Sunday, September 6, 2009

… ਤੇ ਕਾਨੂੰ ਮਰ ਗਿਆ -ਸੰਤੋਖ ਧਾਲੀਵਾਲ

… ਤੇ ਕਾਨੂੰ ਮਰ ਗਿਆ   -ਸੰਤੋਖ ਧਾਲੀਵਾਲ

      ਕਾਨੂੰ ਬੇਹੱਦ ਕਮਜ਼ੋਰ ਹੋ ਚੁੱਕਾ ਸੀ । ਉੱਠਣ ਬੈਠਣ ਦੀ ਉਸ 'ਚ ਹਿੰਮਤ ਨਹੀਂ ਸੀ ਬਚੀ । ਉਸਦੀਆਂ ਅੱਖਾਂ ਅੰਦਰ ਧਸੀਆਂ ਪਈਆਂ ਸਨ। ਮੀਟੀਆਂ ਅੱਖਾਂ ਉਹ ਕਦੀ ਕਦੀ ਬਹੁਤ ਜ਼ੋਰ ਲਾ ਕੇ ਖੋਲ੍ਹਦਾ, ਤਰਸਾਈ ਤੇ ਲਲਚਾਈ ਨਜ਼ਰ ਨਾਲ ਦੂਰ ਪਰ੍ਹਾਂਹ ਮੋਗਾਡਿਸ਼ੂ (ਸੁਮਾਲੀਆ ਦੀ ਰਾਜਧਾਨੀ) ਤੋਂ ਆਉਂਦੀ ਟੁੱਟੀ ਸੜਕ ਵੱਲ ਵੇਖਦਾ ਤੇ ਨਿਰਾਸ਼ਾ ਜਹੀ 'ਚ ਫੇਰ ਮੀਟ ਲੈਂਦਾ। ਕਈ ਵੇਰ ਉਹ ਆਪਣੇ ਆਲੇ ਦੁਆਲੇ ਪੰਜਾਹਾਂ ਤੋਂ ਵੱਧ, ਸੁੱਕੇ ਕਰੰਗ ਬਣੇ ਬਚਿੱਆਂ ਨੂੰ ਆਪਣੀਆਂ ਨਿਰਾਸ਼ੀਆਂ ਮਾਵਾਂ ਦੇ ਬਿਨ-ਦੁੱਧੇ ਥਣਾਂ ਨੂੰ ਚਰੂੰਡਦੇ, ਵਿਲਕਦੇ ਹੋਏ ਵੇਖਦਾ ਤੇ ਇੱਕ ਚੀਸ ਜਹੀ ਮਹਿਸੂਸਦਿਆਂ ਕਸੀਸ ਵੱਟਦਾ ਤੇ ਕਦੇ ਕਦੇ ਤਰਸਦੀ ਜਹੀ ਇੱਕ ਨਜ਼ਰ ਕੈਂਪ ਦੇ ਗੇਟ ਵੱਲ ਵੀ ਮਾਰ ਲੈਂਦਾ। ਗੇਟ ਜਿਸਦਾ ਬੂਹਾ ਖੁੱਲ੍ਹਣ ਤੇ ਇੱਕ ਸੰਜੀਦਾ, ਗੰਭੀਰ ਨਰਸ ਨੇ ਬਾਹਰ ਆਉਣਾ ਸੀ ਤੇ ਉਸਦੀ ਜਾਂ ਉਸਦੀ ਉਮਰ ਤੋਂ ਘੱਟ ਕੁੱਝ ਕੁ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਛਾਤੀਆਂ ਨਾਲੋਂ ਨਖੇੜ ਗੇਟ ਅੰਦਰ ਲੈ ਜਾਣਾ ਸੀ। ਜਿਸ ਨਾਲ ਮਾਵਾਂ ਦੀਆਂ ਨਜ਼ਰਾਂ 'ਚ ਇੱਕ ਆਸਾਂ ਭਰੀ ਅਨੋਖੀ ਚਮਕ ਲਿਸ਼ਕ ਪੈਣੀ ਸੀ। ਇਹ ਉਹ ਪਿਛਲੇ ਹਫ਼ਤੇ ਆਇਆ ਵੇਖ ਗਿਆ ਸੀ। ਕਾਨੂੰ ਦੀ ਮਾਂ ਨਹੀਂ ਸੀ। ਮਾਂ ਪਤਾ ਨਹੀਂ ਕਿੱਥੇ ਚਲੀ ਗਈ ਸੀ । ਉਸਨੂੰ ਕਿਉਂ ਛੱਡ ਕੇ ਚਲੀ ਗਈ ਸੀ। ਉਸ ਨੂੰ ਲੈ ਕੇ ਆਇਆ ਬਿਰਧ, ਉਸਦਾ ਬਾਬਾ ਦਸਦਾ ਸੀ ਕਿ ਇੱਕ ਰਾਤ ਉਨ੍ਹਾਂ ਦੇ ਮੁਲਕ 'ਚ ਉਨ੍ਹਾਂ ਦੀ ਰੱਖਿਆ ਕਰਨ ਆਏ ਅਮਰੀਕੀ ਫੌਜੀ ਆਪਣੀਆਂ ਆਕੜੀਆ ਵਰਦੀਆਂ 'ਚ ਕੱਸੇ, ਉਨ੍ਹਾਂ ਦੇ ਘਰੇ ਆਏ ਸਨ ਤੇ ਉਹ ਉਸਦੇ ਪਿਉ ਤੇ ਮਾਂ ਨੂੰ ਆਪਣੀ ਜੀਪ 'ਚ ਸੁੱਟ ਕੇ ਲੈ ਗਏ ਸਨ। ਮਾਂ ਉਨ੍ਹਾਂ ਦੇ ਇਸ ਪਿੰਡ ਦੇ ਨਿੱਕੇ ਜਹੇ ਸਕੂਲ 'ਚ ਪੜ੍ਹਾਉਂਦੀ ਸੀ।
ਮੋਗਾਡਿਸ਼ੂ ਤੋਂ ਵੀਹ ਕੁ ਮੀਲ ਤੇ ਇਸ ਚੌਰਾਹੇ ਤੇ ਹੀ ਉਨ੍ਹਾਂ ਦਾ ਪਿੰਡ ਹੁੰਦਾ ਸੀ। ਹੁਣ ਸਿਵਾਏ ਬੱਚਿਆਂ ਦੇ ਇਸ ਕੈਂਪ ਤੋਂ ਹੋਰ ਕੁੱਝ ਨਹੀਂ ਹੈ। ਖ਼ਾਨਾਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ-ਨਿਸ਼ਾਨ ਵੀ ਨਹੀਂ ਛੱਡਿਆ। ਤਬਾਹੀ ਮਚਾ ਦਿੱਤੀ ਹੈ। ਘਰਾਂ ਦੇ ਘਰ ਖਾਲੀ ਹੋ ਗਏ। ਸੋਕੇ ਮਾਰੀਆਂ ਬਚੀਆਂ ਫਸਲਾਂ ਵੀ ਅੱਗ ਦੀ ਭੇਂਟ ਚੜ੍ਹ ਗਈਆਂ। ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾਂ ਤੇ ਗਿਰਜਾਂ ਰੋਜ਼ ਫੀਸਟ ਕਰਦੀਆਂ ਤੇ ਰੱਜ ਪੁੱਜ ਕੇ ਲਟਬੌਰੀਆਂ ਹੋਈਆਂ ਅੰਬਰ ਦੀ ਛਾਤੀ 'ਚ ਮੋਰੀਆਂ ਕਰਦੀਆਂ ਰਹਿੰਦੀਆਂ। ਕਾਨੂੰ ਅਜੇ ਪੂਰੇ ਦਸਾਂ ਸਾਲਾਂ ਦਾ ਨਹੀਂ ਸੀ ਹੋਇਆ। ਪਰ ਉਸਨੂੰ ਵੇਖ ਇਹ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਏਨੀ ਉਮਰ ਦਾ ਵੀ ਹੋਵੇਗਾ । ਉਹ, ਉਸਨੂੰ ਇੱਥੇ ਲੈ ਕੇ ਆਏ, ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਾ ਸੀ। ਬਿਰਧ ਦੇ ਗੋਡਿਆਂ ਦਾ ਉਸਨੇ ਸਹਾਰਾ ਲਿਆ ਹੋਇਆ ਸੀ। ਨਹੀਂ ਤੇ ਸ਼ਾਇਦ ਉਹ ਬਹੁਤਾ ਚਿਰ ਬੈਠਾ ਨਾ ਰਹਿ ਸਕਦਾ ਤੇ ਲੰਮੇ ਪੈਣ ਨਾਲ ਉਸਨੂੰ ਗੇਟ ਖੁਲ੍ਹਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ।
ਮੋਗਾਡਿਸ਼ੂ ਤੋਂ ਧੂੜ ਉੜਾਉਂਦੀ, ਖ਼ਸਤਾ ਜਹੀ ਜੀਪ ਦਾ ਖੜਾਕ ਸੁਣਨ ਤੇ ਕੈਂਪ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਤੇ ਅੱਖਾਂ ਟੁੱਟੀ ਜਹੀ ਸੜਕ ਤੇ ਚਿਪਕ ਗਈਆਂ। ਕਾਨੂੰ ਵੀ ਆਪਣੀਆਂ ਅੱਖਾਂ ਪੂਰਾ ਤਾਣ ਲਾ ਕੇ ਖੋਲ੍ਹਦਾ ਹੈ ਤੇ ਹੌਲੀ ਹੌਲੀ ਸੁੱਕੀ ਛਿਟੀ ਬਣੀ ਗਰਦਣ ਤੇ ਫੁਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਹੈ। ਕੈਂਪ ਦੇ ਗੇਟ ਤੋਂ ਕੋਈ ਪੰਜਾਹਾਂ ਕੁ ਗਜ਼ਾਂ ਤੋਂ ਵਜਾਇਆ ਡਰਾਈਵਰ ਦਾ ਹਾਰਨ ਸੁਣ ਕੈਂਪ ਦਾ ਗੇਟ ਹੌਲੀ ਹੌਲੀ ਖੁੱਲ੍ਹਦਾ ਹੈ। ਦੋ ਹੱਟੇ ਕੱਟੇ ਸਿਪਾਹੀ, ਜਿਨ੍ਹਾਂ ਤੇ ਇਸ ਮੁਲਕ 'ਚ ਪਏ ਕਾਲ ਦਾ ਕੋਈ ਅਸਰ ਨਹੀਂ ਸੀ ਲੱਗਦਾ, ਜੀਪ 'ਚੋਂ ਛਾਲਾਂ ਮਾਰ ਬਾਹਰ ਆਉਂਦੇ ਹਨ ਤੇ ਜੁੜੀ ਭੀੜ ਨੂੰ ਛਛਕਾਰ ਛਛਕਾਰ ਪਰ੍ਹੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਹਨ। ਉਹ ਉੱਚੀ ਉੱਚੀ ਬੋਲ ਰਹੇ ਹਨ। ਦਬਕਾ ਰਹੇ ਹਨ। ਗਾਲਾਂ ਵੀ ਦੇ ਰਹੇ ਹਨ। ਜਦੋਂ ਕੋਈ ਬਹੁਤੀ ਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਵਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਸ਼ ਕਰਦੀ ਹੈ ਤਾਂ ਉਸਦੇ ਮੌਰਾਂ 'ਚ ਇੱਕ ਡੰਡਾ ਵੀ ਜੜ ਦਿੰਦੇ ਹਨ। ਤੇ ਜੀਪ ਇਸ ਹਾੜੇ ਕੱਢਦੀ ਕਰਲਾਉਂਦੀ ਭੀੜ 'ਚੋਂ ਰੀਂਘਦੀ ਹੋਈ ਕੈਂਪ ਦਾ ਗੇਟ ਲੰਘ ਜਾਂਦੀ ਹੈ। ਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਹੈ। ਭੀੜ ਦੀਆਂ ਅੱਖਾਂ 'ਚ ਆਈ ਮਾਸਾ ਕੁ ਆਸ ਫੇਰ ਬੀਆਬਾਨੀ ਦੇ ਬਾਬਰੋਲਿਆਂ 'ਚ ਗੁਆਚ ਜਾਂਦੀ ਹੈ। ਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਤੇ ਬੇ-ਬਸੀ 'ਚ ਅੱਖਾਂ ਮੀਟ ਲੈਂਦਾ ਹੈ।
ਕਰੈਸਟੀਨਾ ਆਪਣੇ ਸਹਿਕਾਮਿਆਂ ਨਾਲ ਹੋ ਕੇ ਸਾਮਾਨ ਲੁਹਾਉਂਦੀ ਹੈ। ਡਲਿਵਰੀ ਨੋਟ ਵੇਖਦੀ ਹੈ। ਉਸਦੇ ਮੂਜਬ ਸਾਮਾਨ ਦੀ ਗਿਣਤੀ ਕਰਦੀ ਹੈ।
ਸਾਮਾਨ ਤਾਂ ਮਸਾਂ ਅੱਧਾ ਹੈ? ਕਰੈਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮਕਾਉਂਦਿਆਂ ਹੀ 'ਸੇਵ ਦੀ ਚਿਲਡਰਨ' ਨਾਂ ਦੀ ਚੈਰਿਟੀ 'ਚ ਆਪਣਾ ਨਾਂ ਜਾ ਦਰਜ ਕਰਵਾਇਆ ਸੀ। ਉਸਨੇ ਨਰਸਿੰਗ ਕੀਤੀ ਹੀ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ,ਬੀਮਾਰ, ਮਜਬੂਰ ਲੋਕਾਂ ਦੀ ਮਦਦ ਕਰੇਗੀ। ਏਸੇ ਹੀ ਉਤਸ਼ਾਹ ਨਾਲ ਨੱਕੋ-ਨੱਕ ਹੋਈ ਨੇ ਸੁਮਾਲੀਆ ਦੀ ਖ਼ਾਨਾਜੰਗੀ 'ਚ ਹੋਈ ਤਬਾਹੀ ਦੀਆਂ ਖ਼ਬਰਾਂ ਪੜ੍ਹੀਆਂ, ਟੈਲੀਵੀਯਨ ਤੇ ਹੋਈ ਬਰਬਾਦੀ ਨੂੰ ਵੇਖਿਆ, ਅਮਰੀਕਨ ਫੌਜਾਂ ਮਦਦ ਲਈ ਸੋਮਾਲੀਆ ਨੂੰ ਜਾਂਦੀਆਂ ਵੇਖੀਆਂ ਤੇ ਆਪਣਾ ਮਨ ਉਸ ਮੁਲਕ 'ਚ ਜਾ ਕੇ ਭੁੱਖ ਤੇ ਬੀਮਾਰੀ ਨਾਲ ਮਰ ਰਹੇ ਬੱਚਿਆਂ ਦੀ ਸੇਵਾ ਕਰਨ ਲਈ ਬਣਾ ਲਿਆ। ਉੱਥੋਂ ਦੇ ਖ਼ਤਰਿਆਂ ਬਾਰੇ ਆਪਣੇ ਮਾਂ ਪਿਉ ਦੀ ਦਿੱਤੀ ਚਿਤਾਵਨੀ ਨੂੰ ਵੀ ਅਣਗੌਲਿਆਂ ਕਰਕੇ ਸੁਮਾਲੀਆ ਦੇ ਸ਼ਹਿਰ ਮੋਗਾਡਿਸ਼ੂ ਆਣ ਉੱਤਰੀ ਸੀ। ਲੰਦਨੋਂ ਤੁਰਨ ਤੋਂ ਪਹਿਲਾਂ ਹੀ ਉਸਨੇ ਮੋਗਾਡਿਸ਼ੂ ਤੋਂ ਕੋਈ ਵੀਹ ਕੁ ਮੀਲ ਦੂਰ 'ਸੇਵ ਦੀ ਚਿਲਡਰਨ ਚੈਰਿਟੀ' ਦੇ ਇੱਕ ਕੈਂਪ 'ਚ ਆਪਣਾ ਨਾਂ ਜਾ ਦਾਖਲ ਕਰਾਇਆ ਸੀ। ਚੈਰਿਟੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਤਾਂ ਇਹੋ ਜਹੀਆਂ ਜੁਆਨ, ਖ਼ਤਰਿਆਂ 'ਚ ਵੀ ਸੇਵਾ ਭਾਵ ਤੇ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀ। ਉਨ੍ਹਾਂ ਖਿੜੇ ਮੱਥੇ ਉਸਦੀ ਖਾਹਸ਼ ਤੇ ਮਨਜ਼ੂਰੀ ਦਾ ਠੱਪਾ ਲਾ ਦਿੱਤਾ ਸੀ ਤੇ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਵੀ ਆਪ ਕਰਕੇ ਦਿੱਤਾ ਸੀ।
''ਬਾਕੀ ਦਾ ਸਾਮਾਨ ਕਿੱਥੇ ਲਾਹ ਆਏ ਹੋ?'' ਕਰੈਸਟੀਨਾ ਦਿਆ ਬੋਲਾਂ 'ਚ ਕਿਲ੍ਹੇ ਢਾਉਣ ਵਰਗੀ ਆਕੜ ਤੇ ਅੱਖਾਂ 'ਚ ਸਾਰਾ ਕੁੱਝ ਝੁਲਸ ਦੇਣ ਵਰਗਾ ਭਾਂਬੜ ਬਲ ਤੁਰਿਆ ਸੀ।
''ਸਾਨੂੰ ਤਾਂ ਜੋ ਦਿੱਤਾ ਗਿਆ ਲੈ ਆਏ ਹਾਂ। ਡਰਾਈਵਰ ਤੇ ਸਪਾਹੀ ਅਣਜਾਣ ਜਹੇ ਬਣਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਹਨ ਤੇ ਮਿੰਨ੍ਹਾਂ ਮਿੰਨ੍ਹਾਂ ਮੁਸਕੜੀਏਂ ਹਸਦੇ ਹਨ। ਪਰ ਕਰੈਸਟੀਨਾ ਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਕੈਂਪ ਲਈ ਦਿੱਤਾ ਸਾਮਾਨ ਕਈ ਥਾਈਂ ਉੱਥੇ ਪਹੁੰਚਣ ਤੋਂ ਪਹਿਲਾਂ ਵੰਡਿਆ ਗਿਆ ਹੋਣਾ ਹੈ। ਦੁੱਧ ਦੇ ਡੱਬੇ ਗ਼ਾਇਬ ਸਨ। ਤਾਕਤ ਵਾਲੇ ਬਿਸਕੁਟਾਂ ਦੇ ਪੈਕਟ ਖੁੱਲੇ ਪਏ ਸਨ। ਪਾਣੀ ਦੀ ਬੋਤਲਾਂ ਦੀ ਗਿਣਤੀ ਘੱਟ ਸੀ। ਸਾਰੇ ਸਾਮਾਨ 'ਚੋਂ ਬਹੁਤ ਕੁੱਝ ਗ਼ਾਇਬ ਸੀ। ਕਰੈਸਟੀਨਾ ਬੇਬਸ ਹੋਈ ਵਿਲਕ ਉੱਠਦੀ ਹੈ।
''ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ 'ਚ ਝਾਕਿਆ ਹੈ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰੇ ਹੋ। ਤੁਹਾਡੇ ਤੇ ਤਾਂ ਇਸ ਕਾਲ ਦਾ, ਇਸ ਭਿਆਂਨਕ ਖਾਨਾਜੰਗੀ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ। ਕਰੈਸਟੀਨਾ ਲੋਹੀ-ਲਾਖੀ ਹੋਈ ਉਨ੍ਹਾਂ ਤੇ ਵਰ੍ਹ ਪੈਂਦੀ ਹੈ। ਉਸਦੀਆ ਭਵਾਂ ਤਣੀਆਂ ਜਾਂਦੀਆਂ ਹਨ। ਉਸਦੀਆਂ ਕਸੀਸ ਜਹੀ ਵੱਟਣ ਤੇ ਮੁੱਠੀਆਂ ਆਪੂੰ ਮੀਟੀਆਂ ਜਾਂਦੀਆਂ ਹਨ। ਉਹ ਭਸਮ ਕਰ ਦੇਣ ਵਰਗੀ ਕਹਿਰੀ ਤੱਕਣੀ ਨਾਲ ਸਿਪਾਹੀਆਂ ਤੇ ਡਰਾਈਵਰ ਨੂੰ ਵੇਖਦੀ ਹੈ।
''ਮੈਂ ਏਰੀਆਂ ਅਫ਼ਸਰ ਕੋਲ ਤੁਹਾਡੀ ਸ਼ਕਾਇਤ ਕਰਾਂਗੀ। ਉਸਨੇ ਦਬਕਾ ਜਿਹਾ ਮਾਰਿਆ।
ਡਰਾਈਵਰ ਤੇ ਸਿਪਾਹੀਆਂ ਨੇ ਆਪਸ 'ਚ ਅੱਖਾਂ ਮਿਲਾਈਆਂ ਤੇ ਮੁਸਕੜੀਆਂ 'ਚ ਹੱਸਦੇ ਹੋਏ ਉਸਦੀ ਕਹੀ ਗੱਲ ਨੂੰ ਅਣਗੌਲਿਆਂ ਕਰ ਗਏ । ਸ਼ਾਇਦ ਇਹੋ ਜਹੀਆਂ ਝਿੜਕਾਂ, ਦਬਕੇ ਉਹ ਰੋਜ਼ ਸੁਣਦੇ ਹਨ। ਉਨ੍ਹਾਂ ਨੂੰ ਪੂਰਾ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ, ਰਾਹਾਂ 'ਚ ਕਿਵੇਂ ਖ਼ੁਰਦੀ ਹੈ। ਪਹਿਲਾਂ ਜਦੋਂ ਮੋਗਾਡਿਸ਼ੂ ਦੇ ਸੈਂਟਰਲ ਡੀਪੂ 'ਚ ਪਹੁੰਚਦੀ ਹੈ ਤਾਂ ਉੱਪਰਲੀ ਅਫ਼ਸਰਸ਼ਾਹੀ ਉਸ 'ਚ ਵੱਡੀਆਂ ਵੱਡੀਆਂ ਮੋਰੀਆਂ ਕਰਦੀ ਹੈ। ਤੇ ਫੇਰ ਜਿਹੜੀ ਬਚਦੀ ਕੈਂਪਾਂ ਲਈ ਅਲਾਟ ਕੀਤੀ ਜਾਂਦੀ ਹੈ ਉਸ 'ਚ ਰਾਖੀ ਕਰਨ ਵਾਲੇ ਸਿਪਾਹੀ, ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਹੈ ਜਿੰਨੀ ਕੁ ਕਰ ਸਕਦਾ ਹੈ ਚੋਰੀ ਕਰਦਾ ਹੈ। ਹਰ ਕੋਈ ਆਪਣੇ ਅਹੁਦੇ ਮੂਜਬ ਖਿੱਚ-ਧੂਹ ਕਰਦਾ ਹੈ। ਜਿੰਨੀ ਕੁ ਕਿਸੇ ਦੀ ਕੁਰਸੀ ਦੀ ਅਹਿਮੀਅਤ ਹੁੰਦੀ ਹੈ ਉਹ ਆਪਣੀਆਂ ਫੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਕਰਦਾ ਹੈ। ਰਾਸ਼ਨ, ਦਵਾਈਆਂ ਆਪਣਿਆਂ ਤੇ ਬਲੈਕ 'ਚ ਵੇਚਣ ਲਈ ਖਿਸਕਾਉਣ ਦੀ ਪੂਰੀ ਪੂਰੀ ਵਾਹ ਲਾਉਂਦਾ ਹੈ।
ਕਰੈਸਟੀਨਾ ਦਾ ਇਹ ਕੈਂਪ, ਦਸ ਸਾਲ ਤੋਂ ਨਿੱਕੀ ਉਮਰ ਦੇ ਸਿਰਫ ਪੰਜਾਹਾਂ ਬੱਚਿਆਂ ਲਈ ਸੀ। ਤੇ ਇਸ ਵੇਲੇ ਕੈਂਪ 'ਚ ਸੱਤਰ ਬੱਚੇ ਸਨ। ਪੰਜਾਹਾਂ ਬੱਚਿਆਂ ਲਈ ਸਾਮਾਨ ਤੇ ਫੇਰ ਉਸ 'ਚ ਹੋਈ ਖਿੱਚ-ਧੂਹ ਸੱਤਰ ਬੱਚਿਆਂ ਦੀ ਹਾਲਤ ਕਿਵੇਂ ਸੁਧਾਰੂ, ਇਹ ਫਿਕਰ ਉਸਦੀ ਰੂਹ ਨੂੰ ਸਦਾ ਪੱਛਦਾ ਰਹਿੰਦਾ। ਦਵਾਈਆਂ ਵਾਲੀ ਅਲਮਾਰੀ ਭਾਂਅ ਭਾਂਅ ਕਰ ਰਹੀ ਹੈ ਤੇ ਬਾਹਰ ਇੱਕ ਵਿਲਕਦੀ ਭੀੜ ਉਸਨੂੰ ਡੰਗੀ ਜਾ ਰਹੀ ਹੈ।
ਰੁਟੀਨ ਮੁਤਾਬਕ ਉਹ ਹਰ ਦੋਂਹ ਹਫਤਿਆਂ ਬਾਅਦ ਕੈਂਪ ਵਿਚਲੇ ਸਾਰੇ ਬੱਚਿਆਂ ਦਾ ਮੁਆਇਨਾ ਕਰਦੀ ਹੈ। ਜਿਨ੍ਹਾਂ ਦੀ ਹਾਲਤ ਕੁੱਝ ਸੁਧਰ ਜਾਂਦੀ ਹੈ, ਜ਼ਰਾ ਤਕੜੇ ਹੋ ਜਾਂਦੇ ਹਨ ਤੇ ਜਿਨ੍ਹਾਂ ਦੇ ਬਚਣ ਦੀ ਆਸ ਜ਼ਰਾ ਕੁ ਵੀ ਨਰੋਈ ਹੋ ਜਾਂਦੀ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਦੀਆਂ ਲੇਲੜੀਆਂ, ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਖਾਰਜ ਕਰ ਦਿੰਦੀ ਹੈ ਤੇ ਉੱਨੇ ਕੁ ਹੋਰ ਬੱਚੇ ਜਿਨ੍ਹਾਂ ਦੇ ਬਚਣ ਦੀ ਉਸਨੂੰ ਥੋਹੜੀ ਬਹੁਤੀ ਆਸ ਹੁੰਦੀ ਹੈ ਦਾਖਲ ਕਰ ਲੈਂਦੀ ਹੈ।
ਅੱਜ ਉਸਨੇ ਪੱਚੀ ਬੱਚੇ ਹੋਰ ਲੈਣੇ ਸਨ। ਪੰਦਰਾਂ ਠੀਕ ਹੋ ਕੇ ਆਪਣੀਆਂ ਮਾਵਾਂ ਦੇ ਨਾਲ ਜਾ ਰਹੇ ਸਨ ਤੇ ਦਸ ਉਸਦੇ ਹਰ ਤਰ੍ਹਾਂ ਦੀ ਕੋਸ਼ਸ਼ ਕਰਨ ਦੇ ਬਾਵਜੂਦ ਕਬਰਾਂ ਬਣ ਗਏ ਸਨ। ਹੋਰ ਬੱਚੇ ਦਾਖਲ ਕਰਨ ਤੋਂ ਉਹ ਅੱਜ ਬਹੁਤ ਝਿਜਕ ਰਹੀ ਸੀ।
ਸਾਮਾਨ ਇਸ ਵਾਰ ਬਹੁਤ ਥੋਹੜਾ ਆਇਆ ਹੈ। ਇਹ ਤਾਂ ਕੈਂਪ 'ਚ ਬਚੇ ਬੱਚਿਆਂ ਜੋਗਰਾ ਵੀ ਨਹੀਂ ਸੀ। ਹੋਰ ਨਵੇਂ ਦਾਖਲ ਕੀਤੇ ਬੱਚਿਆਂ ਦੀ ਦੇਖ ਭਾਲ ਉਹ ਕਿਵੇਂ ਕਰੇਗੀ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਕਦੀ ਉਹ ਸੋਚਦੀ ਕਿ ਕੈਂਪ 'ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਪੂਰੀ ਤੇ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਚੰਗੀ ਤਰ੍ਹਾਂ ਦੇਖ ਭਾਲ ਕਰੇ ਤੇ ਹੋਰ ਨਵੇਂ ਬੱਚੇ ਦਾਖਲ ਨਾ ਕਰੇ। ਫੇਰ ਉਸਨੂੰ ਬੱਚੇ ਲੈ ਕੇ ਆਈਆਂ ਮਾਵਾਂ ਦੀ ਜੁੜੀ ਭੀੜ ਦਾ ਖਿਆਲ ਆਉਂਦਾ ਤਾਂ ਉਹ ਕੰਬ ਜਾਂਦੀ। ਇਨ੍ਹਾ ਹੀ ਖਿਆਲਾਂ 'ਚ ਘਿਰੀ ਉਹ ਆਪਣੇ ਦੋਨਾਂ ਹੱਥਾਂ ਨਾਲ ਮੂੰਹ ਢੱਕ ਲੈਂਦੀ ਹੈ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਹੈ। ਸਿਰ ਮੇਜ਼ ਤੇ ਰੱਖ ਕੇ ਡੁਸਕਣ ਲੱਗ ਪੈਂਦੀ ਹੈ। ਬੇਬਸੀ ਤੇ ਲਾਚਾਰੀ ਦੇ ਬੀਆਬਾਨਾਂ 'ਚ ਝੁਲਸੀ ਜਾਣ ਲੱਗਦੀ ਹੈ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
ਜ਼ਿੰਦਗੀ ਦਾ ਸੁਹੱਪਣ ਮਾਨਣ ਤੇ ਵੇਖਣ ਦੀ ਚਾਹਵਾਨ, ਕਰੈਸਟੀਨਾ ਮੌਤ ਨੇ ਘੇਰ ਲਈ ਹੈ। ਜਿਸ ਪਾਸੇ ਵੀ ਧਿਆਨ ਮਾਰਦੀ ਹੈ, ਜਿਸ ਪਾਸੇ ਵੀ ਜਾਂਦੀ ਹੈ, ਜ਼ਿੰਦਗੀ ਮੌਤ ਦੇ ਜਵਾੜ੍ਹਿਆਂ 'ਚ ਜਕੜੀ ਵੇਖਦੀ ਹੈ। ਭੁੱਖ ਤੇ ਬੀਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਕੈਂਪ ਦੇ ਹਿੱਸੇ ਆਉਂਦਾ ਰਾਸ਼ਨ ਤੇ ਦਵਾਈਆਂ ਦਿਨ ਦਿਨ ਘੱਟ ਰਹੀਆਂ ਹਨ। ਉਹ ਕਈ ਵਾਰ ਇੱਥੋਂ ਭੱਜ ਜਾਣ ਲਈ ਵੀ ਸੋਚ ਲੈਂਦੀ। ਉਸਨੂੰ ਆਪਣੀ ਬੇਬਸੀ ਤੇ ਕਰੋਧ ਆਉਂਦਾ। ਉਹ ਹੌਂਸਲਾ ਹਾਰ ਬਹਿੰਦੀ। ਪਰ ਫੇਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਸਦੇ ਪੈਰਾਂ 'ਚ ਬੇੜੀਆਂ ਨੂੜ ਦੇਂਦੀ। ਉਸਦੇ ਲਿੱਸੇ ਹੋਏ ਵਿਸ਼ਵਾਸ ਲਈ ਵੰਗਾਰ ਬਣ ਜਾਂਦੀ।
''ਕੀ ਏਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਕੜ ਨਾਲ ਸਿੱਝਣਾ ਪਵੇ ਤੇ ਹਾਰ ਕੇ ਭੱਜ ਜਾਵੇਂ? ਕੀ ਏਸੇ ਲਈ ਸੀ ਆਈ ਸੁਮਾਲੀਆ 'ਚ ਕਿ ਤਕਲੀਫਾਂ ਤੋਂ, ਥੁੜਾਂ ਤੋਂ ਪਿੱਛਾ ਛਡਾਉਣ ਲਈ ਉਨ੍ਹਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲਕੋ ਕੇ ਭੱਜ ਜਾਂਏ?'' ਉਹ ਆਪਣੀ ਤਿੜਕਦੀ ਹੋਈ ਸੋਚਣੀ ਨੂੰ ਝਿੜਕਦੀ ਤੇ ਇੱਕ ਝਟਕੇ ਨਾਲ, ਇੱਕ ਹੰਭਲਾ ਮਾਰ ਕੇ ਉੱਠਦੀ ਤੇ ਆਪਣੇ ਨਿੱਤ ਦੇ ਰੁਟੀਨ 'ਚ ਰੁੱਝ ਜਾਂਦੀ।
ਅੱਜ ਵੀ ਉਸਦੀ ਇਹੋ ਜਹੀ ਹੀ ਹਾਲਤ ਸੀ। ਉਹ ਮਸਾਂ ਇਸ ਸੋਚਣੀ 'ਚੋਂ ਨਿਕਲੀ ਹੈ। ਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਹੈ। ਜਿਨ੍ਹਾਂ ਬੱਚਿਆਂ ਨੂੰ ਖਾਰਜ ਕਰਨਾ ਹੈ ਉਨ੍ਹਾਂ ਨੂੰ ਖਾਰਜ ਕਰਦੀ ਹੈ ਤੇ ਹਦਾਇਤਾਂ ਕਰਕੇ ਉਨ੍ਹਾਂ ਦੀਆਂ ਮਾਵਾਂ ਨੂੰ ਸੌਂਪਦੀ ਹੈ। ਇਸ ਕਾਰਜ ਤੋਂ ਵਿਹਲੀ ਹੋ ਕੇ ਉਹ ਆਪਣੀਆਂ ਸਾਥਣਾਂ ਨੂੰ ਬਾਕੀ ਬੱਚਿਆਂ ਨੂੰ ਦਵਾਈਆਂ, ਵਿਟਾਮਨ ਤੇ ਦੁੱਧ ਦੇਣ ਦੀ ਚਿਤਾਵਨੀ ਦਿੰਦੀ ਹੈ। ਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਹੈ। ਦੁੱਧ 'ਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਸਦੀ ਆਤਮਾ ਵਿਲੂੰਧਰੀ ਜਾਂਦੀ ਹੈ। ਗੁੱਸੇ ਦੇ ਸਿਆੜ ਉਸਦੇ ਮੱਥੇ ਤੇ ਹੋਰ ਡੂੰਘੇ ਹੋ ਜਾਂਦੇ ਹਨ।
''ਇਹ ਤਕੜੇ ਕਿਵੇਂ ਹੋਣਗੇ ਜੇ ਇਨ੍ਹਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ?'' ਉਸਦੇ ਨਾਲ ਕੰਮ ਕਰਦੀ ਸੁਮਾਲੀਅਣ ਨਰਸ ਨੇ ਇੱਕ ਕਰੂਰ ਸਵਾਲ ਉਸਦੇ ਮੂਹਰੇ ਖਿਲਾਰ ਦਿੱਤਾ। ਕਰੈਸਟੀਨਾ ਕੋਲ ਇਸਦਾ ਕੀ ਜਵਾਬ ਸੀ। ਉਹ ਕੁੱਝ ਪਲਾਂ ਲਈ ਖਾਮੋਸ਼ੀ ਦੀ ਬੁੱਕਲ ਮਾਰ ਗਈ। ਤੇ ਫੇਰ ਹੌਲੀ ਹੌਲੀ ਬੀਮਾਰ ਆਵਾਜ਼ 'ਚ ਮਸਾਂ ਕਹਿੰਦੀ ਹੈ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
''ਤੇਰੀ ਗੱਲ ਬਿਲਕੁਲ ਦਰੁਸਤ ਹੈ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜ਼ੂਮ 'ਚੋਂ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਉਹ ਤਾਂ ਸੱਭ ਆਸ ਹੀ ਗੁਆ ਬੈਠਣਗੇ। ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਹੈ, ਕਦੀ ਕਿਆਸਿਆ ਹੈ? ਕਿਵੇਂ ਜੀਂਦਾ ਹੈ ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ। ਕੋਈ ਨਿਆਸਰਾ ਹੋ ਕੇ?'' ਕਰੈਸਟੀਨਾ ਆਪਣੇ ਅੰਦਰ ਅਜੇ ਵੀ ਇੱਕ ਆਸ ਦੀ ਚਿਣਗ ਮਘਾਈ ਰੱਖਣਾ ਚਾਹੁੰਦੀ ਸੀ।
ਆਖਰ ਉਸਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਖੋਲ੍ਹ ਬਾਹਰ ਉਡੀਕਦੀ ਭੀੜ 'ਚ ਜਾ ਵੜੀ। ਮਿੱਟੀ ਘੱਟੇ 'ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਸ ਉੱਤੇ ਗੱਡੀਆਂ ਗਈਆਂ। ਉਨ੍ਹਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ ਬੱਚੇ ਇਸ ਸਾਰੇ ਕੁੱਝ ਤੋਂ ਬੇਖ਼ਬਰ ਆਪਣੇ ਆਹਰੇ ਲੱਗੇ ਰਹੇ। ਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਵਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ 'ਚ ਬੈਠਿਆਂ ਕਰ ਦਿੱਤਾ। ਉਹ 'ਕੱਲੇ 'ਕੱਲੇ ਬੱਚੇ ਕੋਲ ਜਾਂਦੀ। ਉਸਨੂੰ ਗੌਹ ਨਾਲ ਵੇਖਦੀ। ਉਸਦੀਆਂ ਮੀਟੀਆਂ ਅੱਖਾਂ ਖੋਲ੍ਹ ਉਨ੍ਹਾਂ 'ਚ ਵੇਖਦੀ। ਸੁੱਕੀਆਂ ਛਿਟੀਆਂ ਬਾਹਵਾਂ ਫੜ ਫੜ ਨਬਜ਼ਾਂ ਟੋਂਹਦੀ। ਜਿਸ ਬੱਚੇ ਦੇ ਠੀਕ ਹੋਣ ਦੀ ਉਸਨੂੰ ਮਾੜੀ ਮੋਟੀ ਵੀ ਆਸ ਹੁੰਦੀ ਉਸਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਲਈ ਇਸ਼ਾਰਾ ਕਰਦੀ। ਮਾਂ ਦੀਆਂ ਅੱਖਾਂ 'ਚ ਬੇਪਨਾਹ ਸ਼ੁਕਰਾਨਾ ਸਿੰਮ ਆਉਂਦਾ। ਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸੱਭ ਨੂੰ ਪਤਾ ਸੀ। ਗੇਟ ਅੰਦਰ ਜ਼ਿਦਗੀ ਦਾ ਵਰਦਾਨ ਮਿਲਦਾ ਸੀ। ਸਾਹ ਲੈਂਦੇ ਰਹਿਣ ਦੀ ਖੁਸ਼ੀਆਂ ਭਰੀ ਤਸੱਲੀ ਮਿਲਦੀ ਸੀ। ਤੇ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਨ੍ਹਾਂ ਦੀਆਂ ਲੇਲੜੀਆਂ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀਆਂ। ਉਨ੍ਹਾਂ ਮਾਵਾਂ ਦੀ ਤੱਕਣੀ ਇੱਕ ਹੌਕਾ ਬਣਕੇ ਉਸਦੇ ਗਲੇ 'ਚ ਅੜੀ ਰਹਿੰਦੀ । ਉਨ੍ਹਾਂ ਦੀ ਅਪਣੇ ਬੱਚਿਆਂ ਲਈ ਬੇਬਸੀ ਉਸਦੀ ਵਿਚਰਨ 'ਚ ਇੱਕ ਭੁਚਾਲ ਲਿਆਈ ਰੱਖਦੀ। ਉਹ ਆਪਣਾ ਫਰਜ਼ ਨਿਭਾਉਂਦੀ, ਆਪਣੀ ਸੋਚ ਮੁਤਾਬਿਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀ। ਜਿਨ੍ਹਾਂ ਬੱਚਿਆਂ ਨੂੰ ਉਹ ਅੰਦਰ ਨਹੀਂ ਸੀ ਭੇਜ ਰਹੀ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਹੈ । ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੂਹਿਆਂ ਤੇ ਅੰਗੜਾਈਆਂ ਲੈਂਦੀ ਵੇਖਣ ਦੀ ਚਾਹਵਾਨ, ਕਰੈਸਟੀਨਾ, ਅੱਜ ਮੌਤਾਂ ਪਰੋਸ ਰਹੀ ਹੈ। ਪਹਿਲੀ ਵਾਰ ਉਸਨੂੰ ਇੱਥੇ ਇਸ ਕੈਂਪ 'ਚ ਆ ਕੇ ਹੀ ਅਹਿਸਾਸ ਹੋਇਆ ਸੀ ਕਿ ਮੌਤ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
ਜ਼ਿੰਦਗੀ....ਮੌਤ
ਮੌਤ....ਜ਼ਿੰਦਗੀ
ਕਿੰਨੀਆਂ ਕੋਲ ਕੋਲ ਹਨ।
ਤੇ ਕਿੰਨੀਆਂ ਦੂਰ ਦੂਰ ਵੀ।
ਕਰੈਸਟੀਨਾ ਨੂੰ ਕੀ ਪਤਾ ਸੀ ਕਿ ਉਸਨੂੰ ਅਦਾਲਤ ਵੀ ਬਨਣਾ ਪਵੇਗਾ। ਮੌਤ ਦੀਆਂ ਸਜ਼ਾਵਾਂ ਵੀ ਸੁਨਾਉਣੀਆਂ ਪੈਣਗੀਆਂ। ਉਹ ਤਾਂ ਜ਼ਿੰਦਗੀ ਦੀ ਵਕੀਲ ਬਣਕੇ ਆਈ ਸੀ। ਹੁਣ ਕਈ ਵਾਰ ਉਸਨੂੰ ਇਹੋ ਜਹੀ ਹਾਲਤ 'ਚ ਆਪਣੇ ਆਪ ਤੋਂ ਘਿਰਣਾ ਜਹੀ ਵੀ ਹੋਣ ਲੱਗਦੀ ਸੀ। ਜ਼ਿੰਦਗੀ ਬਖ਼ਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਵੰਡ ਰਹੇ ਸਨ।
ਉਹ ਸਾਰਾ ਕੁੱਝ ਇੱਕ ਰੋਬੋਟ ਵਾਂਗੂੰ ਕਰੀ ਜਾ ਰਹੀ ਸੀ, ਜਿਸਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇ। ਹਰ ਬੱਚੇ ਦੀਆਂ ਅੱਖਾਂ ਖੋਲ੍ਹਦੀ, ਨਬਜ਼ ਟੋਂਹਦੀ, ਧੜਕਣ ਚੈੱਕ ਕਰਦੀ ਉਸਦੀ ਮਾਂ ਵੱਲ ਵੀ ਇੱਕ ਦੋ ਵਾਰ ਵੇਖਦੀ। ਤੇ ਜਦੋਂ ਕਿਸੇ ਬੱਚੇ ਨੂੰ ਉਹ ਕੈਂਪ ਅੰਦਰ ਜਾਣ ਲਈ ਕਹਿੰਦੀ, ਉਸਦੀ ਮਾਂ ਨੂੰ ਵੀ ਦਿਲਾਸੇ ਭਰੀ ਤੱਕਣੀ ਨਾਲ ਵੇਖਦੀ, ਉਸ ਬੱਚੇ ਦੀ ਮਾਂ ਦੀਆਂ ਅੱਖਾਂ 'ਚ ਚਮਕ ਤੇ ਖੁਸ਼ੀ ਵੇਖ ਕੇ ਉਹ ਆਪ ਵੀ ਸਾਰੀ ਦੀ ਸਾਰੀ ਸਰਸ਼ਾਰੀ ਜਾਂਦੀ। ਤੇ ਇੱਥੇ ਆਂ ਕੇ ਬੱਚਿਆਂ ਦੀ ਦੇਖ ਭਾਲ ਕਰਨ ਦਾ ਇਵਜ਼ਾਨਾ ਉਸਨੂੰ ਮਿਲ ਜਾਂਦਾ। ਸ਼ਾਇਦ ਇਹੋ ਜਹੇ ਹੀ ਕੁੱਝ ਕੁ ਪਲ ਹਨ ਜਿਹੜੇ ਉਸਨੂੰ ਇੱਥੇ ਨੂੜੀ ਬੈਠੇ ਸਨ, ਨਹੀਂ ਤਾਂ ਉਹ ਚਿਰਾਂ ਦੀ ਇਸ ਨਿਰਾਸ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ।
''ਕੀ ਕਸੂਰ ਹੈ ਇਨ੍ਹਾਂ ਬੱਚਿਆਂ ਦਾ?'' ਸਵਾਲ ਉਸਦੀ ਸੋਚ ਦੀ ਸਰਦਲ ਫੇਰ ਆਣ ਨੱਪਦਾ। ਉਹ ਲੁੱਚੀ ਸਿਆਸਤ ਤੇ ਖਿਝਦੀ। ਬਦਮਾਸ਼ ਸਿਆਸੀ ਢਾਂਚੇ ਨੂੰ ਨਫਰਤ ਨਾਲ ਦੁਰਕਾਰਦੀ। ਹਿਫਾਜ਼ਤ ਤੇ ਮਦਦ ਕਰਨ ਆਏ ਅਮਰੀਕੀ ਸਿਪਾਹੀਆਂ ਦੀਆਂ ਸੁਣੀਆਂ ਕਹਾਣੀਆਂ ਬਾਰੇ ਉਹ ਸੋਚਦੀ ਤਾਂ ਸਾਰੀ ਸਾਰੀ ਹਲੂਣੀ ਜਾਂਦੀ।
ਇਵੇਂ ਚੈੱਕ ਕਰਦੀ ਕਰਦੀ ਉਹ ਕਾਨੂੰ ਕੋਲ ਜਾ ਪਹੁੰਚਦੀ ਹੈ। ਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਉਸਨੇ ਮੋੜ ਦਿੱਤਾ ਸੀ ਕਿਉਂਕਿ ਉਸਦੇ ਬਾਬੇ ਨੇ ਉਸਦੀ ਉਮਰ ਦਸਾਂ ਸਾਲਾਂ ਤੋਂ ਉੱਪਰ ਦੱਸੀ ਸੀ ਤੇ ਇਹ ਕੈਂਪ ਦਸਾਂ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀ। ਕਰੈਸਟੀਨਾ ਨੇ ਕਾਨੂੰ ਤੇ ਉਸਦੇ ਬਾਬੇ ਨੂੰ ਪਛਾਣ ਲਿਆ ਸੀ।
''ਮੈਂ ਤੈਨੂੰ ਪਹਿਲਾਂ ਵੀ ਦਸਿਆ ਸੀ ਕਿ ਇਸਦੀ ਉਮਰ ਵੱਡੀ ਹੈ ਤੇ ਮੈਂ ਇਸ ਕੈਂਪ 'ਚ ਇਸਨੂੰ ਦਾਖਲ ਨਹੀਂ ਕਰ ਸਕਦੀ। ਇਸਦੀ ਉਮਰ ਦੇ ਬੱਚਿਆਂ ਲਈ ਮੋਗਾਡਿਸ਼ੂ ਇੱਕ ਕੈਂਪ ਹੈ। ਇਸਨੂੰ ਉੱਥੇ ਲੈ ਜਾਹ।
''ਮੈਨੂੰ ਇਸਦੀ ਉਮਰ ਦਾ ਭੁਲੇਖਾ ਲੱਗ ਗਿਆ ਸੀ। ਇਹ ਹਾਲੀ ਦਸਾਂ ਸਾਲਾਂ ਦਾ ਨਹੀਂ ਹੋਇਆ।" ਕਾਨੂੰ ਦੇ ਬਾਬੇ ਨੇ ਲੇਲ੍ਹੜੀ ਜਹੀ ਕੱਢੀ।
''ਮਤਲਬ....ਉਸ ਦਿਨ ਤਾਂ ਤੂੰ ਕਹਿੰਦਾ ਸੀ ਕਿ ਇਹ ਦਸਾਂ ਤੋਂ ਉੱਪਰ ਹੈ?'' ਕਰੈਸਟੀਨਾ ਨੇ ਗੁੱਸੇ ਜਹੇ 'ਚ ਕਿਹਾ। ਉਸਨੂੰ ਲੱਗਾ ਕਿ ਇਹ ਬੁੱਢਾ ਕਾਨੂੰ ਨੂੰ ਇਸ ਕੈਂਪ 'ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ।
''ਇਹ ਅਜੇ ਦਸਾਂ ਦਾ ਨਹੀਂ ਹੋਇਆ ।ਜਿਸ ਦਿਨ ਅਮਰੀਕਣ ਫੌਜੀ ਛੋਕਰੇ ਇਸਦੀ ਮਾਂ ਨੂੰ ਸੁੱਤਿਆਂ ਉਠਾਲ ਲੈ ਗਏ ਸਨ ਉਦੋਂ ਤਾਂ ਇਹ ਮਸਾਂ ਸੱਤਾਂ ਸਾਲਾਂ ਦਾ ਸੀ। ਉਸ ਵਾਰਦਾਤ ਨੂੰ ਤਾਂ ਅਜੇ ਦੋ ਸਾਲ ਵੀ ਨਹੀਂ ਹੋਏ। ਉਹ ਆਪਣੀਆਂ ਵਰਦੀਆਂ 'ਚ ਆਏ ਤੇ ਇਸਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ । ਮੇਰੇ ਪੁੱਤ ਨੇ ਜਦੋਂ ਉਨ੍ਹਾਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸਨੂੰ ਵੀ ਨਾਲ ਹੀ ਲੈ ਗਏ ਸਨ। ਉਸਦੀ ਲਾਸ਼ ਤਾਂ ਸਾਨੂੰ ਸਾਡੇ ਪਿੰਡ ਦੀ ਹੱਦੋਂ ਅੰਦਰ ਹੀ ਮਿਲ ਗਈ ਸੀ। ਇਸਦੇ ਪਿਉ ਨੇ ਬੜਾ ਕਿਹਾ ਕਿ ਕਾਨੂੰ ਦੀ ਮਾਂ ਦਾ ਕੀ ਕਸੂਰ ਹੈ। ਜੇ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਲੈ ਚਲੋ, ਮੈਂ ਤਿਆਰ ਹਾਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ। ਇਸਦਾ ਕੀ ਕਸੂਰ ਹੈ।
''ਇਸਦਾ ਵੀ ਕਸੂਰ ਹੈ। ਇੱਕ ਤਾਂ ਇਹ ਤੇਰੀ ਤੀਵੀਂ ਹੈ ਤੇ ਦੂਜਾ ਸੋਹਣੀ ਤੇ ਜੁਆਨ ਵੀ ਹੈ। ਸਾਨੂੰ ਛੇ ਮਹੀਨੇ ਹੋ ਗਏ ਅਮਰੀਕਾ ਤੋਂ ਆਇਆਂ। ਆਪਣੀਆਂ ਜਨਾਨੀਆਂ ਤੋਂ ਬਿਨਾ ਰਹਿੰਦਿਆਂ। ਤੁਹਾਡੀ ਮਦਦ ਕਰਦਿਆਂ। ਤੁਹਾਨੂੰ ਤੁਹਾਡੇ ਹੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦਿਆਂ। ਤੁਹਾਨੂੰ ਵੀ ਸਾਡੀ ਕੋਈ ਸੇਵਾ ਕਰਨੀ ਚਾਹੀਦੀ ਹੀ ਹੈ।
''ਅਸੀਂ ਸਮਝ ਗਏ ਸਾਂ ਕਿ ਉਸਦਾ ਕੀ ਹਸ਼ਰ ਹੋਣਾ ਹੈ। ਮੇਰੇ ਪੁੱਤ ਨੇ ਉਸਨੂੰ ਉਨ੍ਹਾਂ ਤੋਂ ਬਚਾਉਣ ਦੀ ਕੋਸ਼ਸ਼ ਕੀਤੀ ਤਾਂ ਉਹ ਇੱਕ ਕਾਰਤੂਸ 'ਚ ਸਿਮਟ ਕੇ ਰਹਿ ਗਿਆ। ਉਹ ਫੇਰ ਨਹੀਂ ਪਰਤੀ। ਉਹ ਬੜੀ ਅਣਖੀ ਕੁੜੀ ਸੀ। ਪਤਾ ਨਹੀਂ ਉਹ ਕਿਸ ਖੂਹ ਖਾਤੇ ਪਈ ਹੋਵੇਗੀ। ਪਰ ਅਸੀ ਉਡਦੀ ਉਡਦੀ ਖਬਰ ਸੁਣੀ ਸੀ ਕਿ ਉਨ੍ਹਾਂ ਅਮਰੀਕਣਾਂ 'ਚੋ ਇੱਕ ਵੀ ਉਸਦੀ ਜੁਆਨੀ ਨੂੰ ਨਹੀਂ ਸੀ ਮਾਣ ਸਕਿਆ। ਮੈਥੋਂ ਕਾਨੂੰ ਦੀ ਉਮਰ ਦੱਸਣ 'ਚ ਉਸ ਦਿਨ ਗ਼ਲਤੀ ਹੋ ਗਈ ਸੀ।
ਕਰੈਸਟੀਨਾ ਸਾਰਾ ਕੁੱਝ ਇੱਕ ਬੁੱਤ ਬਣੀ ਸੁਣਦੀ ਰਹੀ ਸੀ । ਉਸਨੂੰ ਲੱਗਾ ਕਿ ਅਮਰੀਕਣ ਫੌਜੀਆਂ ਨੇ ਕਾਨੂੰ ਦੀ ਮਾਂ ਨੂੰ ਨਹੀਂ ਉਸਨੂੰ ਰੇਪ ਕੀਤਾ ਹੋਵੇ। ਇਨ੍ਹਾਂ ਹੀ ਬਦਲਾ ਲਊ ਖਿਆਲਾਂ 'ਚ ਉਹ ਕਿੰਨਾ ਹੀ ਚਿਰ ਉੱਥੇ ਹੀ ਬਿਨਾ ਕੁੱਝ ਕਿਹਾਂ ਉਨ੍ਹਾਂ ਦੇ ਕੋਲ ਹੀ ਬੈਠੀ ਰਹੀ। ਫੇਰ ਜੇਰਾ ਇਕੱਠਾ ਕਰ ਉਸਨੇ ਕਾਨੂੰ ਨੂੰ ਚੈਕ ਕਰਨਾ ਸ਼ੁਰੂ ਕੀਤਾ। ਉਸਦੀ ਨਬਜ਼ ਟੋਹੀ। ਅੱਖਾਂ ਪੁੱਟ ਕੇ ਵੇਖੀਆਂ। ਕਾਨੂੰ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖ੍ਹੋਲੀ ਰੱਖੀਆਂ।
ਕਰੈਸਟੀਨਾ ਇੱਕ ਵੇਰ ਫੇਰ ਕਾਨੂੰ ਨੂੰ ਗੌਹ ਨਾਲ ਵੇਖਦਿਆਂ ਇੱਕ ਡੂੰਘਾ ਹੌਕਾ ਭਰਿਆ।
''ਬਹੁਤ ਦੇਰ ਹੋ ਗਈ ਹੈ । ਕਹਿੰਦਿਆਂ ਕਰੈਸਟੀਨਾ ਜਿਉਂ ਹੀ ਉਨ੍ਹਾਂ ਕੋਲੋਂ ਉੱਠ ਕੇ ਜਾਣ ਲੱਗੀ ਤਾਂ ਕਾਨੂੰ ਨੇ ਉਦਾਸ ਮਿਟ ਮਿਟ ਜਾਂਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਸਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥ 'ਚ ਘੁੱਟ ਲਈ।
ਤੇ ਅੱਖਾਂ ਮੀਟ ਲਈਆਂ।
ਅੱਖਾਂ....ਜਿਹੜੀਆਂ ਮੁੜ ਕੇ ਫੇਰ ਕਦੀ ਨਾ ਖੁਲ੍ਹੀਆਂ।
ਸਾਹਾਂ ਦੀ ਭੁੱਬਲ 'ਚ ਇੱਕ ਚਿਣਗ ਜਿਸ ਆਸ ਤੇ ਮੱਘਦੀ ਰਹੀ ਉਹ ਆਸ ਟੁੱਟਣ ਤੇ ਸੀਤ ਹੋ ਗਈ।
ਕਰੈਸਟੀਨਾ ਨੇ ਇੱਕ ਸਰਦ ਹੌਕਾ ਭਰਿਆ ਤੇ ਆਪਣੀਆਂ ਸਿੱਲ੍ਹੀਆਂ ਅੱਖਾਂ ਲਕੋਂਦੀ ਕਾਹਲੇ ਕਾਹਲੇ ਕਦਮੀ ਕੈਂਪ ਦਾ ਗੇਟ ਲੰਘ ਗਈ।
(ਸਮਾਪਤ)

No comments:

Post a Comment