ਵਾਜੇ ਵਜਵਾਏ, ਗ਼ਰੀਬਾਂ ਨੇ ਆਪਣੀਆਂ ਡਫਲੀਆਂ ਸੰਭਾਲੀਆਂ ਅਤੇ ਸੜਕਾਂ ਤੇ ਘੁੰਮ-ਘੁੰਮ ਕੇ ਨੱਚਣ ਗਾਉਣ ਲੱਗੇ।

ਸ਼ਾਮ ਦੇ ਸਮੇਂ ਸ਼ਹਿਰ ਦੇ ਸਾਰੇ ਅਮੀਰ ਅਤੇ ਰਈਸ, ਸ਼ਹਿਜ਼ਾਦੇ ਨੂੰ ਵਧਾਈਆਂ ਦੇਣ ਲਈ ਦੀਵਾਨੇ-ਖ਼ਾਸ ਵਿੱਚ ਜਮ੍ਹਾਂ ਹੋਏ। ਸ਼ਹਿਜ਼ਾਦਾ ਇਤਰਾਂ ਨਾਲ ਮਹਿਕਦਾ, ਰਤਨਾਂ ਨਾਲ਼ ਚਮਕਦਾ ਅਤੇ ਅੰਦਰੂਨੀ ਖ਼ੁਸ਼ੀ ਨਾਲ ਖਿੜਿਆ ਹੋਇਆ ਆ ਕੇ ਖੜ੍ਹਾ ਹੋ ਗਿਆ।

ਕਾਜ਼ੀ ਨੇ ਅਰਜ਼ ਕੀਤੀ- ''ਹਜ਼ੂਰ 'ਤੇ ਖ਼ੁਦਾ ਦੀ ਬਰਕਤ ਹੋਵੇ।''
ਹਜ਼ਾਰਾਂ ਆਦਮੀਆਂ ਨੇ ਕਿਹਾ- ''ਆਮੀਨ।''
ਸ਼ਹਿਰ ਦੀਆਂ ਔਰਤਾਂ ਵੀ ਲੈਲਾ ਨੂੰ ਵਧਾਈ ਦੇਣ ਆਈਆਂ।ਲੈਲਾ ਨੇ ਬਿਲਕੁਲ ਸਾਦੇ ਕੱਪੜੇ ਪਹਿਨੇ ਹੋਏ ਸਨ, ਗਹਿਣਿਆਂ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ।
ਇੱਕ ਔਰਤ ਨੇ ਕਿਹਾ- ''ਤੁਹਾਡਾ ਸੁਹਾਗ ਸਦਾ ਸਲਾਮਤ ਰਹੇ।''
ਹਜ਼ਾਰਾਂ ਕੰਠਾਂ ਵਿੱਚੋਂ ਆਵਾਜ਼ ਨਿੱਕਲੀ- ''ਆਮੀਨ।''

ਕਈ ਸਾਲ ਗੁਜ਼ਰ ਗਏ, ਨਾਦਿਰ ਹੁਣ ਬਾਦਸ਼ਾਹ ਸੀ ਅਤੇ ਲੈਲਾ ਉਸਦੀ ਮੱਲਿਕਾ, ਈਰਾਨ ਦਾ ਸ਼ਾਸਨ ਇੰਨੇ ਸੁਚਾਰੂ ਢੰਗ ਨਾਲ ਕਦੇ ਵੀ ਨਹੀਂ ਚੱਲਿਆ ਸੀ, ਦੋਨੋਂ ਹੀ ਪਰਜਾ ਦੇ ਹਿਤੈਸ਼ੀ ਸਨ, ਦੋਨੋਂ ਹੀ ਉਨ੍ਹਾਂ ਨੂੰ ਸੁਖੀ ਅਤੇ ਸੰਪੰਨ ਦੇਖਣਾ ਚਾਹੁੰਦੇ ਸਨ। ਪਿਆਰ ਨੇ ਉਹ ਸਾਰੀਆਂ ਕਠਿਨਾਈਆਂ ਦੂਰ ਕਰ ਦਿੱਤੀਆਂ ਜੋ ਲੈਲਾ ਨੂੰ ਪਹਿਲਾਂ ਸ਼ੰਕਿਤ ਕਰਦੀਆਂ ਰਹਿੰਦੀਆਂ ਸਨ। ਨਾਦਿਰ ਰਾਜਸੱਤਾ ਦਾ ਵਕੀਲ ਸੀ, ਲੈਲਾ ਜਨਸੱਤਾ ਦੀ, ਪਰ ਵਿਵਹਾਰਿਕ ਰੂਪ ਵਿੱਚ ਉਹਨਾਂ ਵਿੱਚ ਕੋਈ ਮੱਤਭੇਦ ਨਹੀਂ ਪੈਦਾ ਹੁੰਦਾ ਸੀ। ਕਦੇ ਇਹ ਦਬ ਜਾਂਦਾ, ਕਦੇ ਉਹ ਹਟ ਜਾਂਦੀ। ਉਹਨਾਂ ਦਾ ਦੰਪਤੀ ਜੀਵਨ ਆਦਰਸ਼ ਸੀ, ਨਾਦਿਰ ਲੈਲਾ ਦਾ ਰੁਖ਼ ਦੇਖਦਾ ਸੀ, ਲੈਲਾ ਨਾਦਿਰ ਦਾ। ਕੰਮ-ਕਾਜ ਤੋਂ ਵਿਹਲ ਮਿਲਦੀ ਤਾਂ ਦੋਨੋਂ ਬੈਠ ਕੇ ਗਾਉਂਦੇ-ਵਜਾਉਂਦੇ, ਕਦੀ ਨਦੀਆਂ ਦੀ ਸੈਰ ਕਰਦੇ, ਕਦੀ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਹਾਫ਼ਿਜ਼ ਦੀਆਂ ਗ਼ਜ਼ਲਾਂ ਪੜ੍ਹਦੇ ਅਤੇ ਝੂਮਦੇ। ਨਾ ਲੈਲਾ ਵਿੱਚ ਹੁਣ ਓਨੀ ਸਾਦਗੀ ਸੀ, ਨਾ ਨਾਦਿਰ ਵਿੱਚ ਹੁਣ ਉਹ ਤਕੱਲੁਫ਼ ਸੀ। ਨਾਦਿਰ ਲੈਲਾ ਲਈ ਇਕਾਗਰ ਚਿੱਤ ਸੀ ਜੋ ਸਧਾਰਣ ਗੱਲ ਸੀ, ਜਿੱਥੇ ਬਾਦਸ਼ਾਹਾਂ ਦੀਆਂ ਮਹਿਲਸਰਾਵਾਂ ਵਿੱਚ ਬੇਗ਼ਮਾਂ ਦੇ ਮੁਹੱਲੇ ਵੱਸਦੇ ਸਨ, ਦਰਜਨਾਂ ਤੇ ਕੌਡੀਆਂ ਵਿੱਚ ਉਹਨਾਂ ਦੀ ਗਣਨਾ ਹੁੰਦੀ ਸੀ, ਉਥੇ ਲੈਲਾ ਇਕੱਲੀ ਸੀ। ਉਹਨਾਂ ਮਹਿਲਾਂ ਵਿੱਚ ਹੁਣ ਸ਼ਫ਼ਾਖ਼ਾਨੇ, ਮਦਰੱਸੇ ਅਤੇ ਪੁਸਤਕਾਲੇ ਸਨ। ਜਿੱਥੇ ਮਹਿਲਸਰਾਵਾਂ ਦਾ ਖ਼ਰਚਾ ਕਰੋੜਾਂ ਤੱਕ ਪਹੁੰਚਦਾ ਹੁੰਦਾ ਸੀ, ਉੱਥੇ ਹੁਣ ਹਜ਼ਾਰਾਂ ਤੋਂ ਅੱਗੇ ਨਹੀਂ ਵਧਦਾ ਸੀ, ਅਤੇ ਬਾਕੀ ਰੁਪਏ ਪਰਜਾ ਦੀ ਭਲਾਈ ਲਈ ਖ਼ਰਚ ਕਰ ਦਿੱਤੇ ਜਾਂਦੇ ਸਨ, ਇਹ ਸਾਰੀ ਵਿਉਂਤ-ਵਰਤੋਂ ਲੈਲਾ ਦੀ ਕੀਤੀ ਹੋਈ ਸੀ, ਬਾਦਸ਼ਾਹ ਨਾਦਿਰ ਸੀ,ਪਰ ਬਾਦਸ਼ਾਹਤ ਲੈਲਾ ਦੇ ਹੱਥਾਂ 'ਚ ਸੀ।

ਸਭ ਕੁਛ ਸੀ, ਪਰ ਪਰਜਾ ਸੰਤੁਸ਼ਟ ਨਹੀਂ ਸੀ। ਉਸਦਾ ਅਸੰਤੋਖ ਦਿਨੋ-ਦਿਨ ਵਧਦਾ ਜਾਂਦਾ ਸੀ, ਰਾਜ-ਸੱਤਾਵਾਦੀਆਂ ਨੂੰ ਭੈਅ ਸੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਬਾਦਸ਼ਾਹਤ ਦੇ ਮਿਟ ਜਾਣ ਵਿੱਚ ਸੰਦੇਹ ਨਹੀਂ। ਜਮਸ਼ੇਦ ਦਾ ਲਾਇਆ ਹੋਇਆ ਰੁੱਖ , ਜਿਸਨੇ ਹਜ਼ਾਰਾਂ ਸਦੀਆਂ ਤੋਂ ਹਨੇਰੀ ਅਤੇ ਤੂਫ਼ਾਨਾਂ ਦਾ ਸਾਹਮਣਾ ਕੀਤਾ, ਹੁਣ ਇੱਕ ਹੁਸੀਨਾ ਦੇ ਨਾਜ਼ੁਕ ਪਰ ਕਾਤਿਲ ਹੱਥਾਂ ਨਾਲ ਜੜ੍ਹ ਤੋਂ ਉਖਾੜਿਆ ਜਾ ਰਿਹਾ ਸੀ। ਉਧਰ ਜਨ-ਸੱਤਾਵਾਦੀਆਂ ਨੂੰ ਲੈਲਾ ਤੋਂ ਜਿੰਨੀਆਂ ਆਸ਼ਾਵਾਂ ਸੀ, ਸਭ ਦੁਰਇੱਛਾਵਾਂ ਸਿੱਧ ਹੋ ਰਹੀਆਂ ਸਨ। ਉਹ ਕਹਿੰਦੇ, ਜੇ ਈਰਾਨ ਇਸ ਚਾਲੇ ਤਰੱਕੀ ਦੇ ਰਾਹ ਚੱਲੇਗਾ ਤਾਂ ਇਸਤੋਂ ਪਹਿਲਾਂ ਕਿ ਉਹ ਮੰਜ਼ਿਲੇ-ਮਕਸੂਦ ਤੇ ਪਹੁੰਚਣ, ਕਿਆਮਤ ਆ ਜਾਵੇਗੀ। ਦੁਨੀਆਂ ਹਵਾਈ ਜਹਾਜ਼ ਉੱਤੇ ਬੈਠੀ ਉੱਡੀ ਜਾ ਰਹੀ ਹੈ ਅਤੇ ਅਸੀਂ ਠੇਲੇ 'ਤੇ ਬੈਠੇ ਵੀ ਡਰਦੇ ਹਾਂ ਕਿ ਕਿਤੇ ਇਸ ਹਰਕਤ ਨਾਲ ਦੁਨੀਆਂ ਵਿੱਚ ਭੂਚਾਲ ਹੀ ਨਾ ਆ ਜਾਵੇ। ਦੋਨਾਂ ਗੁੱਟਾਂ ਵਿੱਚ ਆਏ ਦਿਨ ਟਕਰਾਅ ਹੁੰਦੇ ਰਹਿੰਦੇ ਸਨ, ਨਾ ਨਾਦਿਰ ਦੇ ਸਮਝਾਉਣ ਦਾ ਅਸਰ ਅਮੀਰਾਂ 'ਤੇ ਹੁੰਦਾ ਸੀ, ਨਾ ਲੈਲਾ ਦੇ ਸਮਝਾਉਣ ਦਾ ਗ਼ਰੀਬਾਂ 'ਤੇ। ਸਾਮੰਤ ਨਾਦਿਰ ਦੇ ਖ਼ੂਨ ਦੇ ਪਿਆਸੇ ਹੋ ਗਏ, ਪਰਜਾ ਲੈਲਾ ਦੀ ਜਾਨੀ ਦੁਸ਼ਮਣ।

ਰਾਜ ਵਿੱਚ ਤਾਂ ਇਹ ਅਸ਼ਾਂਤੀ ਫੈਲੀ ਹੋਈ ਸੀ, ਵਿਦਰੋਹ ਦੀ ਅੱਗ ਦਿਲਾਂ ਵਿੱਚ ਸੁਲਗ ਰਹੀ ਸੀ ਅਤੇ ਰਾਜਭਵਨ ਵਿੱਚ ਪ੍ਰੇਮ ਦਾ ਸ਼ਾਂਤਮਈ ਰਾਜ ਸੀ, ਬਾਦਸ਼ਾਹ ਅਤੇ ਮੱਲਿਕਾ ਦੋਨੋਂ ਪਰਜਾ-ਸੰਤੋਖ ਦੀ ਕਲਪਨਾ ਵਿੱਚ ਮਗਨ ਸਨ।
ਰਾਤ ਦਾ ਸਮਾਂ ਸੀ, ਨਾਦਿਰ ਅਤੇ ਲੈਲਾ ਆਰਾਮਗਾਹ ਵਿੱਚ ਬੈਠੇ ਹੋਏ ਸ਼ਤਰੰਜ ਦੀ ਬਾਜ਼ੀ ਖੇਲ ਰਹੇ ਸਨ। ਕਮਰੇ ਵਿੱਚ ਕੋਈ ਸਜਾਵਟ ਨਹੀਂ ਸੀ, ਸਿਰਫ਼ ਇੱਕ ਚਟਾਈ ਵਿਛੀ ਹੋਈ ਸੀ।

ਨਾਦਿਰ ਨੇ ਲੈਲਾ ਦਾ ਹੱਥ ਫੜ ਕੇ ਕਿਹਾ- ''ਬੱਸ, ਹੁਣ ਇਹ ਜ਼ਿਆਦਤੀ ਨਹੀਂ, ਤੇਰੀ ਚਾਲ ਹੋ ਚੁੱਕੀ, ਇਹ ਦੇਖ, ਤੇਰਾ ਇੱਕ ਪਿਆਦਾ ਪਿਟ ਗਿਆ।''
ਲੈਲਾ- ''ਅੱਛਾ ਤਾਂ ਫਿਰ ਇਹ ਸ਼ਹਿ! ਤੁਹਾਡੇ ਸਾਰੇ ਪੈਦਲ ਰੱਖੇ ਰਹਿ ਗਏ ਅਤੇ ਬਾਦਸ਼ਾਹ 'ਤੇ ਸ਼ਹਿ ਹੋ ਗਈ, ਇਸੇ 'ਤੇ ਦਾਅਵਾ ਸੀ।''
ਨਾਦਿਰ- ''ਤੇਰੇ ਨਾਲ ਹਾਰਨ ਵਿੱਚ ਜੋ ਮਜ਼ਾ ਹੈ, ਉਹ ਜਿੱਤਣ ਵਿੱਚ ਨਹੀਂ।''
ਲੈਲਾ- ''ਅੱਛਾ, ਤਾਂ ਗੋਯਾ ਤੁਸੀਂ ਦਿਲ ਖ਼ੁਸ਼ ਕਰ ਰਹੇ ਹੋ। ਸ਼ਹਿ ਬਚਾਓ, ਨਹੀਂ ਤਾਂ ਦੂਸਰੀ ਚਾਲ ਵਿੱਚ ਮਾਤ ਹੁੰਦੀ ਹੈ।''
ਨਾਦਿਰ- ''(ਅੜਬ ਹੋ ਕੇ) ਅੱਛਾ, ਹੁਣ ਸੰਭਲਕੇ ਚੱਲੀਂ, ਤੂੰ ਮੇਰੇ ਬਾਦਸ਼ਾਹ ਦੀ ਤੌਹੀਨ ਕੀਤੀ ਹੈ, ਇੱਕ ਵਾਰ ਮੇਰਾ ਫ਼ਰਜ਼ੀ ਉੱਠਿਆ ਤਾਂ ਤੇਰੇ ਪਿਆਦਿਆਂ ਦਾ ਸਫ਼ਾਇਆ ਕਰ ਦੇਵੇਗਾ।''
ਲੈਲਾ- ''ਬਸੰਤ ਦੀ ਖ਼ਬਰ ਹੈ। ਇਹ ਲਓ ਸ਼ਹਿ, ਲਿਆਓ ਫ਼ਰਜ਼ੀ, ਹੁਣ ਕਹੋ, ਹੁਣ ਮੈਂ ਨਹੀਂ ਮੰਨਾਗੀ, ਆਖ ਦਿੰਨੀ ਆਂ ਤੁਹਾਨੂੰ, ਦੋ ਵਾਰ ਛੱਡ ਦਿੱਤਾ, ਇਸ ਵਾਰ ਬਿਲਕੁਲ ਨਹੀਂ ਛੱਡਾਂਗੀ।''
ਨਾਦਿਰ- ''ਜਦੋਂ ਤੱਕ ਮੇਰਾ ਦਿਲਰਾਮ (ਘੋੜਾ) ਹੈ,ਬਾਦਸ਼ਾਹ ਨੂੰ ਕੋਈ ਗ਼ਮ ਨਹੀਂ।''
ਲੈਲਾ- ''ਅੱਛਾ ਇਹ ਸ਼ਹਿ। ਲਿਆਓ ਆਪਣੇ ਦਿਲਰਾਮ ਨੂੰ, ਦੱਸੋ, ਹੁਣ ਤਾਂ ਮਾਤ ਹੋਈ ਕਿ ਨਹੀਂ?''
ਨਾਦਿਰ- ''ਹਾਂ ਜਾਨੇਮਨ! ਹੁਣ ਮਾਤ ਹੋ ਗਈ। ਜਦ ਮੈਂ ਹੀ ਤੇਰੀਆਂ ਅਦਾਵਾਂ 'ਤੇ ਨਿਸਾਰ ਹੋ ਗਿਆ ਤਾਂ ਮੇਰਾ ਬਾਦਸ਼ਾਹ ਕਿਵੇਂ ਬਚ ਸਕਦਾ ਸੀ।''

ਲੈਲਾ- ''ਗੱਲਾਂ ਨਾ ਬਣਾਉ, ਚੁਪਕੇ ਜਿਹੇ ਫ਼ਰਮਾਨ ਉੱਪਰ ਦਸਤਖ਼ਤ ਕਰ ਦਿਓ, ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।''
ਇਹ ਆਖਕੇ ਲੈਲਾ ਨੇ ਫ਼ਰਮਾਨ ਕੱਢਿਆ, ਜਿਸਨੂੰ ਉਸਨੇ ਆਪ ਆਪਣੇ ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖਿਆ ਸੀ, ਇਸ ਵਿੱਚ ਅੰਨ ਦਾ ਲਗਾਨ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ, ਲੈਲਾ ਪਰਜਾ ਨੂੰ ਭੁੱਲੀ ਨਹੀਂ ਸੀ, ਉਹ ਹੁਣ ਵੀ ਉਹਨਾਂ ਦੀ ਭਲਾਈ ਚਾਹੁਣ ਵਿੱਚ ਜੁਟੀ ਰਹਿੰਦੀ ਸੀ। ਨਾਦਿਰ ਨੇ ਇਸ ਸ਼ਰਤ ਉੱਤੇ ਫ਼ਰਮਾਨ ਉੱਪਰ ਦਸਤਖ਼ਤ ਕਰਨ ਦਾ ਵਚਨ ਦਿੱਤਾ ਸੀ ਕਿ ਲੈਲਾ ਉੇਸਨੂੰ ਸ਼ਤਰੰਜ ਵਿੱਚ ਤਿੰਨ ਵਾਰ ਮਾਤ ਦੇਵੇ। ਉਹ ਪਰਪੱਕ ਖਿਲਾੜੀ ਸੀ, ਲੈਲਾ ਇਹ ਜਾਣਦੀ ਸੀ, ਪਰ ਇਹ ਸ਼ਤਰੰਜ ਦੀ ਬਾਜ਼ੀ ਨਹੀਂ ਸੀ, ਸਿਰਫ਼ ਕਲੋਲਾਂ ਸੀ, ਨਾਦਿਰ ਨੇ ਮੁਸਕੁਰਾਉਂਦੇ ਹੋਏ ਫ਼ਰਮਾਨ ਉੱਪਰ ਦਸਤਖ਼ਤ ਕਰ ਦਿੱਤੇ, ਕਮਲ ਦੇ ਇੱਕ ਚਿੰਨ੍ਹ ਨਾਲ ਪਰਜਾ ਨੂੰ ਪੰਜ ਕਰੋੜ ਦੇ ਸਾਲਾਨਾ ਕਰ ਤੋਂ ਮੁਕਤੀ ਮਿਲ ਗਈ, ਲੈਲਾ ਦਾ ਮੁੱਖੜਾ ਗਰਵ ਨਾਲ ਸੂਹਾ ਹੋ ਗਿਆ, ਜੋ ਕੰਮ ਸਾਲਾਂ ਬੱਧੀ ਅੰਦੋਲਨ ਨਾਲ ਨਹੀਂ ਹੋ ਸਕਦਾ ਸੀ, ਉਹ ਪ੍ਰੇਮ-ਕਟਾਖਾਂ ਨਾਲ ਕੁਝ ਹੀ ਦਿਨਾਂ ਵਿੱਚ ਹੋ ਗਿਆ।

ਇਹ ਸੋਚ ਕੇ ਉਹ ਫੁੱਲੀ ਨਹੀਂ ਸਮਾਉਂਦੀ ਸੀ ਕਿ ਜਦੋਂ ਇਹ ਫ਼ਰਮਾਨ ਸਰਕਾਰੀ ਪੱਤਰਾਂ ਵਿੱਚ ਪ੍ਰਕਾਸ਼ਿਤ ਹੋ ਜਾਵੇਗਾ, ਅਤੇ ਵਿਵਸਥਾ ਕਰਨ ਵਾਲੇ ਲੋਕਾਂ ਨੂੰ ਜਦੋਂ ਇਸਦੇ ਦਰਸ਼ਨ ਹੋਣਗੇ, ਉਸ ਵਕਤ ਜਨ-ਸੱਤਾਵਾਦੀਆਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ, ਲੋਕ ਮੇਰੇ ਸੋਹਿਲੇ ਗਾਉਣਗੇ ਅਤੇ ਮੈਨੂੰ ਆਸ਼ੀਰਵਾਦ ਦੇਣਗੇ।

ਨਾਦਿਰ ਪ੍ਰੇਮ-ਮੁਗਧ ਹੋ ਕੇ ਉਸਦੇ ਚੰਨ ਜਿਹੇ ਮੁੱਖੜੇ ਨੂੰ ਦੇਖ ਰਿਹਾ ਸੀ, ਜਿਵੇਂ ਉਹਦਾ ਵੱਸ ਚੱਲਦਾ ਤਾਂ ਸੁੰਦਰਤਾ ਦੀ ਇਸ ਮੂਰਤੀ ਨੂੰ ਆਪਣੇ ਦਿਲ ਵਿੱਚ ਬਿਠਾ ਲੈਂਦਾ।

ਅਚਾਨਕ ਰਾਜ ਭਵਨ ਦੇ ਬੂਹੇ ਅੱਗੇ ਸ਼ੋਰ ਮੱਚਣ ਲੱਗ ਪਿਆ, ਅਗਲੇ ਹੀ ਪਲ ਪਤਾ ਚੱਲਿਆ ਕਿ ਜਨਤਾ ਦਾ ਇੱਕ ਟਿੱਡੀ-ਦਲ ਅਸਤਰਾਂ-ਸ਼ਸਤਰਾਂ ਨਾਲ ਲੈਸ, ਰਾਜ ਭਵਨ ਦੇ ਬੂਹੇ ਅੱਗੇ ਖੜ੍ਹਾ ਦੀਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਪਲ ਸ਼ੋਰ ਵਧਦਾ ਜਾ ਰਿਹਾ ਸੀ, ਅਤੇ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁੱਸੇ ਨਾਲ ਭਰੀ ਜਨਤਾ ਦਰਵਾਜ਼ਿਆਂ ਨੂੰ ਤੋੜ ਕੇ ਅੰਦਰ ਵੜ ਜਾਵੇਗੀ। ਫਿਰ ਇਹ ਪਤਾ ਲੱਗਿਆ ਕਿ ਕੁਝ ਲੋਕ ਪੌੜੀਆਂ ਲਾ ਕੇ ਦੀਵਾਰਾਂ 'ਤੇ ਚੜ੍ਹ ਰਹੇ ਨੇ, ਲੈਲਾ ਸ਼ਰਮ ਤੇ ਦੁੱਖ ਨਾਲ ਸਿਰ ਝੁਕਾਈ ਖੜ੍ਹੀ ਸੀ, ਉਸਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿੱਕਲ ਰਿਹਾ ਸੀ। ਕੀ ਇਹ ਉਹੀ ਜਨਤਾ ਹੈ, ਜਿਸਦੇ ਕਸ਼ਟਾਂ ਦੀ ਕਥਾ ਕਹਿੰਦੀ ਹੋਈ ਉਸਦੀ ਆਵਾਜ਼ ਦਰਦ ਨਾਲ ਭਰ ਜਾਂਦੀ ਸੀ। ਇਹ ਉਹੀ ਕਮਜ਼ੋਰ, ਦਲਿਤ, ਸਤਾਈ ਹੋਈ, ਅੱਤਿਆਚਾਰ ਦੀ ਵੇਦਨਾ ਨਾਲ ਤੜਫ਼ਦੀ ਹੋਈ ਜਨਤਾ ਹੈ, ਜਿਸਨੂੰ ਉਹ ਆਪਣਾ ਆਪ ਅਰਪਿਤ ਕਰ ਚੁੱਕੀ ਸੀ?

ਨਾਦਿਰ ਵੀ ਖ਼ਾਮੋਸ਼ ਖੜ੍ਹਾ ਸੀ, ਪਰ ਸ਼ਰਮ ਦੇ ਮਾਰੇ ਨਹੀਂ, ਕ੍ਰੋਧ ਨਾਲ ਉਸਦਾ ਮੂੰਹ ਸੁਰਖ਼ ਹੋ ਗਿਆ ਸੀ, ਅੱਖਾਂ 'ਚੋਂ ਚੰਗਿਆੜੇ ਨਿੱਕਲ ਰਹੇ ਸਨ। ਉਹ ਵਾਰ-ਵਾਰ ਬੁੱਲ੍ਹ ਟੁੱਕਦਾ ਅਤੇ ਤਲਵਾਰ ਦੀ ਮੁੱਠ 'ਤੇ ਹੱਥ ਧਰ ਕੇ ਰਹਿ ਜਾਂਦਾ। ਉਹ ਵਾਰ-ਵਾਰ ਲੈਲਾ ਵੱਲ ਰੋਸ ਭਰੀਆਂ ਨਜ਼ਰਾਂ ਦੇਖ ਰਿਹਾ ਸੀ, ਜ਼ਰਾ ਜਿੰਨੇ ਇਸ਼ਾਰੇ ਦੀ ਦੇਰ ਸੀ, ਉਸਦੇ ਹੁਕਮ ਮਿਲਦੇ ਸਾਰ ਹੀ ਉਸਦੀ ਸੈਨਾ ਇਸ ਵਿਦਰੋਹੀ ਦਲ ਨੂੰ ਇਉਂ ਭਜਾ ਦਿੰਦੀ ਜਿਵੇਂ ਹਨੇਰੀ ਪੱਤੇ ਨੂੰ ਉਡਾ ਦਿੰਦੀ ਹੈ, ਪਰ ਲੈਲਾ ਉਸ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ।

ਅਖ਼ੀਰ ਉਸ ਵਿਆਕੁਲ ਹੋ ਕੇ ਆਖਿਆ- ''ਲੈਲਾ, ਮੈਂ ਰਾਜ ਸੈਨਾ ਨੂੰ ਬੁਲਾਉਣਾ ਚਾਹੂੰਦਾ ਹਾਂ, ਤੂੰ ਕੀ ਆਖਦੀ ਏਂ?''
ਲ਼ੇਲਾ ਨੇ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ- ''ਜ਼ਰਾ ਠਹਿਰ ਜਾਓ, ਪਹਿਲਾਂ ਇਹਨਾਂ ਲੋਕਾਂ ਨੂੰ ਪੁੱਛ ਤਾਂ ਲਉ ਕਿ ਇਹ ਕੀ ਚਾਹੁੰਦੇ ਹਨ?''

ਇਹ ਹੁਕਮ ਮਿਲਦੇ ਸਾਰ ਹੀ ਨਾਦਿਰ ਛੱਤ 'ਤੇ ਚੜ੍ਹ ਗਿਆ, ਲੈਲਾ ਵੀ ਉਹਦੇ ਪਿੱਛੇ-ਪਿੱਛੇ ਉੱਪਰ ਆ ਪਹੁੰਚੀ। ਦੋਨੋਂ ਹੁਣ ਜਨਤਾ ਦੇ ਸਨਮੁਖ ਆ ਕੇ ਖੜ੍ਹੇ ਹੋ ਗਏ। ਮਸ਼ਾਲਾਂ ਦੇ ਪ੍ਰਕਾਸ਼ ਵਿੱਚ ਲੋਕਾਂ ਨੇ ਦੋਨਾਂ ਨੂੰ ਛੱਤ 'ਤੇ ਖੜ੍ਹੇ ਦੇਖਿਆ, ਮਾਨੋ ਆਕਾਸ਼ 'ਤੋਂ ਦੇਵੀ-ਦੇਵਤਾ ਉੱਤਰ ਆਏ ਹੋਣ, ਅਨੇਕਾਂ ਕੰਠਾਂ 'ਚੋਂ ਆਵਾਜ਼ ਨਿੱਕਲੀ- ''ਉਹ ਖੜ੍ਹੀ ਏ, ਲੈਲਾ ਉਹ ਖੜ੍ਹੀ ਏ।'' ਇਹ ਉਹੀ ਜਨਤਾ ਸੀ ਜੋ ਲੈਲਾ ਦੇ ਮਧੁਰ ਸੰਗੀਤ 'ਤੇ ਮਸਤ ਹੋ ਜਾਇਆ ਕਰਦੀ ਸੀ।

ਨਾਦਿਰ ਨੇ ਬੁਲੰਦ ਆਵਾਜ਼ 'ਚ ਵਿਦਰੋਹੀਆਂ ਨੂੰ ਸੰਬੋਧਿਤ ਕੀਤਾ- '' ਐ ਈਰਾਨ ਦੀ ਬਦਨਸੀਬ ਪਰਜਾ, ਤੁਸੀਂ ਸ਼ਾਹੀ ਮਹਿਲ ਨੂੰ ਕਿਉਂ ਘੇਰਾ ਪਾਇਆ ਹੋਇਆ ਹੈ? ਬਗ਼ਾਵਤ ਦਾ ਝੰਡਾ ਕਿਉਂ ਬੁਲੰਦ ਕੀਤਾ ਹੋਇਆ ਹੈ? ਤੁਹਾਨੂੰ ਮੇਰਾ ਅਤੇ ਆਪਣੇ ਖ਼ੁਦਾ ਦਾ ਬਿਲਕੁਲ ਵੀ ਖ਼ੌਫ਼ ਨਹੀਂ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਇੱਕ ਇਸ਼ਾਰੇ 'ਤੇ ਤੁਹਾਡੀ ਹਸਤੀ ਮਿੱਟੀ ਵਿੱਚ ਮਿਲ ਸਕਦੀ ਹੈ? ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਫੌਰਨ ਇੱਥੋਂ ਚਲੇ ਜਾਉ, ਨਹੀਂ ਤਾਂ ਕਲਾਮੇ-ਪਾਕ ਦੀ ਕਸਮ, ਮੈਂ ਤੁਹਾਡੇ ਖ਼ੂਨ ਦੀਆਂ ਨਦੀਆਂ ਵਹਾ ਦਿਆਂਗਾ।''

ਇੱਕ ਆਦਮੀ ਨੇ, ਜੋ ਵਿਦਰੋਹੀਆਂ ਦਾ ਨੇਤਾ ਪ੍ਰਤੀਤ ਹੋ ਰਿਹਾ ਸੀ, ਸਾਹਮਣੇ ਹੋ ਕੇ ਕਿਹਾ- ''ਅਸੀਂ ਉਸ ਵਕਤ ਤੱਕ ਨਹੀਂ ਜਾਵਾਂਗੇ, ਜਦ ਤੱਕ ਸ਼ਾਹੀ ਮਹਿਲ ਲੈਲਾ ਤੋਂ ਸੱਖਣਾ ਨਹੀਂ ਹੋ ਜਾਂਦਾ।''

ਨਾਦਿਰ ਨੇ ਵਿਗੜਦਿਆਂ ਕਿਹਾ- ''ਉਏ ਨਾਸ਼ੁਕਰਿਓ, ਖ਼ੁਦਾ ਤੋਂ ਡਰੋ। ਤੁਹਾਨੂੰ ਆਪਣੀ ਮੱਲਿਕਾ ਦੀ ਸ਼ਾਨ ਵਿੱਚ ਐਡੀ ਗ਼ੁਸਤਾਖ਼ੀ ਕਰਦੇ ਹੋਏ ਸ਼ਰਮ ਨਹੀਂ ਆਉਂਦੀ? ਜਦੋਂ ਦੀ ਲੈਲਾ ਤੁਹਾਡੀ ਮੱਲਿਕਾ ਬਣੀ ਏ, ਉਸਨੇ ਤੁਹਾਡੇ ਨਾਲ ਕਿੰਨੀਆਂ ਰਿਆਇਤਾਂ ਕੀਤੀਆਂ ਹਨ, ਕੀ ਉਹਨਾਂ ਨੂੰ ਬਿਲਕੁਲ ਭੁੱਲ ਗਏ? ਜ਼ਾਲਿਮੋ, ਇਹ ਮੱਲਿਕਾ ਏ, ਪਰ ਉਹ ਖਾਣਾ ਖਾਂਦੀ ਏ, ਜੋ ਤੁਸੀਂ ਕੁੱਤਿਆਂ ਨੂੰ ਖਿਲਾ ਦਿੰਦੇ ਓ, ਉਹ ਕੱਪੜੇ ਪਹਿਨਦੀ ਏ, ਜੋ ਤੁਸੀਂ ਫ਼ਕੀਰਾਂ ਨੂੰ ਦੇ ਦਿੰਦੇ ਓ, ਆ ਕੇ ਮਹਿਲਸਰਾਂ ਵਿੱਚ ਵੇਖੋ, ਤੁਸੀਂ ਉਸਨੂੰ ਆਪਣੇ ਝੌਂਪੜੇ ਵਾਂਗ ਹੀ ਤਕੱਲੁਫ਼ ਅਤੇ ਸਜਾਵਟ ਤੋਂ ਖਾਲੀ ਪਾਉਗੇ। ਲੈਲਾ ਤੁਹਾਡੀ ਮੱਲਿਕਾ ਹੋ ਕੇ ਵੀ ਫ਼ਕੀਰੀ ਦੀ ਜ਼ਿੰਦਗੀ ਬਸਰ ਕਰ ਰਹੀ ਹੈ, ਹਮੇਸ਼ਾਂ ਤੁਹਾਡੀ ਖ਼ਿਦਮਤ ਵਿੱਚ ਮਗਨ ਰਹਿੰਦੀ ਹੈ, ਤੁਹਾਨੂੰ ਤਾਂ ਉਸਦੇ ਪੈਰਾਂ ਦੀ ਧੂੜ ਆਪਣੇ ਮੱਥੇ 'ਤੇ ਲਾਉਣੀ ਚਾਹੀਦੀ ਹੈ, ਅੱਖਾਂ ਦਾ ਸੁਰਮਾ ਬਣਾਉਣੀ ਚਾਹੀਦੀ ਹੈ। ਈਰਾਨ ਦੇ ਤਖ਼ਤ 'ਤੇ ਕਦੇ ਇਹੋ ਜਿਹੀ ਗ਼ਰੀਬਾਂ 'ਤੇ ਜਾਨ ਦੇਣ ਵਾਲੀ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ, ਗ਼ਰੀਬਾਂ 'ਤੇ ਆਪਣਾ ਆਪ ਨਿਸਾਰ ਕਰਨ ਵਾਲੀ ਮੱਲਿਕਾ ਨੇ ਕਦਮ ਨਹੀਂ ਰੱਖੇ, ਤੇ ਤੁਸੀਂ ਉਸਦੀ ਸ਼ਾਨ ਵਿੱਚ ਇਹ ਬੇਹੂਦਾ ਗੱਲਾਂ ਕਰ ਰਹੇ ਹੋ? ਅਫ਼ਸੋਸ! ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਜਾਹਿਲ, ਇਨਸਾਨੀਅਤ ਤੋਂ ਖਾਲੀ ਅਤੇ ਕਮੀਨੇ ਹੋ, ਤੁਸੀਂ ਇਸੇ ਕਾਬਿਲ ਹੋ ਕਿ ਤੁਹਾਡੀਆਂ ਗਰਦਨਾਂ ਖੁੰਢੀਆਂ ਛੁਰੀਆਂ ਨਾਲ ਵੱਢ ਦਿੱਤੀਆਂ ਜਾਣ, ਤੁਹਾਨੂੰ ਪੈਰਾਂ ਥੱਲੇ ਰੌਂਦਿਆ ਜਾਵੇ।''

ਨਾਦਿਰ ਆਪਣੀ ਗੱਲ ਪੂਰੀ ਵੀ ਨਾ ਕਰ ਪਾਇਆ ਕਿ ਵਿਦਰੋਹੀਆਂ ਨੇ ਇੱਕ ਸੁਰ ਵਿੱਚ ਚੀਕ ਕੇ ਕਿਹਾ- ''ਲੈਲਾ, ਲੈਲਾ ਸਾਡੀ ਦੁਸ਼ਮਣ ਹੈ। ਅਸੀਂ ਉਸਨੂੰ ਆਪਣੀ ਮੱਲਿਕਾ ਦੇ ਰੂਪ ਵਿੱਚ ਨਹੀਂ ਦੇਖ ਸਕਦੇ।''
ਨਾਦਿਰ ਨੇ ਜ਼ੋਰ ਨਾਲ ਚਿੱਲਾ ਕੇ ਕਿਹਾ- ''ਜ਼ਾਲਿਮੋਂ, ਜ਼ਰਾ ਖ਼ਾਮੋਸ਼ ਹੋ ਜਾਉ, ਦੇਖੋ, ਇਹ ਉਹ ਫ਼ਰਮਾਨ ਏ ਜਿਸ ਉੱਪਰ ਲੈਲਾ ਨੇ ਮੇਰੇ ਤੋਂ ਜ਼ਬਰਦਸਤੀ ਦਸਤਖ਼ਤ ਕਰਵਾਏ ਹਨ। ਅੱਜ ਤੋਂ ਗੱਲੇ ਦਾ ਮਹਿਸੂਲ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ। ਤੁਹਾਡੇ ਸਿਰ ਤੋਂ ਮਹਿਸੂਲ ਦਾ ਬੋਝ ਪੰਜ ਕਰੋੜ ਘੱਟ ਹੋ ਗਿਆ ਹੈ।''

ਹਜ਼ਾਰਾਂ ਆਦਮੀਆਂ ਨੇ ਸ਼ੋਰ ਮਚਾਇਆ- ''ਇਹ ਬਹੁਤ ਪਹਿਲਾਂ ਮਾਫ਼ ਹੋ ਜਾਣਾ ਚਾਹੀਦਾ ਸੀ, ਅਸੀਂ ਇੱਕ ਕੌਡੀ ਨਹੀਂ ਦੇ ਸਕਦੇ। ਲੈਲਾ, ਲੈਲਾ ਨੂੰ ਅਸੀਂ ਆਪਣੀ ਮੱਲਿਕਾ ਦੀ ਸੂਰਤ ਵਿੱਚ ਨਹੀਂ ਦੇਖ ਸਕਦੇ।''

ਹੁਣ ਬਾਦਸ਼ਾਹ ਕ੍ਰੋਧ ਨਾਲ ਕੰਬਣ ਲੱਗ ਪਿਆ, ਲੈਲਾ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ- ''ਜੇ ਪਰਜਾ ਦੀ ਇਹੋ ਮਰਜ਼ੀ ਹੈ ਕਿ ਮੈਂ ਫ਼ਿਰ ਡੱਫ ਵਜਾ ਕੇ ਗਾਉਂਦੀ ਫਿਰਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਯਕੀਨ ਹੈ ਕਿ ਮੈਂ ਆਪਣੇ ਗਾਣੇ ਨਾਲ ਇੱਕ ਵਾਰ ਫਿਰ ਇਹਨਾਂ ਦੇ ਦਿਲਾਂ 'ਤੇ ਹਕੂਮਤ ਕਰ ਸਕਦੀ ਹਾਂ।''

ਨਾਦਿਰ ਨੇ ਉੱਤੇਜਿਤ ਹੋ ਕੇ ਕਿਹਾ-''ਲੈਲਾ, ਮੈਂ ਪਰਜਾ ਦੀਆਂ ਤੁਨਕ-ਮਿਜ਼ਾਜ਼ੀਆਂ ਦਾ ਗ਼ੁਲਾਮ ਨਹੀਂ, ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਆਪਣੇ ਪਹਿਲੂ ਤੋਂ ਵੱਖ ਕਰਾਂ, ਤਹਿਰਾਨ ਦੀਆਂ ਗਲੀਆਂ ਲਹੂ-ਲੁਹਾਣ ਹੋ ਜਾਣਗੀਆਂ, ਮੈਂ ਹੁਣੇ ਇਹਨਾਂ ਬਦਮਾਸ਼ਾਂ ਨੂੰ ਇਹਨਾਂ ਦੀ ਸ਼ਰਾਰਤ ਦਾ ਮਜ਼ਾ ਚਖਾਉਂਦਾ ਹਾਂ।''

ਨਾਦਿਰ ਨੇ ਮੀਨਾਰ 'ਤੇ ਚੜ੍ਹ ਕੇ ਖ਼ਤਰੇ ਦਾ ਘੰਟਾ ਵਜਾਇਆ। ਸਾਰੇ ਤਹਿਰਾਨ ਵਿੱਚ ਉਸਦੀ ਆਵਾਜ਼ ਗੂੰਜ ਉੱਠੀ, ਪਰ ਸ਼ਾਹੀ ਫੌਜ ਦਾ ਇੱਕ ਵੀ ਆਦਮੀ ਨਜ਼ਰ ਨਹੀਂ ਆਇਆ।

ਨਾਦਿਰ ਨੇ ਦੋਬਾਰਾ ਘੰਟਾ ਵਜਾਇਆ, ਪੂਰਾ ਆਕਾਸ਼ ਮੰਡਲ ਉਸਦੀ ਝਨਕਾਰ ਨਾਲ ਕੰਬ ਗਿਆ, ਤਾਰੇ ਵੀ ਕੰਬ ਉੱਠੇ, ਪਰ ਇੱਕ ਵੀ ਸੈਨਿਕ ਨਾ ਨਿੱਕਲਿਆ।

ਨਾਦਿਰ ਨੇ ਹੁਣ ਤੀਸਰਾ ਘੰਟਾ ਵਜਾਇਆ, ਪਰ ਉਸਦਾ ਉੱਤਰ ਵੀ ਇਕ ਮਰੀ ਜਿਹੀ ਪ੍ਰਤੀਧੁਨੀ ਨੇ ਦਿੱਤਾ, ਜਿਵੇਂ ਕਿਸੇ ਮਰਨ ਵਾਲੇ ਦੀ ਅੰਤਿਮ ਅਰਦਾਸ ਦੇ ਬੋਲ ਹੋਣ।

ਨਾਦਿਰ ਨੇ ਮੱਥੇ 'ਤੇ ਹੱਥ ਮਾਰਿਆ, ਉਹ ਸਮਝ ਗਿਆ ਕਿ ਬੁਰੇ ਦਿਨ ਆ ਪਹੁੰਚੇ, ਹਾਲੇ ਵੀ ਲੈਲਾ ਨੂੰ ਜਨਤਾ ਦੀ ਬੁਰੀ ਨੀਅਤ 'ਤੇ ਕੁਰਬਾਨ ਕਰ ਕੇ ਉਹ ਆਪਣੀ ਰਾਜਸੱਤਾ ਦੀ ਰਾਖੀ ਕਰ ਸਕਦਾ ਸੀ, ਪਰ ਲੈਲਾ ਉਸਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀ। ਉਸਨੇ ਛੱਤ 'ਤੇ ਆ ਕੇ ਲੈਲਾ ਦਾ ਹੱਥ ਫੜ ਲਿਆ ਅਤੇ ਉਸਨੂੰ ਲੈ ਕੇ ਸਦਰ ਫਾਟਕ 'ਚੋਂ ਦੀ ਨਿਕਲ ਤੁਰਿਆ, ਵਿਦਰੋਹੀਆਂ ਨੇ ਜਿੱਤ ਦੇ ਨਾਅਰਿਆਂ ਨਾਲ ਉਸਦਾ ਸਵਾਗਤ ਕੀਤਾ, ਪਰ ਸਭ ਦੇ ਸਭ ਕਿਸੇ ਗੁਪਤ ਪ੍ਰੇਰਣਾ ਦੇ ਸਦਕੇ ਰਾਹ 'ਤੋਂ ਹਟ ਗਏ।

ਦੋਨੋਂ ਚੁੱਪ ਚਾਪ ਤਹਿਰਾਨ ਦੀਆਂ ਗਲ਼ੀਆਂ 'ਚੋਂ ਹੁੰਦੇ ਹੋਏ ਤੁਰੇ ਜਾ ਰਹੇ ਸਨ, ਚਾਰੇ ਪਾਸੇ ਅੰਧਕਾਰ ਸੀ, ਦੁਕਾਨਾਂ ਬੰਦ ਸਨ, ਬਾਜ਼ਾਰਾਂ ਵਿੱਚ ਚੁੱਪ ਵਰਤੀ ਪਈ ਸੀ, ਕੋਈ ਘਰੋਂ ਬਾਹਰ ਨਹੀਂ ਨਿੱਕਲ ਰਿਹਾ ਸੀ। ਫ਼ਕੀਰਾਂ ਨੇ ਵੀ ਮਸਜਿਦਾਂ 'ਚ ਪਨਾਹ ਲੈ ਲਈ ਸੀ, ਪਰ ਇਹਨਾਂ ਦੋਹਾਂ ਪ੍ਰਾਣੀਆਂ ਲਈ ਕੋਈ ਸਹਾਰਾ ਨਹੀਂ ਸੀ, ਨਾਦਿਰ ਦੇ ਲੱਕ ਨਾਲ ਤਲਵਾਰ ਲਟਕ ਰਹੀ ਸੀ, ਲੈਲਾ ਦੇ ਹੱਥ ਵਿੱਚ ਡੱਫ ਸੀ। ਇਹੀ ਉਹਨਾਂ ਦੀ ਵਿਸ਼ਾਲ ਧਨ ਸੰਪਦਾ ਦੇ ਆਖ਼ਰੀ ਚਿੰਨ੍ਹ ਸਨ।

ਪੂਰਾ ਸਾਲ ਗੁਜ਼ਰ ਗਿਆ, ਲੈਲਾ ਅਤੇ ਨਾਦਿਰ ਦੇਸ਼ ਵਿਦੇਸ਼ ਦੀ ਖ਼ਾਕ ਛਾਣਦੇ ਫਿਰ ਰਹੇ ਸਨ, ਸਮਰਕੰਦ ਅਤੇ ਬੁਖ਼ਾਰਾ, ਬਗ਼ਦਾਦ ਅਤੇ ਹਲਬ, ਕਾਹਿਰਾ ਅਤੇ ਹਦਨ, ਇਹ ਸਾਰੇ ਦੇਸ਼ ਉਹਨਾਂ ਗਾਹ ਦਿੱਤੇ, ਲੈਲਾ ਦੀ ਡੱਫ ਫਿਰ ਜਾਦੂ ਕਰਨ ਲੱਗੀ, ਉਸਦੀ ਆਵਾਜ਼ ਸੁਣਦੇ ਹੀ ਸ਼ਹਿਰ ਵਿੱਚ ਹਲਚਲ ਮੱਚ ਜਾਂਦੀ, ਆਦਮੀਆਂ ਦਾ ਮੇਲਾ ਲੱਗ ਜਾਂਦਾ, ਆਓ ਭਗਤ ਹੋਣ ਲਗ ਜਾਂਦੀ, ਪਰ ਇਹ ਦੋਨੋਂ ਯਾਤਰੀ ਕਿਤੇ ਵੀ ਇੱਕ ਦਿਨ ਤੋਂ ਵੱਧ ਨਾ ਠਹਿਰਦੇ, ਨਾ ਕਿਸੇ ਤੋਂ ਕੁਛ ਮੰਗਦੇ, ਨਾ ਕਿਸੇ ਬੂਹੇ 'ਤੇ ਜਾਂਦੇ, ਬੱਸ ਰੁੱਖਾ-ਸੁੱਖਾ ਭੋਜਨ ਕਰ ਲੈਂਦੇ ਅਤੇ ਕਦੇ ਕਿਸੇ ਰੁੱਖ ਦੇ ਹੇਠਾਂ, ਕਦੇ ਕਿਸੇ ਪਹਾੜ ਦੀ ਗੁਫ਼ਾ ਵਿੱਚ ਅਤੇ ਕਦੇ ਕਿਸੇ ਸੜਕ ਦੇ ਕਿਨਾਰੇ ਰਾਤ ਕੱਟ ਲੈਂਦੇ। ਦੁਨੀਆਂ ਦੇ ਕਠੋਰ ਰਵੱਈਏ ਨੇ ਉਹਨਾ ਨੂੰ ਵਿਰਕਤ ਕਰ ਦਿਤਾ ਸੀ, ਉਸਦੇ ਪ੍ਰਲੋਭਨ ਤੋਂ ਉਹ ਕੋਹਾਂ ਦੂਰ ਭੱਜਦੇ ਸਨ, ਉਹਨਾਂ ਨੂੰ ਅਨੁਭਵ ਹੋ ਗਿਆ ਸੀ ਕਿ ਇੱਥੇ ਜਿਸ ਉੇੱਤੇ ਜਾਨ ਵਾਰੋ, ਉਹੀ ਆਪਣਾ ਦੁਸ਼ਮਣ ਹੋ ਜਾਂਦਾ ਹੈ, ਜਿਸਦੇ ਨਾਲ ਭਲਾਈ ਕਰੋ, ਉਹੀ ਬੁਰਾਈ 'ਤੇ ਕਮਰ ਕਸ ਲੈਂਦਾ ਹੈ। ਇੱਥੇ ਕਿਸੇ ਨਾਲ ਦਿਲ ਨਹੀਂ ਲਗਾਉਣਾ ਚਾਹੀਦਾ। ਉਹਨਾਂ ਕੋਲ ਵੱਡੇ-ਵੱਡੇ ਰਈਸਾਂ ਦੇ ਸੱਦੇ-ਪੱਤਰ ਆਉਂਦੇ, ਉਹਨਾਂ ਨੂੰ ਇੱਕ ਦਿਨ ਲਈ ਆਪਣਾ ਮਹਿਮਾਨ ਬਣਾਉਣ ਲਈ ਲੋਕ ਹਜ਼ਾਰਾਂ ਤਰਲੇ ਕੱਢਦੇ, ਪਰ ਲੈਲਾ ਕਿਸੇ ਦੀ ਨਾ ਸੁਣਦੀ, ਨਾਦਿਰ 'ਤੇ ਕਦੇ-ਕਦੇ ਬਾਦਸ਼ਾਹਤ ਦੀ ਸਨਕ ਸਵਾਰ ਹੋ ਜਾਂਦੀ ਸੀ, ਉਹ ਚਾਹੁੰਦਾ ਸੀ ਕਿ ਗੁਪਤ ਰੂਪ ਵਿੱਚ ਤਾਕਤ ਇਕੱਠੀ ਕਰ ਕੇ ਤਹਿਰਾਨ ਉੱਤੇ ਚੜ੍ਹਾਈ ਕਰ ਦੇਵੇ ਅਤੇ ਬਾਗ਼ੀਆਂ ਦੇ ਦੰਦ ਖੱਟੇ ਕਰ ਕੇ ਅਖੰਡ ਰਾਜ ਕਰੇ, ਪਰ ਲੈਲਾ ਦੀ ਉਦਾਸੀਨਤਾ ਦੇਖ ਕੇ ਉਸਦਾ ਕਿਸੇ ਨੂੰ ਮਿਲਣ-ਜੁਲਣ ਦਾ ਹਿਆਂ ਨਾ ਪੈਂਦਾ। ਲੈਲਾ ਵਿੱਚ ਉਸਦੀ ਜਾਨ ਵਸਦੀ ਸੀ, ਉਹ ਉਸੇ ਦੇ ਇਸ਼ਾਰਿਆਂ 'ਤੇ ਚੱਲਦਾ ਸੀ।

ਉਧਰ ਈਰਾਨ 'ਚ ਵੀ ਅਰਾਜਕਤਾ ਫੈਲੀ ਹੋਈ ਸੀ, ਜਨਸੱਤਾ ਤੋਂ ਤੰਗ ਆ ਕੇ ਅਮੀਰਾਂ ਨੇ ਵੀ ਫੌਜਾਂ ਜਮ੍ਹਾ ਕਰ ਲਈਆਂ ਸਨ ਅਤੇ ਦੋਨਾਂ ਧਿਰਾਂ ਵਿੱਚ ਆਏ ਦਿਨ ਯੁੱਧ ਹੁੰਦਾ ਰਹਿੰਦਾ ਸੀ। ਪੂਰਾ ਸਾਲ ਬੀਤ ਗਿਆ ਪਰ ਖੇਤਾਂ ਵਿੱਚ ਹਲ਼ ਨਾ ਚੱਲੇ, ਦੇਸ਼ ਭਿਆਨਕ ਭੁੱਖਮਰੀ ਦਾ ਸ਼ਿਕਾਰ ਹੋਇਆ ਪਿਆ ਸੀ, ਵਪਾਰ ਠੱਪ ਸੀ, ਖ਼ਜ਼ਾਨਾ ਖਾਲੀ, ਦਿਨੋਂ-ਦਿਨ ਜਨਤਾ ਦੀ ਸ਼ਕਤੀ ਘਟਦੀ ਜਾਂਦੀ ਸੀ ਅਤੇ ਰਈਸਾਂ ਦਾ ਜ਼ੋਰ ਵਧਦਾ ਜਾਂਦਾ ਸੀ, ਆਖ਼ਿਰ ਇੱਥੋਂ ਤੱਕ ਨੌਬਤ ਆ ਪਹੁੰਚੀ ਕਿ ਜਨਤਾ ਨੇ ਹਥਿਆਰ ਸੁੱਟ ਦਿੱਤੇ ਅਤੇ ਅਮੀਰਾਂ ਨੇ ਰਾਜ ਭਵਨ 'ਤੇ ਆਪਣਾ ਅਧਿਕਾਰ ਜਮਾ ਲਿਆ। ਪਰਜਾ ਦੇ ਨੇਤਾਵਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ, ਕਿੰਨੇ ਹੀ ਕੈਦਖ਼ਾਨਿਆਂ ਵਿੱਚ ਸੁੱਟ ਦਿੱਤੇ ਗਏ ਅਤੇ ਜਨਸੱਤਾ ਦਾ ਅੰਤ ਹੋ ਗਿਆ। ਰਾਜ-ਸੱਤਾਵਾਦੀਆਂ ਨੂੰ ਹੁਣ ਨਾਦਿਰ ਦੀ ਯਾਦ ਆਈ, ਇਹ ਗੱਲ ਅਨੁਭਵ ਨਾਲ ਸਿੱਧ ਹੋ ਚੁੱਕੀ ਸੀ ਕਿ ਦੇਸ਼ ਵਿੱਚ ਪਰਜਾਤੰਤਰ ਸਥਾਪਿਤ ਕਰਨ ਦੀ ਸਮਰੱਥਾ ਦੀ ਅਣਹੋਂਦ ਹੈ। ਪ੍ਰਤੱਖ ਲਈ ਪ੍ਰਮਾਣ ਦੀ ਜ਼ਰੂਰਤ ਨਹੀਂ ਸੀ। ਇਸ ਮੌਕੇ ਰਾਜਸੱਤਾ ਹੀ ਦੇਸ਼ ਦਾ ਬੇੜਾ ਪਾਰ ਲਾ ਸਕਦੀ ਸੀ। ਇਹ ਵੀ ਮੰਨੀ ਹੋਈ ਗੱਲ ਸੀ ਕਿ ਲੈਲਾ ਅਤੇ ਨਾਦਿਰ ਨੂੰ ਵੀ ਹੁਣ ਜਨਮੱਤ ਨਾਲ ਕੋਈ ਖ਼ਾਸ ਲਗਾਅ ਨਹੀਂ ਰਹਿ ਗਿਆ ਹੋਵੇਗਾ। ਉਹ ਤਖ਼ਤ 'ਤੇ ਬੈਠ ਕੇ ਵੀ ਅਮੀਰਾਂ ਦੇ ਹੀ ਹੱਥਾਂ ਦੀ ਕਠਪੁਤਲੀ ਬਣੇ ਰਹਿਣਗੇ ਅਤੇ ਅਮੀਰਾਂ ਨੂੰ ਪਰਜਾ 'ਤੇ ਮਨਚਾਹੇ ਅੱਤਿਆਚਾਰ ਕਰਨ ਦਾ ਮੌਕਾ ਮਿਲੇਗਾ। ਇਸ ਸਦਕੇ ਆਪਸ ਵਿੱਚ ਸਲਾਹ ਕਰ ਕੇ ਉਹਨਾਂ ਨੇ ਆਪਣੇ ਇੱਕ ਪ੍ਰਤੀਨਿਧੀ ਨੂੰ ਨਾਦਿਰ ਨੂੰ ਮਨਾਉਣ ਲਈ ਰਵਾਨਾ ਕੀਤਾ।

ਸ਼ਾਮ ਦਾ ਵੇਲਾ ਸੀ, ਲੈਲਾ ਅਤੇ ਨਾਦਿਰ ਦਮਿਸ਼ਕ ਦੇ ਇੱਕ ਰੁੱਖ ਹੇਠਾਂ ਬੈਠੇ ਸਨ। ਅਸਮਾਨ 'ਤੇ ਲਾਲੀ ਛਾਈ ਹੋਈ ਸੀ ਅਤੇ ਉਸ ਨਾਲ ਖਹਿ ਰਹੀ ਪਰਬਤ-ਲੜੀ ਦੀ ਸਿਆਹ ਰੇਖਾ ਇਉਂ ਪ੍ਰਤੀਤ ਹੋ ਰਹੀ ਸੀ ਜਿਵੇਂ ਕਮਲ-ਦਲ ਮੁਰਝਾ ਗਿਆ ਹੋਵੇ। ਲੈਲਾ ਖ਼ੁਸ਼ਨੁਮਾ ਨਜ਼ਰਾਂ ਨਾਲ ਪ੍ਰਕਿਰਤੀ ਦੀ ਇਸ ਸ਼ੋਭਾ ਨੂੰ ਮਾਣ ਰਹੀ ਸੀ। ਨਾਦਿਰ ਮਲੀਨ ਅਤੇ ਚਿੰਤਤ ਭਾਵ ਨਾਲ ਪਿਆ ਸਾਹਮਣੇ ਦੇ ਪ੍ਰਾਂਤ ਨੂੰ ਤਰਸੀਆਂ ਨਿਗਾਹਾਂ ਨਾਲ ਦੇਖ ਰਿਹਾ ਸੀ, ਜਿਵੇਂ ਇਸ ਜੀਵਨ ਤੋਂ ਤੰਗ ਆ ਗਿਆ ਹੋਵੇ।

ਅਚਾਨਕ ਬਹੁਤ ਦੂਰ ਧੂੜ ਉੱਡਦੀ ਹੋਈ ਦਿਖਾਈ ਦਿੱਤੀ ਅਤੇ ਅਗਲੇ ਹੀ ਪਲ ਇਉਂ ਲੱਗਿਆ ਜਿਵੇਂ ਕੁਝ ਆਦਮੀ ਘੋੜਿਆਂ 'ਤੇ ਸਵਾਰ ਹੋ ਕੇ ਆ ਰਹੇ ਹੋਣ। ਨਾਦਿਰ ਉੱਠ ਬੈਠਿਆ ਅਤੇ ਗ਼ੌਰ ਨਾਲ ਦੇਖਣ ਲੱਗਿਆ ਕਿ ਇਹ ਆਦਮੀ ਕੌਣ ਹਨ। ਅਚਾਨਕ ਉਹ ਉੱਠ ਕੇ ਖੜ੍ਹਾ ਹੋ ਗਿਆ।ਉਸਦਾ ਮੁੱਖੜਾ ਦੀਵੇ ਵਾਂਗੂੰ ਚਮਕ ਉੱਠਿਆ, ਜਰਜਰ ਸਰੀਰ ਵਿੱਚ ਇੱਕ ਵਿਚਿੱਤਰ ਚੁਸਤੀ-ਫੁਰਤੀ ਦੌੜ ਗਈ। ਉਹ ਉਤਸੁਕਤਾ ਨਾਲ ਬੋਲਿਆ- ''ਲੈਲਾ, ਇਹ ਤਾਂ ਈਰਾਨ ਦੇ ਆਦਮੀ ਨੇ। ਕਲਾਮੇ-ਪਾਕ ਦੀ ਕਸਮ, ਇਹ ਈਰਾਨ ਦੇ ਹੀ ਆਦਮੀ ਨੇ, ਇਹਨਾਂ ਦੇ ਲਿਬਾਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ।''

ਲੈਲਾ ਨੇ ਵੀ ਉਹਨਾਂ ਯਾਤਰੀਆਂ ਵੱਲ ਦੇਖਿਆ ਤੇ ਸਚੇਤ ਹੋ ਕੇ ਕਿਹਾ- ''ਆਪਣੀ ਤਲਵਾਰ ਸੰਭਾਲ, ਸ਼ਾਇਦ ਉਸਦੀ ਲੋੜ ਪੈ ਜਾਵੇ।''

ਨਾਦਿਰ- ''ਨਹੀਂ ਲੈਲਾ, ਈਰਾਨ ਦੇ ਲੋਕ ਏਨੇ ਕਮੀਨੇ ਨਹੀਂ ਹਨ ਕਿ ਆਪਣੇ ਬਾਦਸ਼ਾਹ ਉੱਪਰ ਹੱਥ ਚੁੱਕਣ।''

ਸਵਾਰਾਂ ਨੇ ਕੋਲ ਆ ਕੇ ਘੋੜੇ ਰੋਕ ਲਏ ਅਤੇ ਉੱਤਰ ਕੇ ਬੜੇ ਅਦਬ ਨਾਲ ਨਾਦਿਰ ਨੂੰ ਸਲਾਮ ਕੀਤਾ।ਨਾਦਿਰ ਬਹੁਤ ਜ਼ਬਤ ਕਰਨ ਤੇ ਵੀ ਆਪਣੇ ਮਨੋਵੇਗ ਨੂੰ ਨਾ ਰੋਕ ਪਾਇਆ ਅਤੇ ਦੌੜ ਕੇ ਉਹਨਾਂ ਦੇ ਗਲ਼ ਨੂੰ ਚਿੰਬੜ ਗਿਆ। ਉਹ ਹੁਣ ਬਾਦਸ਼ਾਹ ਨਹੀਂ ਸੀ, ਈਰਾਨ ਦਾ ਇੱਕ ਮੁਸਾਫ਼ਿਰ ਸੀ, ਬਾਦਸ਼ਾਹਤ ਮਿਟ ਚੁੱਕੀ ਸੀ ਪਰ ਈਰਾਨੀਅਤ ਰੋਮ-ਰੋਮ ਵਿੱਚ ਭਰੀ ਹੋਈ ਸੀ। ਉਹ ਤਿੰਨੋਂ ਆਦਮੀ ਇਸ ਸਮੇਂ ਈਰਾਨ ਦੇ ਵਿਧਾਤਾ ਸਨ, ਉਹ ਉਹਨਾਂ ਨੂੰ ਖ਼ੂਬ ਪਛਾਣਦਾ ਸੀ, ਉਹਨਾਂ ਦੀ ਸਵਾਮੀ-ਭਗਤੀ ਦੀ ਉਹ ਕਈ ਵਾਰ ਪ੍ਰੀਖਿਆ ਲੈ ਚੁੱਕਾ ਸੀ। ਉਸਨੇ ਉਨ੍ਹਾਂ ਨੂੰ ਲਿਆ ਕੇ ਆਪਣੇ ਬੋਰੇ 'ਤੇ ਬਿਠਾਉਣਾ ਚਾਹਿਆ ਪਰ ਉਹ ਜ਼ਮੀਨ 'ਤੇ ਹੀ ਬੈਠੇ ਰਹੇ, ਉਹਨਾਂ ਦੀ ਨਜ਼ਰ 'ਚ ਉਹ ਬੋਰੀ ਉਸ ਸਮੇਂ ਤਖ਼ਤ ਸੀ, ਜਿਸ ਉੱਪਰ ਆਪਣੇ ਸਵਾਮੀ ਦੇ ਸਾਹਮਣੇ ਉਹ ਕਦਮ ਵੀ ਨਹੀਂ ਰੱਖ ਸਕਦੇ ਸਨ। ਗੱਲਬਾਤ ਛਿੜ ਪਈ, ਈਰਾਨ ਦੀ ਦਸ਼ਾ ਬਹੁਤ ਮਾੜੀ ਸੀ, ਲੁੱਟਮਾਰ ਦਾ ਬਾਜ਼ਾਰ ਗਰਮ ਸੀ, ਨਾ ਕੋਈ ਵਿਵਸਥਾ ਸੀ ਅਤੇ ਨਾ ਹੀ ਵਿਵਸਥਾ ਕਰਨ ਵਾਲੇ, ਜੇ ਇਹੀ ਦਸ਼ਾ ਰਹੀ ਤਾਂ ਸ਼ਾਇਦ ਬਹੁਤ ਜਲਦੀ ਉਸਦੇ ਗਲ਼ ਗ਼ੁਲਾਮੀ ਦੀ ਪੰਜਾਲ਼ੀ ਪੈ ਜਾਵੇਗੀ। ਦੇਸ਼ ਹੁਣ ਨਾਦਿਰ ਨੂੰ ਲੱਭ ਰਿਹਾ ਸੀ। ਉਸਦੇ ਸਿਵਾ ਕੋਈ ਦੂਸਰਾ ਉਸ ਡੁੱਬਦੇ ਹੋਏ ਬੇੜੇ ਨੂੰ ਪਾਰ ਨਹੀਂ ਲਗਾ ਸਕਦਾ ਸੀ। ਇਸੇ ਆਸ ਨੂੰ ਲੈ ਕੇ ਇਹ ਲੋਕ ਆਏ ਸਨ।
ਨਾਦਿਰ ਨੇ ਉਦਾਸੀਨਤਾ ਨਾਲ ਕਿਹਾ- ''ਇੱਕ ਵਾਰ ਇੱਜ਼ਤ ੳੇਤਾਰੀ, ਇਸ ਵਾਰ ਕੀ ਜਾਨ ਲੈਣ ਦੀ ਸੋਚੀ ਏ? ਮੈਂ ਬੜੇ ਆਰਾਮ ਨਾਲ ਹਾਂ, ਤੁਸੀਂ ਮੈਨੂੰ ਪਰੇਸ਼ਾਨ ਨਾ ਕਰੋ।''

ਸਰਦਾਰਾਂ ਨੇ ਜ਼ੋਰ ਪਾੳੇਣਾ ਸ਼ੁਰੂ ਕੀਤਾ- ''ਅਸੀਂ ਹਜ਼ੂਰ ਦਾ ਪੱਲਾ ਨਹੀਂ ਛੱਡਾਂਗੇ, ਇੱਥੇ ਹੀ ਆਪਣੀਆਂ ਗਰਦਨਾਂ 'ਤੇ ਛੁਰੀਆਂ ਫੇਰ ਕੇ ਆਪਣੇ ਹਜ਼ੂਰ ਦੇ ਕਦਮਾਂ ਵਿੱਚ ਜਾਨ ਦੇ ਦਿਆਂਗੇ, ਜਿਨ੍ਹਾਂ ਬਦਮਾਸ਼ਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ ਸੀ, ਹੁਣ ਉਹਨਾਂ ਦਾ ਕੋਈ ਨਾਮੋ-ਨਿਸ਼ਾਨ ਬਾਕੀ ਨਹੀਂ ਰਿਹਾ, ਅਸੀਂ ਉਨ੍ਹਾਂ ਨੂੰ ਹੁਣ ਕਦੇ ਵੀ ਸਿਰ ਉੇਠਾਉਣ ਨਹੀਂ ਦਿਆਂਗੇ, ਸਿਰਫ਼ ਹਜ਼ੂਰ ਦੀ ਸਰਪਰਸਤੀ ਚਾਹੀਦੀ ਹੈ।''

ਨਾਦਿਰ ਨੇ ਵਿੱਚੋਂ ਟੋਕ ਕੇ ਕਿਹਾ- ''ਸਾਹਿਬਾਨ, ਜੇਕਰ ਤੁਸੀਂ ਮੈਨੂੰ ਇਸ ਇਰਾਦੇ ਨਾਲ ਈਰਾਨ ਦਾ ਬਾਦਸ਼ਾਹ ਬਣਾੳੇਣਾ ਚਾਹੁੰਦੇ ਹੋ, ਤਾਂ ਮਾਫ਼ ਕਰੋ, ਇਸ ਸਫ਼ਰ ਵਿੱਚ ਮੈਂ ਪਰਜਾ ਦੀ ਹਾਲਤ ਦਾ ਬੜੇ ਗ਼ੌਰ ਨਾਲ ਮੁਲਾਹਜ਼ਾ ਕੀਤਾ ਹੈ ਅਤੇ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਸਾਰੇ ਮੁਲਕਾਂ ਵਿੱਚ ਉਸਦੀ ਹਾਲਤ ਖ਼ਰਾਬ ਹੈ, ਰਹਿਮ ਦੇ ਕਾਬਿਲ ਹੈ। ਈਰਾਨ ਵਿੱਚ ਮੈਨੂੰ ਕਦੇ ਇਹੋ ਜਿਹੇ ਮੌਕੇ ਨਹੀਂ ਮਿਲੇ ਸਨ। ਮੈਂ ਪਰਜਾ ਨੂੰ ਆਪਣੇ ਦਰਬਾਰੀਆਂ ਦੀਆਂ ਅੱਖਾਂ ਨਾਲ ਦੇਖਦਾ ਸੀ। ਮੇਰੇ ਤੋਂ ਤੁਸੀਂ ਇਹ ਉਮੀਦ ਨਾ ਰੱਖੋ ਕਿ ਮੈਂ ਪਰਜਾ ਨੂੰ ਲੁੱਟ ਕੇ ਤੁਹਾਡੀਆਂ ਜੇਬਾਂ ਭਰਾਂਗਾ। ਇਹ ਇਲਜ਼ਾਮ ਮੈਂ ਆਪਣੇ ਸਿਰ 'ਤੇ ਨਹੀਂ ਲੈ ਸਕਦਾ, ਮੈਂ ਇਨਸਾਫ਼ ਦੀ ਤੱਕੜੀ ਬਰਾਬਰ ਰੱਖਾਂਗਾ ਅਤੇ ਇਸੇ ਸ਼ਰਤ 'ਤੇ ਈਰਾਨ ਚੱਲ ਸਕਦਾ ਹਾਂ।''

ਲੈਲਾ ਨੇ ਮੁਸਕੁਰਾ ਕੇ ਕਿਹਾ- ''ਤੂੰ ਪਰਜਾ ਦਾ ਕਸੂਰ ਮਾਫ਼ ਕਰ ਸਕਦਾ ਏਂ, ਕਿਉਂਕਿ ਉਸਦੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਸਦੇ ਦੰਦ ਤਾਂ ਮੇਰੇ ੳੇੁੱਤੇ ਸਨ, ਮੈਂ ਉਸਨੂੰ ਕਿਵੇਂ ਮਾਫ਼ ਕਰ ਸਕਦੀ ਹਾਂ?''
ਨਾਦਿਰ ਨੇ ਬੜੀ ਗੰਭੀਰਤਾ ਨਾਲ ਕਿਹਾ- ''ਲੈਲਾ, ਮੈਨੂੰ ਯਕੀਨ ਨਹੀਂ ਆ ਰਿਹਾ ਕਿ ਮੈਂ ਤੇਰੇ ਮੂੰਹੋਂ ਏਹੋ ਜਿਹੀ ਗੱਲ ਸੁਣ ਰਿਹਾ ਹਾਂ।''
ਲੋਕਾਂ ਨੇ ਸਮਝਾਇਆ, ਹਾਲੇ ਉਨ੍ਹਾਂ ਨੂੰ ਭੜਕਾਉਣ ਦੀ ਜ਼ਰੂਰਤ ਹੀ ਕੀ ਹੈ? ਈਰਾਨ ਵਿੱਚ ਪਹੁੰਚ ਕੇ ਦੇਖਿਆ ਜਾਏਗਾ। ਦੋ-ਚਾਰ ਮੁਖ਼ਬਿਰਾਂ ਤੋਂ ਪਰਜਾ ਦੇ ਨਾਂ 'ਤੇ ਇਹੋ ਜਿਹੀਆਂ ਗੜਬੜੀਆਂ ਕਰਵਾ ਦਿਆਂਗੇ ਕਿ ਇਹਨਾਂ ਦੇ ਸਾਰੇ ਖ਼ਿਆਲਾਤ ਬਦਲ ਜਾਣਗੇ। ਇੱਕ ਸਰਦਾਰ ਨੇ ਬੇਨਤੀ ਕੀਤੀ- ''ਹਜ਼ੂਰ! ਇਹ ਕੀ ਆਖ ਰਹੇ ਹੋ? ਅਸੀਂ ਕੀ ਇੰਨੇ ਨਾਦਾਨ ਹਾਂ ਕਿ ਹਜ਼ੂਰ ਨੂੰ ਇਨਸਾਫ਼ ਦੇ ਰਸਤੇ 'ਤੋਂ ਭਟਕਾਉਣਾ ਚਾਹਾਂਗੇ? ਇਨਸਾਫ਼ ਹੀ ਬਾਦਸ਼ਾਹ ਦਾ ਜੌਹਰ ਹੈ, ਅਤੇ ਸਾਡੀ ਦਿਲੀ ਤਮੰਨਾ ਇਹੀ ਹੈ ਕਿ ਤੁਹਾਡਾ ਇਨਸਾਫ਼ ਨੌਂਸ਼ੇਰਬਾਂ ਨੂੰ ਵੀ ਸ਼ਰਮਸਾਰ ਕਰ ਦੇਵੇ। ਸਾਡੀ ਮਨਸ਼ਾ ਸਿਰਫ਼ ਏਹੋ ਹੈ ਕਿ ਅੱਗੇ ਤੋਂ ਅਸੀਂ ਪਰਜਾ ਨੂੰ ਕਦੇ ਏਹੋ ਜਿਹਾ ਮੌਕਾ ਨਹੀਂ ਦੇਵਾਂਗੇ ਕਿ ਉਹ ਹਜ਼ੂਰ ਦੀ ਸ਼ਾਨ ਵਿੱਚ ਬੇ-ਅਦਬੀ ਕਰ ਸਕੇ, ਅਸੀਂ ਆਪਣੀਆਂ ਜਾਨਾਂ ਹਜ਼ੂਰ 'ਤੇ ਵਾਰਨ ਲਈ ਹਮੇਸ਼ਾਂ ਤਿਆਰ ਹੋਵਾਂਗੇ।''

ਅਚਾਨਕ ਅਜਿਹਾ ਪ੍ਰਤੀਤ ਹੋਣ ਲੱਗਾ ਜਿਵੇਂ ਸਾਰੀ ਪ੍ਰਕਿਰਤੀ ਸੰਗੀਤਮਈ ਹੋ ਗਈ। ਪਹਾੜ ਅਤੇ ਰੁੱਖ, ਤਾਰੇ ੳਤੇ ਚੰਨ, ਹਵਾ ੳਤੇ ਪਾਣੀ, ਸਾਰੇ ਇੱਕੋ ਸੁਰ 'ਚ ਗਾਉਣ ਲੱਗ ਪਏ। ਚਾਨਣੀ ਦੀ ਨਿਰਮਲਤਾ ਵਿੱਚੋਂ, ਹਵਾ ਦੇ ਵਹਿਣ ਵਿੱਚੋਂ, ਸੰਗੀਤ ਦੀਆਂ ਤਰੰਗਾਂ ੳੇੱਠਣ ਲੱਗੀਆਂ, ਲੈਲਾ ਆਪਣਾ ਡੱਫ ਵਜਾ-ਵਜਾ ਕੇ ਗਾ ਰਹੀ ਸੀ, ਅੱਜ ਪਤਾ ਲੱਗਾ ਧੁਨੀ ਹੀ ਸ੍ਰਿਸ਼ਟੀ ਦਾ ਮੂਲ ਹੈ, ਪਹਾੜਾਂ ਉੱਪਰ ਦੇਵੀਆਂ ਨਿੱਕਲ-ਨਿੱਕਲ ਕੇ ਨੱਚਣ ਲਗ ਪਈਆਂ, ਆਕਾਸ਼ 'ਤੇ ਦੇਵਤਾ ਨੱਚਣ ਲੱਗ ਪਏ, ਸੰਗੀਤ ਨੇ ਇੱਕ ਨਵਾਂ ਸੰਸਾਰ ਰਚ ਦਿੱਤਾ।

ਉਸ ਦਿਨ ਤੋਂ, ਜਦੋਂ ਪਰਜਾ ਨੇ ਰਾਜ ਭਵਨ ਦੇ ਬੂਹੇ ਅੱਗੇ ਰੌਲਾ ਪਾਇਆ ਸੀ ਅਤੇ ਲੈਲਾ ਨੂੰ ਦੇਸ਼-ਨਿਕਾਲੇ ਲਈ ਮਜਬੂਰ ਕੀਤਾ ਸੀ, ਲੈਲਾ ਦੇ ਵਿਚਾਰਾਂ ਵਿੱਚ ਕ੍ਰਾਂਤੀ ਆ ਗਈ ਸੀ। ਜਨਮ ਤੋਂ ਹੀ ਉਸਨੇ ਜਨਤਾ ਦੇ ਨਾਲ ਸਹਾਨੁਭੂਤੀ ਕਰਨਾ ਸਿੱਖਿਆ ਸੀ, ਉਹ ਰਾਜ ਕਰਮਚਾਰੀਆਂ ਨੂੰ ਪਰਜਾ 'ਤੇ ਅੱਤਿਆਚਾਰ ਕਰਦੇ ਹੋਏ ਦੇਖਦੀ ਸੀ ਤਾਂ ਉਸਦਾ ਕੋਮਲ ਹਿਰਦਾ ਤੜਪ ਉੱਠਦਾ ਸੀ,ਉਦੋਂ ਧਨ, ਸੰਪਦਾ ਅਤੇ ਵਿਲਾਸ ਤੋਂ ਉਸਨੂੰ ਘ੍ਰਿਣਾ ਹੋਣ ਲਗਦੀ ਸੀ, ਜਿਸਦੇ ਕਾਰਣ ਪਰਜਾ ਨੂੰ ਇੰਨੇ ਦੁੱਖ ਸਹਿਣੇ ਪੈਂਦੇ ਸਨ। ਉਹ ਆਪਣੇ ਵਿੱਚ ਕੋਈ ਐਸੀ ਸ਼ਕਤੀ ਉਜਾਗਰ ਕਰਨਾ ਚਾਹੁੰਦੀ ਸੀ ਜੋ ਅੱਤਿਆਚਾਰੀਆਂ ਦੇ ਦਿਲਾਂ ਵਿੱਚ 'ਦਇਆ' ਅਤੇ ਪਰਜਾ ਦੇ ਦਿਲਾਂ ਵਿੱਚ 'ਨਿਡਰਤਾ' ਦਾ ਸੰਚਾਰ ਕਰ ਸਕੇ। ਉਸਦੀ ਬਾਲ-ਕਲਪਣਾ ਉਸਨੂੰ ਐਸੇ ਤਖ਼ਤ ਤੇ ਬਿਠਾ ਦਿੰਦੀ, ਜਿੱਥੇ ਉਹ ਆਪਣੀ ਨਿਆਂ ਨੀਤੀ ਨਾਲ ਸੰਸਾਰ ਵਿੱਚ ਯੁਗਾਂਤਰ ਉਪਸਥਿਤ ਕਰ ਦਿੰਦੀ। ਕਿੰਨੀਆਂ ਹੀ ਰਾਤਾਂ ਉਸਨੇ ਇਹ ਸੁਪਨਾ ਦੇਖਣ ਵਿੱਚ ਕੱਟੀਆਂ ਸਨ, ਕਿੰਨੀ ਵਾਰ ਉਹ ਅਨਿਆਂ ਪੀੜਤਾਂ ਦੇ ਸਿਰਹਾਣੇ ਬੈਠ ਕੇ ਰੋਈ ਸੀ, ਪਰ ਜਦ ਇੱਕ ਦਿਨ ਐਸਾ ਆਇਆ ਕਿ ਉਸਦੇ ਸੁਨਹਿਰੀ ਖ਼ਾਬ ਅੰਸ਼ਿਕ ਰੂਪ ਵਿੱਚ ਪੂਰੇ ਹੋਣ ਲੱਗੇ ਤਦ ਉਸਨੂੰ ਇੱਕ ਨਵਾਂ ਅਤੇ ਕਠੋਰ ਅਨੁਭਵ ਹੋਇਆ, ਉਸਨੇ ਦੇਖਿਆ ਕਿ ਪਰਜਾ ਇੰਨੀ ਸਹਿਣਸ਼ੀਲ, ਇੰਨੀ ਦੁਰਬਲ ਤੇ ਇੰਨੀ ਦੀਨ ਵੀ ਨਹੀਂ ਹੈ, ਜਿੰਨਾ ਉਹ ਸਮਝਦੀ ਸੀ।ਬਲਕਿ ਉਸ ਵਿੱਚ ਹੋਛੇਪਣ, ਅਵਿਚਾਰ ਅਤੇ ਅਸੱਭਿਅਕਤਾ ਦੀ ਮਾਤਰਾ ਕਿਤੇ ਜ਼ਿਆਦਾ ਸੀ। ਉਹ ਚੰਗੇ ਵਿਵਹਾਰ ਦੀ ਕਦਰ ਕਰਨਾ ਨਹੀਂ ਜਾਣਦੀ, ਤਾਕਤ ਹਾਸਿਲ ਕਰ ਕੇ ਵੀ ਉਸਦਾ ਸਹੀ ਉਪਯੋਗ ਨਹੀਂ ਕਰ ਸਕਦੀ, ਉਸੇ ਦਿਨ ਉਸਦਾ ਦਿਲ ਜਨਤਾ ਤੋਂ ਫਿਰ ਗਿਆ ਸੀ।

ਜਿਸ ਦਿਨ ਨਾਦਿਰ ਅਤੇ ਲੈਲਾ ਫਿਰ ਤਹਿਰਾਨ ਵਿੱਚ ਉਜਾਗਰ ਹੋਏ, ਸਾਰਾ ਨਗਰ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਨਿੱਕਲ ਪਿਆ। ਸ਼ਹਿਰ ਵਿੱਚ ਆਤੰਕ ਛਾਇਆ ਪਿਆ ਸੀ, ਹਰ ਪਾਸੇ ਪੀੜਾਮਈ ਰੁਦਨ ਦੀ ਧੁਨੀ ਸੁਣਾਈ ਦੇ ਰਹੀ ਸੀ, ਅਮੀਰਾਂ ਦੇ ਮੁਹੱਲੇ ਵਿੱਚ ਖ਼ੁਸ਼ੀ ਰੁਲਦੀ ਫਿਰ ਰਹੀ ਸੀ ਅਤੇ ਗ਼ਰੀਬਾਂ ਦੇ ਮੁਹੱਲੇ ਉੱਜੜੇ ਪਏ ਸਨ, ਉਹਨਾਂ ਨੂੰ ਦੇਖ ਕੇ ਕਲੇਜਾ ਫਟਿਆ ਜਾ ਰਿਹਾ ਸੀ, ਨਾਦਿਰ ਰੋ ਪਿਆ, ਪਰ ਲੈਲਾ ਦੇ ਬੁਲ੍ਹਾਂ 'ਤੇ ਕਠੋਰ, ਨਿਰਦਈ ਹਾਸਾ ਤੈਰ ਰਿਹਾ ਸੀ।

ਨਾਦਿਰ ਦੇ ਸਾਹਮਣੇ ਹੁਣ ਇੱਕ ਵਿਕਟ ਸਮੱਸਿਆ ਸੀ, ਉਹ ਨਿੱਤ ਦੇਖਦਾ ਕਿ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਨਹੀਂ ਹੁੰਦਾ ਅਤੇ ਜੋ ਨਹੀਂ ਕਰਨਾ ਚਾਹੁੰਦਾ, ਉਹੀ ਹੁੰਦਾ ਹੈ, ਅਤੇ ਇਸਦਾ ਕਾਰਣ ਲੈਲਾ ਹੈ। ਪਰ ਕੁਛ ਕਹਿ ਨਹੀਂ ਸਕਦਾ ਸੀ, ਲੈਲਾ ਉਸਦੇ ਹਰ ਕੰਮ ਵਿੱਚ ਆਪਣੀ ਟੰਗ ਅੜਾਉਂਦੀ ਸੀ। ਉਹ ਜਨਤਾ ਦੇ ਉਪਕਾਰ ਅਤੇ ਉੱਥਾਨ ਲਈ ਜੋ ਵੀ ਵਿਉਂਤ ਘੜਦਾ, ਲੈਲਾ ਉਸ ਵਿੱਚ ਕੋਈ ਨਾ ਕੋਈ ਵਿਘਨ ਪਾ ਦਿੰਦੀ ਅਤੇ ਉਸ ਨੂੰ ਚੁੱਪ ਰਹਿਣ ਦੇ ਸਿਵਾਏ ਕੁਝ ਨਾ ਸੁੱਝਦਾ। ਲੈਲਾ ਦੇ ਲਈ ਉਸਨੇ ਇੱਕ ਵਾਰ ਰਾਜਪਾਟ ਦਾ ਤਿਆਗ ਕਰ ਦਿੱਤਾ ਸੀ, ਉਦੋਂ ਬੁਰੇ ਵਕਤ ਵਿੱਚ ਲੈਲਾ ਦੀ ਪ੍ਰੀਖਿਆ ਲਈ ਸੀ, ਇੰਨੇ ਦਿਨਾਂ ਦੀ ਬਿਪਤਾ ਵਿੱਚ ਉਸਨੂੰ ਲੈਲਾ ਦੇ ਚਰਿੱਤਰ ਦਾ ਜੋ ਅਨੁਭਵ ਹੋਇਆ ਸੀ, ਉਹ ਇੰਨਾ ਮਨੋਹਰ, ਇੰਨਾ ਰਸਭਿੰਨਾ ਸੀ ਕਿ ਉਹ ਲੈਲਾ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਸੀ। ਲੇਲਾ ਹੀ ਉਸਦਾ ਸਵਰਗ ਸੀ, ਉਸਦੇ ਪ੍ਰੇਮ ਵਿੱਚ ਡੁੱਬੇ ਰਹਿਣਾ ਹੀ ਉਸ ਦੀ ਸਭ ਤੋਂ ਵੱਡੀ ਖ਼ਾਹਿਸ਼ ਸੀ, ਲੈਲਾ ਲਈ ਉਹ ਹੁਣ ਕੀ ਕੁਝ ਨਹੀਂ ਕਰ ਸਕਦਾ ਸੀ? ਪਰਜਾ ਦੀ ਅਤੇ ਸਾਮਰਾਜ ਦੀ ਉਸਦੇ ਸਾਹਮਣੇ ਕੀ ਹਸਤੀ ਸੀ?

ਇਸੇ ਤਰ੍ਹਾਂ ਤਿੰਨ ਸਾਲ ਬੀਤ ਗਏ, ਪਰਜਾ ਦੀ ਦਸ਼ਾ ਦਿਨ-ਬ-ਦਿਨ ਵਿਗੜਦੀ ਹੀ ਗਈ।

ਇੱਕ ਦਿਨ ਨਾਦਿਰ ਸ਼ਿਕਾਰ ਖੇਡਣ ਗਿਆ ਅਤੇ ਸਾਥੀਆਂ ਤੋਂ ਅਲੱਗ ਹੋ ਜੰਗਲ ਵਿੱਚ ਭਟਕਣ ਲੱਗਾ, ਇੱਥੋਂ ਤੱਕ ਕਿ ਰਾਤ ਹੋ ਗਈ, ਪਰ ਸਾਥੀਆਂ ਦਾ ਪਤਾ ਨਾ ਚੱਲਿਆ, ਘਰ ਪਰਤਣ ਦਾ ਰਾਹ ਵੀ ਉਹ ਨਹੀਂ ਜਾਣਦਾ ਸੀ। ਅਖ਼ੀਰ ਖ਼ੁਦਾ ਦਾ ਨਾਂ ਲੈ ਕੇ ਉਹ ਇੱਕ ਪਾਸੇ ਨੂੰ ਤੁਰ ਪਿਆ ਕਿ ਕਿਤੇ ਤਾਂ ਕਿਸੇ ਪਿੰਡ ਜਾਂ ਬਸਤੀ ਦਾ ਨਾਮੋ-ਨਿਸ਼ਾਨ ਮਿਲੇਗਾ, ਉਥੇ ਰਾਤ ਭਰ ਪਿਆ ਰਹਾਂਗਾ ਅਤੇ ਸਵੇਰੇ ਪਰਤ ਜਾਵਾਂਗਾ। ਚੱਲਦੇ-ਚੱਲਦੇ ਜੰਗਲ ਦੇ ਦੂਸਰੇ ਸਿਰੇ 'ਤੇ ਉਸਨੂੰ ਇੱਕ ਪਿੰਡ ਨਜ਼ਰ ਆਇਆ, ਜਿਸ ਵਿੱਚ ਮੁਸ਼ਕਿਲ ਨਾਲ ਦੋ ਚਾਰ ਘਰ ਹੋਣਗੇ, ਹਾਂ, ਇੱਕ ਮਸਜਿਦ ਜ਼ਰੂਰ ਬਣੀ ਹੋਈ ਸੀ, ਮਸਜਿਦ ਵਿੱਚ ਇੱਕ ਦੀਵਾ ਟਿਮਟਿਮਾ ਰਿਹਾ ਸੀ, ਪਰ ਕਿਸੇ ਆਦਮੀ ਜਾਂ ਆਦਮਜ਼ਾਤ ਦਾ ਨਾਮੋ- ਨਿਸ਼ਾਨ ਤੱਕ ਨਹੀਂ ਸੀ, ਅੱਧੀ ਰਾਤ ਤੋਂ ਜ਼ਿਆਦਾ ਬੀਤ ਚੁੱਕੀ ਸੀ, ਇਸ ਲਈ ਕਿਸੇ ਨੂੰ ਤਕਲੀਫ਼ ਦੇਣੀ ਵੀ ਠੀਕ ਨਹੀਂ ਸੀ। ਨਾਦਿਰ ਨੇ ਘੋੜੇ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਮਸਜਿਦ ਵਿੱਚ ਰਾਤ ਕੱਟਣ ਦੀ ਠਾਣ ਲਈ। ਉੱਥੇ ਇੱਕ ਫਟੀ ਜਿਹੀ ਚਟਾਈ ਪਈ ਸੀ, ਉਹ ਉਸੇ 'ਤੇ ਲੇਟ ਗਿਆ, ਦਿਨ ਭਰ ਦਾ ਥੱਕਿਆ ਮਾਰਿਆ ਸੀ, ਪੈਂਦੇ ਸਾਰ ਹੀ ਨੀਂਦ ਆ ਗਈ। ਪਤਾ ਨਹੀਂ ਉਹ ਕਿੰਨੀ ਦੇਰ ਸੁੱਤਾ ਰਿਹਾ, ਪਰ ਕਿਸੇ ਦੀ ਆਹਟ ਪਾ ਕੇ ਤ੍ਰਭਕਿਆ ਤਾਂ ਕੀ ਦੇਖਦਾ ਹੈ ਕਿ ਇੱਕ ਬੁੱਢਾ ਆਦਮੀ ਬੈਠਾ ਨਮਾਜ਼ ਪੜ੍ਹ ਰਿਹਾ ਹੈ, ਨਾਦਿਰ ਨੂੰ ਅਸਚਰਜ ਹੋਇਆ ਕਿ ਇੰਨੀ ਰਾਤ ਗਏ ਕੌਣ ਨਮਾਜ਼ ਪੜ੍ਹ ਰਿਹਾ ਹੈ। ਉਸਨੂੰ ਇਹ ਖ਼ਬਰ ਨਹੀਂ ਸੀ ਕਿ ਰਾਤ ਬੀਤ ਚੁੱਕੀ ਹੈ ਅਤੇ ਇਹ ਫ਼ਜ਼ਲ ਦੀ ਨਮਾਜ਼ ਹੈ। ਉਹ ਪਿਆ-ਪਿਆ ਦੇਖਦਾ ਰਿਹਾ। ਬਿਰਧ ਵਿਅਕਤੀ ਨੇ ਨਮਾਜ਼ ਅਦਾ ਕੀਤੀ, ਫਿਰ ਉਹ ਸੀਨੇ ਦੇ ਸਾਹਮਣੇ ਹੱਥ ਫੈਲਾ ਕੇ ਦੁਆ ਮੰਗਣ ਲੱਗਾ, ਦੁਆ ਦੇ ਸ਼ਬਦ ਸੁਣ ਕੇ ਉਸਦਾ ਖ਼ੂਨ ਸਰਦ ਹੋ ਗਿਆ। ਉਹ ਦੁਆ ਉਸਦੇ ਰਾਜਕਾਲ ਦੀ ਐਸੀ ਤੀਬਰ, ਐਸੀ ਵਾਸਤਵਿਕ, ਐਸੀ ਸਿੱਖਿਆਪਰਕ ਆਲੋਚਨਾ ਸੀ, ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਸੀ। ਉਸਨੂੰ ਆਪਣੇ ਜੀਵਨ ਵਿੱਚ ਆਪਣਾ ਅਪਯਸ਼ ਸੁਣਨ ਦਾ ਮੌਕਾ ਮਿਲ ਰਿਹਾ ਸੀ, ਉਹ ਇਹ ਤਾਂ ਜਾਣਦਾ ਸੀ ਕਿ ਉਸਦਾ ਸ਼ਾਸਨ ਆਦਰਸ਼ ਨਹੀਂ ਹੈ, ਪਰ ਇਹ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਸਥਿਤੀ ਇੰਨੀ ਅਸਹਿਣਯੋਗ ਹੋ ਗਈ ਹੈ, ਦੁਆ ਇਹ ਸੀ-
''ਐ ਖ਼ੁਦਾ! ਤੂੰ ਹੀ ਗ਼ਰੀਬਾਂ ਦਾ ਮਦਦਗ਼ਾਰ ਅਤੇ ਬੇਕਸਾਂ ਦਾ ਸਹਾਰਾ ਹੈਂ। ਤੂੰ ਇਸ ਜ਼ਾਲਿਮ ਬਾਦਸ਼ਾਹ ਦੇ ਜ਼ੁਲਮ ਦੇਖਦਾ ਹੈਂ ਤੇ ਤੇਰਾ ਕਹਿਰ ਉਸ 'ਤੇ ਨਹੀਂ ਡਿੱਗਦਾ, ਇਹ ਬੇ-ਦੀਨ ਕਾਫ਼ਿਰ, ਇੱਕ ਹਸੀਨ ਔਰਤ ਦੀ ਮੁਹੱਬਤ ਵਿੱਚ ਖ਼ੁਦ ਨੂੰ ਏਨਾ ਭੁੱਲ ਗਿਆ ਹੈ ਕਿ ਨਾ ਅੱਖਾਂ ਤੋਂ ਦੇਖਦਾ ਹੈ ਨਾ ਕੰਨਾਂ ਤੋਂ ਸੁਣਦਾ ਹੈ। ਜੇ ਦੇਖਦਾ ਹੈ ਤਾਂ ਉਸੇ ਔਰਤ ਦੀਆਂ ਅੱਖਾਂ ਤੋਂ, ਜੇ ਸੁਣਦਾ ਹੈ ਤਾਂ ਉਸੇ ਔਰਤ ਦੇ ਕੰਨਾਂ ਤੋਂ, ਹੁਣ ਇਹ ਮੁਸੀਬਤ ਨਹੀਂ ਸਹੀ ਜਾਂਦੀ, ਜਾਂ ਤਾਂ ਤੂੰ ਉਸ ਜ਼ਾਲਿਮ ਨੂੰ ਜਹੰਨੁਮ ਪਹੁੰਚਾ ਦੇ, ਜਾਂ ਸਾਨੂੰ ਬੇਕਸਾਂ ਨੂੰ ਇਸ ਦੁਨੀਆਂ 'ਤੋਂ ਉਠਾ ਲੈ, ਈਰਾਨ ਉਸਦੇ ਜ਼ੁਲਮ ਤੋਂ ਤੰਗ ਆ ਗਿਆ ਹੈ ਅਤੇ ਤੂੰ ਹੀ ਉਸਦੇ ਸਿਰ 'ਤੋਂ ਇਸ ਬਲਾ ਨੂੰ ਟਾਲ ਸਕਦਾ ਹੈਂ।''
ਬੁੱਢੇ ਨੇ ਤਾਂ ਆਪਣੀ ਖੂੰਡੀ ਸੰਭਾਲੀ ਅਤੇ ਤੁਰਦਾ ਬਣਿਆ, ਪਰ ਨਾਦਿਰ ਕਿਸੇ ਮੁਰਦੇ ਵਾਂਗ ਉੱਥੇ ਹੀ ਪਿਆ ਰਿਹਾ, ਜਿਵੇਂ ਉਸ 'ਤੇ ਬਿਜਲੀ ਡਿੱਗ ਪਈ ਹੋਵੇ।
ਇੱਕ ਹਫ਼ਤੇ ਤੱਕ ਨਾਦਿਰ ਦਰਬਾਰ ਵਿੱਚ ਨਾ ਆਇਆ ਤੇ ਨਾ ਹੀ ਕਿਸੇ ਕਰਮਚਾਰੀ ਨੂੰ ਆਪਣੇ ਕੋਲ ਆਉਣ ਦੀ ਆਗਿਆ ਦਿੱਤੀ, ਪੂਰਾ ਦਿਨ ਅੰਦਰ ਪਿਆ ਇਹ ਸੋਚਦਾ ਰਹਿੰਦਾ ਕਿ ਕੀ ਕਰਾਂ, ਨਾਂ-ਮਾਤਰ ਨੂੰ ਕੁਛ ਖਾ ਲੈਂਦਾ, ਲੈਲਾ ਬਾਰ-ਬਾਰ ਉੇਸਦੇ ਕੋਲ ਜਾਂਦੀ ਅਤੇ ਕਦੇ ਉਸਦਾ ਸਿਰ ਆਪਣੀ ਗੋਦੀ 'ਚ ਰੱਖ ਕੇ, ਕਦੇ ਉਸਦੇ ਗਲ਼ 'ਚ ਬਾਹਾਂ ਪਾ ਕੇ ਪੁੱਛਦੀ- ''ਤੂੰ ਕਿਉਂ ਏਨਾ ਉਦਾਸ ਤੇ ਪਰੇਸ਼ਾਨ ਏਂ?'' ਨਾਦਿਰ ਉਸਨੂੰ ਦੇਖ ਕੇ ਰੋਣ ਲੱਗ ਪੈਂਦਾ, ਪਰ ਮੂੰਹੋਂ ਕੁਝ ਨਾ ਕਹਿੰਦਾ, ਯਸ਼ ਜਾਂ ਲੈਲਾ, ਇਹੀ ਉਸਦੇ ਸਾਹਮਣੇ ਕਠਿਨ ਸਮੱਸਿਆ ਸੀ,ਉਸਦੇ ਹਿਰਦੇ ਵਿੱਚ ਭਿਅੰਕਰ ਦੁਚਿੱਤੀ ਲੱਗੀ ਰਹਿੰਦੀ, ਪਰ ਉਹ ਕੁਛ ਨਿਸ਼ਚੈ ਨਾ ਕਰ ਪਾਉਂਦਾ, ਯਸ਼ ਪਿਆਰਾ ਸੀ, ਪਰ ਲੈਲਾ ਉਸ 'ਤੋਂ ਵੀ ਪਿਆਰੀ ਸੀ, ਉਹ ਬਦਨਾਮ ਹੋ ਕੇ ਜਿਉਂਦਾ ਰਹਿ ਸਕਦਾ ਸੀ, ਪਰ ਲੈਲਾ ਦੇ ਬਿਨਾ ਉਹ ਆਪਣੇ ਜੀਵਨ ਦੀ ਕਲਪਣਾ ਹੀ ਨਹੀਂ ਕਰ ਸਕਦਾ ਸੀ, ਲੈਲਾ ਉਸਦੇ ਰੋਮ-ਰੋਮ ਵਿੱਚ ਵਿਆਪਕ ਸੀ।

ਅੰਤ ਵਿੱਚ ਉਸਨੇ ਨਿਸ਼ਚੈ ਕਰ ਲਿਆ- ਲੇਲਾ ਮੇਰੀ ਹੈ, ਮੈਂ ਲੈਲਾ ਦਾ ਹਾਂ, ਨਾ ਮੈਂ ਉਸਤੋਂ ਅਲੱਗ, ਨਾ ਉਹ ਮੇਰੇ ਤੋਂ ਜੁਦਾ, ਜੋ ਕੁਝ ਉਹ ਕਰਦੀ ਹੈ, ਮੇਰਾ ਹੈ, ਜੋ ਕੁਝ ਮੈਂ ਕਰਦਾ ਹਾਂ, ਉਸਦਾ ਹੈ। ਇੱਥੇ ਮੇਰ ਅਤੇ ਤੇਰ ਦਾ ਭੇਦ ਹੀ ਕਿੱਥੇ? ਬਾਦਸ਼ਾਹਤ ਨਸ਼ਵਰ ਹੈ, ਪ੍ਰੇਮ ਅਮਰ, ਅਸੀਂ ਅਨੰਤ ਕਾਲ ਤੱਕ ਇੱਕ ਦੂਸਰੇ ਦੀ ਬੁੱਕਲ ਵਿੱਚ ਬੈਠੇ ਹੋਏ ਸਵਰਗ ਦਾ ਸੁੱਖ ਭੋਗਾਂਗੇ, ਸਾਡਾ ਪ੍ਰੇਮ ਅਨੰਤ ਕਾਲ ਤੱਕ ਅਸਮਾਨ ਦੇ ਤਾਰੇ ਵਾਂਗੂੰ ਚਮਕੇਗਾ। ਨਾਸਿਰ ਪ੍ਰਸੰਨ ਹੋ ਕੇ ਉੱਠਿਆ। ਉਸਦਾ ਮੁੱਖੜਾ ਜਿੱਤ ਦੀ ਲਾਲੀ ਨਾਲ ਦਹਿਕ ਰਿਹਾ ਸੀ, ਅੱਖਾਂ ਵਿੱਚੋਂ ਸੂਰਬੀਰਤਾ ਝਲਕ ਰਹੀ ਸੀ। ਉਹ ਲੈਲਾ ਦੇ ਪ੍ਰੇਮ ਦਾ ਪਿਆਲਾ ਪੀਣ ਜਾ ਰਿਹਾ ਸੀ, ਜਿਸਨੂੰ ਇੱਕ ਹਫ਼ਤੇ ਤੱਕ ਉਸਨੇ ਮੂੰਹ ਵੀ ਨਹੀਂ ਲਾਇਆ ਸੀ। ਉਸਦਾ ਦਿਲ ਉਸੇ ਉਮੰਗ ਵਿੱਚ ਉੱਛਲ ਰਿਹਾ ਸੀ, ਜੋ ਅੱਜ ਤੋਂ ਪੰਜ ਸਾਲ ਪਹਿਲਾਂ ਉੱਠਿਆ ਕਰਦੀ ਸੀ। ਪ੍ਰੇਮ ਦਾ ਫੁੱਲ ਕਦੇ ਨਹੀਂ ਮੁਰਝਾਉਂਦਾ, ਪ੍ਰੇਮ ਦੀ ਨੀਂਦ ਕਦੇ ਨਹੀਂ ਉੱਤਰਦੀ।

ਪਰ ਲੈਲਾ ਦੀ ਆਰਾਮਗਾਹ ਦੇ ਬੂਹੇ ਬੰਦ ਸਨ ਅਤੇ ਡੱਫ ਜੋ ਬੂਹੇ 'ਤੇ ਨਿੱਤ ਇੱਕ ਕਿੱਲੀ 'ਤੇ ਟੰਗਿਆ ਰਹਿੰਦਾ ਸੀ, ਗ਼ਾਇਬ ਸੀ। ਨਾਦਿਰ ਦਾ ਕਲੇਜਾ ਸੁੰਨ ਹੋ ਗਿਆ। ਬੂਹਾ ਬੰਦ ਰਹਿਣ ਦਾ ਮਤਲਬ ਤਾਂ ਇਹ ਹੋ ਸਕਦਾ ਸੀ ਕਿ ਲੈਲਾ ਬਾਗ਼ ਵਿੱਚ ਹੋਵੇਗੀ, ਪਰ ਡੱਫ ਕਿੱਥੇ ਗਿਆ? ਸੰਭਵ ਹੈ, ਉਹ ਡੱਫ ਲੈ ਕੇ ਬਾਗ਼ ਵਿੱਚ ਗਈ ਹੋਵੇ, ਪਰ ਇਹ ਉਦਾਸੀ ਕਿਉਂ ਛਾਈ ਹੈ? ਇਹ ਮਾਯੂਸੀ ਕਿਉਂ ਟਪਕ ਰਹੀ ਹੈ? ਨਾਦਿਰ ਨੇ ਕੰਬਦੇ ਹੋਏ ਹੱਥਾਂ ਨਾਲ ਬੂਹਾ ਖੋਲ੍ਹ ਦਿੱਤਾ, ਲੈਲਾ ਅੰਦਰ ਨਹੀਂ ਸੀ। ਪਲੰਘ ਵਿਛਿਆ ਹੋਇਆ ਸੀ, ਸ਼ਮਾਂ ਜਲ ਰਹੀ ਸੀ, ਵੁਜ਼ੂ ਦਾ ਪਾਣੀ ਰੱਖਿਆ ਹੋਇਆ ਸੀ, ਨਾਦਿਰ ਦੇ ਪੈਰ ਥਰਥਰਾਉਣ ਲੱਗ ਪਏ। ਕੀ ਲੈਲਾ ਰਾਤ ਨੂੰ ਵੀ ਨਹੀਂ ਸੁੱਤੀ? ਕਮਰੇ ਦੀ ਇੱਕ-ਇੱਕ ਚੀਜ਼ ਵਿੱਚ ਲੈਲਾ ਦੀ ਯਾਦ ਸੀ, ਉਸਦੀ ਤਸਵੀਰ ਸੀ, ਉਸਦੀ ਮਹਿਕ ਸੀ ਪਰ ਲੈਲਾ ਨਹੀਂ ਸੀ, ਮਕਾਨ ਸੁੰਨਸਾਨ ਪ੍ਰਤੀਤ ਹੋ ਰਿਹਾ ਸੀ, ਜਿਵੇਂ ਜੋਤੀ ਰਹਿਤ ਨੇਤਰ।

ਨਾਦਿਰ ਦਾ ਦਿਲ ਭਰ ਆਇਆ, ਉਸਦੀ ਹਿੰਮਤ ਨਾ ਪਈ ਕਿ ਕਿਸੇ ਤੋਂ ਕੁਝ ਪੁੱਛੇ, ਦਿਲ ਏਨਾ ਕਾਤਿਰ ਹੋ ਗਿਆ ਕਿ ਮੂਰਖਾਂ ਦੇ ਵਾਂਗ ਫ਼ਰਸ਼ 'ਤੇ ਬੈਠ ਕੇ ਵਿਲਕ- ਵਿਲਕ ਕੇ ਰੋਣ ਲੱਗ ਪਿਆ। ਜਦੋਂ ਜ਼ਰਾ ਹੰਝੂ ਰੁਕੇ ਤਾਂ ਉਸਨੇ ਬਿਸਤਰ ਨੂੰ ਸੁੰਘਿਆ ਕਿ ਸ਼ਾਇਦ ਲੈਲਾ ਦੇ ਸਪਰਸ਼ ਦੀ ਗੰਧ ਆਏ, ਪਰ ਖ਼ਸ ਅਤੇ ਗ਼ੁਲਾਬ ਦੀ ਮਹਿਕ ਦੇ ਸਿਵਾ ਕੋਈ ਸੁਗੰਧ ਨਹੀਂ ਸੀ।

ਅਚਾਨਕ ਉਸਨੂੰ ਸਿਰਹਾਣੇ ਦੇ ਥੱਲਿਉਂ ਬਾਹਰ ਨਿੱਕਲਿਆ ਹੋਇਆ ਇੱਕ ਕਾਗਜ਼ ਦਾ ਪੁਰਜ਼ਾ ਦਿਖਾਈ ਦਿੱਤਾ। ਉਸਨੇ ਇੱਕ ਹੱਥ ਨਾਲ ਕਲੇਜੇ ਨੂੰ ਸੰਭਾਲ ਕੇ ਪੁਰਜ਼ਾ ਕੱਢ ਲਿਆ ਅਤੇ ਸਹਿਮੀਆਂ ਹੋਈਆਂ ਅੱਖਾਂ ਨਾਲ ਉਸਨੂੰ ਦੇਖਿਆ। ਇੱਕੋ ਨਿਗਾਹ ਵਿੱਚ ਸਾਰਾ ਭੇਤ ਖੁੱਲ੍ਹ ਗਿਆ। ਉਹ ਨਾਦਿਰ ਦੀ ਕਿਸਮਤ ਦਾ ਫੈਸਲਾ ਸੀ। ਨਾਦਿਰ ਦੇ ਮੂੰਹੋਂ ਨਿੱਕਲਿਆ- ''ਹਾਏ ਲੈਲਾ!'' ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਲੈਲਾ ਨੇ ਉਸ ਕਾਗਜ਼ ਦੇ ਪੁਰਜ਼ੇ 'ਤੇ ਲਿਖਿਆ ਸੀ- ''ਮੇਰੇ ਪਿਆਰੇ ਨਾਦਿਰ, ਤੇਰੀ ਲੈਲਾ ਤੇਰੇ ਤੋਂ ਜੁਦਾ ਹੁੰਦੀ ਏ- ਹਮੇਸ਼ਾਂ ਲਈ, ਮੇਰੀ ਤਲਾਸ਼ ਨਾ ਕਰੀਂ, ਤੇਨੂੰ ਮੇਰਾ ਸੁਰਾਗ਼ ਨਹੀਂ ਮਿਲੇਗਾ, ਮੈਂ ਤੇਰੀ ਮੁਹੱਬਤ ਦੀ ਗ਼ੁਲਾਮ ਸੀ, ਤੇਰੀ ਬਾਦਸ਼ਾਹਤ ਦੀ ਭੁੱਖੀ ਨਹੀਂ। ਅੱਜ ਇੱਕ ਹਫ਼ਤੇ ਤੋਂ ਦੇਖ ਰਹੀ ਹਾਂ, ਤੇਰੀ ਨਿਗਾਹ ਫਿਰੀ ਹੋਈ ਹੈ। ਤੂੰ ਮੇਰੇ ਨਾਲ ਬੋਲਦਾ ਨਹੀਂ, ਮੇਰੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦਾ, ਮੇਰੇ ਤੋਂ ਬੇਜ਼ਾਰ ਰਹਿੰਦਾ ਹੈਂ। ਮੈਂ ਕਿਹੜੇ -ਕਿਹੜੇ ਅਰਮਾਨ ਲੈ ਕੇ ਤੇਰੇ ਕੋਲ ਆਉਂਦੀ ਹਾਂ ਅਤੇ ਕਿੰਨੀ ਮਾਯੂਸ ਹੋ ਕੇ ਵਾਪਿਸ ਪਰਤਦੀ ਹਾਂ, ਇਸਦਾ ਤੂੰ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਇਸ ਸਜ਼ਾ ਦੇ ਲਾਇਕ ਮੈਂ ਕੋਈ ਕੰਮ ਨਹੀਂ ਕੀਤਾ। ਮੈਂ ਜੋ ਕੁਝ ਵੀ ਕੀਤਾ ਹੈ, ਤੇਰੀ ਹੀ ਭਲਾਈ ਦੇ ਖ਼ਿਆਲ ਨਾਲ। ਇੱਕ ਹਫ਼ਤਾ ਮੈਨੂੰ ਰੋਂਦੇ ਹੋਏ ਗੁਜ਼ਰ ਗਿਆ, ਮੈਨੂੰ ਲੱਗ ਰਿਹਾ ਹੈ ਕਿ ਹੁਣ ਮੈਂ ਤੇਰੀਆਂ ਨਜ਼ਰਾਂ 'ਚੋਂ ਗਿਰ ਗਈ, ਤੇਰੇ ਦਿਲ 'ਚੋਂ ਕੱਢ ਦਿੱਤੀ ਗਈ। ਆਹ! ਇਹ ਪੰਜ ਸਾਲ ਹਮੇਸ਼ਾਂ ਯਾਦ ਰਹਿਣਗੇ, ਹਮੇਸ਼ਾਂ ਤੜਪਾਉਂਦੇ ਰਹਿਣਗੇ, ਇਹੀ ਡੱਫ ਲੈਕੇ ਆਈ ਸੀ, ਇਹੀ ਡੱਫ ਲੈਕੇ ਜਾਂਦੀ ਹਾਂ। ਪੰਜ ਸਾਲ ਮੁਹੱਬਤ ਦੇ ਮਜ਼ੇ ਉਠਾਕੇ, ਜ਼ਿੰਦਗੀ ਭਰ ਲਈ ਹਸਰਤ ਦੇ ਦਾਗ਼ ਲਈ ਜਾਂਦੀ ਹਾਂ, ਲੈਲਾ ਮੁਹੱਬਤ ਦੀ ਗ਼ੁਲਾਮ ਸੀ, ਜਦ ਮੁਹੱਬਤ ਹੀ ਨਾ ਰਹੀ, ਤਾਂ ਲੈਲਾ ਕਿਉਂ ਕਰ ਰਹਿੰਦੀ? ਰੁਖ਼ਸਤ !''
........................................