Sunday, September 6, 2009

ਪ੍ਰਤਿਭਾ ਦਾ ਵਿਨਾਸ਼ - ਬਲਬੀਰ ਸਿੰਘ ਮੋਮੀ

ਪ੍ਰਤਿਭਾ ਦਾ ਵਿਨਾਸ਼   - ਬਲਬੀਰ ਸਿੰਘ ਮੋਮੀ
  ਆਪਣੇ ਆਪ ਦੀ ਚਾਹੀ ਅਤੇ ਅਣਚਾਹੀ ਵਰਤੋਂ ਨਾ ਕਰ ਕੇ ਫਿਰ ਵੀ ਦੀਪ ਆਪਣੇ ਕਿੰਨੇ ਸਾਰੇ ਅਹਿਸਾਸਾਂ ਨੂੰ ਮਾਰ ਨਹੀਂ ਸਕਿਆ। ਅਤੀਤ ਤੇ ਝਾਤੀ ਮਾਰਦਾ ਤਾਂ ਕਈ ਉਪਜੀਵਕਾਵਾਂ ਦੇ ਸਾਧਨ ਵਿਚ ਵਿਚਾਲੇ ਛਡ ਜਾਂ ਬਦਲ ਇਸ਼ਕ, ਸ਼ਰਾਬ ਅਤੇ ਸ਼ਿਕਾਰ ਵਿਚ ਗਲਤਾਨ ਰਹਿਣ ਤੇ ਇਕੱਲਤਾ ਮਾਨਣ ਲਈ ਉਹ ਸ਼ਹਿਰਾਂ ਤੋਂ ਦੂਰ ਭਜਦਾ ਰਿਹਾ। ਉਜਾੜ ਬੀਆਬਾਨ ਥਾਵਾਂ, ਦਰਿਆਵਾਂ ਅਤੇ ਸਮੁੰਦਰਾਂ ਦੇ ਕੰਢਿਆਂ, ਰੇਤ ਦੇ ਟਿੱਬਿਆਂ ਤੇ ਇਕ ਨਕਲੀ ਆਸ਼ਕ ਅਤੇ ਅਨਾੜੀ ਸ਼ਿਕਾਰੀ ਦਾ ਰੂਪ ਧਾਰ ਕੇ ਮਛਲੀਆਂ, ਮੁਰਗਾਬੀਆਂ, ਤਿੱਤਰ, ਬਟੇਰੇ, ਰੈਬਟ, ਮਛੀਆਂ ਤੇ ਕੂੰਜਾਂ ਵੱਲ ਆਪਣੀ ਪੁਆਇੰਟ ਟੂ ਟੂ ਜਾਂ ਬਾਰਾਂ ਬੋਰ ਦੀ ਬੰਦੂਕ ਸਿੱਧੀ ਕਰਦਾ ਰਿਹਾ। ਗੋਲੀ ਲਗ ਕੇ ਫਰ ਫਰ ਕਰਦੇ ਪੰਛੀਆਂ ਨੂੰ ਡਿਗਦੇ ਤੇ ਕੁਰਲਾਂਦੇ ਵੇਖ ਕੇ ਉਹ ਕਿਸੇ ਅਦਿਸ ਨਜ਼ਾਰੇ ਦੇ ਅਹਿਸਾਸ ਨੂੰ ਮਾਣਦਾ ਰਿਹਾ। ਦੀਪ ਸ਼ਿਕਾਰੀਆਂ ਦੇ ਇਸ ਵਿਸ਼ਵਾਸ਼ ਨੂੰ ਮੰਨਦਾ ਰਿਹਾ ਕਿ ਪੁਆਇੰਟ ਟੂ ਟੂ ਉਡਦੀਆਂ ਕੂੰਜਾਂ ਮਾਰਨ ਦੇ ਵਧੇਰੇ ਕੰਮ ਆਉਂਦੀ ਸੀ। ਭਾਰਤ ਵਿਚ ਕੂੰਜਾਂ ਵਾਹੇ ਵਾਹਨ ਵਿਚ ਬਹਿੰਦੀਆਂ ਤੇ ਧਰਤੀ ਚੋਂ ਕੀੜੇ ਮਕੌੜੇ ਚੁਗਦੀਆਂ ਜਾਂ ਉਹ ਬੀਜ ਚੁਗ ਕੇ ਖਾਂਦੀਆਂ ਜੋ ਕਿਸਾਨਾਂ ਨੇ ਧਰਤੀ ਦਾ ਸੀਨਾ ਪਾੜ ਕੇ ਬੀਜੇ ਹੁੰਦੇ। ਦੀਪ ਨੂੰ ਪਤਾ ਸੀ ਕਿ ਕੂੰਜਾਂ ਦੀ ਸਰਬਰਾਹ ਆਪਣੀਆਂ ਸਾਥਣਾਂ ਨੂੰ ਬਚਾਉਣ ਲਈ ਰਾਡਾਰ ਵਾਂਗ ਆਪਣੀ ਲੰਮੀ ਗਰਦਨ ਚੁਫੇਰੇ ਘੁਮਾਉਂਦੀ ਰਹਿੰਦੀ ਤੇ ਸ਼ਿਕਾਰੀਆਂ ਤੋਂ ਚੌਕੰਨੇ ਰਹਿਣ ਲਈ ਪਹਿਰਾ ਦੇਂਦੀ ਰਹਿੰਦੀ। ਕੂੰਜਾਂ ਆਲੇ ਦਵਾਲੇ ਵੇਖ ਕੇ ਓਥੇ ਹੀ ਬੈਠਦੀਆਂ ਜਿਥੇ ਕੋਈ ਓਹਲਾ ਨਾ ਹੋਵੇ, ਤਾਂ ਜੋ ਕੋਈ ਸ਼ਿਕਾਰੀ ਉਹਨਾਂ ਤੇ ਕਿਸੇ ਲਾਗਲੇ ਖੇਤ ਜਿਵੇਂ ਕਮਾਦ ਜਾਂ ਕਪਾਹ ਵਿਚੋਂ ਲੁਕ ਕੇ ਫਾਇਰ ਨਾ ਕਰ ਸਕੇ ਜਾਂ ਤੀਰ ਨਾ ਮਾਰ ਸਕੇ। ਚੰਗੇ ਤੀਰ ਅੰਦਾਜ਼ ਤਾਂ ਉਡਾਰੀ ਮਾਰਦੀ ਕੂੰਜ ਨੂੰ ਤੀਰ ਮਾਰ ਕੇ ਫੁੰਡ ਲੈਂਦੇ ਸਨ ਪਰ ਉਹ ਜ਼ਮਾਨਾ ਹੁਣ ਪਿਛੇ ਰਹਿ ਗਿਆ ਸੀ। ਕੂੰਜ ਅਕਸਰ ਬਹੁਤ ਉਚਾ ਉਡਦੀ ਹੈ ਜਿਥੇ ਕਈ ਵਾਰ ਤੀਰ ਜਾਂ ਗੋਲੀ ਵੀ ਮਾਰ ਨਹੀਂ ਕਰ ਸਕਦੀ। ਦੀਪ ਇਸ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਉਹਨੂੰ ਕੂੰਜਾਂ ਦੀ ਕੁਰਲਾਹਟ ਕਿਉਂ ਪਸੰਦ ਸੀ ਜਾਂ ਉਹ ਆਪਣੇ ਮਨ ਦੀ ਕੁਰਲਾਹਟ ਦਾ ਉਹਨਾਂ ਪੰਛੀਆਂ ਦੀ ਕੁਰਲਾਹਟ ਨਾਲ ਮੇਲ ਮੁਕਾਬਲਾ ਕਿਉਂ ਕਰਦਾ ਰਹਿੰਦਾ ਸੀ।

ਦੀਪ ਇਹ ਵੀ ਜਾਣਦਾ ਸੀ ਕਿ ਤਿਲੀਅਰ ਮਾਰਨ ਲਈ ਬਾਰਾਂ ਬੋਰ ਠੀਕ ਰਹਿੰਦੀ ਸੀ ਜਿਸ ਵਿਚ ਕਿਰ ਜਾਣ ਵਾਲਾ ਬਾਰਾਂ ਨੰਬਰ ਦਾ ਬਹੁਤੇ ਦਾਣਿਆਂ ਵਾਲਾ ਕਾਰਤੂਸ ਪਾਇਆ ਜਾਂਦਾ ਸੀ। ਪੰਜਾਬ ਵਿਚ ਤਿਲੀਅਰ ਮਾਰਚ ਦੇ ਮਹੀਨੇ ਦੇ ਅੰਤ ਤਕ ਛੋਲੀਆ ਤੇ ਹੋਰ ਨਿਕ ਸੁਕ ਖਾ ਕੇ ਪਲ ਜਾਂਦੇ ਸਨ ਪਰ ਕੈਨੇਡਾ ਵਿਚ ਇਹ ਘਰਾਂ ਜਾਂ ਆਲੇ ਦਵਾਲੇ ਦੇ ਖੇਤਾਂ ਅਤੇ ਪਾਰਕਾਂ ਵਿਚ ਸਾਰਾ ਸਾਲ ਹੀ ਘੁੰਮਦੇ ਰਹਿੰਦੇ ਹਨ ਜਿਥੇ ਇਹਨਾਂ ਨੂੰ ਕੋਈ ਨਹੀਂ ਮਾਰਦਾ। ਕਦੀ ਕਦੀ ਕਾਬਲ ਸਿੰਘ ਆਪਣੇ ਫਾਰਮ ਵਿਚੋਂ ਮੁਰਗਾਬੀਆਂ ਮਾਰ ਕੇ ਆਪਣੇ ਦੋਸਤਾਂ ਦੇ ਘਰਾਂ ਤੀਕ ਪੁਚਾਂਦਾ ਰਹਿੰਦਾ। ਇਕ ਚੰਗੇ ਹੋਸਟ ਦਾ ਕਿਰਦਾਰ ਨਿਭਾਂਦਾ ਆਪਣੀਆਂ ਡੂੰਘੀਆਂ ਕਵਿਤਾਵਾਂ ਦੀ ਤਾਰੀਫ ਵੀ ਕਰਵਾਂਦਾ ਰਹਿੰਦਾ। ਜਦੋਂ ਭਾਰਤੀ ਅਤੇ ਹੋਰਨਾਂ ਮੁਲਕਾਂ ਦੇ ਲੋਕ ਕੈਨੇੇਡਾ ਨੂੰ ਆਪਣਾ ਨਵਾਂ ਅਪਣਾਇਆ ਦੇਸ਼ ਮਿਥ ਏਥੇ ਆਣ ਵਸੇ ਤੇ ਪਿਛੋਂ ਜਾਗੀਰੂ ਰੁਚੀਆਂ ਵਾਲੇ ਕੁਝ ਦੋਸਤ ਇਕੱਠੇ ਹੋ ਕੇ ਆ ਜਾਂਦੇ ਤਾਂ ਪਿਕਨਿਕ ਮਨਾਂਦੇ ਟੈਂਟ ਲਾਗੇ ਸੁਕੀਆਂ ਲੱਕੜਾਂ ਇਕੱਠੀਆਂ ਕਰ ਕੇ ਬਾਰਬੀਕੂ ਭਖਾਉਣ ਦਾ ਕੰਮ ਮਾਈਕਲ ਤੋਂ ਵਧੀਆ ਹੋਰ ਕੋਈ ਨਹੀਂ ਸੀ ਕਰ ਸਕਦਾ। ਫਿਰ ਕੈਨੇਡਾ ਵਰਗੇ ਦੇਸ਼ ਵਿਚ ਕਿਤੇ ਵੀ ਚਲੇ ਜਾਓ, ਬਾਲਣ ਲਈ ਲੱਕੜ ਦੀ ਕੋਈ ਕਮੀ ਨਹੀਂ ਹੁੰਦੀ ਪਰ ਉਹ ਤਾਂ ਅਕਸਰ ਕੋਇਲਿਆਂ ਦੇ ਬੈਗ ਨਾਲ ਲੈ ਕੇ ਤੁਰਦੇ ਸਨ। ਲਿੰਡਾ ਵੀ ਸਹਾਇਤਾ ਕਰਨ ਲਈ ਪਿਛੇ ਨਹੀਂ ਰਹਿੰਦੀ ਸੀ ਅਤੇ ਨਾ ਹੀ ਕਦੇ ਉਹ ਆਪਣੇ ਲਾਈਟਰ ਦਾ ਵਿਸਾਹ ਖਾਂਦੀ ਸੀ ਜੋ ਉਸ ਨੂੰ ਸਿਗਰਟ ਸੁਲਘਾਉਣ ਲਈ ਵੀ ਚਾਹੀਦਾ ਹੁੰਦਾ ਸੀ। ਮਾਈਕਲ ਨੂੰ ਪੋਰਕ ਅਤੇ ਬੀਫ ਦੀਆਂ ਸਟੇਕਾਂ ਬਹੁਤ ਪਸੰਦ ਸਨ ਤੇ ਉਹ ਬਣੀਆਂ ਬਣਾਈਆਂ ਸਟੇਕਾਂ ਸ਼ਹਿਰੋਂ ਹੀ ਆਪਣੀ ਗੱਡੀ ਵਿਚ ਰੱਖ ਲੈਂਦਾ ਸੀ। ਕਾਬਲ ਸਿੰਘ ਬੋਨਲੈੱਸ ਚਿਕਨ ਨੂੰ ਕੁਝ ਦਿਨ ਪਹਿਲਾਂ ਹੀ ਮਸਾਲਾ ਲਾ ਕੇ ਰਖ ਲੈਂਦਾ ਸੀ ਜਿਸ ਦਾ ਕੋਇਲਿਆਂ ਦੀ ਅੱਗ ਤੇ ਭੁੰਨ ਭੁੰਨ ਕੇ ਖਾਣ ਦਾ ਸਵਾਦ ਬਹੁਤ ਹੀ ਵਖਰਾ ਸੀ। ਚਿਕਨ ਲੈੱਗਜ਼ ਕਈ ਵਾਰ ਉਪਰੋਂ ਸੜ ਕੇ ਕਾਲੀਆਂ ਹੋ ਜਾਂਦੀਆਂ ਸਨ ਪਰ ਅੰਦਰੋਂ ਕੱਚੀਆਂ ਜਾਂ ਅਧ ਪੱਕੀਆਂ ਰਹਿ ਜਾਂਦੀਆਂ। ਪਰ ਜਦੋਂ ਡਰਿੰਕ ਦੇ ਦੌਰ ਚੱਲ ਰਹੇ ਹੁੰਦੇ ਤਾਂ ਫਿਰ ਕੌਣ ਪਰਵਾਹ ਕਰਦਾ ਸੀ। ਖੁਦ ਵਧੀਆ ਕੁੱਕ ਹੋਣ ਕਰ ਕੇ ਨਾਜ਼ ਤਾਂ ਇਸ ਬਾਰੇ ਚਿੰਤਾ ਲਾ ਲੈਂਦਾ ਪਰ ਦੂਜੇ ਦੋਸਤ ਪਰਵਾਹ ਨਾ ਕਰਦੇ। ਇਸ ਚਿੰਤਾ ਨੂੰ ਉਹ ਉਪਰੋਂ ਥੀਂ ਪੀਤੇ ਸ਼ਾਟਸ ਦੇ ਸਵਾਦਾਂ ਵਿਚ ਭੁੱਲ ਜਾਂਦਾ ਤੇ ਫਿਰ ਉਹਦਾ ਦਿਲ ਉਚੀ ਉਚੀ ਗੀਤ ਗਾਉੇਣ ਨੂੰ ਕਰਨ ਲਗਦਾ। ਅਜਿਹੇ ਮੌਕੇ ਜਦੋਂ ਪਾਰਟੀ ਪੀਕ ਤੇ ਚੱਲ ਰਹੀ ਹੁੰਦੀ ਤਾਂ ਹਰੀਹਰ ਆਪਣੀਆਂ ਮੋਟੀਆਂ ਐਨਕਾਂ ਚੋਂ ਘੂਰਦਾ ਹੋਇਆ ਮੈਂ ਚਲਿਆ ਕਹਿ ਕੇ ਟੁਰ ਜਾਂਦਾ।

ਪਿਕਨਿਕ ਤੇ ਗਈ ਲਿੰਡਾ ਨੇ ਇਕ ਦਿਨ ਬਿਰਜਸ ਪਹਿਨ ਤੇ ਪਿੰਨੀਆਂ ਤੋਂ ਉਤਾਂਹ ਤੀਕ ਉਚੇ ਸ਼ੂਜ਼ ਪਾ ਲੇਕ ਤੋਂ ਦੂਰ ਸ਼ਿਕਾਰ ਲਈ ਮਿਥੀ ਜਗ੍ਹਾ ਤੇ ਜਾ ਕੇ ਇਕ ਜੰਗਲੀ ਸੁਰਖਾਬ ਮਾਰ ਲਿਆ ਤੇ ਖਾਹ ਮੁਖਾਹ ਹੇਮੰਗਜ਼ਵੇ ਨੂੰ ਯਾਦ ਕਰਨ ਲਗ ਪਈ। ਦੀਪ ਨੇ ਉਸਦੇ ਆਉਣ ਤੀਕ ਬਕਾਰਡੀ ਦੇ ਕੁਸੈਲੇ ਪੈਗ ਪੀ ਪੀ ਕੇ ਆਪਣੇ ਅਹਿਸਾਸਾਂ ਦੀ ਧਾਰ ਨੂੰ ਹੋਰ ਖੁੰਢਾ ਕਰ ਲਿਆ ਸੀ। ਲਿੰਡਾ ਨੂੰ ਸ਼ਹਿਰ ਵਿਚ ਰਮ ਤੇ ਕੋਕ ਪਸੰਦ ਸੀ ਪਰ ਪਿਕਨਿਕ ਤੇ ਉਸ ਨੂੰ ਟਿਕੂਲਾ ਚੰਗੀ ਲਗਦੀ ਸੀ। ਐਂਡਰੀਊ ਪੰਛੀਆਂ ਦੀ ਡਰੈਸਿੰਗ ਕਰ ਕੇ ਉਹਨਾਂ ਦੀ ਸਪੈਨਿਸ਼ ਢੰਗ ਨਾਲ ਫਿਲਿੰਗ ਕਰ ਕੇ ਸਫਰੀ ਸਟੋਵ ਦੀ ਮੱਠੀ ਅੱਗ ਤੇ ਭੁੰਨਦਾ ਰਹਿੰਦਾ। ਉਹਦੀ ਮਾਂ ਰੋਮਾਨੀਆ ਦੀ ਅੰਗਰੇਜ਼ ਔਰਤ ਸੀ ਤੇ ਪਿਓ ਪੋਲਸ਼æ। ਮੁਢਲੀ ਵਿਦਿਆ ਤੋਂ ਬਾਅਦ ਉਹ ਆਪਣੀ ਮਾਂ ਨਾਲ ਇੰਗਲੈਂਡ ਆ ਗਿਆ ਸੀ। ਇਕ ਥਾਂ ਟਿਕ ਕੇ ਨਾ ਬਹਿਣ ਵਾਲੇ ਖੂੰਨ ਦੀ ਪਿੱਠ ਭੂਮੀ ਹੋਣ ਕਰ ਕੇ ਉਹ ਟਿਕਾਣੇ ਬਦਲਣ ਵਿਚ ਬਹੁਤ ਵਿਸ਼ਵਾਸ ਰਖਦਾ ਸੀ। ਫਿਰ ਸਬੱਬੀਂ ਇਕ ਵਾਰ ਇਹ ਸਾਰੇ ਮਾਂਟਰੀਆਲ ਵਿਚ ਫਿਰ ਇਕੱਠੇ ਹੋ ਗਏ ਸਨ ਜਿਥੇ ਉਹ ਸਾਰੇ ਆਪਣੇ ਆਪ ਨੂੰ ਭਾਸ਼ਾਈ ਮਾਹਿਰ ਸਮਝਣ ਦੇ ਭੁਲੇਖੇ ਵਿਚ ਕਿਸੇ ਵੱਡੀ ਇਨਸ਼ੋਰੰਸ ਕੰਪਨੀ ਦੇ ਬ੍ਰੋਸ਼ਰ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰ ਕੇ ਚੰਗੇ ਪੈਸੇ ਬਨਾਉਣ ਦੇ ਚੱਕਰਾਂ ਵਿਚ ਸਨ। ਇਸ ਤੋਂ ਬਾਅਦ ਉਹਨਾਂ ਨੂੰ ਇਕ ਗਵਾ ਦੀ ਤਿਖੀ ਔਰਤ ਰਾਹੀਂ ਟੀ ਡੀ ਕੈਨੇਡਾ ਟਰੱਸਟ ਦੇ ਇੰਗਲਸ਼ ਬਰੋਸ਼ਰਾਂ ਨੂੰ ਨਵੇਂ ਆਏ ਇਮੀਗਰੰਟਸ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਅਤੇ ਟਾਈਪ ਸੈਟਿੰਗ ਦਾ ਚੰਗੇ ਪੈਸਿਆਂ ਦਾ ਕਨਟਰੈਕਟ ਵੀ ਮਿਲਿਆ ਹੋਇਆ ਸੀ। ਗਲੈਕਸੋ ਕੰਪਨੀ ਦੇ ਬਰੋਸ਼ਰਜ਼ ਵੀ ਵਖ ਵਖ ਜ਼ਬਾਨਾਂ ਵਿਚ ਅਨੁਵਾਦ ਕਰਨ ਦੇ ਕਾਂਟਰੈਕਟ ਦੀ ਗੱਲ ਵੀ ਟਰਾਂਟੋ ਦੀ ਇਕ ਮਸ਼ਹੂਰ ਅਡਵਰਟਾਈਜ਼ਮੈਂਟ ਏਜੰਸੀ ਨਾਲ ਚੱਲ ਰਹੀ ਸੀ।

ਐਂਡਰੀਊ ਫ੍ਰੈਂਚ ਤੇ ਇੰਗਲਸ਼ ਦੀਆਂ ਕਲਾਸਾਂ ਪੜ੍ਹਾਨ ਦੇ ਨਾਲ ਕੰਪਿਊਟਰ ਪਰੋਗਰਾਮਿੰਗ ਵੀ ਕਰ ਰਿਹਾ ਸੀ। ਜਦੋਂ ਤੋਂ ਉਹਦਾ ਅਖਬਾਰਾਂ ਦੇ ਅਨੈਲੇਸਜ਼ ਕਰਨ ਦਾ ਕੰਮ ਮੱਠਾ ਪਿਆ ਸੀ ਤਾਂ ਉਹ ਵੀ ਬੜਾ ਖਿਝਿਆ ਖਿਝਿਆ ਰਹਿੰਦਾ ਸੀ ਅਤੇ ਉਹਦੀਆਂ ਇਕ ਇਕ ਕਰ ਕੇ ਕਈ ਗਰਲਫ੍ਰੈਂਡਜ ਵੀ ਸਾਥ ਛਡ ਕੇ ਟੁਰ ਗਈਆਂ ਸਨ। ਹੁਣ ਤਾਂ ਕਈ ਵਾਰ ਓਸ ਕੋਲ ਆਪਣੇ ਅਪਾਰਟਮੈਂਟ ਦਾ ਕਿਰਾਇਆ ਦੇਣ ਨੂੰ ਪੈਸੇ ਵੀ ਨਹੀਂ ਹੁੰਦੇ ਸਨ ਤੇ ਆਪਣੀ ਬੁਢੀ ਮਾਂ ਨੂੰ ਮਿਲਦੀ ਬੁਢਾਪਾ ਪੈਨਸ਼ਨ ਵਿਚੋਂ ਪੈਸੇ ਉਧਾਰੇ ਲੈ ਕੇ ਅਪਾਰਟਮੈਂਟ ਦਾ ਕਿਰਾਇਆ ਅਦਾ ਕਰਦਾ ਸੀ। ਲਿੰਡਾ ਨੂੰ ਪਹਿਲੇ ਨਾਲੋਂ ਚੰਗੀ ਜੌਬ ਮਿਲ ਗਈ ਸੀ। ਪਹਿਲਾਂ ਉਹਨੂੰ ਕਾਲਿਆਂ ਦੀ ਬਹੁ ਵਸੋਂ ਵਾਲੇ ਸਕੂਲ ਵਿਚ ਪੜ੍ਹਾਨ ਦੀ ਨੌਕਰੀ ਮਿਲੀ ਪਰ ਜਦੋਂ ਉਹ ਜਮਾਇਕਨ ਐਕਸੈਂਟ ਫਾਲੋ ਨਾ ਕਰ ਸਕੀ ਤਾਂ ਓਥੋਂ ਛੱਡ ਕੇ ਇਕ ਐਡਵਰਟਾਈਜ਼ਮੈਂਟ ਕੰਪਨੀ ਜਾਇਨ ਕਰ ਲਈ ਅਤੇ ਨਾਲ ਨਾਲ ਉਸ ਨੇ ਜਰਨਲਿਜ਼ਮ ਦੀ ਕਲਾਸ ਵੀ ਜਾਇਨ ਕਰ ਲਈ। ਭਾਵੇਂ ਹੁਣ ਉਹ ਟੀਚਿੰਗ ਛਡ ਚੁਕੀ ਸੀ ਪਰ ਫਿਰ ਵੀ ਉਹ ਟੀਚਿੰਗ ਵਿਚ ਕੁਝ ਨਵੇਂ ਕੋਰਸ ਲੈਣ ਲਈ ਆਨ ਲਾਈਨ ਫਾਰਮ ਭਰੀ ਜਾ ਰਹੀ ਸੀ। ਉਹਦੀ ਵਿਕੋਲਿਤਰੀ ਸੋਚ ਜੇ ਉਹਨੂੰ ਵਕਤੀ ਤੌਰ ਤੇ ਪਰੇਸ਼ਾਨ ਕਰਦੀ ਤਾਂ ਉਹ ਸੋਚ ਬਦਲ ਲੈਂਦੀ ਤੇ ਆਪਣੇ ਆਪ ਨੂੰ ਕਿਸੇ ਹੋਰ ਰਸਤੇ ਤੇ ਤੁਰਨ ਲਈ ਤਿਆਰ ਕਰ ਲੈਂਦੀ।

ਐਂਡਰੀਊ ਨੂੰ ਪਾਈਪ ਵਿਚ ਤਮਾਕੂ ਭਰ ਕੇ ਸੂਟੇ ਲਾਉਣ ਅਤੇ ਆਪਣੀ ਬੋਟ ਨੂੰ ਡੂੰਘੇ ਪਾਣੀਆਂ ਵਿਚ ਲਿਜਾਣ ਦਾ ਬਹੁਤ ਸ਼ੌਕ ਸੀ। ਨਾਜ਼ ਵੀ ਇੰਗਲੈਂਡ ਛਡ ਕੇ ਕੈਨੇਡਾ ਆ ਗਿਆ ਸੀ ਤੇ ਦੀਪ ਵੀ ਮਿਤਰ ਮੰਡਲੀ ਵਿਚ ਆ ਰਲਿਆ ਸੀ। ਉਸ ਨੂੰ ਇੰਟਰਨੈਸ਼ਨਲ ਪਾਲੇਟਿਕਸ ਤੇ ਬਹਿਸ ਕਰਨਾ ਤੇ ਪੰਜਾਬ ਵਿਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਨਾ ਬਹੁਤ ਪਸੰਦ ਸੀ। ਉਹਦੀ ਹਰ ਕੋਸ਼ਿਸ਼ ਹੁੰਦੀ ਕਿ ਦੂਜੇ ਧਰਮਾਂ ਨੂੰ ਸਮਝਿਆ ਜਾਵੇ ਪਰ ਈਸਾਈਅਤ ਦੇ ਗੁਣ ਕੁਝ ਜ਼ਿਆਦਾ ਗਾ ਕੇ ਉਸਦੀ ਪ੍ਰਭੂਸਤਾ ਕਾਇਮ ਕੀਤੀ ਜਾਵੇ। ਕਮਾਲ ਇਹ ਸੀ ਕਿ ਉਸਨੂੰ ਗੱਲ ਬਨਾਉਣੀ ਤੇ ਮਨਾਉਣੀ ਆਉਂਦੀ ਸੀ। ਉਹ ਝੂਠ ਨੂੰ ਸੱਚ ਕਰ ਕੇ ਮਨਾਉਣ ਵਿਚ ਸਫਲ ਹੋ ਜਾਂਦਾ ਸੀ। ਕੋਈ ਓਸ ਨਾਲ ਇਸ ਲਈ ਵੀ ਪੰਗਾ ਨਹੀਂ ਲੈਂਦਾ ਸੀ ਕਿ ਉਹਨੂੰ ਦੂਜੇ ਧਰਮਾਂ ਦੀ ਨਾਲਜ ਵੀ ਬਹੁਤ ਸੀ ਜਿਸ ਨਾਲ ਉਹ ਆਪਣੇ ਅਕਲ ਦੇ ਭੇਡੂ ਦਾ ਵਡੇ ਤੋਂ ਵਡੇ ਨਾਢੂ ਖਾਨ ਨਾਲ ਵੀ ਸਿਰ ਭੜਾਣ ਲਈ ਸਦਾ ਤਿਆਰ ਰਹਿੰਦਾ ਸੀ।

ਦੀਪ ਅਕਸਰ ਉਹਨੂੰ ਆਪਣੀਆਂ ਉਹ ਅਣਲਿਖੀਆਂ ਕਹਾਣੀਆਂ ਤੇ ਕਵਿਤਾਵਾਂ ਸੁਣਾਉਂਦਾ ਰਹਿੰਦਾ ਜਿਹੜੀਆਂ ਉਹ ਪਿਛਲੇ ਕਈ ਸਾਲਾਂ ਤੋਂ ਲਿਖਣ ਦੇ ਵਾਅਦੇ ਕਰਦਾ ਆ ਰਿਹਾ ਸੀ। ਜਦ ਉਹ ਜ਼ਿਆਦਾ ਪੀ ਲੈਂਦੇ ਤਾਂ ਸ਼ਿਵ ਦੇ ਸੋਗ ਸੱਥਰ ਤੇ ਬੈਠ ਕੇ ਕੀਰਨੇ ਪਾਉਣ ਲਗ ਜਾਂਦੇ। ਦੀਪ ਦੀਆਂ ਇਹਨਾਂ ਅਣਲਿਖੀਆਂ ਕਹਾਣੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ ਤੇ ਸ਼ਰਾਬ ਦੇ ਲਗਾਤਾਰ ਕਈ ਪੈਗ ਸੰਘ ਵਿਚ ਸੁਟਣ ਤੋਂ ਬਾਅਦ ਦੀਪ ਨੂੰ ਇਹ ਕਹਾਣੀਆਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਲਿੰਡਾ ਅਕਸਰ ਡਾਂਟ ਕੇ ਕਹਿੰਦੀ ਰਹਿੰਦੀ ਕਿ ਦੀਪ ਤੂੰ ਹਾਲੇ ਵੀ ਸ਼ਰਾਬ ਛਡ ਕੇ ਚੰਗੀਆਂ ਕਹਾਣੀਆਂ ਲਿਖ ਸਕਦਾ ਹੈਂ। ਤੇਰੇ ਅੰਦਰ ਦਾ ਟੇਲੈਂਟ ਅਜੇ ਮਰਿਆ ਨਹੀਂ ਹੈ। ਜੇ ਤੂੰ ਹਾਲੇ ਵੀ ਇਸ਼ਕ ਤੇ ਔਰਤ ਦੀ ਗੱਲ ਕਰ ਸਕਦਾ ਹੈਂ ਜਾਂ ਇਹਨਾਂ ਦੇ ਸਾਥ ਦੀ ਲੋਚਾ ਤੇਰੇ ਮਨ ਦੀ ਕਿਸੇ ਨੁਕਰੇ ਵਿਚ ਮੌਜੂਦ ਹੈ ਤਾਂ ਕਹਾਣੀ ਲਿਖਣੀ ਤੇਰੇ ਲਈ ਕੋਈ ਔਖੀ ਨਹੀਂ ਹੈ। ਉਹਦੀ ਗੱਲ ਸੁਣ ਕੇ ਸ਼ਰਮਿੰਦਗੀ ਦੇ ਅਹਿਸਾਸ ਵਿਚ ਦੀਪ ਬਕਾਰਡੀ ਦਾ ਇਕ ਹੋਰ ਵਡਾ ਸਾਰਾ ਸ਼ਾਟ ਅੰਦਰ ਸੁਟਦਾ ਤੇ ਸੋਚਦਾ ਕਿ ਮੈਨੂੰ ਸ਼ਹਿਰ ਮੁੜ ਜਾਣਾ ਚਾਹੀਦਾ ਹੈ। ਇਹਨਾਂ ਗੋਰੇ ਲੋਕਾਂ ਨਾਲ ਮੇਰੀ ਸਾਂਝ ਵੀ ਕੀ ਹੈ। ਇਹੀ ਕਿ ਇਕਠੇ ਕੰਮ ਕਰਦੇ ਹਾਂ। ਇਕਠੇ ਸ਼ਰਾਬ ਪੀ ਕੇ ਆਪਣੇ ਮਨਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਸਾਂਝੀਆਂ ਕਰਦੇ ਹਾਂ ਤੇ ਕਈ ਵਾਰ ਇਕੋ ਵਡੇ ਟੈਂਟ ਵਿਚ ਜਿਥੇ ਨੀਂਦ ਆ ਜਾਵੇ, ਓਥੇ ਹੀ ਸੌਂ ਜਾਂਦੇ ਹਾਂ। ਲਿੰਡਾ ਸਵਰੇੇੇ ਕਹੇਗੀ ਕਿ ਰਾਤ ਨੂੰ ਉਸਨੂੰ ਕਿਸੇ ਅਣਜਾਨ ਵੱਲੋਂ ਚੁੰਮੇ ਜਾਣ ਦੇ ਸੁਪਨੇ ਔਂਦੇ ਰਹੇ ਹਨ ਅਤੇ ਐਂਡਰੀਊ ਦੀਪ ਨੂੰ ਘੂਰੀ ਵੱਟ ਕੇ ਕਹੇਗਾ, ਏ ਮੈਨ ਯੂ ਆਰ ਨੈਵਰ ਲਾਸਟ ਆਫਟਰ ਹੈਵੀ ਡਰਿੰਕਸਤੇ ਦੀਪ ਇਕ ਸੁਹਿਰਦ ਮਨੁਖ ਦਾ ਸਵਾਂਗ ਕਰਦਿਆਂ ਕਹਿੰਦਾ, ਦੈਟ'ਸ ਆਲ ਰਾਈਟ ਮੈਨ, ਦਿਸ ਇਜ਼ ਲਾਈਫ।

ਇਹ ਸਾਰੇ ਯੂਰਪ ਦੀ ਪਿਠ ਭੂਮੀ ਦੇ ਸਨ। ਦੀਪ, ਕਾਬਲ ਤੇ ਨਾਜ਼ ਸਿਰਫ ਤਿੰਨੇ ਹੀ ਭਾਰਤੀ ਮੂਲ ਦੇ ਸਨ। ਦੀਪ ਬਹੁਤ ਵਰ੍ਹੇ ਪਹਿਲਾਂ ਕਾਬੁਲ ਤੋਂ ਖੁਸ਼ਕੀ ਦੇ ਰਸਤੇ ਈਰਾਨ, ਟਰਕੀ ਤੇ ਯੂਰਪ ਹੁੰਦਾ ਹੋਇਆ ਇੰਗਲੈਂਡ ਪੁਜ ਅਗੇ ਕਿਸੇ ਤਰੀਕੇ ਨਾਲ ਕੈਨੇਡਾ ਆ ਗਿਆ ਸੀ ਜਿਥੇ ਕੁਝ ਵਰ੍ਹਿਆਂ ਦੀ ਖਜਲ ਖਵਾਰੀ ਤੋਂ ਬਾਅਦ ਉਸਨੂੰ ਕੈਨੇਡਾ ਦੀ ਇਮੀਗਰੇਸ਼ਨ ਮਿਲ ਗਈ ਸੀ। ਨਾਜ਼ ਤੇ ਓਸ ਨੂੰ ਭਾਰਤ ਬਹੁਤ ਯਾਦ ਆਉਂਦਾ ਸੀ, ਭਾਰਤ ਜਿਸ ਦੀ ਹਵਾ ਵਿਚ ਜਜ਼ਬਾਤੀ ਸਾਂਝ ਤੋਂ ਇਲਾਵਾ ਵਫਾ ਤੇ ਬੇਵਫਾਈ ਦੇ ਹੌਕੇ ਹਨ। ਲਿੰਡਾ ਤੇ ਐਂਡਰੀਊ ਜੋ ਇਕ ਦੂਜੇ ਨਾਲ ਕਾਮਨ ਇਨ ਲਾਅ ਫ੍ਰੈਂਡਸ਼ਿਪ ਵਿਚ ਰਹਿ ਰਹੇ ਸਨ, ਨੂੰ ਦੀਪ ਨੇ ਆਪਣੇ ਭਾਰਤੀ ਇਸ਼ਕਾਂ ਦੀਆਂ ਗੱਲਾਂ ਬਹੁਤ ਵਧਾ ਚੜ੍ਹਾ ਕੇ ਸੁਣਾਈਆਂ ਹੋਈਆਂ ਸਨ। ਪੱਛਮੀ ਵਿਚਾਰਧਾਰਾ ਦੇ ਉਹ ਲੋਕ ਦੀਪ ਦੀਆਂ ਗੱਲਾਂ ਸੁਣ ਕੇ ਬੜੇ ਹੈਰਾਨ ਹੁੰਦੇ ਜਦੋਂ ਉਹ ਆਪਣੀਆਂ ਦੋ ਵਿਸ਼ੇਸ਼ ਪ੍ਰੇਮਕਾਵਾਂ ਦੇ ਕਿੱਸੇ ਸੁਣਾਂਦਾ ਤੇ ਅੱਖਾਂ ਭਰ ਲੈਂਦਾ। ਉਹਨਾਂ ਦੀ ਜੁਦਾਈ ਦੀਪ ਨੂੰ ਵਿਆਕੁਲ ਕਰਦੀ ਤੇ ਦੀਪ ਦੀਆਂ ਵਫਾਵਾਂ ਤੇ ਬੇਵਫਾਵਾਂ ਚੋਂ ਉਪਜੀ ਤਿਖੀ ਸੂਲ ਨਸ਼ਤਰ ਬਣ ਕੇ ਉਹਦੇ ਜਿਗਰ ਵਿਚ ਚੁਭੀ ਹੋਈ ਸੀ। ਪਛਮ ਦੇ ਲੋਕ ਉਸਦੀ ਓਸ ਪੀੜ ਦੇ ਅਹਿਸਾਸਾਂ ਦਾ ਮਾਪ ਤੋਲ ਨਾ ਕਰ ਸਕਦੇ ਜਿਥੋਂ ਕਾਫੀ ਬਲੀਡਿੰਗ ਹੋ ਗਈ ਸੀ। ਦੀਪ ਨੂੰ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ਼ ਹੋ ਗਿਆ ਸੀ ਕਿ ਖੂੰਨ ਦੀ ਘਾਟ ਸ਼ਰਾਬ ਨਾਲ ਪੂਰੀ ਕੀਤੀ ਜਾ ਸਕਦੀ ਹੈ। ਉਹ ਮਧਹੋਸ਼ ਅਖਾਂ ਨਾਲ ਵੇਖ ਰਿਹਾ ਸੀ ਕਿ ਕਾਰ ਦੇ ਟਰੰਕ ਚੋਂ ਲਿੰਡਾ ਫਰੈਂਚ ਵਾਈਨ ਦੀ ਵਡੀ ਬੋਤਲ ਕਢ ਲਿਆਈ ਹੈ ਤੇ ਓਸ ਕਿਸੇ ਨੂੰ ਪੁਛੇ ਬਿਨਾਂ ਪਤਲੇ ਲੱਕਾਂ ਵਾਲੇ ਬਲੌਰੀ ਗਲਾਸ ਭਰ ਕੇ ਸਭ ਨੂੰ ਪੇਸ਼ ਕਰ ਦਿਤੇ ਹਨ। ਇਹ ਗਲਾਸ ਉਹਨੇ ਇਕ ਇਟਾਲੀਅਨ ਸਟੋਰ ਤੋਂ ਖਰੀਦੇ ਸਨ। ਲਿੰਡਾ ਦੇ ਹਥੋਂ ਵਾਈਨ ਫੜ ਕੇ ਸਭ ਨੂੰ ਥੈਂਕਯੂ ਕਹਿਣਾ ਹੀ ਪੈਂਦਾ ਹੈ।

ਇਹ ਸਾਰੇ ਲੋਕ ਵੋਕੇਸ਼ਨ ਤੇ ਸਨ। ਅਗਸਤ ਦੀ ਗਰਮੀ ਨੇ ਗੋਰਿਆਂ ਨੂੰ ਆਪਣੀਆਂ ਸ਼ਟਰਾਂ ਲਾਹ ਲੇਕ ਦੇ ਕੰਢਿਆਂ ਵੱਲ ਤੋਰ ਦਿਤਾ ਸੀ। ਦੂਰ ਕਿਧਰੇ ਚਿੱਟੇ ਕਾਲੇ ਬਦਲਾਂ ਵਿਚੋਂ ਮੌਸਮ ਬਦਲ ਜਾਣ ਦੇ ਆਸਾਰ ਪੈਦਾ ਹੋ ਰਹੇ ਸਨ। ਐਂਡਰੀਊ ਦੀ ਬੋਟ ਸਾਰਿਆਂ ਨੂੰ ਉਨਟੈਰੀਓ ਲੇਕ ਤੇ ਤਾਰੀਆਂ ਲਵਾਉਂਦੀ ਇਕ ਐਸੇ ਆਈਲੈਂਡ ਤੇ ਲੈ ਆਈ ਸੀ ਜਿਥੇ ਲਿੰਡਾ ਕੈਂਪ ਦਾ ਪ੍ਰਬੰਧ ਕਰਨ ਲਈ ਪਹਿਲਾਂ ਹੀ ਪਹੁੰਚੀ ਹੋਈ ਸੀ ਤੇ ਬਾਕੀ ਦੇ ਸਾਥੀਆਂ ਦਾ ਇੰਤਜ਼ਾਰ ਕਰ ਰਹੀ ਸੀ। ਸ਼ਿਕਾਰ ਦੇ ਦਿਨ ਸਨ ਤੇ ਸਰਕਾਰ ਵੱਲੋਂ ਨਿਸਚਿਤ ਇਲਾਕੇ ਵਿਚ ਗਿਣਤੀ ਦੇ ਕੁਝ ਪੰਛੀ ਤੇ ਜਾਨਵਰ ਮਾਰਨ ਦੀ ਇਜਾਜ਼ਤ ਮਿਲੀ ਹੋਈ ਸੀ। ਦੂਰ ਜੰਗਲਾਂ ਵਿਚ ਮੂਸ, ਰੈਬਟ ਤੇ ਹਿਰਨ ਵੀ ਸਨ ਪਰ ਉਹਨਾਂ ਦੀ ਪਹੁੰਚ ਤੋਂ ਦੂਰ ਸਨ। ਉਹ ਤਾਂ ਨਕਲੀ ਸ਼ਿਕਾਰੀ ਸਨ ਤੇ ਅਸਲੀ ਸ਼ਰਾਬੀ ਤੇ ਨਾਮ ਨਿਹਾਦ ਚਿੰਤਕ ਤੇ ਬੁਧੀਜੀਵੀ। ਉਹਨਾਂ ਵਿਚੋਂ ਕੁਝ ਇਕ ਨੇ ਕੁੰਡੀ ਲਾ ਕੇ ਮਛੀ ਜ਼ਰੂਰ ਫੜੀ ਸੀ ਪਰ ਤਿਲੀਅਰ, ਬਟੇਰੇ ਜਾਂ ਮੁਰਗਾਬੀ ਦੇ ਸ਼ਿਕਾਰ ਦਾ ਤਾਂ ਸਵਾਲ ਹੀ ਪੈਦਾ ਨਾ ਹੋਇਆ। ਸੀਗਲ ਮਾਰਨ ਦੀ ਮਨਾਹੀ ਤੇ ਜੁਰਮਾਨਾ ਭਰਨਾ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ ਅਤੇ ਨਾ ਹੀ ਕਿਸੇ ਕੋਲ ਏਨਾ ਹੌਸਲਾ ਹੀ ਸੀ। ਕਈਆਂ ਨੇ ਉਹ ਖਬਰ ਪੜ੍ਹੀ ਹੋਈ ਸੀ ਕਿ ਇਕ ਅਮਰੀਕਨ ਬੱਲੇਬਾਜ਼ ਦੀ ਗੇਂਦ ਸੀਗਲ ਨੂੰ ਵਜਣ ਤੇ ਉਸ ਨੇ 500 ਡਾਲਰ ਜੁਰਮਾਨੇ ਦੇ ਭਰੇ ਸਨ। ਆ ਜਾ ਕੇ ਸਾਰਿਆਂ ਦਾ ਬਹੁਤਾ ਜ਼ੋਰ ਸ਼ਰਾਬ ਪੀਣ ਤੇ ਲਗ ਗਿਆ ਸੀ ਤੇ ਐਂਡਰੀਊ ਨੂੰ ਉਸ ਵੇਲੇ ਆਪਣੀ ਬੋਟ ਦੀਆਂ ਮੁਹਾਰਾਂ ਟਰਾਂਟੋ ਵੱਲ ਮੋੜਨੀਆਂ ਪਈਆਂ ਜਦੋਂ ਦੀਪ ਨੂੰ ਖੂੰਨ ਦੀਆਂ ਉਲਟੀਆਂ ਆਉਣ ਲਗ ਪਈਆਂ ਤੇ ਲੇਕ ਦੇ ਕੰਢੇ ਤੇ ਪੁਜਦੇ ਹੀ ਐਂਬੂਲੰਸ ਕਾਲ ਕਰ ਕੇ ਉਹਨੂੰ ਤੁਰਤ ਟਰਾਂਟੋ ਦੇ ਸਭ ਤੋਂ ਵਡੇ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ।

ਨਾਜ਼ ਦਾ ਕਹਿਣਾ ਸੀ ਕਿ ਰੋਜ਼ ਦੀਪ ਨੂੰ ਹਸਪਤਾਲ ਵੇਖਣ ਜਾਇਆ ਕਰੇਗਾ ਅਤੇ ਨਰਸਾਂ ਤੇ ਡਾਕਟਰਾਂ ਤੋਂ ਚੋਰੀ ਉਸ ਦੇ ਸਰ੍ਹਾਣੇ ਜਾਂ ਬੈੱਡ ਥਲੇ ਸਕਾਚ ਦੀ ਛੋਟੀ ਬੋਤਲ ਰਖ ਆਇਆ ਕਰੇਗਾ। ਪਰ ਇਹ ਦੀਪ ਦੀ ਆਖਰੀ ਪਿਕਨਿਕ ਸੀ ਤੇ ਆਪਣੀ ਪ੍ਰਤਿਭਾ ਨੂੰ ਜ਼ਾਹਰ ਕਰਨ ਲਈ ਉਹ ਸਮੇਂ ਨੂੰ ਅਨਕੂਲ ਕਰਨ ਦੇ ਵਧ ਤੋਂ ਵਧ ਅਸਫਲ ਯਤਨ ਕਰਦਾ ਕਰਦਾ ਆਖਰ ਇਕ ਦਿਨ ਆਪਣੇ ਸਾਰੇ ਦੋਸਤਾਂ ਨੂੰ ਅਲਵਿਦਾ ਕਹਿ ਗਿਆ। ਮਰਨ ਵੇਲੇ ਜਦ ਉਸ ਅਖਾਂ ਪੁਟ ਕੇ ਏਧਰ ਓਧਰ ਬੈਠੇ ਆਪਣੇ ਦੋਸਤਾਂ ਤੇ ਨਿਕਟਵਰਤੀਆਂ ਨੂੰ ਵੇਖਿਆ ਤਾਂ ਇੰਜ ਲਗ ਰਿਹਾ ਸੀ ਜਿਵੇਂ ਉਸਦੀਆਂ ਅਖਾਂ ਕਿਸੇ ਐਸੀ ਤਲਬ ਦੀ ਆਸ ਵਿਚ ਸਨ ਜੋ ਯੁਗਾਂ ਯੁਗਾਂ ਤੋਂ ਉਹਦੇ ਧੁਰ ਅੰਦਰ ਬਹੁਤ ਬੁਰੀ ਤਰ੍ਹਾਂ ਖੁਭੀ ਹੋਈ ਸੀ। ਉਸਦੇ ਕੁਝ ਦੋਸਤਾਂ ਦਾ ਕਹਿਣਾ ਸੀ ਕਿ ਦੀਪ ਦੇ ਮਨ ਅੰਦਰ ਕਹਿਣ ਲਈ ਬਹੁਤ ਕੁਝ ਬਾਕੀ ਸੀ ਜੋ ਉਹ ਕਿਸੇ ਨੂੰ ਦਸਦਾ ਨਹੀਂ ਸੀ। ਆਪਣੇ ਬਹੁਤ ਹਮਰਾਜ਼ ਦੋਸਤਾਂ ਤੋਂ ਵੀ ਆਪਣੇ ਮਨ ਦੇ ਗਮ ਨੂੰ ਲੁਕਾਂਦਾ ਬੱਸ ਸ਼ਰਾਬ ਦਾ ਸਹਾਰਾ ਹੀ ਲੈਂਦਾ ਰਿਹਾ ਸੀ।
.................

… ਤੇ ਕਾਨੂੰ ਮਰ ਗਿਆ -ਸੰਤੋਖ ਧਾਲੀਵਾਲ

… ਤੇ ਕਾਨੂੰ ਮਰ ਗਿਆ   -ਸੰਤੋਖ ਧਾਲੀਵਾਲ

      ਕਾਨੂੰ ਬੇਹੱਦ ਕਮਜ਼ੋਰ ਹੋ ਚੁੱਕਾ ਸੀ । ਉੱਠਣ ਬੈਠਣ ਦੀ ਉਸ 'ਚ ਹਿੰਮਤ ਨਹੀਂ ਸੀ ਬਚੀ । ਉਸਦੀਆਂ ਅੱਖਾਂ ਅੰਦਰ ਧਸੀਆਂ ਪਈਆਂ ਸਨ। ਮੀਟੀਆਂ ਅੱਖਾਂ ਉਹ ਕਦੀ ਕਦੀ ਬਹੁਤ ਜ਼ੋਰ ਲਾ ਕੇ ਖੋਲ੍ਹਦਾ, ਤਰਸਾਈ ਤੇ ਲਲਚਾਈ ਨਜ਼ਰ ਨਾਲ ਦੂਰ ਪਰ੍ਹਾਂਹ ਮੋਗਾਡਿਸ਼ੂ (ਸੁਮਾਲੀਆ ਦੀ ਰਾਜਧਾਨੀ) ਤੋਂ ਆਉਂਦੀ ਟੁੱਟੀ ਸੜਕ ਵੱਲ ਵੇਖਦਾ ਤੇ ਨਿਰਾਸ਼ਾ ਜਹੀ 'ਚ ਫੇਰ ਮੀਟ ਲੈਂਦਾ। ਕਈ ਵੇਰ ਉਹ ਆਪਣੇ ਆਲੇ ਦੁਆਲੇ ਪੰਜਾਹਾਂ ਤੋਂ ਵੱਧ, ਸੁੱਕੇ ਕਰੰਗ ਬਣੇ ਬਚਿੱਆਂ ਨੂੰ ਆਪਣੀਆਂ ਨਿਰਾਸ਼ੀਆਂ ਮਾਵਾਂ ਦੇ ਬਿਨ-ਦੁੱਧੇ ਥਣਾਂ ਨੂੰ ਚਰੂੰਡਦੇ, ਵਿਲਕਦੇ ਹੋਏ ਵੇਖਦਾ ਤੇ ਇੱਕ ਚੀਸ ਜਹੀ ਮਹਿਸੂਸਦਿਆਂ ਕਸੀਸ ਵੱਟਦਾ ਤੇ ਕਦੇ ਕਦੇ ਤਰਸਦੀ ਜਹੀ ਇੱਕ ਨਜ਼ਰ ਕੈਂਪ ਦੇ ਗੇਟ ਵੱਲ ਵੀ ਮਾਰ ਲੈਂਦਾ। ਗੇਟ ਜਿਸਦਾ ਬੂਹਾ ਖੁੱਲ੍ਹਣ ਤੇ ਇੱਕ ਸੰਜੀਦਾ, ਗੰਭੀਰ ਨਰਸ ਨੇ ਬਾਹਰ ਆਉਣਾ ਸੀ ਤੇ ਉਸਦੀ ਜਾਂ ਉਸਦੀ ਉਮਰ ਤੋਂ ਘੱਟ ਕੁੱਝ ਕੁ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਛਾਤੀਆਂ ਨਾਲੋਂ ਨਖੇੜ ਗੇਟ ਅੰਦਰ ਲੈ ਜਾਣਾ ਸੀ। ਜਿਸ ਨਾਲ ਮਾਵਾਂ ਦੀਆਂ ਨਜ਼ਰਾਂ 'ਚ ਇੱਕ ਆਸਾਂ ਭਰੀ ਅਨੋਖੀ ਚਮਕ ਲਿਸ਼ਕ ਪੈਣੀ ਸੀ। ਇਹ ਉਹ ਪਿਛਲੇ ਹਫ਼ਤੇ ਆਇਆ ਵੇਖ ਗਿਆ ਸੀ। ਕਾਨੂੰ ਦੀ ਮਾਂ ਨਹੀਂ ਸੀ। ਮਾਂ ਪਤਾ ਨਹੀਂ ਕਿੱਥੇ ਚਲੀ ਗਈ ਸੀ । ਉਸਨੂੰ ਕਿਉਂ ਛੱਡ ਕੇ ਚਲੀ ਗਈ ਸੀ। ਉਸ ਨੂੰ ਲੈ ਕੇ ਆਇਆ ਬਿਰਧ, ਉਸਦਾ ਬਾਬਾ ਦਸਦਾ ਸੀ ਕਿ ਇੱਕ ਰਾਤ ਉਨ੍ਹਾਂ ਦੇ ਮੁਲਕ 'ਚ ਉਨ੍ਹਾਂ ਦੀ ਰੱਖਿਆ ਕਰਨ ਆਏ ਅਮਰੀਕੀ ਫੌਜੀ ਆਪਣੀਆਂ ਆਕੜੀਆ ਵਰਦੀਆਂ 'ਚ ਕੱਸੇ, ਉਨ੍ਹਾਂ ਦੇ ਘਰੇ ਆਏ ਸਨ ਤੇ ਉਹ ਉਸਦੇ ਪਿਉ ਤੇ ਮਾਂ ਨੂੰ ਆਪਣੀ ਜੀਪ 'ਚ ਸੁੱਟ ਕੇ ਲੈ ਗਏ ਸਨ। ਮਾਂ ਉਨ੍ਹਾਂ ਦੇ ਇਸ ਪਿੰਡ ਦੇ ਨਿੱਕੇ ਜਹੇ ਸਕੂਲ 'ਚ ਪੜ੍ਹਾਉਂਦੀ ਸੀ।
ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀ। ਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈ। ਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ-ਨਿਸ਼ਾਨ ਵੀ ਨਹੀਂ ਛੱਡਿਆ। ਤਬਾਹੀ ਮਚਾ ਦਿੱਤੀ ਹੈ। ਘਰਾਂ ਦੇ ਘਰ ਖਾਲੀ ਹੋ ਗਏ। ਸੋਕੇ ਮਾਰੀਆਂ ਬਚੀਆਂ ਫਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ। ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ 'ਚ ਮੋਰੀਆਂ ਕਰਦੀਆਂ ਰਹਿੰਦੀਆਂ। ਕਾਨੂੰ ਅਜੇ ਪੂਰੇ ਦਸਾਂ ਸਾਲਾਂ ਦਾ ਨਹੀਂ ਸੀ ਹੋਇਆ। ਪਰ ਉਸਨੂੰ ਵੇਖ ਇਹ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਏਨੀ ਉਮਰ ਦਾ ਵੀ ਹੋਵੇਗਾ । ਉਹ, ਉਸਨੂੰ ਇੱਥੇ ਲੈ ਕੇ ਆਏ, ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਾ ਸੀ। ਬਿਰਧ ਦੇ ਗੋਡਿਆਂ ਦਾ ਉਸਨੇ ਸਹਾਰਾ ਲਿਆ ਹੋਇਆ ਸੀ। ਨਹੀਂ ਤੇ ਸ਼ਾਇਦ ਉਹ ਬਹੁਤਾ ਚਿਰ ਬੈਠਾ ਨਾ ਰਹਿ ਸਕਦਾ ਤੇ ਲੰਮੇ ਪੈਣ ਨਾਲ ਉਸਨੂੰ ਗੇਟ ਖੁਲ੍ਹਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ।
ਮੋਗਾਡਿਸ਼ੂ ਤੋਂ ਧੂੜ ਉੜਾਉਂਦੀ, ਖ਼ਸਤਾ ਜਹੀ ਜੀਪ ਦਾ ਖੜਾਕ ਸੁਣਨ ਤੇ ਕੈਂਪ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਤੇ ਅੱਖਾਂ ਟੁੱਟੀ ਜਹੀ ਸੜਕ ਤੇ ਚਿਪਕ ਗਈਆਂ। ਕਾਨੂੰ ਵੀ ਆਪਣੀਆਂ ਅੱਖਾਂ ਪੂਰਾ ਤਾਣ ਲਾ ਕੇ ਖੋਲ੍ਹਦਾ ਹੈ ਤੇ ਹੌਲੀ ਹੌਲੀ ਸੁੱਕੀ ਛਿਟੀ ਬਣੀ ਗਰਦਣ ਤੇ ਫੁਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਹੈ। ਕੈਂਪ ਦੇ ਗੇਟ ਤੋਂ ਕੋਈ ਪੰਜਾਹਾਂ ਕੁ ਗਜ਼ਾਂ ਤੋਂ ਵਜਾਇਆ ਡਰਾਈਵਰ ਦਾ ਹਾਰਨ ਸੁਣ ਕੈਂਪ ਦਾ ਗੇਟ ਹੌਲੀ ਹੌਲੀ ਖੁੱਲ੍ਹਦਾ ਹੈ। ਦੋ ਹੱਟੇ ਕੱਟੇ ਸਿਪਾਹੀ, ਜਿਨ੍ਹਾਂ ਤੇ ਇਸ ਮੁਲਕ 'ਚ ਪਏ ਕਾਲ ਦਾ ਕੋਈ ਅਸਰ ਨਹੀਂ ਸੀ ਲੱਗਦਾ, ਜੀਪ 'ਚੋਂ ਛਾਲਾਂ ਮਾਰ ਬਾਹਰ ਆਉਂਦੇ ਹਨ ਤੇ ਜੁੜੀ ਭੀੜ ਨੂੰ ਛਛਕਾਰ ਛਛਕਾਰ ਪਰ੍ਹੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਹਨ। ਉਹ ਉੱਚੀ ਉੱਚੀ ਬੋਲ ਰਹੇ ਹਨ। ਦਬਕਾ ਰਹੇ ਹਨ। ਗਾਲਾਂ ਵੀ ਦੇ ਰਹੇ ਹਨ। ਜਦੋਂ ਕੋਈ ਬਹੁਤੀ ਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਵਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਸ਼ ਕਰਦੀ ਹੈ ਤਾਂ ਉਸਦੇ ਮੌਰਾਂ 'ਚ ਇੱਕ ਡੰਡਾ ਵੀ ਜੜ ਦਿੰਦੇ ਹਨ। ਤੇ ਜੀਪ ਇਸ ਹਾੜੇ ਕੱਢਦੀ ਕਰਲਾਉਂਦੀ ਭੀੜ 'ਚੋਂ ਰੀਂਘਦੀ ਹੋਈ ਕੈਂਪ ਦਾ ਗੇਟ ਲੰਘ ਜਾਂਦੀ ਹੈ। ਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਹੈ। ਭੀੜ ਦੀਆਂ ਅੱਖਾਂ 'ਚ ਆਈ ਮਾਸਾ ਕੁ ਆਸ ਫੇਰ ਬੀਆਬਾਨੀ ਦੇ ਬਾਬਰੋਲਿਆਂ 'ਚ ਗੁਆਚ ਜਾਂਦੀ ਹੈ। ਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਤੇ ਬੇ-ਬਸੀ 'ਚ ਅੱਖਾਂ ਮੀਟ ਲੈਂਦਾ ਹੈ।
ਕਰੈਸਟੀਨਾ ਆਪਣੇ ਸਹਿਕਾਮਿਆਂ ਨਾਲ ਹੋ ਕੇ ਸਾਮਾਨ ਲੁਹਾਉਂਦੀ ਹੈ। ਡਲਿਵਰੀ ਨੋਟ ਵੇਖਦੀ ਹੈ। ਉਸਦੇ ਮੂਜਬ ਸਾਮਾਨ ਦੀ ਗਿਣਤੀ ਕਰਦੀ ਹੈ।
ਸਾਮਾਨ ਤਾਂ ਮਸਾਂ ਅੱਧਾ ਹੈ? ਕਰੈਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮਕਾਉਂਦਿਆਂ ਹੀ 'ਸੇਵ ਦੀ ਚਿਲਡਰਨ' ਨਾਂ ਦੀ ਚੈਰਿਟੀ 'ਚ ਆਪਣਾ ਨਾਂ ਜਾ ਦਰਜ ਕਰਵਾਇਆ ਸੀ। ਉਸਨੇ ਨਰਸਿੰਗ ਕੀਤੀ ਹੀ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ,ਬੀਮਾਰ, ਮਜਬੂਰ ਲੋਕਾਂ ਦੀ ਮਦਦ ਕਰੇਗੀ। ਏਸੇ ਹੀ ਉਤਸ਼ਾਹ ਨਾਲ ਨੱਕੋ-ਨੱਕ ਹੋਈ ਨੇ ਸੁਮਾਲੀਆ ਦੀ ਖ਼ਾਨਾਜੰਗੀ 'ਚ ਹੋਈ ਤਬਾਹੀ ਦੀਆਂ ਖ਼ਬਰਾਂ ਪੜ੍ਹੀਆਂ, ਟੈਲੀਵੀਯਨ ਤੇ ਹੋਈ ਬਰਬਾਦੀ ਨੂੰ ਵੇਖਿਆ, ਅਮਰੀਕਨ ਫੌਜਾਂ ਮਦਦ ਲਈ ਸੋਮਾਲੀਆ ਨੂੰ ਜਾਂਦੀਆਂ ਵੇਖੀਆਂ ਤੇ ਆਪਣਾ ਮਨ ਉਸ ਮੁਲਕ 'ਚ ਜਾ ਕੇ ਭੁੱਖ ਤੇ ਬੀਮਾਰੀ ਨਾਲ ਮਰ ਰਹੇ ਬੱਚਿਆਂ ਦੀ ਸੇਵਾ ਕਰਨ ਲਈ ਬਣਾ ਲਿਆ। ਉੱਥੋਂ ਦੇ ਖ਼ਤਰਿਆਂ ਬਾਰੇ ਆਪਣੇ ਮਾਂ ਪਿਉ ਦੀ ਦਿੱਤੀ ਚਿਤਾਵਨੀ ਨੂੰ ਵੀ ਅਣਗੌਲਿਆਂ ਕਰਕੇ ਸੁਮਾਲੀਆ ਦੇ ਸ਼ਹਿਰ ਮੋਗਾਡਿਸ਼ੂ ਆਣ ਉੱਤਰੀ ਸੀ। ਲੰਦਨੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਮੋਗਾਡਿਸ਼ੂ ਤੋਂ ਕੋਈ ਵੀਹ ਕੁ ਮੀਲ ਦੂਰ 'ਸੇਵ ਦੀ ਚਿਲਡਰਨ ਚੈਰਿਟੀ' ਦੇ ਇੱਕ ਕੈਂਪ 'ਚ ਆਪਣਾ ਨਾਂ ਜਾ ਦਾਖਲ ਕਰਾਇਆ ਸੀ। ਚੈਰਿਟੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਤਾਂ ਇਹੋ ਜਹੀਆਂ ਜੁਆਨ, ਖ਼ਤਰਿਆਂ 'ਚ ਵੀ ਸੇਵਾ ਭਾਵ ਤੇ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀ। ਉਨ੍ਹਾਂ ਖਿੜੇ ਮੱਥੇ ਉਸਦੀ ਖਾਹਸ਼ ਤੇ ਮਨਜ਼ੂਰੀ ਦਾ ਠੱਪਾ ਲਾ ਦਿੱਤਾ ਸੀ ਤੇ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਵੀ ਆਪ ਕਰਕੇ ਦਿੱਤਾ ਸੀ।
''ਬਾਕੀ ਦਾ ਸਾਮਾਨ ਕਿੱਥੇ ਲਾਹ ਆਏ ਹੋ?'' ਕਰੈਸਟੀਨਾ ਦਿਆ ਬੋਲਾਂ 'ਚ ਕਿਲ੍ਹੇ ਢਾਉਣ ਵਰਗੀ ਆਕੜ ਤੇ ਅੱਖਾਂ 'ਚ ਸਾਰਾ ਕੁੱਝ ਝੁਲਸ ਦੇਣ ਵਰਗਾ ਭਾਂਬੜ ਬਲ ਤੁਰਿਆ ਸੀ।
''ਸਾਨੂੰ ਤਾਂ ਜੋ ਦਿੱਤਾ ਗਿਆ ਲੈ ਆਏ ਹਾਂ। ਡਰਾਈਵਰ ਤੇ ਸਪਾਹੀ ਅਣਜਾਣ ਜਹੇ ਬਣਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਹਨ ਤੇ ਮਿੰਨ੍ਹਾਂ ਮਿੰਨ੍ਹਾਂ ਮੁਸਕੜੀਏਂ ਹਸਦੇ ਹਨ। ਪਰ ਕਰੈਸਟੀਨਾ ਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਕੈਂਪ ਲਈ ਦਿੱਤਾ ਸਾਮਾਨ ਕਈ ਥਾਈਂ ਉੱਥੇ ਪਹੁੰਚਣ ਤੋਂ ਪਹਿਲਾਂ ਵੰਡਿਆ ਗਿਆ ਹੋਣਾ ਹੈ। ਦੁੱਧ ਦੇ ਡੱਬੇ ਗ਼ਾਇਬ ਸਨ। ਤਾਕਤ ਵਾਲੇ ਬਿਸਕੁਟਾਂ ਦੇ ਪੈਕਟ ਖੁੱਲੇ ਪਏ ਸਨ। ਪਾਣੀ ਦੀ ਬੋਤਲਾਂ ਦੀ ਗਿਣਤੀ ਘੱਟ ਸੀ। ਸਾਰੇ ਸਾਮਾਨ 'ਚੋਂ ਬਹੁਤ ਕੁੱਝ ਗ਼ਾਇਬ ਸੀ। ਕਰੈਸਟੀਨਾ ਬੇਬਸ ਹੋਈ ਵਿਲਕ ਉੱਠਦੀ ਹੈ।
''ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ 'ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋ। ਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ। ਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈ। ਉਸਦੀਆ ਭਵਾਂ ਤਣੀਆਂ ਜਾਂਦੀਆਂ ਹਨ। ਉਸਦੀਆਂ ਕਸੀਸ ਜਹੀ ਵੱਟਣ ਤੇ ਮੁੱਠੀਆਂ ਆਪੂੰ ਮੀਟੀਆਂ ਜਾਂਦੀਆਂ ਹਨ। ਉਹ ਭਸਮ ਕਰ ਦੇਣ ਵਰਗੀ ਕਹਿਰੀ ਤੱਕਣੀ ਨਾਲ ਸਿਪਾਹੀਆਂ ਤੇ ਡਰਾਈਵਰ ਨੂੰ ਵੇਖਦੀ ਹੈ।
''ਮੈਂ ਏਰੀਆਂ ਅਫ਼ਸਰ ਕੋਲ ਤੁਹਾਡੀ ਸ਼ਕਾਇਤ ਕਰਾਂਗੀ। ਉਸਨੇ ਦਬਕਾ ਜਿਹਾ ਮਾਰਿਆ।
ਡਰਾਈਵਰ ਤੇ ਸਿਪਾਹੀਆਂ ਨੇ ਆਪਸ 'ਚ ਅੱਖਾਂ ਮਿਲਾਈਆਂ ਤੇ ਮੁਸਕੜੀਆਂ 'ਚ ਹੱਸਦੇ ਹੋਏ ਉਸਦੀ ਕਹੀ ਗੱਲ ਨੂੰ ਅਣਗੌਲਿਆਂ ਕਰ ਗਏ । ਸ਼ਾਇਦ ਇਹੋ ਜਹੀਆਂ ਝਿੜਕਾਂ, ਦਬਕੇ ਉਹ ਰੋਜ਼ ਸੁਣਦੇ ਹਨ। ਉਨ੍ਹਾਂ ਨੂੰ ਪੂਰਾ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ, ਰਾਹਾਂ 'ਚ ਕਿਵੇਂ ਖ਼ੁਰਦੀ ਹੈ। ਪਹਿਲਾਂ ਜਦੋਂ ਮੋਗਾਡਿਸ਼ੂ ਦੇ ਸੈਂਟਰਲ ਡੀਪੂ 'ਚ ਪਹੁੰਚਦੀ ਹੈ ਤਾਂ ਉੱਪਰਲੀ ਅਫ਼ਸਰਸ਼ਾਹੀ ਉਸ 'ਚ ਵੱਡੀਆਂ ਵੱਡੀਆਂ ਮੋਰੀਆਂ ਕਰਦੀ ਹੈ। ਤੇ ਫੇਰ ਜਿਹੜੀ ਬਚਦੀ ਕੈਂਪਾਂ ਲਈ ਅਲਾਟ ਕੀਤੀ ਜਾਂਦੀ ਹੈ ਉਸ 'ਚ ਰਾਖੀ ਕਰਨ ਵਾਲੇ ਸਿਪਾਹੀ, ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਹੈ ਜਿੰਨੀ ਕੁ ਕਰ ਸਕਦਾ ਹੈ ਚੋਰੀ ਕਰਦਾ ਹੈ। ਹਰ ਕੋਈ ਆਪਣੇ ਅਹੁਦੇ ਮੂਜਬ ਖਿੱਚ-ਧੂਹ ਕਰਦਾ ਹੈ। ਜਿੰਨੀ ਕੁ ਕਿਸੇ ਦੀ ਕੁਰਸੀ ਦੀ ਅਹਿਮੀਅਤ ਹੁੰਦੀ ਹੈ ਉਹ ਆਪਣੀਆਂ ਫੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਕਰਦਾ ਹੈ। ਰਾਸ਼ਨ, ਦਵਾਈਆਂ ਆਪਣਿਆਂ ਤੇ ਬਲੈਕ 'ਚ ਵੇਚਣ ਲਈ ਖਿਸਕਾਉਣ ਦੀ ਪੂਰੀ ਪੂਰੀ ਵਾਹ ਲਾਉਂਦਾ ਹੈ।
ਕਰੈਸਟੀਨਾ ਦਾ ਇਹ ਕੈਂਪ, ਦਸ ਸਾਲ ਤੋਂ ਨਿੱਕੀ ਉਮਰ ਦੇ ਸਿਰਫ ਪੰਜਾਹਾਂ ਬੱਚਿਆਂ ਲਈ ਸੀ। ਤੇ ਇਸ ਵੇਲੇ ਕੈਂਪ 'ਚ ਸੱਤਰ ਬੱਚੇ ਸਨ। ਪੰਜਾਹਾਂ ਬੱਚਿਆਂ ਲਈ ਸਾਮਾਨ ਤੇ ਫੇਰ ਉਸ 'ਚ ਹੋਈ ਖਿੱਚ-ਧੂਹ ਸੱਤਰ ਬੱਚਿਆਂ ਦੀ ਹਾਲਤ ਕਿਵੇਂ ਸੁਧਾਰੂ, ਇਹ ਫਿਕਰ ਉਸਦੀ ਰੂਹ ਨੂੰ ਸਦਾ ਪੱਛਦਾ ਰਹਿੰਦਾ। ਦਵਾਈਆਂ ਵਾਲੀ ਅਲਮਾਰੀ ਭਾਂਅ ਭਾਂਅ ਕਰ ਰਹੀ ਹੈ ਤੇ ਬਾਹਰ ਇੱਕ ਵਿਲਕਦੀ ਭੀੜ ਉਸਨੂੰ ਡੰਗੀ ਜਾ ਰਹੀ ਹੈ।
ਰੁਟੀਨ ਮੁਤਾਬਕ ਉਹ ਹਰ ਦੋਂਹ ਹਫਤਿਆਂ ਬਾਅਦ ਕੈਂਪ ਵਿਚਲੇ ਸਾਰੇ ਬੱਚਿਆਂ ਦਾ ਮੁਆਇਨਾ ਕਰਦੀ ਹੈ। ਜਿਨ੍ਹਾਂ ਦੀ ਹਾਲਤ ਕੁੱਝ ਸੁਧਰ ਜਾਂਦੀ ਹੈ, ਜ਼ਰਾ ਤਕੜੇ ਹੋ ਜਾਂਦੇ ਹਨ ਤੇ ਜਿਨ੍ਹਾਂ ਦੇ ਬਚਣ ਦੀ ਆਸ ਜ਼ਰਾ ਕੁ ਵੀ ਨਰੋਈ ਹੋ ਜਾਂਦੀ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਲੇਲੜੀਆਂ, ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਖਾਰਜ ਕਰ ਦਿੰਦੀ ਹੈ ਤੇ ਉੱਨੇ ਕੁ ਹੋਰ ਬੱਚੇ ਜਿਨ੍ਹਾਂ ਦੇ ਬਚਣ ਦੀ ਉਸਨੂੰ ਥੋਹੜੀ ਬਹੁਤੀ ਆਸ ਹੁੰਦੀ ਹੈ ਦਾਖਲ ਕਰ ਲੈਂਦੀ ਹੈ।
ਅੱਜ ਉਸਨੇ ਪੱਚੀ ਬੱਚੇ ਹੋਰ ਲੈਣੇ ਸਨ। ਪੰਦਰਾਂ ਠੀਕ ਹੋ ਕੇ ਆਪਣੀਆਂ ਮਾਵਾਂ ਦੇ ਨਾਲ ਜਾ ਰਹੇ ਸਨ ਤੇ ਦਸ ਉਸਦੇ ਹਰ ਤਰ੍ਹਾਂ ਦੀ ਕੋਸ਼ਸ਼ ਕਰਨ ਦੇ ਬਾਵਜੂਦ ਕਬਰਾਂ ਬਣ ਗਏ ਸਨ। ਹੋਰ ਬੱਚੇ ਦਾਖਲ ਕਰਨ ਤੋਂ ਉਹ ਅੱਜ ਬਹੁਤ ਝਿਜਕ ਰਹੀ ਸੀ।
ਸਾਮਾਨ ਇਸ ਵਾਰ ਬਹੁਤ ਥੋਹੜਾ ਆਇਆ ਹੈ। ਇਹ ਤਾਂ ਕੈਂਪ 'ਚ ਬਚੇ ਬੱਚਿਆਂ ਜੋਗਰਾ ਵੀ ਨਹੀਂ ਸੀ। ਹੋਰ ਨਵੇਂ ਦਾਖਲ ਕੀਤੇ ਬੱਚਿਆਂ ਦੀ ਦੇਖ ਭਾਲ ਉਹ ਕਿਵੇਂ ਕਰੇਗੀ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਕਦੀ ਉਹ ਸੋਚਦੀ ਕਿ ਕੈਂਪ 'ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਪੂਰੀ ਤੇ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਕੰਬ ਜਾਂਦੀ। ਇਨ੍ਹਾ ਹੀ ਖਿਆਲਾਂ 'ਚ ਘਿਰੀ ਉਹ ਆਪਣੇ ਦੋਨਾਂ ਹੱਥਾਂ ਨਾਲ ਮੂੰਹ ਢੱਕ ਲੈਂਦੀ ਹੈ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਹੈ। ਸਿਰ ਮੇਜ਼ ਤੇ ਰੱਖ ਕੇ ਡੁਸਕਣ ਲੱਗ ਪੈਂਦੀ ਹੈ। ਬੇਬਸੀ ਤੇ ਲਾਚਾਰੀ ਦੇ ਬੀਆਬਾਨਾਂ 'ਚ ਝੁਲਸੀ ਜਾਣ ਲੱਗਦੀ ਹੈ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
''ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ 'ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?'' ਉਹ ਆਪਣੀ ਤਿੜਕਦੀ ਹੋਈ ਸੋਚਣੀ ਨੂੰ ਝਿੜਕਦੀ ਤੇ ਇੱਕ ਝਟਕੇ ਨਾਲ, ਇੱਕ ਹੰਭਲਾ ਮਾਰ ਕੇ ਉੱਠਦੀ ਤੇ ਆਪਣੇ ਨਿੱਤ ਦੇ ਰੁਟੀਨ 'ਚ ਰੁੱਝ ਜਾਂਦੀ।
ਅੱਜ ਵੀ ਉਸਦੀ ਇਹੋ ਜਹੀ ਹੀ ਹਾਲਤ ਸੀ। ਉਹ ਮਸਾਂ ਇਸ ਸੋਚਣੀ 'ਚੋਂ ਨਿਕਲੀ ਹੈ। ਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਖਾਰਜ ਕਰਨਾ ਹੈ ਉਨ੍ਹਾਂ ਨੂੰ ਖਾਰਜ ਕਰਦੀ ਹੈ ਤੇ ਹਦਾਇਤਾਂ ਕਰਕੇ ਉਨ੍ਹਾਂ ਦੀਆਂ ਮਾਵਾਂ ਨੂੰ ਸੌਂਪਦੀ ਹੈ। ਇਸ ਕਾਰਜ ਤੋਂ ਵਿਹਲੀ ਹੋ ਕੇ ਉਹ ਆਪਣੀਆਂ ਸਾਥਣਾਂ ਨੂੰ ਬਾਕੀ ਬੱਚਿਆਂ ਨੂੰ ਦਵਾਈਆਂ, ਵਿਟਾਮਨ ਤੇ ਦੁੱਧ ਦੇਣ ਦੀ ਚਿਤਾਵਨੀ ਦਿੰਦੀ ਹੈ। ਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਹੈ। ਦੁੱਧ 'ਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਸਦੀ ਆਤਮਾ ਵਿਲੂੰਧਰੀ ਜਾਂਦੀ ਹੈ। ਗੁੱਸੇ ਦੇ ਸਿਆੜ ਉਸਦੇ ਮੱਥੇ ਤੇ ਹੋਰ ਡੂੰਘੇ ਹੋ ਜਾਂਦੇ ਹਨ।
''ਇਹ ਤਕੜੇ ਕਿਵੇਂ ਹੋਣਗੇ ਜੇ ਇਨ੍ਹਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ?'' ਉਸਦੇ ਨਾਲ ਕੰਮ ਕਰਦੀ ਸੁਮਾਲੀਅਣ ਨਰਸ ਨੇ ਇੱਕ ਕਰੂਰ ਸਵਾਲ ਉਸਦੇ ਮੂਹਰੇ ਖਿਲਾਰ ਦਿੱਤਾ। ਕਰੈਸਟੀਨਾ ਕੋਲ ਇਸਦਾ ਕੀ ਜਵਾਬ ਸੀ। ਉਹ ਕੁੱਝ ਪਲਾਂ ਲਈ ਖਾਮੋਸ਼ੀ ਦੀ ਬੁੱਕਲ ਮਾਰ ਗਈ। ਤੇ ਫੇਰ ਹੌਲੀ ਹੌਲੀ ਬੀਮਾਰ ਆਵਾਜ਼ 'ਚ ਮਸਾਂ ਕਹਿੰਦੀ ਹੈ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ। ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
ਆਖਰ ਉਸਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਖੋਲ੍ਹ ਬਾਹਰ ਉਡੀਕਦੀ ਭੀੜ 'ਚ ਜਾ ਵੜੀ। ਮਿੱਟੀ ਘੱਟੇ 'ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਸ ਉੱਤੇ ਗੱਡੀਆਂ ਗਈਆਂ। ਉਨ੍ਹਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ ਬੱਚੇ ਇਸ ਸਾਰੇ ਕੁੱਝ ਤੋਂ ਬੇਖ਼ਬਰ ਆਪਣੇ ਆਹਰੇ ਲੱਗੇ ਰਹੇ। ਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ 'ਚ ਬੈਠਿਆਂ ਕਰ ਦਿੱਤਾ। ਉਹ 'ਕੱਲੇ 'ਕੱਲੇ ਬੱਚੇ ਕੋਲ ਜਾਂਦੀ। ਉਸਨੂੰ ਗੌਹ ਨਾਲ ਵੇਖਦੀ। ਉਸਦੀਆਂ ਮੀਟੀਆਂ ਅੱਖਾਂ ਖੋਲ੍ਹ ਉਨ੍ਹਾਂ 'ਚ ਵੇਖਦੀ। ਸੁੱਕੀਆਂ ਛਿਟੀਆਂ ਬਾਹਵਾਂ ਫੜ ਫੜ ਨਬਜ਼ਾਂ ਟੋਂਹਦੀ। ਜਿਸ ਬੱਚੇ ਦੇ ਠੀਕ ਹੋਣ ਦੀ ਉਸਨੂੰ ਮਾੜੀ ਮੋਟੀ ਵੀ ਆਸ ਹੁੰਦੀ ਉਸਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਲਈ ਇਸ਼ਾਰਾ ਕਰਦੀ। ਮਾਂ ਦੀਆਂ ਅੱਖਾਂ 'ਚ ਬੇਪਨਾਹ ਸ਼ੁਕਰਾਨਾ ਸਿੰਮ ਆਉਂਦਾ। ਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸੱਭ ਨੂੰ ਪਤਾ ਸੀ। ਗੇਟ ਅੰਦਰ ਜ਼ਿਦਗੀ ਦਾ ਵਰਦਾਨ ਮਿਲਦਾ ਸੀ। ਸਾਹ ਲੈਂਦੇ ਰਹਿਣ ਦੀ ਖੁਸ਼ੀਆਂ ਭਰੀ ਤਸੱਲੀ ਮਿਲਦੀ ਸੀ। ਤੇ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਨ੍ਹਾਂ ਦੀਆਂ ਲੇਲੜੀਆਂ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀਆਂ। ਉਨ੍ਹਾਂ ਮਾਵਾਂ ਦੀ ਤੱਕਣੀ ਇੱਕ ਹੌਕਾ ਬਣਕੇ ਉਸਦੇ ਗਲੇ 'ਚ ਅੜੀ ਰਹਿੰਦੀ । ਉਨ੍ਹਾਂ ਦੀ ਅਪਣੇ ਬੱਚਿਆਂ ਲਈ ਬੇਬਸੀ ਉਸਦੀ ਵਿਚਰਨ 'ਚ ਇੱਕ ਭੁਚਾਲ ਲਿਆਈ ਰੱਖਦੀ। ਉਹ ਆਪਣਾ ਫਰਜ਼ ਨਿਭਾਉਂਦੀ, ਆਪਣੀ ਸੋਚ ਮੁਤਾਬਿਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀ। ਜਿਨ੍ਹਾਂ ਬੱਚਿਆਂ ਨੂੰ ਉਹ ਅੰਦਰ ਨਹੀਂ ਸੀ ਭੇਜ ਰਹੀ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਹੈ । ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੂਹਿਆਂ ਤੇ ਅੰਗੜਾਈਆਂ ਲੈਂਦੀ ਵੇਖਣ ਦੀ ਚਾਹਵਾਨ, ਕਰੈਸਟੀਨਾ, ਅੱਜ ਮੌਤਾਂ ਪਰੋਸ ਰਹੀ ਹੈ। ਪਹਿਲੀ ਵਾਰ ਉਸਨੂੰ ਇੱਥੇ ਇਸ ਕੈਂਪ 'ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
ਜ਼ਿੰਦਗੀ....ਮੌਤ
ਮੌਤ....ਜ਼ਿੰਦਗੀ
ਕਿੰਨੀਆਂ ਕੋਲ ਕੋਲ ਹਨ।
ਤੇ ਕਿੰਨੀਆਂ ਦੂਰ ਦੂਰ ਵੀ।
ਕਰੈਸਟੀਨਾ ਨੂੰ ਕੀ ਪਤਾ ਸੀ ਕਿ ਉਸਨੂੰ ਅਦਾਲਤ ਵੀ ਬਨਣਾ ਪਵੇਗਾ। ਮੌਤ ਦੀਆਂ ਸਜ਼ਾਵਾਂ ਵੀ ਸੁਨਾਉਣੀਆਂ ਪੈਣਗੀਆਂ। ਉਹ ਤਾਂ ਜ਼ਿੰਦਗੀ ਦੀ ਵਕੀਲ ਬਣਕੇ ਆਈ ਸੀ। ਹੁਣ ਕਈ ਵਾਰ ਉਸਨੂੰ ਇਹੋ ਜਹੀ ਹਾਲਤ 'ਚ ਆਪਣੇ ਆਪ ਤੋਂ ਘਿਰਣਾ ਜਹੀ ਵੀ ਹੋਣ ਲੱਗਦੀ ਸੀ। ਜ਼ਿੰਦਗੀ ਬਖ਼ਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਵੰਡ ਰਹੇ ਸਨ।
ਉਹ ਸਾਰਾ ਕੁੱਝ ਇੱਕ ਰੋਬੋਟ ਵਾਂਗੂੰ ਕਰੀ ਜਾ ਰਹੀ ਸੀ, ਜਿਸਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇ। ਹਰ ਬੱਚੇ ਦੀਆਂ ਅੱਖਾਂ ਖੋਲ੍ਹਦੀ, ਨਬਜ਼ ਟੋਂਹਦੀ, ਧੜਕਣ ਚੈੱਕ ਕਰਦੀ ਉਸਦੀ ਮਾਂ ਵੱਲ ਵੀ ਇੱਕ ਦੋ ਵਾਰ ਵੇਖਦੀ। ਤੇ ਜਦੋਂ ਕਿਸੇ ਬੱਚੇ ਨੂੰ ਉਹ ਕੈਂਪ ਅੰਦਰ ਜਾਣ ਲਈ ਕਹਿੰਦੀ, ਉਸਦੀ ਮਾਂ ਨੂੰ ਵੀ ਦਿਲਾਸੇ ਭਰੀ ਤੱਕਣੀ ਨਾਲ ਵੇਖਦੀ, ਉਸ ਬੱਚੇ ਦੀ ਮਾਂ ਦੀਆਂ ਅੱਖਾਂ 'ਚ ਚਮਕ ਤੇ ਖੁਸ਼ੀ ਵੇਖ ਕੇ ਉਹ ਆਪ ਵੀ ਸਾਰੀ ਦੀ ਸਾਰੀ ਸਰਸ਼ਾਰੀ ਜਾਂਦੀ। ਤੇ ਇੱਥੇ ਆਂ ਕੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਇਵਜ਼ਾਨਾ ਉਸਨੂੰ ਮਿਲ ਜਾਂਦਾ। ਸ਼ਾਇਦ ਇਹੋ ਜਹੇ ਹੀ ਕੁੱਝ ਕੁ ਪਲ ਹਨ ਜਿਹੜੇ ਉਸਨੂੰ ਇੱਥੇ ਨੂੜੀ ਬੈਠੇ ਸਨ, ਨਹੀਂ ਤਾਂ ਉਹ ਚਿਰਾਂ ਦੀ ਇਸ ਨਿਰਾਸ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ।
''ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?'' ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾ। ਉਹ ਲੁੱਚੀ ਸਿਆਸਤ ਤੇ ਖਿਝਦੀ। ਬਦਮਾਸ਼ ਸਿਆਸੀ ਢਾਂਚੇ ਨੂੰ ਨਫਰਤ ਨਾਲ ਦੁਰਕਾਰਦੀ। ਹਿਫਾਜ਼ਤ ਤੇ ਮਦਦ ਕਰਨ ਆਏ ਅਮਰੀਕੀ ਸਿਪਾਹੀਆਂ ਦੀਆਂ ਸੁਣੀਆਂ ਕਹਾਣੀਆਂ ਬਾਰੇ ਉਹ ਸੋਚਦੀ ਤਾਂ ਸਾਰੀ ਸਾਰੀ ਹਲੂਣੀ ਜਾਂਦੀ।
ਇਵੇਂ ਚੈੱਕ ਕਰਦੀ ਕਰਦੀ ਉਹ ਕਾਨੂੰ ਕੋਲ ਜਾ ਪਹੁੰਚਦੀ ਹੈ। ਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਉਸਨੇ ਮੋੜ ਦਿੱਤਾ ਸੀ ਕਿਉਂਕਿ ਉਸਦੇ ਬਾਬੇ ਨੇ ਉਸਦੀ ਉਮਰ ਦਸਾਂ ਸਾਲਾਂ ਤੋਂ ਉੱਪਰ ਦੱਸੀ ਸੀ ਤੇ ਇਹ ਕੈਂਪ ਦਸਾਂ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀ। ਕਰੈਸਟੀਨਾ ਨੇ ਕਾਨੂੰ ਤੇ ਉਸਦੇ ਬਾਬੇ ਨੂੰ ਪਛਾਣ ਲਿਆ ਸੀ।
''ਮੈਂ ਤੈਨੂੰ ਪਹਿਲਾਂ ਵੀ ਦਸਿਆ ਸੀ ਕਿ ਇਸਦੀ ਉਮਰ ਵੱਡੀ ਹੈ ਤੇ ਮੈਂ ਇਸ ਕੈਂਪ 'ਚ ਇਸਨੂੰ ਦਾਖਲ ਨਹੀਂ ਕਰ ਸਕਦੀ। ਇਸਦੀ ਉਮਰ ਦੇ ਬੱਚਿਆਂ ਲਈ ਮੋਗਾਡਿਸ਼ੂ ਇੱਕ ਕੈਂਪ ਹੈ। ਇਸਨੂੰ ਉੱਥੇ ਲੈ ਜਾਹ।
''ਮੈਨੂੰ ਇਸਦੀ ਉਮਰ ਦਾ ਭੁਲੇਖਾ ਲੱਗ ਗਿਆ ਸੀ। ਇਹ ਹਾਲੀ ਦਸਾਂ ਸਾਲਾਂ ਦਾ ਨਹੀਂ ਹੋਇਆ।" ਕਾਨੂੰ ਦੇ ਬਾਬੇ ਨੇ ਲੇਲ੍ਹੜੀ ਜਹੀ ਕੱਢੀ।
''ਮਤਲਬ....ਉਸ ਦਿਨ ਤਾਂ ਤੂੰ ਕਹਿੰਦਾ ਸੀ ਕਿ ਇਹ ਦਸਾਂ ਤੋਂ ਉੱਪਰ ਹੈ?'' ਕਰੈਸਟੀਨਾ ਨੇ ਗੁੱਸੇ ਜਹੇ 'ਚ ਕਿਹਾ। ਉਸਨੂੰ ਲੱਗਾ ਕਿ ਇਹ ਬੁੱਢਾ ਕਾਨੂੰ ਨੂੰ ਇਸ ਕੈਂਪ 'ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ।
''ਇਹ ਅਜੇ ਦਸਾਂ ਦਾ ਨਹੀਂ ਹੋਇਆ ।ਜਿਸ ਦਿਨ ਅਮਰੀਕਣ ਫੌਜੀ ਛੋਕਰੇ ਇਸਦੀ ਮਾਂ ਨੂੰ ਸੁੱਤਿਆਂ ਉਠਾਲ ਲੈ ਗਏ ਸਨ ਉਦੋਂ ਤਾਂ ਇਹ ਮਸਾਂ ਸੱਤਾਂ ਸਾਲਾਂ ਦਾ ਸੀ। ਉਸ ਵਾਰਦਾਤ ਨੂੰ ਤਾਂ ਅਜੇ ਦੋ ਸਾਲ ਵੀ ਨਹੀਂ ਹੋਏ। ਉਹ ਆਪਣੀਆਂ ਵਰਦੀਆਂ 'ਚ ਆਏ ਤੇ ਇਸਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ । ਮੇਰੇ ਪੁੱਤ ਨੇ ਜਦੋਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸਨੂੰ ਵੀ ਨਾਲ ਹੀ ਲੈ ਗਏ ਸਨ। ਉਸਦੀ ਲਾਸ਼ ਤਾਂ ਸਾਨੂੰ ਸਾਡੇ ਪਿੰਡ ਦੀ ਹੱਦੋਂ ਅੰਦਰ ਹੀ ਮਿਲ ਗਈ ਸੀ। ਇਸਦੇ ਪਿਉ ਨੇ ਬੜਾ ਕਿਹਾ ਕਿ ਕਾਨੂੰ ਦੀ ਮਾਂ ਦਾ ਕੀ ਕਸੂਰ ਹੈ। ਜੇ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਲੈ ਚਲੋ, ਮੈਂ ਤਿਆਰ ਹਾਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ। ਇਸਦਾ ਕੀ ਕਸੂਰ ਹੈ।
''ਇਸਦਾ ਵੀ ਕਸੂਰ ਹੈ। ਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈ। ਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂ। ਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂ। ਤੁਹਾਡੀ ਮਦਦ ਕਰਦਿਆਂ। ਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂ। ਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ।
''ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈ। ਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ 'ਚ ਸਿਮਟ ਕੇ ਰਹਿ ਗਿਆ। ਉਹ ਫੇਰ ਨਹੀਂ ਪਰਤੀ। ਉਹ ਬੜੀ ਅਣਖੀ ਕੁੜੀ ਸੀ। ਪਤਾ ਨਹੀਂ ਉਹ ਕਿਸ ਖੂਹ ਖਾਤੇ ਪਈ ਹੋਵੇਗੀ। ਪਰ ਅਸੀ ਉਡਦੀ ਉਡਦੀ ਖਬਰ ਸੁਣੀ ਸੀ ਕਿ ਉਨ੍ਹਾਂ ਅਮਰੀਕਣਾਂ 'ਚੋ ਇੱਕ ਵੀ ਉਸਦੀ ਜੁਆਨੀ ਨੂੰ ਨਹੀਂ ਸੀ ਮਾਣ ਸਕਿਆ। ਮੈਥੋਂ ਕਾਨੂੰ ਦੀ ਉਮਰ ਦੱਸਣ 'ਚ ਉਸ ਦਿਨ ਗ਼ਲਤੀ ਹੋ ਗਈ ਸੀ।
ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ । ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇ। ਇਨ੍ਹਾਂ ਹੀ ਬਦਲਾ ਲਊ ਖਿਆਲਾਂ 'ਚ ਉਹ ਕਿੰਨਾ ਹੀ ਚਿਰ ਉੱਥੇ ਹੀ ਬਿਨਾ ਕੁੱਝ ਕਿਹਾਂ ਉਨ੍ਹਾਂ ਦੇ ਕੋਲ ਹੀ ਬੈਠੀ ਰਹੀ। ਫੇਰ ਜੇਰਾ ਇਕੱਠਾ ਕਰ ਉਸਨੇ ਕਾਨੂੰ ਨੂੰ ਚੈਕ ਕਰਨਾ ਸ਼ੁਰੂ ਕੀਤਾ। ਉਸਦੀ ਨਬਜ਼ ਟੋਹੀ। ਅੱਖਾਂ ਪੁੱਟ ਕੇ ਵੇਖੀਆਂ। ਕਾਨੂੰ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖ੍ਹੋਲੀ ਰੱਖੀਆਂ।
ਕਰੈਸਟੀਨਾ ਇੱਕ ਵੇਰ ਫੇਰ ਕਾਨੂੰ ਨੂੰ ਗੌਹ ਨਾਲ ਵੇਖਦਿਆਂ ਇੱਕ ਡੂੰਘਾ ਹੌਕਾ ਭਰਿਆ।
''ਬਹੁਤ ਦੇਰ ਹੋ ਗਈ ਹੈ । ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥ 'ਚ ਘੁੱਟ ਲਈ।
ਤੇ ਅੱਖਾਂ ਮੀਟ ਲਈਆਂ।
ਅੱਖਾਂ....ਜਿਹੜੀਆਂ ਮੁੜ ਕੇ ਫੇਰ ਕਦੀ ਨਾ ਖੁਲ੍ਹੀਆਂ।
ਸਾਹਾਂ ਦੀ ਭੁੱਬਲ 'ਚ ਇੱਕ ਚਿਣਗ ਜਿਸ ਆਸ ਤੇ ਮੱਘਦੀ ਰਹੀ ਉਹ ਆਸ ਟੁੱਟਣ ਤੇ ਸੀਤ ਹੋ ਗਈ।
ਕਰੈਸਟੀਨਾ ਨੇ ਇੱਕ ਸਰਦ ਹੌਕਾ ਭਰਿਆ ਤੇ ਆਪਣੀਆਂ ਸਿੱਲ੍ਹੀਆਂ ਅੱਖਾਂ ਲਕੋਂਦੀ ਕਾਹਲੇ ਕਾਹਲੇ ਕਦਮੀ ਕੈਂਪ ਦਾ ਗੇਟ ਲੰਘ ਗਈ।
(ਸਮਾਪਤ)