Sunday, January 24, 2010

ਮੜ੍ਹੀਆਂ 'ਤੇ ਬਲਦੇ ਦੀਵੇ -ਸ਼ਿਵਚਰਨ ਜੱਗੀ ਕੁੱਸਾ

ਮੜ੍ਹੀਆਂ 'ਤੇ ਬਲਦੇ ਦੀਵੇ   -ਸ਼ਿਵਚਰਨ ਜੱਗੀ ਕੁੱਸਾ


                   ਕਾਮਰੇਡ ਬਖਤੌਰ ਸਿੰਘ ਨੂੰ ਆਸਟਰੀਆ ਆਏ ਨੂੰ ਤਕਰੀਬਨ ਸੋਲ੍ਹਾਂ ਸਾਲ ਹੋ ਗਏ ਸਨ। ਕਾਮਰੇਡ ਬੜਾ ਮਿਹਨਤੀ ਬੰਦਾ ਸੀ। ਇਸ ਸੋਲ੍ਹਾਂ ਸਾਲਾਂ ਦੇ ਪ੍ਰਵਾਸੀ ਸਫ਼ਰ ਵਿਚ ਬਖਤੌਰ ਨੇ ਕੀ-ਕੀ ਪਾਪੜ ਨਹੀਂ ਵੇਲੇ ਸਨ? ਕੀ-ਕੀ ਨਹੀਂ ਕੀਤਾ ਸੀ? ਅਖਬਾਰਾਂ ਵੇਚੀਆਂ, ਹੋਟਲਾਂ ਵਿਚ ਬਰਤਨ ਧੋਤੇ, ਘਰਾਂ ਵਿਚ ਰਾਤਾਂ ਨੂੰ ਅਖਬਾਰ ਸੁੱਟੇ, ਬਰਫ਼ਾਂ ਨਾਲ ਲੱਦੀਆਂ ਛੱਤਾਂ ਸਾਫ਼ ਕਰਦਾ ਰਿਹਾ। ਤਕਰੀਬਨ ਅੱਠਾਂ ਸਾਲਾਂ ਬਾਅਦ ਜਾ ਕੇ ਬਖਤੌਰ ਨੂੰ ਸੁੱਖ ਦਾ ਸਾਹ ਆਇਆ। ਗਰੀਨ-ਕਾਰਡ ਮਿਲਣ ਕਰ ਕੇ ਬਖਤੌਰ ਨੂੰ ਇਕ ਆਡੀਓ ਕੈਸਿਟਾਂ ਬਣਾਉਣ ਵਾਲੀ ਜਪਾਨੀ ਫ਼ੈਕਟਰੀ ਵਿਚ ਕੰਮ ਮਿਲ ਗਿਆ। ਕੰਮ ਕੋਈ ਔਖਾ ਨਹੀਂ ਸੀ। ਪੱਚੀ-ਪੱਚੀ ਕੈਸਿਟਾਂ ਦਾ ਬੰਡਲ ਤਿਆਰ ਹੋ ਕੇ ਬੈਲ੍ਹਟ 'ਤੇ ਆਉਂਦਾ ਅਤੇ ਕਾਮਰੇਡ ਨੇ ਉਹ ਬੰਡਲ ਚੁੱਕ ਕੇ ਇਕ ਪਾਸੇ, ਇਕ ਫ਼ੱਟੇ ਜਿਹੇ 'ਤੇ ਚਿਣਨਾ ਹੁੰਦਾ। ਜਦ ਉਸ ਫ਼ੱਟੇ 'ਤੇ ਸੌ ਬੰਡਲ ਪੂਰੇ ਚਿਣੇਂ ਜਾਂਦੇ ਤਾਂ ਉਸ ਨੂੰ ਉਹ ਫ਼ੱਟਾ ਰੇੜ੍ਹੀ 'ਤੇ ਚਾੜ੍ਹ ਕੇ ਜਨਰਲ-ਸਟੋਰ ਛੱਡ ਕੇ ਆਉਣਾ ਹੁੰਦਾ, ਅਤੇ ਨਾਲ ਦੀ ਨਾਲ ਉਸ ਨੂੰ ਗਿਣਤੀ ਵੀ ਲਿਸਟ 'ਤੇ ਦਰਜ਼ ਕਰਨੀ ਪੈਂਦੀ। ਕਾਮਰੇਡ ਆਪਣੇ ਕੰਮ ਤੋਂ ਪੂਰਾ ਖੁਸ਼ ਸੀ। ਸੰਤੁਸ਼ਟ ਸੀ। ਤਨਖਾਹ ਵੀ ਉਸ ਨੂੰ ਬਾਰ੍ਹਾਂ ਸੌ ਯੂਰੋ ਮਿਲ ਜਾਂਦੀ। ਜਦ ਕਾਮਰੇਡ ਭਾਰਤੀ ਰੁਪਈਆਂ ਨਾਲ ਗੁਣਾਂ ਕਰਦਾ ਤਾਂ ਉਸ ਦੀ ਤਨਖਾਹ ਭਾਰਤੀ ਕਰੰਸੀ ਅਨੁਸਾਰ ਤਕਰੀਬਨ ਸੱਤਰ ਅੱਸੀ ਹਜ਼ਾਰ ਰੁਪਏ ਮਹੀਨਾ ਬਣਦੀ!
ਕ੍ਰਿਸਮਿਸ ਦੀਆਂ ਛੁੱਟੀਆਂ 'ਤੇ ਕਾਮਰੇਡ ਇੰਡੀਆ ਗਿਆ, ਸ਼ਾਦੀ ਕਰਵਾ ਆਇਆ। ਕਾਮਰੇਡਾਂ ਵਾਲੇ ਸਿਧਾਂਤ 'ਤੇ ਉਹ ਬਿਲਕੁਲ ਪੂਰਾ ਖਰਾ ਉਤਰਿਆ ਸੀ। ਉਸ ਨੇ ਗਰੀਬ ਘਰ ਦੀ ਲੜਕੀ ਨਾਲ ਸ਼ਾਦੀ ਰਚਾਈ ਸੀ। ਨਾ ਆਨੰਦ ਕਾਰਜ ਨਾ ਫੇਰੇ। ਬੱਸ! ਗਲ ਵਿਚ "ਜੈ ਮਾਲਾ" ਪਾ ਕੇ ਸ਼ਾਦੀ ਦੀ ਰਸਮ ਪੂਰੀ ਕਰ ਲਈ ਸੀ। ਪੰਜ ਬੰਦੇ ਜੰਨ ਦੇ ਗਏ ਸਨ। ਬਾਪੂ ਮੈਂਗਲ ਸਿੰਘ, ਮਾਮਾ, ਵਿਚੋਲਾ, ਸਰਵਾਲ੍ਹਾ ਅਤੇ ਪੰਜਵਾਂ ਕਾਮਰੇਡ ਆਪ! ਦਾਜ ਦਹੇਜ ਤਾਂ ਉਸ ਨੇ ਉਕਾ ਹੀ ਨਹੀਂ ਲਿਆ ਸੀ। ਵਿਆਹ ਤੋਂ ਤੀਜੇ ਦਿਨ ਕਾਮਰੇਡ ਨੇ ਰਿਸ਼ਤੇਦਾਰਾਂ ਅਤੇ ਯਾਰਾਂ ਮਿੱਤਰਾਂ ਨੂੰ ਬੜੀ ਧੜ੍ਹੱਲੇਦਾਰ ਪਾਰਟੀ ਦਿੱਤੀ ਸੀ। ਪਾਰਟੀ 'ਤੇ ਇਕ ਗਾਇਕ ਜੋੜੀ ਵੀ ਸੱਦੀ ਗਈ, ਜਿਸ ਨੇ ਪਾਰਟੀ ਦੀ ਸ਼ਾਨ ਨੂੰ ਹੋਰ ਖੇੜੇ ਵਿਚ ਲਿਆਂਦਾ ਸੀ। ਰੰਗ ਭਾਗ ਲਾਏ ਸਨ।
ਮਹੀਨੇ ਕੁ ਬਾਅਦ ਹੀ ਕਾਮਰੇਡ ਨੇ ਸਪਾਂਸਰ ਕਰਕੇ ਆਪਣੀ ਜੀਵਨ ਸਾਥਣ ਸੀਤਲ ਨੂੰ ਆਸਟਰੀਆ ਮੰਗਵਾ ਲਿਆ। ਕਾਮਰੇਡ ਕੋਲ ਗਰੀਨ-ਕਾਰਡ ਹੋਣ ਕਰਕੇ ਸੀਤਲ ਨੂੰ ਵੀ ਜਲਦੀ ਹੀ ਵਰਕ-ਪਰਮਿਟ ਮਿਲ ਗਿਆ ਅਤੇ ਉਸ ਨੇ ਸੁਪਰਵਾਈਜ਼ਰ ਨਾਲ ਗੱਲ ਬਾਤ ਕਰਕੇ ਸੀਤਲ ਨੂੰ ਵੀ ਆਪਣੇ ਨਾਲ ਹੀ ਕੰਮ 'ਤੇ ਲੁਆ ਲਿਆ। ਕਾਮਰੇਡ ਦੀਆਂ ਤਾਂ ਲਹਿਰਾਂ ਬਹਿਰਾਂ ਹੋ ਗਈਆਂ। ਬਾਰਾਂ ਸੌ ਯੂਰੋ ਤਾਂ ਉਸ ਨੂੰ ਪਹਿਲਾਂ ਹੀ ਤਨਖਾਹ ਮਿਲਦੀ ਸੀ, ਪਰ ਹੁਣ ਸੀਤਲ ਦੀ ਹਜ਼ਾਰ ਹੋਰ ਆਉਣ ਲੱਗ ਪਈ ਸੀ। ਹਰ ਮਹੀਨੇ ਬਾਈ ਸੌ ਯੂਰੋ ਅਰਥਾਤ ਸਵਾ ਲੱਖ ਰੁਪਏ ਘਰ ਆਉਣ ਲੱਗ ਪਏ। ਕਾਮਰੇਡ ਸਧਾਰਨ ਵਿਸਕੀ ਤੋਂ ਬਲੈਕ-ਲੇਬਲ 'ਤੇ ਆ ਗਿਆ। ਪੁਰਾਣੀ ਪਰਲਿਊਡ ਕਾਰ ਵੇਚ ਕੇ ਉਸ ਨੇ ਨਵੀਂ ਬੀ ਐੱਮ ਡਬਲਿਯੂ ਲੈ ਲਈ।
-"ਹੈਂ ਸੀਤਲ!"
-"ਹਾਂ ਜੀ?"
-"ਜੇ ਭਲਾ ਆਪਾਂ ਇੰਡੀਆ 'ਚ ਕਿਸੇ ਨੂੰ ਕਹੀਏ ਬਈ ਅਸੀਂ ਦੋਵੇਂ ਜੀਅ ਸਵਾ ਲੱਖ ਰੁਪਈਆ ਮਹੀਨੇ ਦਾ ਕਮਾਉਨੇ ਐਂ-ਕੋਈ ਨਾ ਮੰਨੇ!" ਵਿਸਕੀ ਦੇ ਪੈੱਗ ਨਾਲ ਕਾਮਰੇਡ ਕਾਜੂ ਇੰਜ ਚੱਬ ਰਿਹਾ ਸੀ, ਜਿਵੇਂ ਘੋੜਾ ਬੱਕਲੀਆਂ ਚਰਦੈ!
-"ਆਪਾਂ ਮੰਨਵਾ ਕੇ ਵੀ ਕਿਸੇ ਤੋਂ ਕੀ ਲੈਣੈਂ? ਆਬਦੀ ਖਾਤਰ ਕਮਾਉਨੇ ਐਂ-ਕਿਹੜਾ ਕਿਸੇ ਦੀ ਖਾਤਰ ਕਮਾਉਨੇ ਐਂ?" ਸੀਤਲ ਨੇ ਆਖਿਆ।
-"ਗੱਲ ਤੇਰੀ ਬਿਲਕੁਲ ਦਰੁਸਤ ਐ ਸਾਥੀ!" ਉਸ ਨੇ ਆਪਣੇ ਸਰੀਰ ਦੇ ਸੱਪ ਵਾਂਗ ਵਲ ਕੱਢ ਕੇ ਮੇਜ 'ਤੇ ਲੱਤਾਂ ਪਸਾਰ ਲਈਆਂ।
-"ਮੇਰਾ ਤਾਂ ਜੀਅ ਇਕ ਇਉਂ ਕਰਦੈ ਬਈ-।" ਸੀਤਲ ਮੁਰਗੇ ਦੀਆਂ ਟੰਗਾਂ ਮੇਜ 'ਤੇ ਰੱਖਦੀ ਹੋਈ ਬੋਲੀ।
-"ਕੀ ਜੀਅ ਕਰਦੈ?" ਕਾਮਰੇਡ ਮੁਰਗੇ ਦੀ ਟੰਗ ਚੂੰਡਣ ਲੱਗ ਪਿਆ। ਮੁਰਗੇ ਦੀ ਵੱਡੀ ਸਾਰੀ ਟੰਗ ਉਸ ਦੇ ਬੁੱਲ੍ਹਾਂ ਵਿਚ ਕੋਹੜ ਕਿਰਲੇ ਵਾਂਗ ਨੱਚਣ ਲੱਗ ਪਈ।
-"ਜੀਅ ਇਉਂ ਕਰਦੈ ਬਈ ਚਾਰ ਪੰਜ ਸਾਲ ਦੱਬ ਕੇ ਕਮਾਈ ਕਰੀਏ-ਪੈਸੇ ਜੋੜੀਏ ਤੇ ਫੇਰ ਆਬਦੇ ਦੇਸ਼ ਜਾ ਕੇ ਅਰਾਮ ਦੀ ਜ਼ਿੰਦਗੀ ਬਸਰ ਕਰੀਏ-ਐਥੇ ਕੀ ਐ? ਸਿਰਫ਼ ਪੈਸਾ! ਨਾ ਕੋਈ ਭੈਣ ਨਾ ਭਰਾ-ਹਰੇਕ ਨੂੰ ਆਪੋਧਾਪੀ ਪਈ ਐ-ਕਿਸੇ ਕੋਲ ਕਿਸੇ ਲਈ ਵਕਤ ਨ੍ਹੀ-ਮਸ਼ੀਨਾਂ ਨਾਲ ਬੰਦਾ ਮਸ਼ੀਨ ਬਣ ਕੇ ਰਹਿ ਜਾਂਦੈ।" ਸੀਤਲ ਨੇ ਆਪਣੇ ਮਨ ਦੀ ਭੜ੍ਹਾਸ ਕੱਢੀ।
-"ਯੂਰਪ ਤਾਂ ਸੱਪ ਦੇ ਮੂੰਹ 'ਚ ਕੋਹੜ੍ਹ ਕਿਰਲੀ ਐ ਸਾਥੀ-ਖਾਂਦੈ ਕੋਹੜੀ ਛੱਡਦੈ ਕਲੰਕੀ-ਇਹ ਤਾਂ ਮਿਰਗ ਤ੍ਰਿਸ਼ਨਾ ਆਲੀ ਗੱਲ ਐ-ਬੰਦਾ ਭੱਜ-ਭੱਜ ਕੇ ਈ ਮਰ ਜਾਂਦੈ-ਇਹ ਅਲਾਦੀਨ ਦੀ ਉਹ ਸੋਨੇ ਦੀ ਜੇਲ੍ਹ ਐ-ਜਿੱਥੋਂ ਕੋਈ ਜਿਉਂਦਾ ਨਹੀਂ ਨਿਕਲਿਆ।"
-"ਐਥੇ ਬੰਦੇ ਦਾ ਭਵਿੱਖ ਤਾਂ ਕੋਈ ਨ੍ਹੀ-ਖਪੀ ਜਾਓ-ਮਰੀ ਜਾਓ-ਕੋਈ ਦੁਖ-ਸੁਖ ਕਰਨ ਆਲਾ ਨ੍ਹੀ-ਹਰ ਬੰਦਾ ਆਪਣੇ ਸੁਆਰਥ ਪ੍ਰਤੀ ਸੁਚੇਤ ਐ-ਕੋਈ ਮਰੇ ਕੋਈ ਜੀਵੇ!"
-"ਜ਼ਿੰਦਗੀ ਵਿਚ ਕੁਝ ਹਾਲਾਤ ਐਸੇ ਹੁੰਦੇ ਐ ਸਾਥੀ ਕਿ ਬੰਦਾ ਦਿਲੋਂ ਚਾਹੁੰਦਾ ਹੋਇਆ ਵੀ ਇਹਨਾਂ ਹਾਲਾਤਾਂ ਤੋਂ ਜੁਦਾ ਨਹੀਂ ਹੋ ਸਕਦਾ-ਜਾਂ ਕਹੋ ਸਭ ਕੁਛ ਆਪਣੇ ਵੱਸ ਹੁੰਦਾ ਹੋਇਆ ਵੀ ਆਦਮੀ ਇਹਨਾਂ ਹਾਲਾਤਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ।" ਕਾਮਰੇਡ ਨੇ ਬੋਤਲ ਧੁਰ ਲਾ ਦਿੱਤੀ ਸੀ। ਉਸ ਦੀਆਂ ਅੱਖਾਂ ਦਾ ਰੰਗ ਗੇਰੂ ਹੋ ਗਿਆ ਸੀ।
-"ਮੈਨੂੰ ਇਕ ਗੱਲ ਸਮਝ ਨ੍ਹੀ ਆਉਂਦੀ।"
-"ਕਿਹੜੀ ਦੀ ਸਾਥੀ?"
-"ਇੱਥੇ ਗੌਰਮਿੰਟ ਆਦਮੀ ਨੂੰ ਪੈਨਸ਼ਨ ਪੈਂਹਟ ਸਾਲ ਦੇ ਨੂੰ ਦਿੰਦੀ ਐ ਤੇ ਔਰਤ ਨੂੰ ਸੱਠ ਸਾਲ ਦੀ ਨੂੰ।"
-"ਬਿਲਕੁਲ ਦਰੁਸਤ।"
-"ਥੋਡੀ ਪੈਨਸ਼ਨ ਹੋਣ ਨੂੰ ਤੀਹ ਸਾਲ ਪਏ ਐ ਤੇ ਮੇਰੀ ਨੂੰ ਵੀ ਤੀਹ ਸਾਲ।"
-"ਇਹ ਵੀ ਦਰੁਸਤ।"
-"ਇਹਦਾ ਮਤਲਬ ਐ ਬਈ ਆਪਾਂ ਆਉਣ ਵਾਲੇ ਤੀਹ ਸਾਲ ਮਸ਼ੀਨ ਵਾਂਗੂੰ ਵਗੀ ਜਾਵਾਂਗੇ?"
-"......!" ਕਾਮਰੇਡ ਉਲਝਣ ਵਿਚ ਫ਼ਸ ਗਿਆ। ਉਸ ਨੇ ਬੋਤਲ 'ਚੋਂ ਆਖਰੀ ਪੈੱਗ ਪਾਇਆ ਅਤੇ ਸੋਢਾ ਪਾ ਕੇ ਇਕ ਦਮ ਅੰਦਰ ਸੁੱਟਿਆ।
-"ਸੀਤਲ! ਸਾਥੀ ਉਰ੍ਹੇ ਆ!" ਉਸ ਨੇ ਖਾਲੀ ਬੋਤਲ ਅਤੇ ਗਿਲਾਸ ਮੇਜ਼ ਦੇ ਇਕ ਪਾਸੇ ਕਰ ਦਿੱਤੇ।
ਸੀਤਲ ਕੋਲ ਆ ਗਈ।
-"ਐਥੇ ਬੈਠ!"
-"ਦੱਸੋ?"
-"ਸੀਤਲ ਸਾਥੀ-ਲੋੜ ਕਾਢ ਦੀ ਮਾਂ ਐਂ!"
-"ਕੀ ਮਤਲਬ?"
-"ਮਤਲਬ ਇਹ! ਕਿ ਹੁਣ ਤੈਨੂੰ ਇਕ ਬੱਚੇ ਦੀ ਲੋੜ ਐ।" ਕਾਮਰੇਡ ਖ਼ੀਂ-ਖ਼ੀਂ ਕਰ ਕੇ ਹੱਸਿਆ ਅਤੇ ਨਾਲ ਹੀ ਸੀਤਲ ਹੱਸ ਪਈ।
-"ਇਹ ਤਾਂ ਘਰ ਦੀ ਮੁਰਗੀ ਆਲੀ ਗੱਲ ਐ-ਜਦੋਂ ਮਰਜੀ ਐ ਮਰੋੜ ਲਈਏ-ਲੈ ਅੱਜ ਆਪਾਂ ਜੁਆਕ ਦਾ ਈ ਨੀਂਹ ਪੱਥਰ ਰੱਖਣੈਂ ਤੇ ਉਦਘਾਟਨ ਕਰੂੰਗਾ ਮੈਂ!"
-"........!" ਸੀਤਲ ਸ਼ਰਾਬੀ ਕਾਮਰੇਡ ਵੱਲ ਤੱਕ ਕੇ ਮੁਸਕਰਾਈ ਜਾ ਰਹੀ ਸੀ।
-"ਇਕ ਦੋ ਜੁਆਕ ਹੋ ਜਾਣਗੇ-ਜੇ ਨਾ ਸਰਿਆ ਤਾਂ ਬੇਬੇ ਬਾਪੂ ਨੂੰ ਐਥੇ ਮੰਗਵਾ ਲਵਾਂਗੇ-ਬੇਬੇ ਨਾਲੇ ਤਾਂ ਜੁਆਕ ਸਾਂਭਿਆ ਕਰੂ ਤੇ ਨਾਲੇ ਪਕਾਇਆ ਕਰੂ ਰੋਟੀਆਂ-ਤੇ ਆਪਾਂ ਕਰਿਆ ਕਰਾਂਗੇ ਡਟ ਕੇ ਕੰਮ-ਬਾਪੂ ਜੁਆਕਾਂ ਨੂੰ ਸਕੂਲ ਛੱਡ ਆਇਆ ਕਰੂ ਤੇ ਲੈ ਆਇਆ ਕਰੂ।" ਵਿਸਕੀ ਦੀ ਬੋਤਲ ਆਸਰੇ ਕਾਮਰੇਡ ਨੇ ਪਲਾਂ ਵਿਚ ਪ੍ਰੀਵਾਰ ਇਕੱਠਾ ਕਰ ਦਿੱਤਾ ਸੀ।
-"ਰੋਟੀ ਲਿਆਵਾਂ?"
-"ਨਹੀਂ ਰੋਟੀ ਅਜੇ ਨ੍ਹੀ-ਬੋਤਲ ਲਿਆ ਕੱਢ ਕੇ! ਇਕ ਅੱਧਾ ਪੈੱਗ ਹੋਰ ਲਾਈਏ-ਜਾਣੀ ਦੀ ਸਾਲੀ ਅੱਜ ਚੜ੍ਹੀ ਜੀ ਨ੍ਹੀ-ਸਿਰ ਜਿਆ ਘੁਕਣ ਨ੍ਹੀ ਲੱਗਿਆ।"
-"ਬੱਸ-ਬਹੁਤ ਪੀ ਲਈ ਹੁਣ!"
-"ਤੂੰ ਮੈਨੂੰ ਛੁੱਟੀ ਆਲੇ ਦਿਨ ਨਾ ਰੋਕਿਆ ਕਰ ਸਾਥੀ! ਸਾਲਾ ਸਿਰ ਜਿਆ ਘੁਕਣ ਈ ਨ੍ਹੀ ਲੱਗਿਆ ਅਜੇ-ਜਾਹ ਬੋਤਲ ਲਿਆ-ਨਾਲੇ ਟੇਪ ਲਾ-ਇਕ ਅੱਧਾ ਗੀਤ ਸੁਣੀਏਂ।"
ਸੀਤਲ ਸਟੋਰ-ਰੂਮ 'ਚੋਂ ਬੋਤਲ ਲੈਣ ਚਲੀ ਗਈ ਅਤੇ ਜਾਂਦੀ ਹੋਈ ਟੇਪ ਲਾ ਗਈ। ਗੀਤ ਸ਼ੁਰੂ ਹੋ ਗਿਆ, "ਨਾਲੇ ਕਾਗਜ਼ ਗੱਡੀ ਦੇ ਫ਼ੋਟੋ ਤੇਰੀ-ਨੀ ਲੰਡਾ ਜਿਆ ਸਿਪਾਹੀ ਲੈ ਗਿਆ...!"
-"ਉਏ ਬੱਲੇ ਉਏ ਬੱਗਿਆ ਸ਼ੇਰਾ-ਬਚ ਕੇ ਮੋੜ ਤੋਂ-ਤੇਰਾ ਬੱਚਾ ਜੀਵੇ...!" ਗੀਤ ਤੋਂ ਖੁਸ਼ ਹੋ ਕੇ, ਉਠ ਕੇ ਕਾਮਰੇਡ ਨੇ ਬੱਕਰਾ ਬੁਲਾਇਆ ਅਤੇ ਫਿਰ 'ਧੜ੍ਹੰਮ' ਦੇਣੇਂ ਸੋਫ਼ੇ 'ਤੇ ਡਿੱਗ ਪਿਆ।
ਇਸ ਤਰ੍ਹਾਂ ਹੱਸਦਿਆਂ-ਖੇਡਦਿਆਂ ਦੇ ਦਿਨ ਬੀਤਦੇ ਗਏ। ਸੂਰਜ ਚੜ੍ਹਦਾ ਰਿਹਾ, ਛੁਪਦਾ ਰਿਹਾ। ਮੌਸਮ ਬਦਲਦੇ ਰਹੇ। ਇਕ ਦਿਨ ਚਾਣਚੱਕ ਹੀ ਸੀਤਲ ਨੇ ਇਕ ਖੁਸ਼ਖਬਰੀ ਸੁਣਾਈ।
-"ਥੋਨੂੰ ਜੀ ਇਕ ਗੱਲ ਦੱਸਾਂ?"
-"ਜਰੂਰ ਦੱਸੋ ਜੀ!"
-"ਮੈਂ ਤਿੰਨ ਹਫ਼ਤੇ ਹੋ ਗਏ-ਬਿਮਾਰ ਨ੍ਹੀ ਹੋਈ।"
-"ਕਿਉਂ ਬਿਮਾਰ ਹੋਣ ਦਾ ਤੈਨੂੰ ਕੋਈ ਚਾਅ ਐ? ਸੋਹਣੀ ਸਿਹਤ ਚੰਗੀ ਨ੍ਹੀ ਲੱਗਦੀ?"
-"ਤੁਸੀਂ ਤਾਂ ਜਮਾਂ ਈ ਕਸਮ ਨਾਲ-ਕੀ ਆਖਾਂ ਥੋਨੂੰ? ਕਾਮਰੇਡ ਜੀ! ਤੁਸੀਂ ਬਾਪੂ ਬਣਨ ਆਲੇ ਓਂ!" ਸੀਤਲ ਨੇ ਜੋਰ ਦੇ ਕੇ ਕਿਹਾ।
-"ਉਏ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ!" ਹੌਲੀ ਫੁੱਲ ਵਰਗੀ ਸੀਤਲ ਦਾ ਚੁੱਕ ਕੇ ਕਾਮਰੇਡ ਨੇ ਬਾਲਾ ਕੱਢ ਦਿੱਤਾ। ਖੁਸ਼ੀ ਉਸ ਤੋਂ ਸਾਂਭੀ ਨਹੀਂ ਗਈ ਸੀ। ਉਹ ਹਨ੍ਹੇਰੀ ਵਾਂਗ ਸਟੋਰ-ਰੂਮ ਵਿਚ ਗਿਆ ਅਤੇ ਬੋਤਲ ਕੱਢ ਲਿਆਇਆ।
ਅੱਧੀ ਬੋਤਲ ਪੀ ਕੇ ਕਾਮਰੇਡ ਨੇ ਫ਼ੋਨ ਘੁਕਾਉਣੇਂ ਸ਼ੁਰੂ ਕਰ ਦਿੱਤੇ। ਬੇਬੇ ਬਾਪੂ ਨੂੰ ਫ਼ੋਨ 'ਤੇ ਅਗਾਊਂ ਵਧਾਈ ਦੇ ਦਿੱਤੀ। ਖੁਸ਼ੀ ਕਾਮਰੇਡ ਨੂੰ ਪੈਰੋਂ ਕੱਢੀ ਫਿਰਦੀ ਸੀ। ਖ਼ੈਰ! ਬੱਚੇ ਦੀ ਖੁਸ਼ੀ ਹੀ ਕੁਝ ਐਸੀ ਹੈ ਕਿ ਆਦਮੀ ਦੇ ਪੈਰ ਨਹੀਂ ਲੱਗਦੇ!
-"ਸੀਤਲ! ਸਾਥੀ ਪਤੈ ਮੈਂ ਮੁੰਡੇ ਦਾ ਕੀ ਨਾਂ ਰੱਖੂੰ?"
-"ਥੋਨੂੰ ਕੀ ਪਤੈ ਬਈ ਮੁੰਡਾ ਈ ਹੋਊ? ਰੱਬ ਤੋਂ ਡਰਿਆ ਕਰੋ!"
-"ਰੱਬ? ਕਿਹੜਾ ਰੱਬ? ਐਮੇਂ ਪੀਤੀ ਈ ਲਾਹਤੀ ਸਾਲੀ ਢੇਡ ਨੇ!" ਕਾਮਰੇਡ ਕੱਟੜ ਨਾਸਤਿਕ ਬੰਦਾ ਸੀ। ਰੱਬ ਦੇ ਨਾਂ ਤੋਂ ਉਸ ਨੂੰ ਖਾਸ ਕਰਕੇ ਚਿੜ ਸੀ। ਉਸ ਨੇ ਵਿਸਕੀ ਦਾ ਗਿਲਾਸ ਕੰਗਣੀਂ ਤੱਕ ਭਰ ਕੇ ਅੰਦਰ ਸੁੱਟਿਆ ਅਤੇ ਫਿਰ ਗਧੇ ਵਾਂਗ ਫ਼ਰਾਟਾ ਜਿਹਾ ਮਾਰਿਆ। ਥੱਲੇ ਡਿੱਗੇ ਮੂਡ ਦੀ ਸੂਈ ਫਿਰ ਆਨੇ ਵਾਲੀ ਥਾਂ 'ਤੇ ਆ ਗਈ।
-"ਮੈਂ ਮੁੰਡੇ ਦਾ ਨਾਂ ਰੱਖੂੰ ਲੈਨਿਨ ਜਾਂ ਫਿਰ ਸਟਾਲਿਨ-ਤੇ ਜਾਂ ਰੱਖੂੰਗਾ ਮਾਓ-ਜੇ-ਤੁੰਗ! ਅੱਜ ਮੁਰਗਾ ਨ੍ਹੀ ਬਣਾਇਆ?" ਕਾਮਰੇਡ ਨੂੰ ਪੀਤੀ ਵਿਚ ਅਚਾਨਕ ਯਾਦ ਆਇਆ।
-"ਅੱਜ ਤੋਂ ਥੋਡਾ ਮੁਰਗਾ ਬੰਦ ਤੇ ਕੱਲ੍ਹ ਤੋਂ ਦਾਰੂ!" ਸੀਤਲ ਨੇ ਸੁਣਾਈ ਕੀਤੀ।
-"ਕਿਉਂ? ਇਹ ਜੁਆਕ ਜੰਮਣੈਂ ਕਿ ਕਰਫ਼ੂ ਲਾਉਣੈਂ?"
-"ਬੱਸ ਥੋਨੂੰ ਮੈਂ ਅੱਜ ਦੱਸਤਾ-ਕੱਲ੍ਹ ਤੋਂ ਥੋਡਾ ਕੁੱਕੜ ਪਾਣੀ ਬੰਦ!"
-"ਇਹ ਕਾਮਰੇਡਾਂ ਆਲੇ ਨਾਅਰੇ ਤੂੰ ਕਿੱਥੋਂ ਸਿੱਖਗੀ? ਸਾਡੀ ਪਾਰਟੀ ਨਾਅਰੇ ਲਾਉਂਦੀ ਹੁੰਦੀ ਸੀ: ਇਹਨਾਂ ਪੁਲਸੀ ਕੁੱਤਿਆਂ ਦਾ-ਕੁੱਕੜ ਪਾਣੀ ਬੰਦ ਕਰੋ!"
-"ਤੇ ਕੱਲ੍ਹ ਤੋਂ ਥੋਡਾ ਵੀ ਬੰਦ!"
-"ਇਹਦਾ ਮਤਲਬ-ਐਮਰਜੈਂਸੀ?"
-"ਹਾਂ ਜੀ!"
-"ਵਾਹ ਨੀ ਮਾਂ ਦੀਏ ਰਾਮ ਰੱਖੀਏ! ਅਸੀਂ ਤਾਂ ਇੰਦਰਾ ਗਾਂਧੀ ਦੀ ਐਂਮਰਜੈਂਸੀ ਬਰਦਾਸ਼ਤ ਨ੍ਹੀ ਸੀ ਕੀਤੀ-ਤੇਰੀ ਨੂੰ ਤਾਂ ਅਸੀਂ ਕੀ ਗੌਲਦੇ ਐਂ? ਦਾਰੂ ਮੁਰਗਾ - ਜ਼ਿੰਦਾਬਾਦ!"
-"ਮੈਂ ਤਾਂ ਮਖੌਲ ਕਰਦੀ ਸੀ!" ਸੀਤਲ ਨੇ ਮੁਰਗਾ ਕਾਮਰੇਡ ਅੱਗੇ ਲਿਆ ਧਰਿਆ।
-"ਹੈਅ ਤੇਰੀ ਮਾਂ ਦੀ ਤੇਰੀ ਦੀ!"
-"ਮੈਨੂੰ ਪਤੈ ਤੁਸੀਂ ਇਹ ਚੀਜਾਂ ਕਦੋਂ ਛੱਡ ਸਕਦੇ ਓਂ?"
-"ਛੱਡਣੀਆਂ ਵੀ ਕਾਹਤੋਂ ਐਂ? ਖਾਣਾ ਪੀਣਾ ਈ ਜੱਗ 'ਤੇ ਰਹਿ ਜਾਣਾ-ਹੋਰ ਕੀ ਜਾਣਾ ਈ ਜੱਗ ਤੋਂ ਲੈ ਮੀਆਂ।" ਕਾਮਰੇਡ ਨੇ ਕਵੀਸ਼ਰੀ ਕੀਤੀ।
-"ਮੈਨੂੰ ਆਬਦੇ ਹੱਥੀਂ ਇਕ ਪੈੱਗ ਪਾ ਕੇ ਦੇਹ-ਨਾਲੇ ਟੇਪ ਲਾ!"
-"ਟੇਪ ਲਾ ਦਿੰਨੀ ਐਂ-ਪਰ ਪੈੱਗ ਪੁੱਗ ਨ੍ਹੀ ਮੈਂ ਪਾ ਕੇ ਦੇਣਾ!"
-"ਕਿਉਂ ਹੱਥ ਜੂਠੇ ਹੁੰਦੇ ਐ?"
-"ਹਾਂ ਜੀ!"
-"ਨਾਰਾਂ ਉਹੀ ਸਤਵੰਤੀਆਂ ਆਖਦੇ ਨੇ-ਜੋ ਪਤੀ ਦੀ ਸੇਵਾ ਵਿਚ ਰਹਿੰਦੀਆਂ ਨੇ।" ਉਸ ਨੇ ਫਿਰ ਕਵੀਸ਼ਰੀ ਕੀਤੀ।
-"ਮੈਂ ਸਤਵੰਤੀਆਂ ਨਾਲੋਂ ਐਵੇਂ ਈ ਚੰਗੀ ਐਂ-।" ਤੇ ਸੀਤਲ ਨੇ ਟੇਪ ਚਲਾ ਦਿੱਤੀ।
ਗੀਤ ਸ਼ੁਰੂ ਹੋ ਗਿਆ, "ਦੇਖੂੰ ਤੈਨੂੰ ਪੁੱਤ ਜੰਮਦੇ...!"
-"ਉਏ ਬੱਲੇ ਸਾਹਨਾਂ! ਤੂੰ ਹਮੇਸ਼ਾ ਮੇਰੇ ਦਿਲ ਦੀ ਕਰਦੈਂ-ਬੱਚਾ ਜੀਵੇ ਤੇਰਾ...!" ਤੇ ਕਾਮਰੇਡ ਉਠ ਕੇ ਨੱਚਣ ਲੱਗ ਪਿਆ। ਦਾਰੂ ਦੀ ਪੂਰੀ ਬੋਤਲ ਉਸ ਦੇ ਅੰਦਰ ਡੁੱਲ੍ਹ ਚੁੱਕੀ ਸੀ। ਸੀਤਲ ਨੇ ਮਸਾਂ ਹੀ ਫੜ ਕੇ ਉਸ ਨੂੰ ਰੋਟੀ ਖੁਆਈ ਅਤੇ ਬੈੱਡ 'ਤੇ ਪਾ ਦਿੱਤਾ। ਟੇਪ ਬੰਦ ਕਰ ਦਿੱਤੀ।
ਗਿਣਤੀ ਦੇ ਦਿਨ ਬੀਤਦਿਆਂ ਕੀ ਲੱਗਦੈ? ਸੀਤਲ ਦੇ ਦਿਨ ਪੂਰੇ ਹੋਣ ਤੋਂ ਦਸ ਦਿਨ ਪਹਿਲਾਂ ਹੀ ਦਰਦਾਂ ਸ਼ੁਰੂ ਹੋ ਗਈਆਂ। ਸਵੇਰ ਦੇ ਤਿੰਨ ਵੱਜੇ ਹੋਏ ਸਨ। ਕਾਮਰੇਡ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਤਿੰਨ ਡਾਕਟਰਾਂ ਦੀ ਟੀਮ ਆ ਕੇ ਸੀਤਲ ਨੂੰ ਲੈ ਗਈ ਅਤੇ ਹਸਪਤਾਲ ਦਾਖਲ ਕਰਵਾ ਦਿੱਤਾ। ਦਿਨ ਚੜ੍ਹਨ 'ਤੇ ਕਾਮਰੇਡ ਨੇ ਫ਼ੈਕਟਰੀ ਫ਼ੋਨ ਕਰ ਕੇ ਤਿੰਨ ਦਿਨਾਂ ਦੀ ਛੁੱਟੀ ਲੈ ਲਈ, ਜੋ ਕਿ ਬੱਚਾ ਹੋਣ ਕਰ ਕੇ ਉਸ ਦੀ ਕਾਨੂੰਨੀ ਤੌਰ 'ਤੇ ਬਣਦੀ ਸੀ।
ਸਾਰਾ ਦਿਨ ਅਤੇ ਅੱਧੀ ਰਾਤ ਬੀਤ ਗਈ ਸੀ, ਪਰ ਬੱਚਾ ਨਹੀਂ ਹੋਇਆ ਸੀ। ਵੰਗ ਵਰਗੀ ਵਿਚਾਰੀ ਸੀਤਲ ਤਕਰੀਬਨ ਅਠਾਰਾਂ ਘੰਟੇ ਤੋਂ ਬਿਲਕ ਰਹੀ ਸੀ। ਜਾਨ ਉਸ ਦੀ ਸੰਘ ਵਿਚ ਅੜੀ ਪਈ ਸੀ। ਚਿਹਰਾ ਬੱਗਾ ਪੂਣੀ ਵਰਗਾ ਅਤੇ ਬੁੱਲ੍ਹ ਸੁੱਕੇ ਪੱਤੇ ਵਾਂਗ ਖੁਸ਼ਕ ਸਨ। ਉਸ ਦੇ ਸਿਰਹਾਣੇਂ ਕਾਮਰੇਡ ਰੋਣਹਾਕਾ ਹੋਇਆ, ਕਦੇ ਉਸ ਦੇ ਹੱਥ ਘੁੱਟਦਾ ਅਤੇ ਕਦੇ ਪੇਟ 'ਤੇ ਹੱਥ ਫੇਰਨ ਲੱਗ ਜਾਂਦਾ। ਸਾਰੀ ਦਿਹਾੜੀ ਅਤੇ ਹੁਣ ਤੱਕ ਉਸ ਨੇ ਕੁਝ ਵੀ ਖਾਧਾ-ਪੀਤਾ ਨਹੀਂ ਸੀ।
ਰਾਤ ਦੇ ਪੂਰੇ ਦੋ ਵਜੇ ਡਾਕਟਰ ਨੇ ਕਾਮਰੇਡ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਡਾਕਟਰ ਕਾਫ਼ੀ ਚਿੰਤਾਤੁਰ ਨਜ਼ਰ ਆ ਰਿਹਾ ਸੀ।
-"ਮਿਸਟਰ ਸਿੰਘ! ਤੁਹਾਡੀ ਮਿਸਜ਼ ਨੂੰ ਅਤੇ ਸਾਨੂੰ ਜੱਦੋਜਹਿਦ ਕਰਦਿਆਂ ਨੂੰ ਪੂਰੇ ਤੇਈ ਘੰਟੇ ਹੋ ਗਏ-।"
-"ਜੀ।"
-"ਬੱਚੇ ਅਤੇ ਮਾਂ ਦੀ ਜਾਨ ਬਚਾਉਣ ਲਈ ਹੁਣ ਸਾਡੇ ਕੋਲ ਇਕ ਹੀ ਰਾਹ ਹੈ।"
-"ਉਹ ਕੀ ਜੀ?" ਕਾਮਰੇਡ ਹੱਥ ਜੋੜੀ ਲਿਫ਼ਿਆ ਖੜ੍ਹਾ, ਗੱਲ ਸੁਣਨ ਲਈ ਕਾਹਲਾ ਸੀ।
-"ਆਪਰੇਸ਼ਨ!" ਡਾਕਟਰ ਨੇ ਕਹਿ ਕੇ ਉਸ ਦਾ ਚਿਹਰਾ ਨਿਰਖਿਆ।
-"ਤੁਸੀਂ ਪਹਿਲਾਂ ਹੀ ਕਰ ਦਿੰਦੇ ਸਰ! ਐਨਾਂ ਚਿਰ ਵਿਚਾਰੀ ਨੂੰ ਕਿਉਂ ਹਲਾਲ ਕਰੀ ਰੱਖਿਆ?" ਸੀਤਲ ਦੀ ਹਾਲਤ 'ਤੇ ਕਾਮਰੇਡ ਦੇ ਹੰਝੂ ਵਗ ਤੁਰੇ। ਉਸ ਨੂੰ ਡਾਕਟਰ 'ਤੇ ਘੋਰ ਗੁੱਸਾ ਆਇਆ। ਪਰ ਸਮੇਂ ਦੀ ਨਜ਼ਾਕਤ ਦੇਖ ਕੇ ਗੁੱਸਾ ਉਹ ਅੰਦਰੋ-ਅੰਦਰੀ ਹੀ ਪੀ ਗਿਆ।
-"ਸੋ ਮਿਸਟਰ ਸਿੰਘ-ਆਪਰੇਸ਼ਨ 'ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?" ਡਾਕਟਰ ਨੇ ਦੁਹਰਾ ਕੇ ਪੁੱਛਿਆ।
-"ਮੈਨੂੰ ਇਤਰਾਜ਼ ਕਿਉਂ ਹੋਊ ਸਰ?"
-"ਠੀਕ ਹੈ! ਐਥੇ ਦਸਤਖ਼ਤ ਕਰ ਦਿਓ।"
ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਕੇ ਕਾਮਰੇਡ ਸੀਤਲ ਕੋਲ ਆ ਗਿਆ। ਸੀਤਲ ਉਸੀ ਤਰ੍ਹਾਂ ਕੁਰਲਾ ਰਹੀ ਸੀ। ਕਾਮਰੇਡ ਦੇ ਜਜ਼ਬਾਤਾਂ ਦਾ ਹੜ੍ਹ ਅੱਖਾਂ ਰਾਹੀਂ ਫਿਰ ਵਹਿ ਤੁਰਿਆ। ਉਸ ਦਾ ਦਿਲ ਕੀਤਾ ਕਿ ਸੀਤਲ ਨੂੰ ਚੁੱਕ ਕੇ ਕਲਾਵੇ ਵਿਚ ਲੈ ਲਵੇ ਅਤੇ ਉਸ ਦੇ ਬੁੱਲ੍ਹਾਂ 'ਤੇ ਬੁੱਲ੍ਹ ਰੱਖ ਕੇ ਸਾਰੀ ਪੀੜ ਚੂਸ ਲਵੇ। ਪਰ ਉਹ ਬੇਵੱਸ ਖੜ੍ਹਾ, ਅੱਧਸੜੇ ਪੰਛੀ ਵਾਂਗ ਅੰਦਰੋ-ਅੰਦਰੀ ਤੜਪ ਰਿਹਾ ਸੀ।
-"ਐਕਸਕਿਊਜ਼ ਮੀ ਮਿਸਟਰ ਸਿੰਘ!" ਪਿੱਛੋਂ ਅਵਾਜ਼ ਆਈ। ਉਸ ਨੇ ਹੰਝੂ ਪੂੰਝ ਕੇ ਪਿੱਛੇ ਤੱਕਿਆ ਤਾਂ ਸੱਤ-ਅੱਠ ਡਾਕਟਰ-ਡਾਕਟਰਨੀਆਂ ਦੀ ਟੀਮ ਖੜ੍ਹੀ ਸੀ। ਕਾਮਰੇਡ ਨੂੰ ਉਹ ਕੋਈ ਡਾਕਟਰਾਂ ਦੀ ਟੀਮ ਨਹੀਂ, ਇਕ ਫ਼ੌਜ ਦੀ ਟੁਕੜੀ ਜਾਪੀ।
ਡਾਕਟਰ ਸੀਤਲ ਦਾ ਬੈੱਡ ਆਪਰੇਸ਼ਨ-ਥੀਏਟਰ ਵੱਲ ਨੂੰ ਲੈ ਤੁਰੇ। ਕਾਮਰੇਡ ਪਿੱਛੇ ਹੀ ਲੱਤਾਂ ਘੜ੍ਹੀਸਦਾ ਹੋ ਤੁਰਿਆ।
-"ਮੁਆਫ਼ ਕਰਨਾ ਡਾਕਟਰ! ਕੀ ਮੈਂ ਅੰਦਰ ਆ ਸਕਦਾ ਹਾਂ?" ਕਾਮਰੇਡ ਨੇ ਪਾਈਏ ਕੁ ਦਾ ਹੋ ਕੇ ਪੁੱਛਿਆ।
-"ਨਹੀਂ-ਬਾਹਰ ਉਡੀਕ ਕਰੋ।" ਡਾਕਟਰ ਨੇ ਉੱਤਰ ਮੋੜਿਆ।
-"ਕਿੰਨਾਂ ਕੁ ਚਿਰ ਡਾਕਟਰ?"
-"ਤਕਰੀਬਨ ਇਕ ਘੰਟਾ।"
ਕਾਮਰੇਡ ਮੁੱਠੀਆਂ ਮੀਟ ਕੇ ਬੈਠ ਗਿਆ।
ਤਕਰੀਬਨ ਡੇੜ੍ਹ ਘੰਟਾ ਹੋ ਗਿਆ ਸੀ ਸੀਤਲ ਨੂੰ ਆਪਰੇਸ਼ਨ-ਥੀਏਟਰ ਦੇ ਅੰਦਰ ਗਿਆਂ, ਪਰ ਅਜੇ ਤੱਕ ਕੋਈ ਡਾਕਟਰ ਜਾਂ ਨਰਸ ਬਾਹਰ ਨਹੀਂ ਆਈ ਸੀ। ਆਪਰੇਸ਼ਨ-ਥੀਏਟਰ ਦੇ ਬਾਹਰ ਲਾਲ ਬੱਤੀ ਜਗ ਰਹੀ ਸੀ। ਜਿਸ ਦਾ ਅਰਥ ਸੀ ਕਿ ਆਪਰੇਸ਼ਨ ਅਜੇ ਵੀ ਚਾਲੂ ਸੀ।
ਅਖੀਰ ਦੋ ਕੁ ਘੰਟੇ ਬਾਅਦ ਇਕ ਨਰਸ ਬਾਹਰ ਆਈ ਤਾਂ ਕਾਮਰੇਡ ਲਪਕ ਕੇ ਉਸ ਦੇ ਮਗਰ ਗਿਆ।
-"ਨਰਸ-ਮੇਰੀ ਮਿਸਜ਼ ਦਾ ਕੀ ਹਾਲ ਐ?"
ਪਰ ਨਰਸ ਨੇ ਕੋਈ ਉੱਤਰ ਨਾ ਦਿੱਤਾ। ਸਗੋਂ ਔਸਰ ਝੋਟੀ ਵਾਂਗ 'ਧੱਪ-ਧੱਪ' ਪੈਰ ਮਾਰਦੀ ਪੌੜੀਆਂ ਉੱਤਰ ਗਈ। ਕਾਮਰੇਡ ਪਾਗਲਾਂ ਵਾਂਗ ਇੱਧਰ-ਉੱਧਰ ਝਾਕ ਰਿਹਾ ਸੀ। ਫਿਰ ਇਕ ਡਾਕਟਰ ਬਾਹਰ ਆਇਆ।
-"ਡਾਕਟਰ-ਮੇਰੀ ਮਿਸਜ਼ ਦਾ ਕੀ ਹਾਲ ਹੈ?"
-"ਮਿਸਟਰ ਸਿੰਘ! ਮੇਰੇ ਨਾਲ ਆਓ!" ਡਾਕਟਰ ਕਾਮਰੇਡ ਨੂੰ ਨਾਲ ਲੈ ਦਫ਼ਤਰ ਵਿਚ ਚਲਾ ਗਿਆ।
-"ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਮਿਸਟਰ ਸਿੰਘ ਕਿ ਲੜਕੀ ਪੈਦਾ ਹੋਈ ਸੀ ਅਤੇ ਪੈਦਾ ਹੁੰਦੇ ਹੀ ਮਰ ਗਈ।"
-"ਤੇ ਮੇਰੀ ਮਿਸਜ਼ ਡਾਕਟਰ?" ਕਾਮਰੇਡ ਦਾ ਦਿਲ ਧੜਕ ਨਹੀਂ ਸਗੋਂ ਹਥੌੜੇ ਵਾਂਗ ਛਾਤੀ ਵਿਚ ਵੱਜ ਰਿਹਾ ਸੀ।
-"ਉਸ ਦੀ ਹਾਲਤ ਵੀ ਬਹੁਤ ਨਾਜ਼ਕ ਹੈ-ਬਿਹਤਰ ਤਾਂ ਇਹ ਸੀ ਕਿ ਉਸ ਨੂੰ ਕੁਝ ਹਫ਼ਤੇ ਦੱਸਿਆ ਹੀ ਨਾ ਜਾਂਦਾ ਕਿ ਬੱਚੀ ਜੰਮਦਿਆਂ ਸਾਰ ਹੀ ਮਰ ਗਈ ਹੈ।"
-"ਉਸ ਨੂੰ ਦੱਸਣਾ ਜ਼ਰੂਰੀ ਹੈ ਡਾਕਟਰ?"
-"ਹਾਂ-ਜ਼ਰੂਰੀ ਹੈ।"
-"ਪਰ ਕਿਉਂ?" ਕਾਮਰੇਡ ਦਾ ਸਰੀਰ 'ਥਰਨ-ਥਰਨ' ਕੰਬੀ ਜਾ ਰਿਹਾ ਸੀ। ਕਿਸੇ ਹੋਰ ਆਉਣ ਵਾਲੀ ਆਫ਼ਤ ਲਈ ਉਹ ਆਪਣੇ ਆਪ ਨੂੰ ਅੰਦਰੋ-ਅੰਦਰੀ ਤਿਆਰ ਕਰ ਰਿਹਾ ਸੀ।
-"ਕਿਉਂਕਿ ਮੁਰਦਾ ਘਾਟ ਵਿਚ ਬੱਚੀ ਜਮ੍ਹਾਂ ਕਰਵਾਉਣ ਲਈ ਮਾਂ ਅਤੇ ਬਾਪ ਦੇ ਦਸਤਖ਼ਤ ਜ਼ਰੂਰੀ ਹਨ।"
-"ਪਰ ਡਾਕਟਰ-ਆਪਾਂ ਬੱਚੀ ਨੂੰ ਮੁਰਦਾ ਘਰ ਵਿਚ ਜਮ੍ਹਾਂ ਕਰਵਾਉਂਦੇ ਹੀ ਨਹੀਂ-ਮੈਂ ਬਕਸਾ ਬਣਵਾ ਕੇ ਜਹਾਜ ਰਾਹੀਂ ਬੱਚੀ ਦੀ ਲਾਸ਼ ਨੂੰ ਇੰਡੀਆ ਭੇਜ ਦਿੰਦਾ ਹਾਂ-ਦਿੱਲੀ ਤੋਂ ਆ ਕੇ ਆਪੇ ਮੇਰੇ ਮਾਂ ਬਾਪ ਲਾਸ਼ ਲੈ ਜਾਣਗੇ ਤੇ ਆਖਰੀ ਰਸਮਾਂ ਪੂਰੀਆਂ ਕਰ ਦੇਣਗੇ।"
ਡਾਕਟਰ ਕੌੜਾ ਜਿਹਾ ਹੱਸ ਪਿਆ।
-"ਮਿਸਟਰ ਸਿੰਘ-ਇਹ ਇੰਡੀਆ ਨਹੀਂ ਆਸਟਰੀਆ ਹੈ! ਸਬੰਧਿਤ ਕਾਰਵਾਈ ਸਾਨੂੰ ਅੱਠ ਘੰਟੇ ਦੇ ਅੰਦਰ ਅੰਦਰ ਕਾਨੂੰਨੀ ਤੌਰ 'ਤੇ ਕਰਨੀ ਪੈਂਦੀ ਹੈ।"
ਕਾਮਰੇਡ ਦਾ ਦਿਲ 'ਧੱਕ' ਕਰਕੇ ਰਹਿ ਗਿਆ।
-"ਮਿਸਟਰ ਸਿੰਘ-ਅਗਰ ਤੁਹਾਨੂੰ ਮੇਰੀ ਗੱਲ 'ਤੇ ਨਹੀਂ ਯਕੀਨ ਤਾਂ ਤੁਸੀਂ ਕਿਸੇ ਵਕੀਲ ਦੀ ਰਾਇ ਲੈ ਸਕਦੇ ਹੋ।"
-"ਡਾਕਟਰ ਮੇਰੀ ਮਿਸਜ਼ ਨੂੰ ਹੋਸ਼ ਕਦ ਆਵੇਗੀ?"
-"ਤਕਰੀਬਨ ਛੇ ਘੰਟੇ ਬਾਅਦ।"
-"ਠੀਕ ਹੈ ਡਾਕਟਰ-ਉਦੋਂ ਤੱਕ ਮੈਂ ਕਿਸੇ ਵਕੀਲ ਦੀ ਰਾਇ ਲੈ ਕੇ ਆਉਂਦਾ ਹਾਂ।" ਤੇ ਕਾਮਰੇਡ ਟੁੱਟੇ ਹੋਏ ਦਿਲ ਨਾਲ ਤੁਰ ਗਿਆ।
ਸਵੇਰੇ ਅੱਠ ਵਜੇ ਕਾਮਰੇਡ ਨੇ ਇਕ ਵਕੀਲ ਨਾਲ ਗੱਲ ਕੀਤੀ ਤਾਂ ਵਕੀਲ ਨੇ ਡਾਕਟਰ ਦੇ ਬਿਆਨ ਦੀ ਪੁਸ਼ਟੀ ਕਰ ਦਿੱਤੀ ਕਿ ਬੱਚੀ ਦੀ ਲਾਸ਼ ਮੁਰਦਾ ਘਰ ਵਿਚ ਜਮ੍ਹਾਂ ਕਰਵਾਉਣ ਲਈ ਮਾਂ ਅਤੇ ਬਾਪ ਦੋਨਾਂ ਦੇ ਦਸਤਖ਼ਤ ਹੀ ਜ਼ਰੂਰੀ ਹਨ।
ਸਾਹ ਜਿਹੇ ਵਰੋਲਦਾ ਕਾਮਰੇਡ ਫਿਰ ਹਸਪਤਾਲ ਪਹੁੰਚ ਗਿਆ। ਪਹਿਲੇ ਡਾਕਟਰ ਦੀ ਡਿਊਟੀ ਬਦਲ ਗਈ ਸੀ।
-"ਤੁਹਾਡਾ ਨਾਂ ਮਿਸਟਰ ਸਿੰਘ ਹੈ?" ਕਿਸੇ ਨਰਸ ਨੇ ਆ ਕੇ ਪੁੱਛਿਆ। ਹੱਥ ਵਿਚ ਉਸ ਦੇ ਕੋਈ ਲਿਸਟ ਜਿਹੀ ਫੜੀ ਹੋਈ ਸੀ।
-"ਜੀ ਹਾਂ।"
-"ਤੁਹਾਨੂੰ ਡਾਕਟਰ ਉਡੀਕ ਰਹੇ ਨੇ-ਦਫ਼ਤਰ ਵਿਚ ਆ ਜਾਓ।"
-"ਕਿਉਂ ਕੀ ਗੱਲ ਹੈ?" ਕਾਮਰੇਡ ਦਾ ਸਰੀਰ 'ਡਿੱਗੂੰ-ਡਿੱਗੂੰ' ਕਰਦਾ ਸੀ। ਲੱਤਾਂ ਜਵਾਬ ਦੇ ਰਹੀਆਂ ਸਨ।
-"ਪਤਾ ਨਹੀਂ।"
ਕਾਮਰੇਡ ਭੱਜ ਕੇ ਦਫ਼ਤਰ ਵੱਲ ਗਿਆ।
-"ਡਾਕਟਰ ਕੀ ਗੱਲ ਹੈ? ਤੁਸੀਂ ਮੈਨੂੰ ਉਡੀਕ ਕਿਉਂ ਰਹੇ ਹੋ?" ਉਸ ਦੇ ਕੰਨਾਂ ਵਿਚ ਅਜ਼ੀਬ ਚੁੱਪ ਵੈਣ ਪਾ ਰਹੀ ਸੀ।
-"ਬੈਠੋ ਮਿਸਟਰ ਸਿੰਘ!" ਇਕ ਡਾਕਟਰ ਨੇ ਕੁਰਸੀ ਖਿੱਚ ਕੇ ਕਾਮਰੇਡ ਦੇ ਅੱਗੇ ਕਰ ਦਿੱਤੀ। ਉਹ ਬੈਠ ਗਿਆ।
-"ਮਿਸਟਰ ਸਿੰਘ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣਾ ਪੂਰਾ ਤਾਣ ਲਾਉਣ ਦੇ ਬਾਵਜੂਦ ਵੀ ਤੁਹਾਡੀ ਮਿਸਜ਼ ਨੂੰ ਬਚਾ ਨਹੀਂ ਸਕੇ-ਉਹ ਅੱਧਾ ਘੰਟਾ ਪਹਿਲਾਂ ਮਰ ਚੁੱਕੀ ਹੈ-ਆਓ!" ਤੇ ਡਾਕਟਰ ਉਸ ਨੂੰ ਅਗਵਾਈ ਦਿੰਦੇ ਅੱਗੇ ਲੱਗ ਤੁਰੇ। ਕਾਮਰੇਡ ਦੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ।
ਜਾਣ ਸਾਰ ਡਾਕਟਰ ਨੇ ਸੀਤਲ ਦੀ ਲਾਸ਼ ਤੋਂ ਚਿੱਟਾ ਕੱਪੜਾ ਉਤਾਰ ਦਿੱਤਾ। ਜਿਵੇਂ ਸੀਤਲ ਸਦੀਆਂ ਤੋਂ ਸੁੱਤੀ ਪਈ ਸੀ। ਬੇਫ਼ਿਕਰ, ਅਹਿਲ! ਕਾਮਰੇਡ ਦਾ ਸੀਨਾਂ ਪਾਟ ਗਿਆ। ਉਸ ਨੇ ਧਾਹ ਮਾਰੀ।
-"ਹਾਏ ਉਏ ਡਾਢਿਆ ਰੱਬਾ-ਮੈਂ ਲੁੱਟਿਆ ਗਿਆ! ਉਏ ਰੱਬਾ ਮੈਨੂੰ ਵੀ ਚੱਕ ਲੈ ਉਏ ਦੁਸ਼ਮਣਾਂ!"
ਡਾਕਟਰ ਉਸ ਨੂੰ ਵਿਰਾਉਂਦੇ ਰਹੇ। ਪਰ ਉਹ ਸੀਤਲ ਦੀ ਲਾਸ਼ ਨੂੰ ਵਾਰ-ਵਾਰ ਹਿੱਕ ਨਾਲ ਲਾਉਂਦਾ ਰਿਹਾ। ਉਸ ਨਾਲ ਪਾਗਲਾਂ ਵਾਂਗ ਗੱਲਾਂ ਕਰਦਾ ਰਿਹਾ। ਰੋਂਦਾ ਰਿਹਾ। ਛਾਤੀ ਪਿੱਟਦਾ ਰਿਹਾ। ਹੰਝੂ ਕੇਰਦਾ ਰਿਹਾ।
ਅਖੀਰ ਡਾਕਟਰਾਂ ਨੇ ਉਸ ਨੂੰ ਸੀਤਲ ਦੀ ਲਾਸ਼ ਨਾਲੋਂ ਇਕ ਤਰ੍ਹਾਂ ਨਾਲ ਤੋੜ ਲਿਆ ਅਤੇ ਦਫ਼ਤਰ ਲੈ ਆਏ।
-"ਮਿਸਟਰ ਸਿੰਘ-ਤੁਸੀਂ ਲਾਸ਼ਾਂ ਇੰਡੀਆ ਲਿਜਾਣੀਆਂ ਚਾਹੋਂਗੇ ਕਿ ਇੱਥੇ ਹੀ ਸਸਕਾਰ ਕਰੋਂਗੇ?" ਜਦ ਡਾਕਟਰ ਨੇ ਪੁੱਛਿਆ ਤਾਂ ਕਾਮਰੇਡ ਨੂੰ ਸੀਤਲ ਦੇ ਕਹੇ ਲਫ਼ਜ਼ ਚੇਤੇ ਆ ਗਏ।
-"ਮਰਨਾਂ ਤਾਂ ਇਕ ਦਿਨ ਸਭ ਨੇ ਐਂ-ਮਰੀਏ ਜਿੱਥੇ ਮਰਜ਼ੀ-ਪਰ ਮੇਰਾ ਸਸਕਾਰ ਪੰਜਾਬ Ḕਚ ਹੋਵੇ-ਜਿੱਥੇ ਦੋ ਜਾਣੇਂ ਰੋਣ ਆਲੇ ਵੀ ਹੋਣ।" ਕਾਮਰੇਡ ਦੇ ਨੇਤਰ ਫਿਰ ਚੋਣ ਲੱਗ ਪਏ।
-"ਬੋਲੋ ਮਿਸਟਰ ਸਿੰਘ?"
-"ਡਾਕਟਰ ਇੰਡੀਆ ਈ ਲੈ ਕੇ ਜਾਵਾਂਗਾ।"
-"ਠੀਕ ਹੈ-ਤੁਸੀਂ ਹਵਾਈ ਟਿਕਟਾਂ ਅਤੇ ਬਕਸਿਆਂ ਦਾ ਪ੍ਰਬੰਧ ਕਰ ਲਓ-ਅਸੀਂ ਉਤਨਾ ਚਿਰ ਲਾਸ਼ਾਂ ਮੁਰਦਾ ਘਰ ਭੇਜ ਦਿੰਦੇ ਹਾਂ-ਤੇ ਐਥੇ ਦਸਤਖ਼ਤ ਕਰ ਦਿਓ!"
ਕਾਮਰੇਡ ਨੇ ਦਸਤਖ਼ਤ ਕਰ ਦਿੱਤੇ।
ਹਸਪਤਾਲ ਤੋਂ ਬਾਹਰ ਆ ਕੇ ਕਾਮਰੇਡ ਨੇ ਸਭ ਤੋਂ ਪਹਿਲਾਂ ਟਿਕਟਾਂ ਅਤੇ ਬਕਸਿਆਂ ਦਾ ਪ੍ਰਬੰਧ ਕੀਤਾ। ਫ਼ੈਕਟਰੀ ਫ਼ੋਨ ਕਰ ਕੇ ਛੁੱਟੀ ਮਨਜ਼ੂਰ ਕਰਵਾਈ ਅਤੇ ਫਿਰ ਦਿਲ-ਵਿੰਨ੍ਹਵੀਂ ਗੱਲ ਬਾਪੂ ਨੂੰ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ 'ਤੇ ਦੇ ਦਿੱਤੀ। ਟਰੱਕ ਲੈ ਕੇ ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ ਪਹੁੰਚਣ ਦੀ ਤਾਕੀਦ ਕੀਤੀ। ਸਾਰਿਆਂ ਦੇ ਔਸਾਣ ਮਾਰੇ ਗਏ। ਰੋਣ ਪਿੱਟਣ ਪੈ ਗਿਆ। ਮਾਲੂਕ ਜਿਹੀ ਜਿੰਦੜੀ ਵਾਲੀ 'ਹੱਸੂੰ-ਹੱਸੂੰ' ਕਰਦੀ ਸੀਤਲ ਸਭ ਨੂੰ 'ਅਲਵਿਦਾ' ਆਖ ਜਹਾਨੋਂ ਕੂਚ ਕਰ ਗਈ ਸੀ। ਇਤਨਾ ਕਿਸੇ ਨੂੰ ਬੱਚੀ ਦੇ ਮਰਨ ਦਾ ਦੁੱਖ ਨਹੀਂ ਸੀ, ਜਿਤਨਾ ਕਿ ਸੀਤਲ ਮਰੀ ਦਾ।
ਅਗਲੀ ਸ਼ਾਮ ਕਾਮਰੇਡ ਦੋਨੋਂ ਲਾਸ਼ਾਂ ਲੈ ਕੇ ਦਿੱਲੀ ਜਾ ਉਤਰਿਆ।
ਇੰਮੀਗਰੇਸ਼ਨ ਤੋਂ ਵਿਹਲਾ ਹੋ ਕੇ ਜਦ ਉਸ ਨੇ ਲਾਸ਼ਾਂ ਲੈਣੀਆਂ ਚਾਹੀਆਂ ਤਾਂ ਏਅਰਪੋਰਟ ਵਾਲਿਆਂ ਨੇ ਲਾਸ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਖਾਹ-ਮਖਾਹ ਮੌਤ ਦਾ ਕਾਰਨ ਜਾਨਣਾ ਚਾਹੁੰਦੇ ਸਨ। ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਧਮਕੀ ਦੇ ਰਹੇ ਸਨ। ਕਿਉਂਕਿ ਸੀਤਲ ਕੋਲ ਭਾਰਤੀ ਨਾਗਰਿਕਤਾ ਸੀ। ਉਹਨਾਂ ਦੇ ਕਹਿਣ ਮੁਤਾਬਿਕ ਮੌਤ ਦੇ ਕਾਰਨ ਦਾ ਸਪੱਸ਼ਟੀਕਰਨ ਜ਼ਰੂਰੀ ਸੀ। ਪਰ ਪੋਸਟ ਮਾਰਟਮ ਦੀ ਕਾਪੀ ਕਾਮਰੇਡ ਕੋਲ ਹੈ ਨਹੀਂ ਸੀ।
ਅਖੀਰ ਤਿੰਨ ਘੰਟੇ ਦੀ ਖੱਜਲ ਖੁਆਰੀ ਬਾਅਦ ਕਾਮਰੇਡ ਨੇ ਦੋ ਸੌ ਅਮਰੀਕਨ ਡਾਲਰ ਸਬੰਧਿਤ ਅਫ਼ਸਰ ਨੂੰ ਦੇ ਕੇ ਲਾਸ਼ਾਂ ਕਬਜ਼ੇ ਵਿਚ ਲਈਆਂ।
ਬਾਪੂ ਗਲ ਲੱਗ ਕੇ ਕਾਮਰੇਡ ਭੁੱਬਾਂ ਮਾਰ ਕੇ ਰੋਇਆ, ਦਿਲ ਹਲਕਾ ਕੀਤਾ। ਬਾਪੂ ਵੀ ਚੁੱਪ ਚਾਪ ਅੱਥਰੂ ਕੇਰਦਾ ਰਿਹਾ। ਖਾਰੇ ਹੰਝੂਆਂ ਨਾਲ ਉਸ ਦੀ ਸਾਊ ਬੀਬੀ, ਚਿੱਟੀ ਦਾਹੜੀ ਭਿੱਜਦੀ ਰਹੀ।
ਟਰੱਕ 'ਤੇ ਲਾਸ਼ਾਂ ਲੱਦ ਕੇ ਪਿੰਡ ਲੈ ਆਂਦੀਆਂ। ਘਰ ਆਈਆਂ ਦੋ ਲਾਸ਼ਾਂ ਅਤੇ ਸੱਖਣਾ ਪੁੱਤ ਦੇਖ ਕੇ ਬੇਬੇ ਨੂੰ ਗਸ਼ ਪੈ ਗਈ। ਚਮਚੇ ਨਾਲ ਬੇਬੇ ਦੀ ਦੰਦਲ ਤੋੜੀ। ਪਿੰਡ 'ਚੋਂ ਡਾਕਟਰ ਬੁਲਾ ਕੇ ਟੀਕਾ ਕਰਵਾਇਆ। ਦੁਆਈ ਦਿੱਤੀ। ਬੇਬੇ ਕੁਝ ਸੁਰਤ ਫੜ ਗਈ। ਪਰ ਬੇਬੇ ਦੇ ਵੈਣ ਕੰਧਾਂ ਪਾੜ ਰਹੇ ਸਨ।
ਸਾਰੇ ਰਿਸ਼ਤੇਦਾਰ ਪਹੁੰਚਣ 'ਤੇ ਸ਼ਾਮ ਨੂੰ ਸ਼ਮਸ਼ਾਨ ਭੂਮੀ ਲਿਜਾ ਕੇ ਸਸਕਾਰ ਕਰ ਦਿੱਤਾ। ਲਾਟਾਂ ਅੰਬਰ ਛੂਹ ਰਹੀਆਂ ਸਨ। ਚਿਖ਼ਾ ਦੇ ਪਾਸੀਂ ਖੜ੍ਹੇ ਬੰਦਿਆਂ ਦੇ ਚਿਹਰਿਆਂ 'ਤੇ ਲਾਟਾਂ ਦਾ ਚਾਨਣ ਪੈ ਰਿਹਾ ਸੀ। ਸਾਰੇ ਬੰਦੇ ਸੋਗ ਵਿਚ ਡੁੱਬੇ ਖੜ੍ਹੇ ਸਨ। ਇੰਜ ਜਾਪਦਾ ਸੀ, ਜਿਵੇਂ ਕੋਈ ਬੰਦੇ ਨਹੀਂ, ਮੜ੍ਹੀਆਂ 'ਤੇ ਦੀਵੇ ਬਲ ਰਹੇ ਸਨ। ਖ਼ਾਮੋਸ਼ ਦੀਵੇ! ਪਿੱਛੇ ਹਟ ਕੇ ਬੋਹੜ ਹੇਠਲੇ ਨਲਕੇ ਕੋਲ ਬੁੜ੍ਹੀਆਂ ਰੋ ਰਹੀਆਂ ਸਨ।
ਕਾਮਰੇਡ ਸੀਤਲ ਦੀ ਚਿਖ਼ਾ ਨਾਲ ਗੱਲਾਂ ਕਰ ਰਿਹਾ ਸੀ।
-"ਲੈ! ਤੂੰ ਮੈਨੂੰ ਸ਼ਰਾਬ ਮੀਟ ਤੋਂ ਰੋਕਦੀ ਸੀ ਨ੍ਹਾ? ਛੱਡਤਾ ਅੱਜ ਸਾਰਾ ਕੁਛ! ਮੱਚ ਗਿਆ ਸਾਰਾ ਕੁਛ ਅੱਜ ਤੇਰੀ ਚਿਖ਼ਾ ਨਾਲ ਈ-ਮੱਚ ਗਿਆ ਬੱਸ!" ਤੇ ਫਿਰ ਗੁਰਦੁਆਰੇ ਦੇ ਸਪੀਕਰ ਵਿਚੋਂ ਪਵਿੱਤਰ ਗੁਰਬਾਣੀ ਉਸ ਦੇ ਕੰਨਾਂ ਵਿਚ ਪਈ।
-"ਕੋਈ ਨਿੰਦਕੁ ਹੋਵੇ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ।। ਪਿਛਲੇ ਗੁਨਹ ਸਤਿਗੁਰੁ ਬਖਸ਼ਿ ਲਏ ਸਤਿ ਸੰਗਤਿ ਨਾਲ ਰਲਾਵੈ।।" ਸੁਣਦਿਆਂ ਹੀ ਕਾਮਰੇਡ ਸਿਰ ਤੋੜ ਗੁਰਦੁਆਰੇ ਵੱਲ ਨੂੰ ਦੌੜ ਪਿਆ ਅਤੇ ਸ੍ਰੀ ਗੁਰੂ ਗ੍ਰੰਥ ਸੁਹਬ ਜੀ ਦੀ ਤਾਬਿਆ ਵਿਚ ਜਾ ਡਿੱਗਿਆ।
-"ਰੱਬ? ਕਿਹੜਾ ਰੱਬ?" ਆਖਣ ਵਾਲਾ ਕਾਮਰੇਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਪਿਆ, ਨੱਕ ਨਾਲ ਲਕੀਰਾਂ ਕੱਢਦਾ, ਮੁਆਫ਼ੀਆਂ ਮੰਗਦਾ, ਜਾਰੋ ਜਾਰ ਰੋਈ ਜਾ ਰਿਹਾ ਸੀ। ਅਤੇ ਫਿਰ, " ਜੋ ਸਰਣਿ ਆਵੈ ਤਿਸੁ ਕੰਠ ਲਾਵੈ ਇਹੁ ਬਿਰਦੁ ਸੁਆਮੀ ਸੰਦਾ।।" ਮਿੱਠੀ ਬਾਣੀ ਕਾਮਰੇਡ ਦੇ ਕੰਨਾਂ ਵਿਚ ਅੰਮ੍ਰਿਤ ਬਣ ਘੁਲ ਗਈ।
..........................

Thursday, January 21, 2010

ਫ਼ਰਕ (ਮਿੰਨੀ ਕਹਾਣੀ) - ਹਰਦਮ ਸਿੰਘ ਮਾਨ


ਫ਼ਰਕ (ਮਿੰਨੀ ਕਹਾਣੀ)  - ਹਰਦਮ ਸਿੰਘ ਮਾਨ
ਬੱਸ 'ਚੋਂ ਉਤਰ ਕੇ ਜਿਉਂ ਹੀ ਉਹ ਬੱਸ ਅੱਡੇ 'ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰੀ,
'ਰਿਕਸ਼ਾਅ...।'
'ਹਾਂ ਬਾਬੂ ਜੀ!' ਇਕ ਰਿਕਸ਼ੇ ਵਾਲਾ ਆ ਹਾਜਰ ਹੋਇਆ।
'ਕਚਹਿਰੀ ਚੱਲਣੈਂ.. ਕਿੰਨੇ ਪੈਸੇ?'
'ਦਸ ਰੂਪੱਈਆ ਸਵਾਰੀ ਕਾ ਬਾਬੂ ਜੀ।'
'ਚਲੋ ਵੀ ਕਚਹਿਰੀ ਆਲੇ... ਪੰਜ ਰੁਪਏ ਪੰਜ ਰੁਪਏ...।' ਥਰੀ ਵੀਲ੍ਹਰ ਵਾਲੇ ਦਾ ਹੋਕਾ ਸੀ।
'ਅਹੁ ਵੇਖ! ਥਿਰੀ ਵੀਲ੍ਹਰ ਵਾਲਾ ਤਾਂ ਪੰਜ ਰੁਪਏ 'ਚ ਲਈ ਜਾਂਦੈ।' ਉਨ੍ਹਾਂ ਰਿਕਸ਼ੇ ਵਾਲੇ ਨੂੰ ਕਿਹਾ।
'ਵੋ ਤੋ ਠੀਕ ਹੈ ਬਾਬੂ ਜੀ! ਲੇਕਿਨ ...ਵਹਾਂ ਥਰੀ ਵੀਲ੍ਹਰ ਮੇਂ ਤੋ ਤੇਲ ਜਲਤਾ ਹੈ ਔਰ ਯਹਾਂ...ਰਿਕਸ਼ਾ ਚਲਾਨੇ ਮੇਂ ਖੂਨ ਜਲਤਾ ਹੈ ਬਾਬੂ ਜੀ! ...ਖੂਨ ਔਰ ਤੇਲ ਮੇਂ ਅੰਤਰ ਤੋ ਹੈ ਨਾ ਬਾਬੂ ਜੀ!'
...ਤੇ ਉਹ ਚੁੱਪਚਾਪ ਰਿਕਸ਼ੇ 'ਚ ਬੈਠ ਕੇ ਕਚਹਿਰੀ ਵੱਲ ਚੱਲ ਪਏ।
.....................................

Saturday, January 16, 2010

ਇਨਸਾਨ ਅਤੇ ਕਲਦਾਰ ਦੀ ਲੜਾਈ – ਰੂਪ ਢਿੱਲੋਂ


ਇਨਸਾਨ ਅਤੇ ਕਲਦਾਰ ਦੀ ਲੜਾਈ   – ਰੂਪ ਢਿੱਲੋਂ
(ਸਾਇੰਸ ਕਥਾ)

ਮੈਂ ਦਰਸ਼ਨ ਹਾਂ। ਮੈਂ ਰਣਜੀਤਪੁਰ ਦਾ ਸਭ ਤੋਂ ਵੱਡਾ ਗੁਪਤਚਰ ਸਾਂ। ਮੇਰੇ ਮਹਿਕਮੇ 'ਚ ਬੰਦਿਆਂ ਨਾਲ ਕਲਦਾਰ(ਰੋਬੋਟ) ਅਫਸਰ ਕੰਮ ਕਰਦੇ ਸਨ। ਕਲਦਾਰਾਂ ਦੇ ਨਾਂ ਨਹੀਂ ਹੁੰਦੇ, ਪਰ ਬਿੱਲਾ ਨੰਬਰ ਹੁੰਦਾ ਸੀ। ਸਮਝ ਲਉ ਕਿ ਇਹ ਨੰਬਰ ਨਾਂ ਵਾਂਗ ਚੱਲਦਾ ਸੀ। ਇੱਕ ਕਲਦਾਰ ਦਾ ਨੰਬਰ 1984 ਸੀ। ਪਰ ਪੁਲਿਸੀਆਂ ਨੇ 1984 ਨੂੰ ਨਾਂ ਦਿੱਤਾ ਸੀ। ਸਭ ਉਹਨੂੰ ਭਵਨ ਆਖਦੇ ਸਨ। ਦਰਅਸਲ ਜਿੰਨੇ ਕਲਦਾਰ ਥਾਣੇ 'ਚ ਕੰਮ ਕਰਦੇ ਸੀ, ਸਭ ਨੂੰ ਨਾਂ ਦਿੱਤੇ ਸੀ।

ਮੈਨੂੰ ਕਈ ਮਹੀਨਿਆਂ ਤੋਂ ਭਵਨ ਉੱਤੇ ਸ਼ੱਕ ਸੀ। ਅੱਜ ਤੋਂ ਇੱਕ ਹਫਤਾ ਪਹਿਲਾ ਕਾਲੀਆ ( ਸਾਡੇ ਮਹਿਕਮੇ ਦਾ ਸੂਹੀਆ) ਦੇ ਘਰ ਉਸ ਦੀ ਲਾਸ਼ ਮਿਲੀ। ਦੇਖਣ 'ਚ ਤਾਂ ਚੋਰੀ ਹੋਈ ਲੱਗਦੀ ਸੀ। ਲੱਗਦਾ ਸੀ ਜਿਵੇਂ ਚੋਰ ਚੋਰੀ ਕਰਨ ਆਇਆ, ਕਾਲੀਏ ਦੀ ਜਾਗ ਖੁਲ ਗਈ, ਤੇ ਦੋਹਾਂ ਦੀ ਹੱਥਾਪਾਈ 'ਚ ਕਾਲੀਏ ਦੀ ਮੌਤ ਹੋ ਗਈ।ਪਰ ਸਾਨੂੰ ਸਾਫ਼ ਦਿੱਸ ਰਿਹਾ  ਸੀ ਕਿ ਕਾਲੀਆ ਦਾ ਗਿਣਿਆ ਮਿਥਿਆ ਕਤਲ ਹੋਇਆ ਸੀ। ਸਾਨੂੰ ਸ਼ੱਕ ਸੀ ਕਿ ਕਿਸੇ ਨੇ ਸਾਜ਼ਿਸ਼ ਕਰ ਕੇ ਕਾਲੀਆ ਦਾ ਖ਼ੂਨ ਕਰਵਾਇਆ ਸੀ। ਗੁਨਾਹ-ਦ੍ਰਿਸ਼ ਤੇ ਕੁਝ ਦੇਰ ਬਾਅਦ ਭਵਨ ਵੀ ਆ ਗਿਆ ਸੀ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਲਾਕੇ 'ਚ ਭਵਨ ਮੌਜੂਦ ਸੀ, ਤੇ ਰੇਡਿਓ ਤੋਂ ਉਸਨੇ  ਸੁਣਿਆ ਕਾਲੀਆ ਦੇ ਘਰ ਕੁਝ ਗੜਬੜ ਹੋਈ ਸੀ। ਇਸ ਤੋਂ ਪਹਿਲਾ ਹੋਰ ਵੀ ਕਤਲ ਹੋਏ ਸੀ; ਹਰੇਕ ਵਾਰੀ ਭਵਨ ਗੁਨਾਹ-ਦ੍ਰਿਸ਼ ਦੇ ਨੇੜੇ ਘੁੰਮਦਾ ਫਿਰਦਾ ਸੀ। ਸਬੂਤ ਤਾਂ ਮੇਰੇ ਕੋਲ ਨਹੀਂ ਸੀ, ਪਰ ਮੇਰਾ  ਸਹਿਜ ਗਿਆਨ, ਮੇਰੀ ਛੇਵੀਂ ਇੰਦਰੀ ਦੱਸਦੀ ਸੀ ਕਿ ਦਾਲ਼ 'ਚ ਜ਼ਰੂਰ ਕੁਝ ਕਾਲ਼ਾ  ਸੀ। ਮੈਂ  ਉਸਦਾ ਪਿੱਛਾ ਕਰਨ ਦਾ ਇਰਾਦਾ ਬਣਾ ਲਿਆ।

ਮੈਂ ਅਪਣੀ ਗਲਾਸੀ ਵੱਲ ਵੇਖ ਰਿਹਾ ਸੀ ਜਦੋਂ ਮੈਂ  ਭਵਨ ਬਾਰੇ ਜ਼ਿਕਰ ਸ਼ੁਰੂ ਕੀਤਾ। ਜੇ ਤੁਸੀਂ ਇਸ ਇਤਲਾਹ ਨੂੰ ਪੜ੍ਹ ਰਹੇ ਹੋ, ਤਾਂ ਸਮਝੋ ਮੈਂ ਰਬ ਦਾ ਪਿਆਰਾ ਹੋ ਚੁਕਾ  ਹਾਂ। ਕਿਉਂਕਿ ਇਸ ਖ਼ਤ ਨੂੰ ਮੈਂ ਹਰ ਵੇਲੇ ਆਪਣੀ ਕਮੀਜ਼ ਦੀ ਜੇਬ'ਚ ਰੱਖਾਂਗਾ। ਇਸ ਖ਼ਤ 'ਚ ਮੈਂ ਸਾਰਾ ਹਾਲ ਦੱਸਣਾ ਚਾਹੁੰਦਾ ਹਾਂ। ਕਹਾਣੀ ਵੀ ਗਲਾਸੀ ਨਾਲ ਹੀ ਸ਼ਰੂ ਹੁੰਦੀ ਹੈ…

ਜਿਸ ਰਾਤ ਮੈਂ ਭਵਨ ਦਾ ਪਿੱਛਾ ਕਰਨ ਦਾ ਫ਼ੈਸਲਾ ਕੀਤਾ , ਮੈਂ ਥਾਣੇ 'ਚ ਬੈਠਾ ਗਲਾਸੀ'ਚੋਂ ਹਰਾ-ਜਲ  ਪੀ ਰਿਹਾ  ਸੀ। ਹਰਾ-ਜਲ, ਇੱਕ ਰਸ, ਜਿਸਨੂੰ  ਸਾਡੇ  ਕਾਰਖਾਨਿਆਂ 'ਚ ਬਣਾਇਆ ਜਾਂਦਾ ਸੀ। ਭਾਰਤ ਤਕਨੀਕੀ ਤੌਰ ਤੇ ਤਾਂ ਇਸ ਸਦੀ 'ਚ ਬਹੁਤ ਕਾਮਯਾਬ ਹੋ ਚੁੱਕਾ ਸੀ, ਪਰ ਜਨਸੰਖਿਆ ਬਹੁਤ  ਵਧ ਗਈ,  ਤੇ ਖਾਣਾ ਘਟ ਗਿਆ। ਅਸੀਂ ਹੁਣ ਕੇਵਲ ਸ਼ਹਿਰਾਂ'ਚ ਵਸਦੇ ਸੀ। ਖੇਤੀ  ਸਮਾਜ ਤਾਂ ਇਤਿਹਾਸ ਦੇ ਪੰਨਿਆਂ 'ਚ ਕਿਧਰੇ ਗੁਆਚ ਚੁੱਕਾ ਸੀ। ਕਾਰਖਾਨਿਆਂ 'ਚ ਭੋਜਨ ਦੇ ਤੌਰ ਤੇ  ਪ੍ਰੋਟੀਨ ਲਈ ਲਾਲ–ਟਿੱਕੀ  ਬਣਦੀ  ਸੀ ਤੇ  ਸਬਜ਼ੀਆਂ ਦੇ ਥਾਂ ਹਰੀ-ਟਿੱਕੀ । ਪਾਣੀ ਦੀ  ਵੀ ਬਹੁਤ ਘਾਟ  ਸੀ। ਇਸ ਲਈ ਪੀਣ ਲਈ ਲਾਲ ਅਤੇ ਹਰੇ ਜਲ ਸਨ। ਮੈਂ ਵੀ ਪੀਂਦਾ ਸੀ, ਹਰੀ-ਟਿੱਕੀ ਤੋਂ ਬਣਾਕੇ। ਇਹ ਗਲਾਸੀ 'ਚ  ਹੀ ਤਿਆਰ ਕੀਤਾ ਜਾਂਦਾ ਸੀ। ਪਰ ਜਦ ਵੀ ਖਾਂਦਾ-ਪੀਂਦਾ ਸੀ, ਤਾਂ ਮੱਕੀ ਦੀਆਂ ਰੋਟੀਆਂ ਦੀ  ਯਾਦ ਆਉਂਦੀ ਸੀ। ਓਹ ਮੱਕੀ ਦੀਆਂ ਰੋਟੀਆਂ, ਜੋ ਮੇਰੇ ਦਾਦੇ ਦੇ ਵੇਲੇ ਦੇ ਲੋਕ ਖਾਂਦੇ ਸੀ। ਇਸ ਕਰਕੇ ਉਦਾਸ ਹੋ ਜਾਂਦਾ ਸੀ। ਪਰ ਹੋਰ ਕੁਝ ਖਾਣ ਲਈ ਨਹੀਂ ਸੀ। ਇਸ ਬੇਸੁਆਦ  ਡ੍ਰਿੰਕ ਦੇ ਸੁਆਦ ਤੋਂ ਧਿਆਨ ਪਰੇ ਕਰਨ ਲਈ ਮੈਂ ਭਵਨ ਵਾਰੇ ਸੋਚਣ ਲੱਗ ਪਿਆ। ਇੱਦਾਂ ਨਿਸ਼ਚਾ ਬਣਾ ਲਿਆ। ਮੈਂ ਕੰਪਿਊਟਰ 'ਚ ਚੇੱਕ ਕੀਤਾ, ਉਸ ਦੀ ਡਿਊਟੀ ਕਦ ਮੁੱਕਦੀ ਸੀ। ਦਸ ਵਜੇ ਦਾ ਟਾਈਮ ਕੰਪਿਊਟਰ ਨੇ ਦੱਸਿਆ। ਠੀਕ ਏ। ਮੈਂ ਉਸੇ ਵੇਲੇ ਫੈਸਲਾ ਕਰ ਲਿਆ ਕਿ ਆਪਣੀ ਉੱਡਣ ਵਾਲੀ ਗੱਡੀ ਭਵਨ ਦੀ ਗੱਡੀ ਪਿੱਛੇ ਲਾ ਕੇ ਉਸਦਾ ਪਿੱਛਾ ਕਰਾਂਗਾ। ਮੈਂ ਬਾਰੀ'ਚੋਂ ਬਾਹਰ ਸਾਡੇ ਆਧੁਨਿਕ ਨਗਰ ਵੱਲ ਤਾੜਿਆ। ਬਿਜਲੀ ਵਾਲੇ ਪੰਛੀਆਂ ਵਾਂਗ ਬਿਨਾਂ ਟਾਇਰਾਂ ਤੋਂ  ਗੱਡੀਆਂ ਉਡ ਰਹੀਆਂ ਸਨ। ਕਿਤੇ ਕੋਈ  ਰੁੱਖ ਨਹੀਂ ਸੀ ਦਿਸਦਾ। ਕਿਤੇ  ਅਸਲੀ ਪੰਛੀ ਨਹੀਂ ਸੀ ਦਿਸਦਾ। ਸ਼ਹਿਰ ਕੰਕਰੀਟ, ਕੱਚ, ਲੋਹੇ ਦਾ ਜੰਗਲ ਸੀ। ਕਿਤੇ ਕਿਸੇ ਅਜਾਇਬਘਰ 'ਚ ਬੈਠਾ ਹਲ ਰੋਂਦਾ ਹੋਵੇਗਾ। ਕੁਝ ਵਾਹੁਣ ਲਈ ਰਿਹਾ ਹੀ ਨਹੀਂ। ਮੈਂ ਗੁਸੇ ਵਿੱਚ ਅੱਧਾ ਭਰਿਆ ਗਲਾਸ ਸੁਟ ਦਿੱਤਾ।

ਭਵਨ ਦੀ ਗੱਡੀ ਹਨੇਰੇ 'ਚ ਸ਼ਹਿਰ ਦੇ ਚਮਕਦੇ ਤਾਰਿਆਂ (  ਉੱਡਣ - ਗੱਡੀਆਂ )'ਚ ਸ਼ਾਮਲ ਹੋ ਗਈ। ਮੈਂ ਥੋੜ੍ਹਾ ਚਿਰ ਬਾਅਦ ਉਸਦੇ ਮਗਰ ਚਲਾ ਗਿਆ। ਮੈਂ ਬਹੁਤਾ ਨੇੜੇ ਵੀ ਨਹੀਂ ਹੋਣਾ ਚਾਹੁੰਦਾ ਸੀ। ਜੇ ਉਨ੍ਹੇ ਮੈਨੂੰ ਦੇਖ ਲਿਆ, ਮੇਰਾ ਤਾਂ ਸ਼ਰੂ ਹੋਣ ਤੋਂ ਪਹਿਲਾ ਹੀ ਕਾਰਜ ਮੁੱਕ ਜਾਣਾ ਸੀ। ਸਾਰੇ ਪਲਾਨ ਉੱਤੇ ਪਾਣੀ ਫਿਰ ਜਾਣਾ ਸੀ। ਉਹ ਮੇਰੇ ਅੱਗੇ ਦੋ ਕੁ ਸੌ ਗ਼ਜ਼  'ਤੇ ਚੱਲ ਰਿਹਾ  ਸੀ। ਸਾਡੇ ਵਿਚਕਾਰ ਚਾਰ ਗੱਡੀਆਂ ਸਨ। ਉਹ  ਰਣਜੀਤਪੁਰ ਦੇ ਕਾਰਖਾਨਿਆਂ   ਵਾਲੇ ਇਲਾਕੇ 'ਚ ਪਹੁੰਚ  ਗਿਆ । ਇੱਥੇ ਮੈਨੂੰ ਬਚ ਕੇ ਰਹਿਣਾ ਪਿਆ ਕਿਉਂਕਿ ਹੁਣ ਸਾਡੇ ਵਿਚਾਲੇ ਕੋਈ ਨਹੀਂ ਸੀ। ਮੈਂ ਰਿਸਕ ਲੈ ਕੇ ਅਪਣੀ ਗੱਡੀ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ। ਇੱਕ ਕਾਰਖਾਨੇ  ਦੇ ਨੇੜੇ ਉਸਨੇ ਅਪਣੀ ਗੱਡੀ ਖੜੀ ਕਰ ਦਿੱਤੀ।  ਅੱਧੇ ਕਿਲੇਮੀਟਰ ਪਰੇ ਮੇਰੀ ਗੱਡੀ ਨੇ ਵੀ ਧਰਤੀ ਨੂੰ ਚੁੰਮ ਲਿਆ। ਮੇਰੀ ਦੋ-ਅੱਖੀ ਦੂਰਬੀਨ 'ਚੋਂ ਭਵਨ ਸਾਫ਼ ਦਿਸਦਾ ਸੀ। ਮੈਂ ਉਸਨੂੰ ਇੱਕ ਫੈਕਟਰੀ ਦੇ ਬੂਹੇ 'ਚੋਂ ਅੰਦਰ ਜਾਂਦਾ ਦੇਖਿਆ। ਦੂਰਬੀਨ ਨਾਲ ਮੈਂ ਕਾਰਖਾਨੇ ਦੇ ਨਾਂ ਉੱਤੇ ਨਜ਼ਰ ਮਾਰੀ   -'ਨੰਬਰ ਵੰਨ ਟਿੱਕੀ' ਫੱਟੇ ਉੱਤੇ ਲਿਖਿਆ ਸੀ। ਇਹ ਤਾਂ  ਹਰੀਆਂ ਅਤੇ ਲਾਲ ਟਿੱਕੀਆਂ  ਬਣਾਉਣ ਦਾ ਕਾਰਖਾਨਾ  ਸੀ। ਮੈਂ ਦੂਰਬੀਨ ਨੂੰ ਗੱਡੀ ਵਿੱਚ ਰੱਖ ਕੇ 'ਨੰਬਰ ਵੰਨ ਟਿੱਕੀ' ਵੱਲ ਤੁਰ ਪਿਆ।

ਭਵਣ ਤਾਂ ਅਰਾਮ ਨਾਲ ਅੰਦਰ ਵੜ ਗਿਆ ਸੀ। ਦਰਵਾਜ਼ੇ ਨਾਲ ਦੋ ਰਾਖੇ ਖੜ੍ਹੇ ਸੀ- ਇੱਕ ਇਨਸਾਨ  ਸੀ ਅਤੇ ਇੱਕ ਕਲਦਾਰ ਸੀ। ਮੈਂ ਹੌਲੀ ਹੌਲੀ ਵਾੜ ਘੁੰਮ ਕੇ ਅੰਦਰ ਵੜਨ ਲਈ  ਥਾਂ ਤਲਾਸ਼ਣ ਲੱਗ  ਪਿਆ। ਥੋੜੀ ਦੇਰ ਬਾਅਦ ਇੱਕ ਥਾਂ ਲੱਭੀ।ਇੱਥੇ ਮੈਂ ਵਾੜ ਦੀਆਂ ਤਾਰਾਂ ਨੂੰ ਪਾਸੇ ਕਰ ਕੇ ਬਾਂਹ ਲੱਤ ਲੰਘਾ ਕੇ ਵੜਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਹੱਥ ਪੈਰ ਪਾ ਕੇ ਵਾੜ ਚੜ੍ਹ ਕੇ ਦੁਜੇ ਪਾਸੇ ਪਹੁੰਚ ਗਿਆ। ਅੱਜ ਕਲ੍ਹ ਕੁੱਤੇ ਤਾਂ ਦੁਨੀਆਂ'ਚ ਰਾਖੀ ਕਰਨ ਹੈ ਹੀ ਨਹੀਂ ਸੀ। ਫਿਰ ਵੀ ਧਿਆਨ  ਨਾਲ ਤੁਰ ਕੇ ਗਿਆ। ਇੱਕ ਬਾਰੀ ਖੁੱਲੀ ਸੀ। ਇਸ ਗੱਲ ਨੇ ਮੇਰੀ ਅੱਖ ਫੜ੍ਹ ਲਈ ਸੀ। ਮੈਂ ਆਲੇ ਦੁਆਲੇ ਦੇਖਿਆ। ਹਾਲੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਘੁਸਪੈਠ  ਕੀਤੀ ਸੀ। ਇੱਕ ਬਕਸੇ ਨੂੰ ਕੰਧ ਨਾਲ ਘੜੀਸ ਕੇ ਬਾਰੀ ਥੱਲੇ ਟਿੱਕਾ ਦਿੱਤਾ। ਉਸ ਤੇ ਚੜ੍ਹ ਕੇ ਬਾਰੀ ਵਿੱਚੋਂ ਵੜ ਗਿਆ। ਉਹ ਭੰਡਾਰ ਸੀ। ਮੈਂ ਹੌਲੀ ਹੌਲੀ ਅੱਗੇ ਗਿਆ।ਭਾਵੇ ਮੈਂ ਪੁਲਸ ਦਾ ਅਫਸਰ ਸੀ, ਪਰ ਮੇਰੇ ਕੋਲੇ ਅੰਦਰ ਵੜਨ ਲਈ ਮੁਖਤਾਰਨਾਮਾ- ਵਾਰੰਟ  ਨਹੀਂ ਸੀ। ਕਾਨੂੰਨ ਦੇ ਨਜ਼ਰ 'ਚ ਮੈਂ ਤਾਂ ਚੋਰ ਸੀ। ਭੰਡਾਰ ਦਾ ਬੂਹਾ ਖੋਲ੍ਹ ਕੇ ਅੰਦਰ ਦੇਖਿਆ। ਮੈਂ ਕੋਈ ਥੜ੍ਹੇ ਦੇ ਨਾਲ ਸੀ। ਹੇਠਾਂ ਮੈਨੂੰ ਕਾਰਖਾਨੇ  ਦੀਆਂ ਮਸ਼ੀਨਾਂ ਦਿਸ ਰਹੀਆਂ ਸਨ। ਫਿਰ ਮੈਨੂੰ ਭਵਨ ਵੀ ਨਜ਼ਰੀਂ ਪੈ  ਗਿਆ। ਮੈਂ ਉਸਦਾ ਪਿੱਛਾ ਕੀਤਾ, ਪਰ ਹਮੇਸ਼ਾ ਉਪਰਲੇ ਥੜ੍ਹੇ ਉੱਤੇ ਰਿਹਾ। ਨੀਵਾਂ  ਹੋ ਕੇ ਤੁਰਦਾ ਰਿਹਾ। ਫਿਰ ਢੋਣ ਵਾਲੀ ਵੱਧਰੀ ਨੇ ਮੇਰੀ ਅੱਖ ਫੜ੍ਹ ਲਈ। ਉਹਦੇ ਉਪਰ ਲਾਲ ਟਿੱਕੀਆਂ ਸਨ।

ਮੈਂ ਸੋਚਿਆ ਜੇ ਮੈਂ ਵੱਧਰੀ ਦੇ ਪੰਧ ਦੇ ਖਿਲਾਫ਼ ਜਾਵਾਂ,ਤਾਂ ਮੈਨੂੰ ਦਿਸ ਜਾਵੇਗਾ ਲਾਲ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਨੇ। ਭਵਨ ਤਾਂ ਇਥੇ ਮਾਲਿਕ ਨੂੰ ਹੀ ਮਿਲਣ ਆਇਆ ਹੋਵੇਗਾ। ਭੇਤ ਤਾਂ ਬਾਅਦ 'ਚ ਵੀ ਕੱਢ ਲਾਵਾਂਗਾ। ਮੇਰੀ ਉਤਸੁਕਤਾ ਮੈਨੂੰ ਲਾਲ ਟਿੱਕੀ ਦੇ ਸਰੋਤ ਵੱਲ ਲੈ ਗਈ। ਉੱਪਰ ਤੋਂ ਮੈਨੂੰ ਕਈ ਕਲਦਾਰ ਕੰਮ ਕਰਦੇ ਦਿਸਦੇ ਸੀ। ਸ਼ਹਿਰ ਵਿੱਚ ਬੇਕਾਰੀ ਹੈ, ਪਰ ਇਹ ਅੱਗ ਲਾਉਣੇ ਮਸ਼ੀਨੀ ਮਾਨਵਾਂ ਨੇ ਸਭ ਦੇ ਨੌਕਰੀਆਂ ਖੋਹ ਲਈਆਂ! ਝੱਟ ਮੈਂ ਸਰੋਤ ਵੱਲ ਜਾ ਪਹੁੰਚਿਆ। ਮੈਂ ਤਾਂ ਦੇਖ ਕੇ ਇੱਕ ਦਮ ਹੈਰਾਨ ਰਹਿ ਗਿਆ।ਉਹੀ ਗੱਲ ਨਿੱਕਲੀ, ਜਿਸਦੀਆਂ ਅਫ਼ਵਾਹਾਂ ਸਨ, ਲਾਲ ਟਿੱਕੀ ਸੱਚ ਮੁੱਚ ਮਾਸ ਦੀ ਬਣਾਈ ਜਾਂਦੀ ਸੀ। ਸੰਸਾਰ ਜਾਨਵਰਾਂ ਤੋਂ ਲਗਾਤਾਰ ਸੱਖਣਾ ਹੁੰਦਾ ਜਾ ਰਿਹਾ ਸੀ। ਕੋਈ ਭੇਡ, ਗਾਂ ਜਾਂ ਸੂਰ ਦੁਨੀਆਂ 'ਚ ਬਾਕੀ  ਨਹੀਂ ਸਨ ਰਹੇ। ਇਨਸਾਨਾਂ ਨੇ ਸਾਰੇ ਖਾ ਲਏ ਸਨ। ਹੁਣ ਮੇਰੇ ਸਾਹਮਣੇ ਕਲਦਾਰ ਮਾਨਵ  ਸਰੀਰਾਂ  ਦਾ ਕਤਲ-ਏ-ਆਮ ਕਰ ਰਿਹਾ ਸੀ। ਕਲਦਾਰ ਕਸਾਈ ਪਿੰਡਿਆਂ ਦੇ ਟੁਕੜੇ ਟੁਕੜੇ ਬਣਾ ਰਿਹਾ ਸੀ। ਇਨਸਾਨੀ ਪਿੰਡਿਆਂ  ਦੇ ਟੁਕੜੇ!

ਮੈਨੂੰ ਉਲਟੀ ਆ ਗਈ ।ਕੁਛ ਦੇਰ ਲਈ ਕੋਈ ਗੱਲ ਨਾ ਸੁਝੀ। ਲੰਬੇ ਲੰਬੇ ਸਾਹ ਭਰਦਾ ਰਿਹਾ। ਇਹ ਕਾਰਖਾਨਾ ਤਾਂ ਸਰਕਾਰ ਦਾ ਸੀ। ਮੈਂ ਓਨ੍ਹਾਂ ਨੂੰ ਕੁੱਝ ਨਹੀਂ ਸੀ ਕਹਿ ਸਕਦਾ। ਮੈਂ ਸੋਚਿਆ ਭਵਨ ਦਾ ਪਿੱਛਾ  ਕੁਝ ਹੋਰ ਸੋਚ ਕੇ ਕਰ ਰਿਹਾ ਸੀ, ਪਰ ਗੱਲ ਤਾਂ ਹੋਰ ਹੀ ਨਿਕਲ ਗਈ! ਹੁਣ ਮੈਂ ਕੀ ਕਰਾਂਗਾ? ਮੇਰੀਆਂ ਅੱਖਾਂ  ਦੇ ਸਾਹਮਣੇ ਇੱਕ ਕਲਦਾਰ ਨੇ ਇੱਕ  ਬੰਦੇ ਦੀ ਲੋਥ ਦੇ ਸਰੀਰ'ਚ ਟੋਕਾ ਮਾਰਿਆ। ਮੇਰਾ ਜੀ ਕੀਤਾ ਉਸ ਕਲਦਾਰ ਦੇ ਟੋਟੇ-ਟੋਟੇ ਕਰ  ਦੇਵਾਂ। ਪਰ ਮੈਂ ਡੂੰਘਾ ਸਾਹ ਭਰ ਕੇ ਇੱਕ ਹੋਰ ਫ਼ੈਸਲਾ ਕਰ ਲਿਆ। ਮੈਂ ਕਾਰਖਾਨੇ  ਦੇ ਦਫਤਰ 'ਚ ਵੜ ਗਿਆ । ਬਹੁਤਾ ਦੇਰ ਨਹੀਂ ਲੱਗੀ  ਉਸਨੂੰ ਲੱਭਣ 'ਚ। ਬਾਰੀ'ਚੋਂ ਅੰਦਰ ਬਾਹਰ ਦਿਸਦਾ ਸੀ। ਬਾਹਰ ਰਾਖੇ ਤੁਰਦੇ ਫਿਰਦੇ ਸੀ। ਜਦ ਲੰਘ ਗਏ, ਮੈਂ ਕੰਪਿਊਟਰ ਚੱਲਾ ਦਿੱਤੇ। ਤੇਜ ਕੰਮ ਕਰਨਾ ਪਿਆ। ਜਦ ਮੈਨੂੰ ਮੀਟ ਮਾਸ ਅਤੇ ਲਾਲ ਟਿੱਕੀਆਂ ਬਾਰੇ ਸਭ ਸਬੂਤ ਮਿਲ ਪਏ, ਇੱਕ ਡਿਸਕ ਉੱਤੇ ਕੌਪੀ ਕਰ ਕੇ ਜੇਬ ਵਿੱਚ ਪਾ ਲਈ। ਫਿਰ ਮੈਂ ਭਵਨ ਨੂੰ ਟੋਲਣ ਗਿਆ,ਪਰ ਉਹ  ਦਿਸਿਆ ਨਹੀਂ।

ਕਾਰਖਾਨੇ  ਵਿੱਚ ਮੈਥੋਂ  ਛੁੱਟ ਕੋਈ ਇਨਸਾਨ ਨਹੀਂ ਸੀ। ਰਾਖੇ  ਵੀ ਰੋਬੋਟ ਸਨ। ਸਾਰੇ ਸਾਲੇ ਕਲਦਾਰ ਸਨ। ਬਾਹਰ ਇੱਕ ਦੋ ਇਨਸਾਨ ਹੀ ਰਾਖੇ ਸੀ। ਪਤਾ ਨਹੀਂ ਕਿਸ ਹਕੂਮਤ ਦਾ ਮੁਖੀਆ ਇਹਨਾਂ ਕਾਰਖਾਨਿਆਂ ਦਾ ਜ਼ੁੰਮੇਵਾਰ ਸੀ। ਉਸਨੂੰ ਇਹ ਸਭ ਪਤਾ ਵੀ ਸੀ ਕਿ ਨਹੀਂ? ਪਤਾ ਨਹੀਂ ਕੋਣ ਇਸ ਕਾਰਖਾਨੇ  ਦਾ ਮਾਲਕ ਸੀ।  ਪਰ ਉਹ ਪੜਤਾਲ ਕਰਵਾਏਗਾ ਅਤੇ ਜ਼ਰੂਰ ਉਸ  ਸਾਲੇ ਭਵਨ ਨੂੰ ਗ੍ਰਿਫਤਾਰ ਕਰੇਗਾ। ਪਰ ਕਿਸ ਦੋਸ਼, ਕਿਸ ਚਾਰਜ 'ਤੇ ਕੈਦ ਕਰੂੰਗਾ? ਡਿਸਕ ਵੀ ਘਰ ਜਾ ਕੇ ਪਰਖਣੀ ਹੈ। ਜਰੂਰ ਕੁਝ ਨਾ ਕੁਝ ਹੋਵੇਗਾ। ਓਹ ਲਾਸ਼ਾਂ ਕਿਸ ਦੀਆਂ ਸਨ? ਕੋਈ ਆਵਾਰਾ, ਕੋਈ ਸੈਲਾਨੀ ਜਿਨਾਂ  ਨੂੰ ਗਲੀਆਂ'ਚੋਂ ਚੱਕ ਲਿਆ ਸੀ ਜਾਂ  ਸ਼ਹਿਰ ਤੋਂ ਬਾਹਰ ਜਾ ਕੇ ਕੋਈ ਕਿਸਾਨਾਂ ਜਾਂ ਪੇਂਡੂਆਂ ਨੂੰ  ਜਬਰਦਸਤੀ ਚੁੱਕ  ਕੇ ਇਥੇ ਲਿਆਂਦਾ ਸੀ? ਸਭ ਘਰ ਜਾ ਕੇ ਪਤਾ ਲੱਗ ਜਾਵੇਗਾ। ਇੱਦਾਂ ਸੋਚਦਾ ਮੈਂ ਉਥੋਂ ਨਿਕਲ ਕੇ ਘਰ ਚਲਾ ਗਿਆ । ਡਿਸਕ ਦੀ ਸੂਚੀ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ। ਬਸ ਹੱਦ ਹੋ ਗਈ ਸੀ। ਹੁਣ ਭਵਨ ਦੀ ਗ੍ਰਿਫ਼ਤਾਰੀ  ਹੋਵੇਗੀ। ਕਾਫ਼ੀ ਸਬੂਤ ਸਨ ਉਸਦੇ ਖਿਲਾਫ਼। ਭਵਨ ਰੋਬੋਟ ਹੋਣ ਕਰ ਕੇ ਤਕੜਾ ਸੀ। ਮੈਂ ਅਪਣੇ ਨਾਲ ਇੱਕ ਦੋ ਕਲਦਾਰ ਲੈ ਕੇ ਜਾਵਾਂਗਾ। ਬੰਦੇ ਵੀ ਨਾਲ ਲੈ ਕੇ ਜਾਵਾਂਗਾ। ਇੱਦਾਂ ਦੀਆਂ ਅਨੇਕਾਂ ਸੋਚਾਂ ਮਨ'ਚ ਘੁੰਮ ਰਹੀਆਂ ਸਨ।

ਉਸ ਰਾਤ ਜਦ ਭਵਨ ਨੇ ਅਪਣੇ ਟਿਕਾਣੇ ਦਾ ਦਰ ਖੋਲ੍ਹਿਆ, ਮੈਂ ਉਸ ਦੀ ਕੁਰਸੀ ਉੱਤੇ ਬੈਠਾਂ ਸਾਂ। ਮੇਰੇ ਨਾਲ ਦੋ ਕਲਦਾਰ ਖੜ੍ਹੇ ਸਨ ਅਤੇ ਤਿੰਨ ਬੰਦੇ। ਉਸਨੇ  ਨੱਠਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ  ਨਾ ਹੀ  ਸਾਨੂੰ ਮਾਰਨ ਦੀ। ਅਰਾਮ ਨਾਲ ਦਰਵਾਜ਼ਾ ਬੰਦ ਕਰ ਕੇ ਮੇਰੇ ਸਾਹਮਣੇ ਖੜ੍ਹ ਗਿਆ।

- "ਕੀ ਗੱਲ ਦਰਸ਼ਨ। ਐਨੇ ਪੁਲਸੀਆਂ ਦੀ ਲੋੜ ਕਿਉਂ? ਮੈਥੋਂ ਡਰਦਾ ਕਰ ਕੇ?"
- "ਨਹੀਂ ਭਵਨ। ਤੇਰੇ ਲੋਹੇ ਦੇ ਹੱਥਾਂ ਨਾਲ ਮੁਕਾਬਲਾ ਕਰਨਾ ਬੇਵਕੂਫ਼ੀ  ਹੋਵੇਗੀ।"
- "ਸਿੰਗ  ਫਸਾਉਣ ਤੋਂ  ਡਰ ਹੀ ਗਿਆਂ ਆਖਿਰ। ਤਾਂ ਫਿਰ ਦੋਸ਼ ਕੀ ਹੈ ਮੇਰੇ ਖਿਲਾਫ਼?"
- "ਕਾਲੀਆ ਦਾ ਕਤਲ। ਨਾਲੇ ਨੰਬਰ ਵੰਨ ਟਿੱਕੀ ਇਨਸਾਨਾਂ ਦੇ ਗੋਸ਼ਤ ਤੋਂ ਬਣਦੀ ਹੈ। ਲੱਗਦਾ ਕਾਲੀਆ  ਸਾਨੂੰ ਸਭ ਕੁਝ ਦੱਸਣ ਲੱਗਾ ਸੀ। ਕਾਰਖਾਨੇ ਦੇ ਮਾਲਕ ਤੇ ਇਲਜ਼ਾਮ ਲਾਉਣ ਲੱਗਾ ਸੀ,ਤਾਂ ਮਾਲਕ ਨੇ ਤੇਰੇ ਤੋਂ ਉਸਦਾ ਕਤਲ ਕਰਵਾ ਦਿੱਤਾ। ਸਭ ਸਬੂਤ ਇਸ ਡਿਸਕ 'ਚ ਦਰਜ ਨੇ। ਗ੍ਰਿਫਤਾਰ ਕਰ ਲਓ ਇਸ ਨੂੰ ।"
- "ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ। ਵੱਧ ਤੋਂ ਵੱਧ ਮੇਰੀ ਮੇਮਰੀ ਨੂੰ ਮਿਟਾ ਦਿਓਗੇ । ਪਰ ਜਦ ਤੇਰੀਆਂ ਲੱਤਾਂ ਕਬਰ 'ਚ ਲਮਕ ਦੀਆਂ ਹੋਣਗੀਆਂ, ਮੈਂ ਉਦੋਂ  ਵੀ ਜਿਉਂਦਾ ਹੋਵਾਂਗਾ..।"

ਕਾਰਖਾਨੇ ਦਾ ਮਾਲਕ ਤੇਜ਼  ਆਦਮੀ ਸੀ। ਉਸਦਾ ਰਸੂਖ ਇਨਸਾਫ਼ 'ਤੇ ਭਾਰੀ ਪੈ ਗਿਆ। ਭਵਨ ਦੀ ਯਾਦਾਸ਼ਤ  ਮਿਟਾ ਕੇ ਅਦਾਲਤ ਨੇ ਵੇਚਣ ਦਾ ਹੁਕਮ ਦੇ ਦਿੱਤਾ ਤੇ ਉਸਨੂੰ ਨੰਬਰ ਵੰਨ ਟਿੱਕੀ ਦੇ ਮਾਲਕ ਨੇ ਖਰੀਦ ਲਿਆ। ਮੈਂ ਸਮਝ ਗਿਆ ਸੀ ਕਿ ਜੇ ਮੈਂ ਹੁਣ ਕੁਝ ਨਹੀਂ ਕੀਤਾ, ਓਸ ਆਦਮੀ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਹੈ। ਮੈਨੂੰ ਕੈਦ ਵੀ ਹੋ  ਸਕਦੀ ਹੈ,ਜਾਂ ਮੈ ਮਾਰਿਆ ਵੀ ਜਾ ਸਕਦਾ  ਸੀ। ਇਸ ਲਈ ਮੈਂ ਫੈਸਲਾ ਕਰ ਲਿਆ  ਕੁਝ ਨਾ ਕੁਝ ਕਰਨ ਦਾ। ਡਿਸਕ ਦੀ ਇੱਕ ਕਾਪੀ ਹਾਲੇ ਮੇਰੇ ਕੋਲ ਸੀ। ਮੈਂ  ਜਾਣਦਾ ਸੀ ਕਿ ਅਸਲ ਡਿਸਕ ਤਾਂ ਸਬੂਤ ਸੀ। ਇਸ ਕਰਕੇ ਉਹ ਤਾਂ ਓਨ੍ਹਾਂ ਨੇ ਤਾਂ ਬਰਬਾਦ ਕਰ  ਦਿੱਤੀ ਹੋਵੇਗੀ। ਮੈਂ ਆਪਣੇ ਭਰੋਸੇਮੰਦ ਦੋਸਤਾਂ ਨੂੰ ਇੱਕ ਬੰਦ ਪਏ  ਢਾਬੇ 'ਚ ਮੀਟਿੰਗ ਲਈ ਬੁਲਾਇਆ।ਉਹ ਕੁੱਲ ਮਿਲਾ ਕੇ  ਪੰਦਰਾਂ ਬੰਦੇ ਹੀ ਸਨ।

- "ਫਿਰ ਹੁਣ ਕਰਨਾ ਕੀ ਏ?"- ਇੱਕ ਨੇ ਪੁੱਛਿਆ। ਮੇਰੇ ਕੋਲੇ ਇੱਕ ਲੈਪ ਟੌਪ ਸੀ। ਮੈਂ ਡਿਸਕ ਓਹਦੇ 'ਚ ਪਾ ਦਿੱਤੀ। ਸਾਰੀਆਂ ਫ਼ਾਈਲਾਂ ਸਭ ਨੂੰ ਦਿਖਾ ਦਿੱਤੀਆਂ। ਸਾਰੇ ਜਿਵੇਂ  ਇੱਕ ਦਮ ਗੂੰਗੇ ਹੋ ਗਏ ਹੋਣ, ਕਾਫ਼ੀ ਦੇਰ ਉਹ ਉਵੇਂ ਖ਼ਾਮੋਸ਼ੀ 'ਚ ਖੜ੍ਹੇ ਖਲੋਤੇ ਰਹਿ ਗਏ  ਸਨ।

- "ਮੈਨੂੰ ਹਾਲੇ ਵੀ ਪੂਰੀ ਤਰਾਂ ਗੱਲ ਸਮਝ ਨਹੀਂ ਆਈ..."- ਉਹਨਾਂ 'ਚੋਂ ਕਿਸੇ ਨੇ  ਖ਼ਾਮੋਸ਼ੀ ਨੂੰ ਤੋੜਿਆ।
- "ਗੱਲ ਬੜੀ ਸਿੱਧੀ ਏ"- ਮੈਂ ਜਵਾਬ ਦੇਣਾ ਸ਼ੁਰੂ ਕੀਤਾ, - "ਅਪਣਾ  ਦੇਸ਼ ਵੀ ਪੱਛਮੀ   ਦੇਸ਼ਾਂ  ਵਾਂਗ ਤਕਨੀਕੀ ਤਰੱਕੀ ਕਰਦਾ ਗਿਆ। ਪਰ ਜਿਵੇਂ ਟਿੱਡੀ ਦਲ ਹਰ ਚੀਜ਼ ਦਾ ਸਫ਼ਾਇਆ ਕਰਦਾ ਤੁਰਿਆ ਜਾਂਦਾ ਹੈ, ਅਸੀਂ  ਇਨਸਾਨਾਂ ਨੇ ਵੀ ਆਪਣੀ ਅੰਨੀ ਤਕਨੀਕੀ ਤਰੱਕੀ ਦੀ ਹੋੜ ਵਿੱਚ ਧਰਤੀ ਤੋਂ ਸਾਰਾ ਬਾਲਣ, ਸਾਰੇ ਸਰੋਤ, ਸਾਰੇ  ਸਾਧਨ  ਵਰਤ ਲਏ। ਅਸੀਂ ਆਪਣੀ ਇਸ ਖ਼ੂਬਸੂਰਤ ਧਰਤੀ ਲਈ ਹੀ  ਪਰਜੀਵੀ ਬਣ ਗਏ। ਹੌਲੀ ਹੌਲੀ ਧਰਤੀ ਬੰਜਰ ਹੋ ਗਈ  ਸੀ। ਜ਼ਮੀਨ 'ਤੇ ਕਿਸਾਨਾਂ ਦੀ ਲੋੜ ਨਹੀਂ ਰਹੀ। ਕਾਮਿਆਂ ਦੀ  ਥਾਂ ਕਲਦਾਰਾਂ ਨੇ ਲੈ ਲਈ। ਪੇਂਡੂ ਇਲਾਕਿਆਂ 'ਚ ਕਿਸੇ ਕੋਲੇ ਕੰਮ ਨਹੀਂ ਰਿਹਾ। ਲੋਕ ਸ਼ਹਿਰਾਂ 'ਚ ਆ ਗਏ। ਸ਼ਹਿਰਾਂ ਤੋਂ ਇਸ ਹੜ੍ਹ ਸਹਾਰ ਨਹੀਂ ਹੋਇਆ। ਲੋਕਾਂ ਦੇ ਢਿੱਡ ਤਾਂ ਭਰਨੇ  ਸੀ। ਲੋਕਾਂ ਨੂੰ ਮਾਸ ਖਾਣਾ ਪਿਆ; ਭਾਵੇਂ ਗਾਊ ਦਾ ਸੂਰ ਦਾ ਜਾਂ ਕੁੱਤੇ ਦਾ। ਹਾਰ ਕੇ ਸ਼ੇਰ ਤਕ ਖਾਣ ਲੱਗ ਪਏ। ਤਰੱਕੀ ਨਾਲ ਸੁੱਖ ਸੁਵਿਧਾ ਦੇ ਸਾਮਾਨ ਤਾਂ ਵਧ ਗਏ ਪਰ  ਜਨਤਾ ਵੱਧ ਸੀ, ਖਾਣਾ ਘੱਟ। 'ਨੰਬਰ ਵੰਨ ਟਿੱਕੀ' ਵਰਗਿਆਂ ਨੇ ਲਾਲ'ਤੇ ਹਰੀਆਂ  ਟਿੱਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਇਸ ਨੂੰ ਖਾਣ ਲੱਗ ਪਏ। ਕਲਦਾਰ ਸਾਡੇ ਲਈ, ਸਾਡੇ ਥਾਂ ਕੰਮ ਕਰੀ ਗਏ। ਇਨਸਾਨ ਨਿਤ ਨਿਤ ਅਰਾਮ ਕਰਨ ਲੱਗ ਗਿਆ। ਜਿਉਂ  ਜਿਉਂ ਸ਼ਹਿਰ ਵੱਧਦਾ ਗਿਆ, ਕਿਸੇ ਨੇ ਸੋਚਿਆ ਨਹੀਂ ਬਾਹਰਲੇ ਲੋਕਾਂ ਦਾ ਹਾਲ ਕੀ ਹੋਵੇਗਾ। ਜਿਹੜੇ ਲੋਕ ਸ਼ਹਿਰਾਂ 'ਚ ਨਹੀਂ ਪਹੁੰਚੇ ਜਾਂ ਭੀੜ ਕਰਕੇ ਅੰਦਰ ਨਾ ਆ ਸੱਕੇ, ਉਨ੍ਹਾਂ ਦਾ ਕੀ ਹੋਇਆ? ਕਿਸਾਨ ਲਈ ਹਲ ਵਾਉਣ ਲਈ ਚੰਗੀ ਮਿੱਟੀ ਤਾਂ ਨਹੀਂ ਰਹੀ। ਫਿਰ  ਹੁਣ ਕਿਸਾਨ ਦੁਨੀਆ'ਚ ਕੀ ਕਰਦੇ ਹੋਣਗੇ? ਕਿਸਾਨਾਂ  ਦਾ ਸਭ ਨੇ ਚੇਤਾ ਭੁਲਾ ਦਿੱਤਾ। ਪਰ ਹੁਣ ਸਾਨੂੰ ਪਤਾ ਹੈ। ਅਸੀਂ ਸਭ ਨੂੰ  ਦੱਸਣਾ ਹੈ  ਕਿ ਉਹ ਕਿਸਾਨਾਂ ਨੂੰ, ਉਹਨਾਂ ਪੇਂਡੂ ਲੋਕਾਂ  ਨੂੰ ਮਾਰ ਮਾਰ ਕੇ ਕਾਰਖਾਨੇ  ਵਿੱਚ ਲਾਲ ਟਿੱਕੀਆਂ ਬਣਾ ਕੇ ਸਾਡੇ ਢਿੱਡ ਭਰ ਕੇ ਖ਼ੁਸ਼ ਰੱਖਦੇ ਨੇ ! ਅਸੀਂ ਲੋਕ  ਅਨਜਾਣੇ ਹੀ ਆਦਮ ਖੋਰ ਬਣ ਗਏ ਹਾਂ। ਇਸ ਬਾਰੇ ਹੁਣ ਕੀ ਕਰਨਾ ਏ ?''
-"ਦਰਸ਼ਨ! ਤੂੰ ਜਿਵੇਂ ਕਹੇਂ ,ਅਸੀਂ ਤੇਰੇ ਨਾਲ ਹਾਂ।"- ਸਭ ਨੇ ਹੁੰਗਾਰਾ ਦੇ ਦਿੱਤਾ।
- "ਦੋਸਤੋ! ਤਾਂ ਫਿਰ ਆਪੋ ਆਪਣੇ ਹਥਿਆਰ ਚੁੱਕੋ ! ਅੱਜ ਰਾਤ ਜਿਸ ਨੂੰ ਜਿਸ ਗੱਲ 'ਤੇ ਗੁਸਾ ਹੈ, ਜਿੰਨ੍ਹਾਂ ਦੀਆਂ ਨੌਕਰੀਆਂ ਕਲਦਾਰ ਲੈ ਗਏ, ਜਿੰਨ੍ਹਾਂ ਦੇ ਰਿਸ਼ਤੇਦਾਰ ਪਿੰਡ'ਚ ਪਿੱਛੇ ਰਹਿ ਕੇ ਸਾਡਾ ਆਪਣਾ ਹੀ ਭੋਜਨ ਬਣ ਗਏ, ਸਾਰੇ ਦੇ ਸਾਰੇ ਉੱਠੋ ਮੇਰੇ ਨਾਲ ,ਅੱਜ ਓਸ ਕਾਰਖਾਨੇ ਦੀ  ਇੱਟ ਨਾਲ ਇੱਟ ਖੜਕਾ ਦੇਣੀ ਹੈ..!"

ਗੁੱਸੇ ਨਾਲ਼ ਭਰੇ ਪੀਤੇ ਅਸੀਂ ਤੁਰ ਪਏ, ਪਰ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਸਨ ਕਿ ਇਹ ਕੰਮ ਖੁੱਲੇਆਮ ਨਹੀਂ ਬਲਕਿ ਚਿਹਰਿਆਂ 'ਤੇ  ਨਕਾਬ ਪਾ ਕੇ ਬੁੱਕਲ'ਚ ਰਹਿ ਕੇ ਕਰਨਾ ਚਾਹੀਦਾ। ਜਦੋਂ  ਤਕ ਅਸੀਂ 'ਨੰਬਰ ਵੰਨ ਟਿੱਕੀ' ਦੇ ਫਾਟਕ ਤਕ ਪਹੁੰਚੇ , ਕਿਸੇ ਨੇ ਡਿਸਕ ਦਾ ਡੈਟਾ ਸਾਰੇ ਸ਼ਹਿਰ ਦੇ ਕੰਪਿਊਟਰਾਂ ਨੂੰ ਭੇਜ ਦਿੱਤਾ ਸੀ। ਉਸ ਰਾਤ ਤੋਂ ਬਾਅਦ ਜਿਹੜੇ ਲੋਕ ਉਦਯੋਗ-ਤਕਨਾਲੌਜੀ ਦੇ ਖਿਲਾਫ਼ ਹੋ ਗਏ ਅਤੇ ਜ਼ਬਰਦਸਤੀ ਮਸ਼ੀਨਾਂ ਦਾ ਘਾਣ  ਕਰਦੇ ਸੀ, ਜਨਤਾ ਉਨਾਂ  ਲੋਕਾਂ ਨੂੰ  'ਕਲਵਾਰਦਾਰ' ਕਹਿਣ ਲੱਗ ਪਈ। ਮੈਂ, ਦਰਸ਼ਨ, ਇੰਨ੍ਹਾ ਦਾ ਲੀਡਰ ਬਣ ਗਿਆ ਸੀ। ਇਹ ਕੰਮ ਅਸੀਂ  ਓਹਲੇ ਓਹਲੇ ਕਰਦਾ ਸਾਂ ਕਿਉਂਕਿ  ਪੁਲਿਸ ਸਾਡੇ ਪਿੱਛੇ  ਸੀ। ਮੇਰਾ ਮਕਸਦ ਸੀ ਕਾਰਖਾਨੇ ਦੇ  ਮਾਲਕ ਦਾ ਖਾਤਮਾ, ਪਰ ਹਾਲੇ ਸਾਨੂੰ ਕਾਰਖਾਨੇ ਅਤੇ  ਕਲਦਾਰਾਂ ਦੇ ਖ਼ਾਤਮੇ ਨਾਲ ਹੀ ਸਬਰ ਕਰਨਾ ਪੈ ਰਿਹਾ ਸੀ। ਕਾਰਖਾਨੇ ਦਾ ਮਾਲਕ  ਹਾਲੇ ਤੱਕ ਸਾਡੇ ਹੱਥ ਨਹੀਂ ਲੱਗਾ ਸੀ।

ਇੱਕ  ਰਾਤ ਅਸੀਂ 'ਨੰਬਰ ਵੰਨ ਟਿੱਕੀ' 'ਚ ਵੜ ਗਏ। ਐਤਕੀਂ  ਲੁਕ ਕੇ ਨਹੀਂ, ਬਲਕਿ  ਖੁਲ੍ਹੇਆਮ। ਅਸੀਂ ਰਾਖਿਆਂ ਨੂੰ ਕੁਟਿਆ। ਮੈਂ  ਪਹਿਲਾਂ  ਹੀ ਦੱਸ ਚੁਕਾ ਹਾਂ ਕਿ ਰਾਖੀ ਕਰਨ ਲਈ ਉੱਥੇ  ਕੁੱਤੇ ਨਹੀਂ ਸਨ। ਇਨਸਾਨਾਂ ਦੀ ਭੁੱਖ ਮਿਟਾਉਣ ਲਈ ਸਭ ਜਾਨਵਰ ਪਹਿਲਾਂ ਹੀ ਮਾਰ ਕੇ ਲਾਲ ਟਿੱਕੀਆਂ ਬਣਾ ਲਈਆਂ ਸਨ। ਅਸੀਂ  ਕਾਰਖਾਨੇ  ਦੇ ਫਾਟਕ ਖੋਲ੍ਹ ਲਏ। ਸਾਰੇ ਪਾਸੇ ਮਸ਼ੀਨਾਂ ਹੀ ਮਸ਼ੀਨਾਂ ਸਨ ਤੇ ਉਹਨਾਂ 'ਤੇ  ਕਲਦਾਰ ਕੰਮ ਕਰ ਰਹੇ  ਸਨ। ਉਹਨਾਂ 'ਚੋਂ ਕੁਝ  ਟਿੱਕੀਆਂ ਨੂੰ ਬੈਗਾਂ ਵਿੱਚ ਪਾ ਰਹੇ ਸਨ। ਕੁਝ  ਚੱਲਦੀ ਵੱਧਰੀ ਦੀ ਰਾਖੀ ਕਰ ਰਹੇ  ਸਨ। ਕੁਝ  ਲੋਥਾਂ ਨੂੰ ਵੱਡੇ ਪਤੀਲੇ 'ਚ ਪਾ ਰਹੇ ਸਨ। ਇੱਕ ਲੋਹੇ ਵਾਲਾ ਪੰਜਾ ਲਾਸ਼ਾਂ ਨੂੰ ਚੁੱਕ ਕੇ ਕੱਟਣ ਵਾਲੀ ਮਸ਼ੀਨ'ਚ ਪਾਉਂਦਾ ਜਾ ਰਿਹਾ ਸੀ। ਕਲਦਾਰ ਇਹ  ਕੰਮ ਆਪਣੇ  ਹੱਥਾਂ ਨਾਲ  ਨਹੀਂ  ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਆਦਮੀਆਂ  ਨੂੰ ਮਾਰਨ ਲਈ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ। ਪਰ ਜੋ ਉਹ ਕਰ ਰਹੇ  ਸੀ, ਉਹ ਤਾਂ  ਕਤਲ ਤੋਂ ਵੀ ਭਿਆਨਕ ਸੀ?

ਇਹ ਨਜ਼ਾਰਾ ਦੇਖ ਕੇ ਸਾਡਾ ਖ਼ੂਨ ਖੌਲਣ ਲੱਗ ਪਿਆ। ਕਲਦਾਰ ਦਾ ਕੰਮ ਬੰਦੇ ਦੀ ਰਾਖੀ  ਕਰਨਾ ਸੀ, ਨਾ ਕਿ ਇਨਸਾਨਾਂ ਦੀ ਵੱਢ -ਟੁੱਕ ਕਰਨਾ। ਸਾਡੇ ਹਥਿਆਰਾਂ ਨੇ ਆਪਣੇ ਮੂੰਹ ਖੋਲ੍ਹ ਦਿੱਤੇ। ਅਸੀਂ ਸਭ ਕੁਝ ਨਾਸ ਕਰ ਦਿੱਤਾ । ਆਲੇ ਦੁਆਲੇ ਕਲਦਾਰਾਂ ਦੇ ਟੋਟੇ ਖਿੱਲਰੇ ਪਏ ਸਨ।ਕਿਸੇ ਥਾਂ ਕਲਦਾਰ ਦਾ ਹੱਥ ਸੀ। ਕਿਸੇ ਥਾਂ ਸੀਸ ਸੀ। ਜਦ ਸਾਨੂੰ ਭਰੋਸਾ ਹੋ ਗਿਆ ਕਿ ਸਭ ਖ਼ਤਮ ਹੋ ਚੁੱਕੇ ਹਨ ਤਾਂ ਅਸੀਂ ਬਾਹਰ ਤੁਰ ਪਏ।

- "ਅੱਗ ਲਾ ਦੇਣੀ ਚਾਹੀਦੀ ਏ !"- ਕਿਸੇ ਨੇ ਆਖਿਆ।
- "ਲਾ ਦਿਉ।.. ਹੁਣ  ਮਾਲਕ ਨੂੰ ਸੁਨੇਹਾ ਭੇਜਣ ਦਾ ਵਕਤ ਆ ਗਿਆ ਹੈ।"- ਮੈਂ  ਕਿਹਾ।
- "ਹਰੀ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਹੋਣਗੇ?"-
- "ਕੀ ਪਤਾ-?"
ਅਸੀਂ ਕਾਰਖਾਨੇ ਨੂੰ ਅੱਗ ਦੇ ਹਵਾਲੇ ਕਰ ਕੇ ਉਥੋਂ  ਤੁਰ ਪਏ।


 ਬਾਅਦ 'ਚ ਪਤਾ ਲੱਗਾ ਕਿ ਅੱਗ ਨੇ ਸਾਰੇ ਕਾਰਖਾਨੇ  ਨੂੰ ਨਹੀਂ ਸਾੜਿਆ ਸੀ । ਕੁਝ ਕਲਦਾਰ ਬਚ ਗਏ ਸੀ। ਇੱਕ ਹੁਸ਼ਿਆਰ ਰੋਬੋਟ ਨੇ  ਜਿਹੜੇ ਹਾਲੇ ਕੰਮ ਜੋਗੇ ਸੀ, ਨੂੰ ਫਿਰ ਬਣਾ ਦਿੱਤਾ। ਇਹ ਕਲਦਾਰ ਲੀਡਰ ਬਣ ਕੇ ਸਾਰਿਆਂ ਨੂੰ ਮੇਰੇ ਥਾਣੇ ਲੈ ਕੇ ਆ ਖਲੋਇਆ ।  ਸ਼ਿਕਾਇਤ ਕੀਤੀ, ਹਾਲ ਦੁਹਾਈ ਮਚਾਈ। ਅਸੀਂ ਕਿਹਾ ਸਾਨੂੰ ਟਾਇਮ ਲੱਗੂਗਾ ਆਦਮੀਆਂ ਨੂੰ ਟੋਲਣ ਲਈ ਕਿਉਂਕਿ ਸਾਰਿਆਂ ਦੇ ਨਕਾਬ ਪਾਏ ਹੋਏ ਸਨ। ਕਲਦਾਰ ਨੇ ਮੈਨੂੰ ਪਛਾਣਿਆ ਨਹੀਂ। ਕਲਦਾਰਾਂ ਨੇ ਪੁਲਿਸ ਦਾ ਤਰਲਾ ਕੀਤਾ। ਤੇ ਫਿਰ ਉਹ ਚਲੇ ਗਏ। ਉਸ ਰਾਤ ਕਾਰਖਾਨੇ  ਦਾ  ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ । ਮੀਡੀਆ ਨੇ ਸਾਰੇ ਰਣਜੀਤਪੁਰ ਨੂੰ ਟਿੱਕੀਆਂ ਦੀ ਸੱਚਾਈ ਦੱਸ ਦਿੱਤੀ। ਸਾਰੇ ਪਾਸੇ ਹੜਤਾਲ, ਬਗਾਵਤ ਅਤੇ ਫਸਾਦ ਹੋਣ ਲੱਗ ਪਏ। ਲੋਕ ਕਲਦਾਰਾਂ ਨੂੰ ਇੱਕ-ਇੱਕ ਕਰਕੇ ਮਾਰਨ ਲੱਗ ਪਏ। ਸਰਕਾਰ ਦੇ ਮੰਤਰੀਆਂ ਨੂੰ ਵੀ ਮਾਰਨ ਲੱਗ ਪਏ। ਸ਼ਹਿਰ'ਚ ਤੂਫਾਨ ਆ ਗਿਆ । ਪਹਿਲਾ ਤਾਂ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਕਲਦਾਰਾਂ ਨੇ ਉਹਨਾਂ ਦੀ ਰੱਖਿਆ ਕੀਤੀ ਪਰ ਫਿਰ ਕਿਸੇ ਨੇ ਉਹਨਾਂ ਦੇ ਪ੍ਰੋਗਰਾਮ ਵਿੱਚ ਤਬਦੀਲੀ ਕਰ ਕੇ ਉਹਨਾਂ ਨੂੰ ਭਵਨ ਵਰਗਾ ਬਣਾ ਦਿੱਤਾ। ਉਹ ਸਭ ਹੁਣ ਘਾਤਕ ਬਣ ਗਏ ਸਨ।

ਉਸ ਤੋਂ ਬਾਅਦ ਇਨਸਾਨ ਅਤੇ ਕਲਦਾਰ ਦੀ ਲੜਾਈ ਸ਼ੁਰੂ ਹੋ ਗਈ। ਰਣਜੀਤਪੁਰ ਸੱਚ ਮੁੱਚ ਯੁੱਧ ਦਾ ਮੈਦਾਨ ਬਣ ਗਿਆ। ਓਹ ਸਾਲਾ ਕਲਦਾਰ, ਜੋ ਕਲਦਾਰਾਂ ਨੂੰ ਥਾਣੇ ਲੈ ਕੇ ਆਇਆ ਸੀ, ਸਭ ਮਸ਼ੀਨਾਂ ਦਾ ਮੋਹਰੀ ਬਣ ਗਿਆ।

ਇਨਸਾਨ ਹੁਣ ਨਿੱਤ ਨਿੱਤ ਮਸ਼ੀਨਾਂ ਨਾਲ ਲੜਦਾ ਹੈ। ਲੱਗਦਾ ਹੈ ਕਿ ਇਸ ਜੰਗ ਵਿੱਚ ਮਸ਼ੀਨਾਂ ਨੇ  ਜਿੱਤ ਜਾਣਾ ਹੈ। ਰੋਜ਼ ਕਲਦਾਰ ਫੌਜ ਤਕੜੀ ਹੋਈ ਜਾਂਦੀ ਹੈ। ਸਾਨੂੰ ਤਾਂ ਖਾਣ ਦੀ ਲੋੜ ਹੈ। ਅਰਾਮ ਕਰਨ ਦੀ ਲੋੜ ਹੈ। ਪਰ ਕਲਦਾਰ ਨੂੰ ਨਾ ਖਾਣ ਦੀ ਲੋੜ , ਨਾ ਸੌਣ ਦੀ। ਪੇਂਡੂ  ਸਮਾਜ, ਕਹਿਣ ਦਾ ਮਤਲਬ ਖੇਤੀ ਸੰਬੰਧੀ, ਅਮੀਰਾਂ ਨੇ ਮਾਰ ਦਿੱਤਾ। ਹੁਣ ਉੱਦਮ ਸੰਬੰਧੀ ਕਲਵਾਰਦਾਰਾਂ ਨੇ ਮਾਰ ਦਿੱਤਾ। ਦਿਨੋਂ ਦਿਨ ਲੱਗਦਾ ਕਿ ਕਲਦਾਰ ਸਮਾਜ ਸਾਡੇ ਥਾਂ ਪੰਜਾਬ ਤੇ ਰਾਜ ਕਰੇਗਾ। ਮੇਰੇ ਮਨ 'ਚ ਹਰ ਵਕਤ ਇੱਕ ਤਰਥੱਲੀ ਜਿਹੀ ਮੱਚੀ ਰਹਿੰਦੀ ਹੈ। ਆਖਿਰ ਹਾਲਾਤ ਇਸ ਮੋੜ ਤੇ ਕਿਉਂ ਪਹੁੰਚ ਗਏ? ਕੀ  ਮੇਰੀ ਇਸ ਹਰਕਤ ਨੇ ਸਾਨੂੰ ਏਥੇ ਤੱਕ ਪੁਚਾਇਆ ਕਿ ਮੈਂ ਲਾਲ ਟਿੱਕੀ ਦੇ ਰਾਜ਼ ਦਾ ਪਰਦਾ ਫਾਸ਼ ਕੀਤਾ ? ਜਾਂ ਉਹ ਕਾਰਖਾਨੇ ਦਾ ਮਾਲਕ ,ਜਿੰਨ੍ਹੇ ਪਿੰਡਾਂ ਦੇ ਇਲਾਕਿਆਂ'ਚੋਂ ਪੇਂ ਡੂਆਂ ਨੂੰ ਫੜ ਕੇ ਸ਼ਹਿਰ ਵਾਲਿਆਂ ਲਈ ਉਹਨਾਂ ਇਨਸਾਨਾਂ ਦੇ ਗੋਸ਼ਤ ਤੋਂ ਭੋਜਨ  ਬਣਾਇਆ? ਜਾਂ ਫਿਰ ਪੂਰੀ ਮਾਨਵ-ਜਾਤੀ ਨੇ, ਜਿਸਨੇ ਇਸ ਖ਼ੂਬਸੂਰਤ ਧਰਤੀ ਨੂੰ ਇੱਕ ਪਰਜੀਵੀ ਵਾਂਗ ਨਿਚੋੜ  ਕੇ ਇਸ ਕਾਲਯੁਗ ਨੂੰ ਅਪਣੇ ਉੱਤੇ ਲਿਆਂਦਾ?

ਹੁਣ ਤਾਂ ਅੰਤਲੇ ਸਾਹਾਂ  ਤੱਕ ਰੋਜ਼  ਲੜਦੇ ਹਾਂ। ਭੁੱਖ ਨਾਲ ਕਈ ਆਦਮੀ ਆਦਮਖੋਰ  ਬਣ ਰਹੇ ਨੇ। ਪਤਾ ਨਹੀਂ ਦੁਸ਼ਮਣ  ਹੁਣ ਕਲਦਾਰ ਹੈ.. ਜਾਂ ਮੇਰੇ  ਨਾਲ਼ ਖੜ੍ਹਾ ਉਹ ਬੰਦਾ, ਜੋ ਭੁੱਖ ਦਾ ਮਾਰਿਆ ਹੋਇਆ  ਮੈਨੂੰ  ਤਾੜ ਰਿਹਾ ਹੈ।

ਜੇ ਤੁਸੀਂ ਇਹ ਖ਼ਤ ਪੜ੍ਹ ਰਹਿ ਹੋ, ਤਾਂ ਇਸਦਾ ਮਤਲਬ ਕਿ  ਮੈਂ  ਮਰ ਚੁੱਕਾ ਹਾਂ।ਤੁਸੀਂ ਜੋ ਹਾਲੇ ਬਚੇ ਹੋਏ ਹੋ,ਹੁਣ ਤੁਸੀਂ ਕੋਈ ਰਾਹ ਲੱਭੋ.....ਬਚਣ ਦਾ !
......................


Tuesday, January 5, 2010

ਚਿੜੀਆਂ ਦੀ ਮੌਤ.... (ਛੇ ਜਨਵਰੀ ਦੇ ਨਾਂ) -ਮਿੰਨੀ ਕਹਾਣੀ - ਭਿੰਦਰ



ਚਿੜੀਆਂ ਦੀ ਮੌਤ.... (ਛੇ ਜਨਵਰੀ ਦੇ ਨਾਂ) -ਮਿੰਨੀ ਕਹਾਣੀ   - ਭਿੰਦਰ


ਅੱਜ ਸਵਿੱਤਰੀ ਬੜੀ ਹੀ ਖੁਸ਼ ਸੀ। ਰਾਮ ਪ੍ਰਤਾਪ ਨਾਲ ਜੁੜ-ਜੁੜ ਕੇ ਬੈਠਦੀ ਸੀ। ਰੱਬ ਸਵਿੱਤਰੀ ਕੇ ਪ੍ਰੀਵਾਰ 'ਤੇ ਬੜਾ ਹੀ 'ਮਿਹਰਬਾਨ' ਹੋਇਆ ਸੀ। ਇਸ 'ਤੇ ਉਸ ਨੂੰ ਬੜਾ ਹੀ ਫ਼ਖ਼ਰ ਸੀ। ਨਹੀਂ ਤਾਂ ਪੱਚੀ ਸਾਲ ਹੋ ਗਏ ਸਨ ਉਸ ਦੇ ਵਿਆਹ ਹੋਏ ਨੂੰ, ਰਾਮ ਪ੍ਰਤਾਪ ਕੇ ਪ੍ਰੀਵਾਰ ਨੂੰ ਹੀ ਗਾਲ੍ਹਾਂ ਦੀ ਸੂੜ ਬੰਨ੍ਹੀ ਰੱਖਦੀ,"ਮੈਂ ਨੰਗਾਂ ਦੇ ਵਿਆਹੀ ਗਈ!" ਬਾਕੀ 'ਕੁੱਤੇ ਟੱਬਰ' ਤੋਂ ਬਿਨਾਂ ਗੱਲ ਹੀ ਨਾ ਕਰਦੀ। ਰਾਮ ਪ੍ਰਤਾਪ ਵੀ ਘੇਸਲ ਮਾਰ ਛੱਡਦਾ। ਕਲੇਸ਼ ਤੋਂ ਉਹ ਬਹੁਤ ਡਰਦਾ ਸੀ। ਘਰੇਲੂ ਕਲੇਸ਼ ਆਦਮੀ ਨੂੰ ਮਾਰ ਲੈਂਦਾ ਹੈ, ਉਹ ਹਮੇਸ਼ਾ ਇਹ ਹੀ ਸੋਚਦਾ ਰਹਿੰਦਾ। ਪੰਜਾਬ ਵਿਚ ਜੰਮਿਆਂ ਪਲਿਆ ਰਾਮ ਪ੍ਰਤਾਪ, ਪਹਿਲਾਂ ਪੰਜਾਬ ਅਤੇ ਫਿਰ ਦਿੱਲੀ ਦੀ ਬੇਰੁਜ਼ਗਾਰੀ ਨੇ ਮਾਰ ਲਿਆ ਸੀ। ਕੀ ਕਰਦਾ? ਚੁੱਪ ਹੀ ਬਿਹਤਰ ਸੀ! ਉਹ ਜ਼ਮੀਰ ਕੁਚਲ ਕੇ ਵੀ ਜੀਅ ਰਿਹਾ ਸੀ।
-"ਕਬੀਲਦਾਰ, ਨੂੰਹਾਂ ਧੀਆਂ ਆਲੀ ਐਂ, ਐਨਾਂ ਮਛਰੇਵਾਂ ਵੀ ਕੀ ਆਖ? ਮਾੜੀ ਮੋਟੀ ਸ਼ਰਮ ਕਰ ਲਿਆ ਕਰ!" ਰਾਮ ਪ੍ਰਤਾਪ ਨੇ ਧੁਆਂਖੀਆਂ ਮੁੱਛਾਂ 'ਚੋਂ ਬੀੜੀ ਦੀ 'ਲੰਬ' ਕੱਢਦੇ ਹੋਏ ਕਿਹਾ। ਅੱਜ ਉਹ ਵੀ ਬਾਗੋ-ਬਾਗ ਸੀ।
-"ਸਾਡੇ 'ਤੇ ਰਾਮ ਮਿਹਰਬਾਨ ਹੋ ਗਿਐ ਮੇਰੇ ਸੁਆਮੀ!" ਸਵਿੱਤਰੀ ਨੇ ਰਾਮ ਪ੍ਰਤਾਪ ਨੂੰ ਚੁੰਮਿਆਂ, "ਜਦੋਂ ਰਾਮ ਦਿੰਦੈ ਛੱਪਰ ਪਾੜ ਕੇ ਦਿੰਦੈ!"
-".......!" ਰਾਮ ਪ੍ਰਤਾਪ ਚੁੰਨ੍ਹੀਆਂ ਅੱਖਾਂ ਵਿਚ ਹੱਸਿਆ। ਉਹ ਸਾਵਿੱਤਰੀ ਨੂੰ ਹਰ ਪਾਸੇ ਤੋਂ ਸਮਝਦਾ ਸੀ। ਉਸ ਨੂੰ ਅਹਿਸਾਸ ਸੀ ਕਿ ਚਲੋ ਸਾਵਿੱਤਰੀ ਖੁਸ਼ ਤਾਂ ਸੀ!
-"ਪਹਿਲਾਂ ਚੁਰਾਸੀ 'ਚ ਆਪਾਂ ਨੂੰ ਗੁਰਮਖ ਸਿਉਂ ਦੇ ਘਰੋਂ ਵੀਡੀਓ ਤੇ ਫਰਿੱਜ ਮਿਲਿਆ।"
-"......!" ਰਾਮ ਪ੍ਰਤਾਪ ਚੁੱਪ ਸੀ, ਸੁਣ ਰਿਹਾ ਸੀ। 'ਲੂੰਬਾ' ਕੱਢ ਰਿਹਾ ਸੀ।
-"ਹੁਣ ਅਸਗਰ ਮੁਹੰਮਦ ਦੇ ਘਰੋਂ ਟੀ ਵੀ ਮਿਲ ਗਿਆ-ਮੇਰੇ ਮਗਰ ਲੱਗੋਂ ਤਾਂ ਸਾਰਾ ਪ੍ਰੀਵਾਰ ਐਸ਼ ਕਰੋਂ!" ਸਾਵਿੱਤਰੀ ਬੜੇ ਮਾਣ ਨਾਲ ਆਖ ਰਹੀ ਸੀ।
-"ਗੱਲ ਤੇਰੀ ਭਾਗਮਾਨੇਂ ਠੀਕ ਐ! 'ਕਰ-ਸੇਵਾ' 'ਚੋਂ ਕੀ ਮਿਲਿਆ?" ਰਾਮ ਪ੍ਰਤਾਪ ਟੈਕਸ-ਮਹਿਕਮੇਂ ਵਿਚ ਕੰਮ ਕਰਦਾ, ਘਪਲੇ ਵਿਚ ਛੇ ਮਹੀਨੇ ਸਜ਼ਾ ਖਾ ਚੁੱਕਾ ਸੀ।
-"ਤੂੰ 'ਕਾਰ-ਸੇਵਾ' ਦੇ ਫਲ ਦੇਖ!" ਰਾਮ ਪ੍ਰਤਾਪ ਨੇ ਆਕੜ ਕੇ ਕਿਹਾ। ਉਸ ਨੇ ਜੋਸ਼ ਵਿਚ ਲੰਮਾਂ ਸੂਟਾ ਮਾਰਿਆ ਤਾਂ ਉਸ ਨੂੰ ਹੱਥੂ ਆ ਗਿਆ।
-"ਆਯੁੱਧਿਆ ਮੇਂ ਮਰਨੇਂ ਵਾਲੋਂ ਕੀ ਸੰਖਿਆ ਛੇ ਸੌ ਦਸ ਹੋ ਗਈ।" ਅਸਗਰ ਮੁਹੰਮਦ ਦੇ ਘਰੋਂ ਜ਼ਬਰੀ ਲੁੱਟ ਕੇ ਲਿਆਂਦਾ ਟੀ ਵੀ ਦੱਸ ਰਿਹਾ ਸੀ।
-"ਇਕ ਚੁਰਾਸੀ ਜਾਂ ਆਯੁੱਧਿਆ ਵਰਗੀ Ḕਕਾਰ-ਸੇਵਾḔ ਹੋਰ ਸੁਰੂ ਹੋ ਜਾਵੇ ਤਾਂ ਆਪਣੇ ਘਰੇ ਕਾਰ ਵੀ ਆ ਜਾਵੇ।" ਸਾਵਿੱਤਰੀ ਆਖ ਰਹੀ ਸੀ।
-"ਚਲਾਊ ਤੇਰਾ ਪਿਓ? ਸਾਈਕਲ ਤਾਂ ਆਪਣੇ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ?"
-"ਸੁਆਮੀ! ਜਦੋਂ ਸੋਨਾਂ ਮਿਲੇ ਫੇਰ ਘੜ੍ਹਾਈ ਮਹਿੰਗੀ ਨਹੀਂ ਹੁੰਦੀ-ਵਕਤ ਨਾਲ ਸਭ ਕੁਛ ਹੀ ਆ ਜਾਂਦੈ-ਆਪਣਾ ਪੰਜੂ ਬੜਾ ਹੁਸ਼ਿਆਰ ਐ-ਸਭ ਕੁਛ ਸਿੱਖ ਜਾਵੇਗਾ!"
-"ਪਰ ਕਾਰ...?" ਰਾਮ ਪ੍ਰਤਾਪ ਨੇ ਟੀ ਵੀ 'ਤੇ ਗੱਡੀਆਂ ਅੱਖਾਂ ਪੱਟ ਕੇ ਪੁੱਛਿਆ।
-"ਇਹ ਤਾਂ ਮੇਰੇ ਸੁਆਮੀ ਸਮਾਂ ਹੀ ਦੱਸੂ ਕਿ 'ਕਾਰ-ਸੇਵਾ' ਜੈ ਵੱਢੇ ਸਿੱਖਾਂ ਦੇ ਖ਼ਿਲਾਫ਼ ਹੋਊ ਜਾਂ ਟੁੱਟ ਪੈਣੇ ਮੁਸਲਮਾਨਾਂ ਦੇ? ਮੈਂ ਤਾਂ ਕਾਰਾਂ ਦੇ ਨੰਬਰ ਵੀ ਜੁਬਾਨੀ ਯਾਦ ਕਰੀ ਫਿਰਦੀ ਆਂ!"
-"ਕੁਛ ਲੋਗੋਂ ਨੇ ਮੁਸਲਮਾਨ ਬਸਤੀ ਕੋ ਆਗ ਲਗਾ ਦੀ-ਜਿਸ ਮੇਂ ਤੀਨ ਬੱਚੇ ਔਰ ਛੇ ਬੁੜ੍ਹੀ ਔਰਤੇਂ ਜਲ ਗਈ-ਜਲੀ ਹੂਈ ਬਸਤੀ ਕੇ ਨੁਕਸਾਨ ਕਾ ਅੰਦਾਜ਼ਾ ਕਰੀਬ ਆਠ ਕਰੋੜ ਰੁਪਏ ਬਤਾਯਾ ਜਾ ਰਹਾ ਹੈ।" ਟੀ ਵੀ ਖਬਰਾਂ ਦੇ ਰਿਹਾ ਸੀ।
ਰਾਮ ਪ੍ਰਤਾਪ ਮਸਤ ਹੋਇਆ ਬੀੜੀ ਦੇ ਸੂਟੇ ਖਿੱਚੀ ਜਾ ਰਿਹਾ ਸੀ।
............................

Monday, January 4, 2010

ਜ਼ਿੰਦਗੀ(ਮਿੰਨੀ ਕਹਾਣੀ) -ਹਰਦਮ ਸਿੰਘ ਮਾਨ


ਜ਼ਿੰਦਗੀ(ਮਿੰਨੀ ਕਹਾਣੀ)    -ਹਰਦਮ ਸਿੰਘ ਮਾਨ
ਸੱਠਾਂ ਨੂੰ ਢੁੱਕ ਚੁੱਕੇ ਭਜਨ ਸਿਹੁੰ ਨੇ ਪੂਰੇ ਪੈਂਤੀ ਸਾਲ ਸਮਾਜ ਸੇਵਾ ਦੇ ਕੰਮਾਂ ਨੂੰ ਸਮੱਰਿਪਤ ਕਰ ਦਿੱਤੇ ਸਨ। ਉਸ ਦੇ ਆਂਢ-ਗੁਆਂਢ, ਰਿਸ਼ਤੇਦਾਰੀ ਜਾਂ ਸੱਜਣ-ਮਿੱਤਰਾਂ ਦੇ ਦਾਇਰੇ ਵਿਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੁੰਦੀ ਤਾਂ ਉਹ ਹਰ ਕਿਸੇ ਲਈ ਦਾਰੂ ਬਣ ਕੇ ਬਹੁੜਦਾ। ਦੂਜਿਆਂ ਦੀ ਖੁਸ਼ੀ ਮੌਕੇ ਵੀ ਉਹ ਖੀਵਾ ਹੋ ਜਾਂਦਾ। ਨਾ ਉਹ ਥਕਦਾ ਸੀ ਅਤੇ ਨਾ ਹੀ ਕਦੇ ਅਕਦਾ। ਦਿਨ ਹੋਵੇ ਜਾਂ ਰਾਤ ਉਸ ਨੂੰ ਕਿਸੇ ਨੇ ਕਿਸੇ ਲੋਕ-ਕਾਜ ਲਈ ਆਵਾਜ਼ ਮਾਰ ਲਈ ਤਾਂ ਉਹ ਝੱਟ ਉਠ ਕੇ ਨਾਲ ਤੁਰ ਪੈਂਦਾ।
ਇਕ ਰਾਤ ਜਦੋਂ ਉਹ ਆਪਣੇ ਗੁਆਂਢੀ ਪ੍ਰੀਤਮ ਸਿੰਘ ਨੂੰ ਬੀਮਾਰੀ ਦੀ ਹਾਲਤ ਵਿਚ ਚੰਡੀਗੜ੍ਹ ਹਸਪਤਾਲ ਲਈ ਲਿਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਭਜਨ ਸਿੰਘ ਦੀ ਜਾਨ ਤਾਂ ਬਚ ਗਈ ਪਰ ਉਹ ਦੋਹਾਂ ਅੱਖਾਂ ਤੋਂ ਮੁਥਾਜ ਹੋ ਗਿਆ। ਉਹ ਮੰਜੇ ਨਾਲ ਜੁੜ ਕੇ ਰਹਿ ਗਿਆ। ਉਸ ਦੀ ਦੁਨੀਆਂ ਵਿਚ ਹਨੇਰ ਪਸਰਿਆਂ ਪੰਜ ਸਾਲ ਬੀਤ ਗਏ ਸਨ ਪਰ ਉਸ ਦੀ ਦਮਦਾਰ ਆਵਾਜ਼ ਅਜੇ ਵੀ ਉਸ ਦੀ ਜ਼ਿੰਦਾਦਿਲੀ ਦੀ ਹਾਮੀ ਭਰਦੀ ਸੀ। ਲੋਕ ਆਉਂਦੇ, ਉਹਦਾ ਹਲਾ ਚਾਲ ਪੁਛਦੇ ਤਾਂ ਉਸ ਦਾ ਅੱਗੋਂ ਜਵਾਬ ਹੁੰਦਾ 'ਮੈਨੂੰ ਕੀ ਹੋਇਐ। ਮੈਂ ਤਾਂ ਘੋੜੇ ਅਰਗਾ ਕਾਇਮ ਐਂ।'
ਇਕ ਦਿਨ ਅਚਾਨਕ ਭਜਨ ਸਿਹੁੰ ਨੂੰ ਦਿਲ ਵਾਲੇ ਪਾਸੇ ਦਰਦ ਦੀ ਸ਼ਿਕਾਇਤ ਹੋਈ। ਤੁਰੰਤ ਡਾਕਟਰ ਬੁਲਾਇਆ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਪਿੰਡ ਵਿਚ ਪਤਾ ਲਗਦਿਆਂ ਹੀ ਉਸ ਦੀ ਖ਼ਬਰਸਾਰ ਲੈਣ ਦੀ ਵਾਲਿਆਂ ਦੀ ਗਿਣਤੀ ਹੋਰ ਵਧ ਗਈ। ਸ਼ਾਮ ਵੇਲੇ ਉਹ ਬਿਸਤਰੇ ਦਾ ਢੋਅ ਲਾ ਕੇ ਮੰਜੇ ਤੇ ਬੈਠਾ ਸੀ ਕਿ ਪਿੰਡ ਚੋਂ ਉਸ ਦੀ ਭਰਜਾਈ ਤੇਜ਼ ਕੌਰ ਵੀ ਉਸ ਦਾ ਪਤਾ ਲੈਣ ਆਈ 'ਵੇ ਭਜਨਿਆਂ!... ਦਿਸਦਾ ਤੈਨੂੰ ਨੀਂ, ਗੁਰਦੇ ਤੇਰੇ ਨੀਂ ਕੰਮ ਕਰਦੇ। ਲਕਵੇ ਤੋਂ ਤੂੰ ਮਸਾਂ ਬਚਿਐਂ ਤੇ ਦਿਲ ਦਾ ਦੌਰੇ ਦੀ ਕਸਰ ਸੀ ਉਹ ਵੀ ਪੂਰੀ ਹੋ ਗਈ। ਹੁਣ ਤਾਂ ਬੱਸ ਮੂੰਹ ਢਕਣਾ ਈ ਬਾਕੀ ਰਹਿ ਗਿਆ...' ਤੇਜ਼ ਕੌਰ ਅਜੇ ਬੋਲ ਹੀ ਰਹੀ ਸੀ ਕਿ ਭਜਨ ਸਿੰਘ ਨੇ ਆਪਣੇ ਵੱਡੇ ਮੁੰਡੇ ਨੂੰ ਆਵਾਜ਼ ਦਿੱਤੀ 'ਆਹ ਕੁਲਹਿਣੀ ਨੂੰ ਮੇਰੇ ਕਮਰੇ ਚੋਂ ਦਫਾ ਕਰ ਓਏ। ਇਹ ਮੇਰਾ ਪਤਾ ਲੈਣ ਆਈ ਐ ਕਿ...।'