Saturday, January 16, 2010

ਇਨਸਾਨ ਅਤੇ ਕਲਦਾਰ ਦੀ ਲੜਾਈ – ਰੂਪ ਢਿੱਲੋਂ


ਇਨਸਾਨ ਅਤੇ ਕਲਦਾਰ ਦੀ ਲੜਾਈ   – ਰੂਪ ਢਿੱਲੋਂ
(ਸਾਇੰਸ ਕਥਾ)

ਮੈਂ ਦਰਸ਼ਨ ਹਾਂ। ਮੈਂ ਰਣਜੀਤਪੁਰ ਦਾ ਸਭ ਤੋਂ ਵੱਡਾ ਗੁਪਤਚਰ ਸਾਂ। ਮੇਰੇ ਮਹਿਕਮੇ 'ਚ ਬੰਦਿਆਂ ਨਾਲ ਕਲਦਾਰ(ਰੋਬੋਟ) ਅਫਸਰ ਕੰਮ ਕਰਦੇ ਸਨ। ਕਲਦਾਰਾਂ ਦੇ ਨਾਂ ਨਹੀਂ ਹੁੰਦੇ, ਪਰ ਬਿੱਲਾ ਨੰਬਰ ਹੁੰਦਾ ਸੀ। ਸਮਝ ਲਉ ਕਿ ਇਹ ਨੰਬਰ ਨਾਂ ਵਾਂਗ ਚੱਲਦਾ ਸੀ। ਇੱਕ ਕਲਦਾਰ ਦਾ ਨੰਬਰ 1984 ਸੀ। ਪਰ ਪੁਲਿਸੀਆਂ ਨੇ 1984 ਨੂੰ ਨਾਂ ਦਿੱਤਾ ਸੀ। ਸਭ ਉਹਨੂੰ ਭਵਨ ਆਖਦੇ ਸਨ। ਦਰਅਸਲ ਜਿੰਨੇ ਕਲਦਾਰ ਥਾਣੇ 'ਚ ਕੰਮ ਕਰਦੇ ਸੀ, ਸਭ ਨੂੰ ਨਾਂ ਦਿੱਤੇ ਸੀ।

ਮੈਨੂੰ ਕਈ ਮਹੀਨਿਆਂ ਤੋਂ ਭਵਨ ਉੱਤੇ ਸ਼ੱਕ ਸੀ। ਅੱਜ ਤੋਂ ਇੱਕ ਹਫਤਾ ਪਹਿਲਾ ਕਾਲੀਆ ( ਸਾਡੇ ਮਹਿਕਮੇ ਦਾ ਸੂਹੀਆ) ਦੇ ਘਰ ਉਸ ਦੀ ਲਾਸ਼ ਮਿਲੀ। ਦੇਖਣ 'ਚ ਤਾਂ ਚੋਰੀ ਹੋਈ ਲੱਗਦੀ ਸੀ। ਲੱਗਦਾ ਸੀ ਜਿਵੇਂ ਚੋਰ ਚੋਰੀ ਕਰਨ ਆਇਆ, ਕਾਲੀਏ ਦੀ ਜਾਗ ਖੁਲ ਗਈ, ਤੇ ਦੋਹਾਂ ਦੀ ਹੱਥਾਪਾਈ 'ਚ ਕਾਲੀਏ ਦੀ ਮੌਤ ਹੋ ਗਈ।ਪਰ ਸਾਨੂੰ ਸਾਫ਼ ਦਿੱਸ ਰਿਹਾ  ਸੀ ਕਿ ਕਾਲੀਆ ਦਾ ਗਿਣਿਆ ਮਿਥਿਆ ਕਤਲ ਹੋਇਆ ਸੀ। ਸਾਨੂੰ ਸ਼ੱਕ ਸੀ ਕਿ ਕਿਸੇ ਨੇ ਸਾਜ਼ਿਸ਼ ਕਰ ਕੇ ਕਾਲੀਆ ਦਾ ਖ਼ੂਨ ਕਰਵਾਇਆ ਸੀ। ਗੁਨਾਹ-ਦ੍ਰਿਸ਼ ਤੇ ਕੁਝ ਦੇਰ ਬਾਅਦ ਭਵਨ ਵੀ ਆ ਗਿਆ ਸੀ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਲਾਕੇ 'ਚ ਭਵਨ ਮੌਜੂਦ ਸੀ, ਤੇ ਰੇਡਿਓ ਤੋਂ ਉਸਨੇ  ਸੁਣਿਆ ਕਾਲੀਆ ਦੇ ਘਰ ਕੁਝ ਗੜਬੜ ਹੋਈ ਸੀ। ਇਸ ਤੋਂ ਪਹਿਲਾ ਹੋਰ ਵੀ ਕਤਲ ਹੋਏ ਸੀ; ਹਰੇਕ ਵਾਰੀ ਭਵਨ ਗੁਨਾਹ-ਦ੍ਰਿਸ਼ ਦੇ ਨੇੜੇ ਘੁੰਮਦਾ ਫਿਰਦਾ ਸੀ। ਸਬੂਤ ਤਾਂ ਮੇਰੇ ਕੋਲ ਨਹੀਂ ਸੀ, ਪਰ ਮੇਰਾ  ਸਹਿਜ ਗਿਆਨ, ਮੇਰੀ ਛੇਵੀਂ ਇੰਦਰੀ ਦੱਸਦੀ ਸੀ ਕਿ ਦਾਲ਼ 'ਚ ਜ਼ਰੂਰ ਕੁਝ ਕਾਲ਼ਾ  ਸੀ। ਮੈਂ  ਉਸਦਾ ਪਿੱਛਾ ਕਰਨ ਦਾ ਇਰਾਦਾ ਬਣਾ ਲਿਆ।

ਮੈਂ ਅਪਣੀ ਗਲਾਸੀ ਵੱਲ ਵੇਖ ਰਿਹਾ ਸੀ ਜਦੋਂ ਮੈਂ  ਭਵਨ ਬਾਰੇ ਜ਼ਿਕਰ ਸ਼ੁਰੂ ਕੀਤਾ। ਜੇ ਤੁਸੀਂ ਇਸ ਇਤਲਾਹ ਨੂੰ ਪੜ੍ਹ ਰਹੇ ਹੋ, ਤਾਂ ਸਮਝੋ ਮੈਂ ਰਬ ਦਾ ਪਿਆਰਾ ਹੋ ਚੁਕਾ  ਹਾਂ। ਕਿਉਂਕਿ ਇਸ ਖ਼ਤ ਨੂੰ ਮੈਂ ਹਰ ਵੇਲੇ ਆਪਣੀ ਕਮੀਜ਼ ਦੀ ਜੇਬ'ਚ ਰੱਖਾਂਗਾ। ਇਸ ਖ਼ਤ 'ਚ ਮੈਂ ਸਾਰਾ ਹਾਲ ਦੱਸਣਾ ਚਾਹੁੰਦਾ ਹਾਂ। ਕਹਾਣੀ ਵੀ ਗਲਾਸੀ ਨਾਲ ਹੀ ਸ਼ਰੂ ਹੁੰਦੀ ਹੈ…

ਜਿਸ ਰਾਤ ਮੈਂ ਭਵਨ ਦਾ ਪਿੱਛਾ ਕਰਨ ਦਾ ਫ਼ੈਸਲਾ ਕੀਤਾ , ਮੈਂ ਥਾਣੇ 'ਚ ਬੈਠਾ ਗਲਾਸੀ'ਚੋਂ ਹਰਾ-ਜਲ  ਪੀ ਰਿਹਾ  ਸੀ। ਹਰਾ-ਜਲ, ਇੱਕ ਰਸ, ਜਿਸਨੂੰ  ਸਾਡੇ  ਕਾਰਖਾਨਿਆਂ 'ਚ ਬਣਾਇਆ ਜਾਂਦਾ ਸੀ। ਭਾਰਤ ਤਕਨੀਕੀ ਤੌਰ ਤੇ ਤਾਂ ਇਸ ਸਦੀ 'ਚ ਬਹੁਤ ਕਾਮਯਾਬ ਹੋ ਚੁੱਕਾ ਸੀ, ਪਰ ਜਨਸੰਖਿਆ ਬਹੁਤ  ਵਧ ਗਈ,  ਤੇ ਖਾਣਾ ਘਟ ਗਿਆ। ਅਸੀਂ ਹੁਣ ਕੇਵਲ ਸ਼ਹਿਰਾਂ'ਚ ਵਸਦੇ ਸੀ। ਖੇਤੀ  ਸਮਾਜ ਤਾਂ ਇਤਿਹਾਸ ਦੇ ਪੰਨਿਆਂ 'ਚ ਕਿਧਰੇ ਗੁਆਚ ਚੁੱਕਾ ਸੀ। ਕਾਰਖਾਨਿਆਂ 'ਚ ਭੋਜਨ ਦੇ ਤੌਰ ਤੇ  ਪ੍ਰੋਟੀਨ ਲਈ ਲਾਲ–ਟਿੱਕੀ  ਬਣਦੀ  ਸੀ ਤੇ  ਸਬਜ਼ੀਆਂ ਦੇ ਥਾਂ ਹਰੀ-ਟਿੱਕੀ । ਪਾਣੀ ਦੀ  ਵੀ ਬਹੁਤ ਘਾਟ  ਸੀ। ਇਸ ਲਈ ਪੀਣ ਲਈ ਲਾਲ ਅਤੇ ਹਰੇ ਜਲ ਸਨ। ਮੈਂ ਵੀ ਪੀਂਦਾ ਸੀ, ਹਰੀ-ਟਿੱਕੀ ਤੋਂ ਬਣਾਕੇ। ਇਹ ਗਲਾਸੀ 'ਚ  ਹੀ ਤਿਆਰ ਕੀਤਾ ਜਾਂਦਾ ਸੀ। ਪਰ ਜਦ ਵੀ ਖਾਂਦਾ-ਪੀਂਦਾ ਸੀ, ਤਾਂ ਮੱਕੀ ਦੀਆਂ ਰੋਟੀਆਂ ਦੀ  ਯਾਦ ਆਉਂਦੀ ਸੀ। ਓਹ ਮੱਕੀ ਦੀਆਂ ਰੋਟੀਆਂ, ਜੋ ਮੇਰੇ ਦਾਦੇ ਦੇ ਵੇਲੇ ਦੇ ਲੋਕ ਖਾਂਦੇ ਸੀ। ਇਸ ਕਰਕੇ ਉਦਾਸ ਹੋ ਜਾਂਦਾ ਸੀ। ਪਰ ਹੋਰ ਕੁਝ ਖਾਣ ਲਈ ਨਹੀਂ ਸੀ। ਇਸ ਬੇਸੁਆਦ  ਡ੍ਰਿੰਕ ਦੇ ਸੁਆਦ ਤੋਂ ਧਿਆਨ ਪਰੇ ਕਰਨ ਲਈ ਮੈਂ ਭਵਨ ਵਾਰੇ ਸੋਚਣ ਲੱਗ ਪਿਆ। ਇੱਦਾਂ ਨਿਸ਼ਚਾ ਬਣਾ ਲਿਆ। ਮੈਂ ਕੰਪਿਊਟਰ 'ਚ ਚੇੱਕ ਕੀਤਾ, ਉਸ ਦੀ ਡਿਊਟੀ ਕਦ ਮੁੱਕਦੀ ਸੀ। ਦਸ ਵਜੇ ਦਾ ਟਾਈਮ ਕੰਪਿਊਟਰ ਨੇ ਦੱਸਿਆ। ਠੀਕ ਏ। ਮੈਂ ਉਸੇ ਵੇਲੇ ਫੈਸਲਾ ਕਰ ਲਿਆ ਕਿ ਆਪਣੀ ਉੱਡਣ ਵਾਲੀ ਗੱਡੀ ਭਵਨ ਦੀ ਗੱਡੀ ਪਿੱਛੇ ਲਾ ਕੇ ਉਸਦਾ ਪਿੱਛਾ ਕਰਾਂਗਾ। ਮੈਂ ਬਾਰੀ'ਚੋਂ ਬਾਹਰ ਸਾਡੇ ਆਧੁਨਿਕ ਨਗਰ ਵੱਲ ਤਾੜਿਆ। ਬਿਜਲੀ ਵਾਲੇ ਪੰਛੀਆਂ ਵਾਂਗ ਬਿਨਾਂ ਟਾਇਰਾਂ ਤੋਂ  ਗੱਡੀਆਂ ਉਡ ਰਹੀਆਂ ਸਨ। ਕਿਤੇ ਕੋਈ  ਰੁੱਖ ਨਹੀਂ ਸੀ ਦਿਸਦਾ। ਕਿਤੇ  ਅਸਲੀ ਪੰਛੀ ਨਹੀਂ ਸੀ ਦਿਸਦਾ। ਸ਼ਹਿਰ ਕੰਕਰੀਟ, ਕੱਚ, ਲੋਹੇ ਦਾ ਜੰਗਲ ਸੀ। ਕਿਤੇ ਕਿਸੇ ਅਜਾਇਬਘਰ 'ਚ ਬੈਠਾ ਹਲ ਰੋਂਦਾ ਹੋਵੇਗਾ। ਕੁਝ ਵਾਹੁਣ ਲਈ ਰਿਹਾ ਹੀ ਨਹੀਂ। ਮੈਂ ਗੁਸੇ ਵਿੱਚ ਅੱਧਾ ਭਰਿਆ ਗਲਾਸ ਸੁਟ ਦਿੱਤਾ।

ਭਵਨ ਦੀ ਗੱਡੀ ਹਨੇਰੇ 'ਚ ਸ਼ਹਿਰ ਦੇ ਚਮਕਦੇ ਤਾਰਿਆਂ (  ਉੱਡਣ - ਗੱਡੀਆਂ )'ਚ ਸ਼ਾਮਲ ਹੋ ਗਈ। ਮੈਂ ਥੋੜ੍ਹਾ ਚਿਰ ਬਾਅਦ ਉਸਦੇ ਮਗਰ ਚਲਾ ਗਿਆ। ਮੈਂ ਬਹੁਤਾ ਨੇੜੇ ਵੀ ਨਹੀਂ ਹੋਣਾ ਚਾਹੁੰਦਾ ਸੀ। ਜੇ ਉਨ੍ਹੇ ਮੈਨੂੰ ਦੇਖ ਲਿਆ, ਮੇਰਾ ਤਾਂ ਸ਼ਰੂ ਹੋਣ ਤੋਂ ਪਹਿਲਾ ਹੀ ਕਾਰਜ ਮੁੱਕ ਜਾਣਾ ਸੀ। ਸਾਰੇ ਪਲਾਨ ਉੱਤੇ ਪਾਣੀ ਫਿਰ ਜਾਣਾ ਸੀ। ਉਹ ਮੇਰੇ ਅੱਗੇ ਦੋ ਕੁ ਸੌ ਗ਼ਜ਼  'ਤੇ ਚੱਲ ਰਿਹਾ  ਸੀ। ਸਾਡੇ ਵਿਚਕਾਰ ਚਾਰ ਗੱਡੀਆਂ ਸਨ। ਉਹ  ਰਣਜੀਤਪੁਰ ਦੇ ਕਾਰਖਾਨਿਆਂ   ਵਾਲੇ ਇਲਾਕੇ 'ਚ ਪਹੁੰਚ  ਗਿਆ । ਇੱਥੇ ਮੈਨੂੰ ਬਚ ਕੇ ਰਹਿਣਾ ਪਿਆ ਕਿਉਂਕਿ ਹੁਣ ਸਾਡੇ ਵਿਚਾਲੇ ਕੋਈ ਨਹੀਂ ਸੀ। ਮੈਂ ਰਿਸਕ ਲੈ ਕੇ ਅਪਣੀ ਗੱਡੀ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ। ਇੱਕ ਕਾਰਖਾਨੇ  ਦੇ ਨੇੜੇ ਉਸਨੇ ਅਪਣੀ ਗੱਡੀ ਖੜੀ ਕਰ ਦਿੱਤੀ।  ਅੱਧੇ ਕਿਲੇਮੀਟਰ ਪਰੇ ਮੇਰੀ ਗੱਡੀ ਨੇ ਵੀ ਧਰਤੀ ਨੂੰ ਚੁੰਮ ਲਿਆ। ਮੇਰੀ ਦੋ-ਅੱਖੀ ਦੂਰਬੀਨ 'ਚੋਂ ਭਵਨ ਸਾਫ਼ ਦਿਸਦਾ ਸੀ। ਮੈਂ ਉਸਨੂੰ ਇੱਕ ਫੈਕਟਰੀ ਦੇ ਬੂਹੇ 'ਚੋਂ ਅੰਦਰ ਜਾਂਦਾ ਦੇਖਿਆ। ਦੂਰਬੀਨ ਨਾਲ ਮੈਂ ਕਾਰਖਾਨੇ ਦੇ ਨਾਂ ਉੱਤੇ ਨਜ਼ਰ ਮਾਰੀ   -'ਨੰਬਰ ਵੰਨ ਟਿੱਕੀ' ਫੱਟੇ ਉੱਤੇ ਲਿਖਿਆ ਸੀ। ਇਹ ਤਾਂ  ਹਰੀਆਂ ਅਤੇ ਲਾਲ ਟਿੱਕੀਆਂ  ਬਣਾਉਣ ਦਾ ਕਾਰਖਾਨਾ  ਸੀ। ਮੈਂ ਦੂਰਬੀਨ ਨੂੰ ਗੱਡੀ ਵਿੱਚ ਰੱਖ ਕੇ 'ਨੰਬਰ ਵੰਨ ਟਿੱਕੀ' ਵੱਲ ਤੁਰ ਪਿਆ।

ਭਵਣ ਤਾਂ ਅਰਾਮ ਨਾਲ ਅੰਦਰ ਵੜ ਗਿਆ ਸੀ। ਦਰਵਾਜ਼ੇ ਨਾਲ ਦੋ ਰਾਖੇ ਖੜ੍ਹੇ ਸੀ- ਇੱਕ ਇਨਸਾਨ  ਸੀ ਅਤੇ ਇੱਕ ਕਲਦਾਰ ਸੀ। ਮੈਂ ਹੌਲੀ ਹੌਲੀ ਵਾੜ ਘੁੰਮ ਕੇ ਅੰਦਰ ਵੜਨ ਲਈ  ਥਾਂ ਤਲਾਸ਼ਣ ਲੱਗ  ਪਿਆ। ਥੋੜੀ ਦੇਰ ਬਾਅਦ ਇੱਕ ਥਾਂ ਲੱਭੀ।ਇੱਥੇ ਮੈਂ ਵਾੜ ਦੀਆਂ ਤਾਰਾਂ ਨੂੰ ਪਾਸੇ ਕਰ ਕੇ ਬਾਂਹ ਲੱਤ ਲੰਘਾ ਕੇ ਵੜਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਹੱਥ ਪੈਰ ਪਾ ਕੇ ਵਾੜ ਚੜ੍ਹ ਕੇ ਦੁਜੇ ਪਾਸੇ ਪਹੁੰਚ ਗਿਆ। ਅੱਜ ਕਲ੍ਹ ਕੁੱਤੇ ਤਾਂ ਦੁਨੀਆਂ'ਚ ਰਾਖੀ ਕਰਨ ਹੈ ਹੀ ਨਹੀਂ ਸੀ। ਫਿਰ ਵੀ ਧਿਆਨ  ਨਾਲ ਤੁਰ ਕੇ ਗਿਆ। ਇੱਕ ਬਾਰੀ ਖੁੱਲੀ ਸੀ। ਇਸ ਗੱਲ ਨੇ ਮੇਰੀ ਅੱਖ ਫੜ੍ਹ ਲਈ ਸੀ। ਮੈਂ ਆਲੇ ਦੁਆਲੇ ਦੇਖਿਆ। ਹਾਲੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਘੁਸਪੈਠ  ਕੀਤੀ ਸੀ। ਇੱਕ ਬਕਸੇ ਨੂੰ ਕੰਧ ਨਾਲ ਘੜੀਸ ਕੇ ਬਾਰੀ ਥੱਲੇ ਟਿੱਕਾ ਦਿੱਤਾ। ਉਸ ਤੇ ਚੜ੍ਹ ਕੇ ਬਾਰੀ ਵਿੱਚੋਂ ਵੜ ਗਿਆ। ਉਹ ਭੰਡਾਰ ਸੀ। ਮੈਂ ਹੌਲੀ ਹੌਲੀ ਅੱਗੇ ਗਿਆ।ਭਾਵੇ ਮੈਂ ਪੁਲਸ ਦਾ ਅਫਸਰ ਸੀ, ਪਰ ਮੇਰੇ ਕੋਲੇ ਅੰਦਰ ਵੜਨ ਲਈ ਮੁਖਤਾਰਨਾਮਾ- ਵਾਰੰਟ  ਨਹੀਂ ਸੀ। ਕਾਨੂੰਨ ਦੇ ਨਜ਼ਰ 'ਚ ਮੈਂ ਤਾਂ ਚੋਰ ਸੀ। ਭੰਡਾਰ ਦਾ ਬੂਹਾ ਖੋਲ੍ਹ ਕੇ ਅੰਦਰ ਦੇਖਿਆ। ਮੈਂ ਕੋਈ ਥੜ੍ਹੇ ਦੇ ਨਾਲ ਸੀ। ਹੇਠਾਂ ਮੈਨੂੰ ਕਾਰਖਾਨੇ  ਦੀਆਂ ਮਸ਼ੀਨਾਂ ਦਿਸ ਰਹੀਆਂ ਸਨ। ਫਿਰ ਮੈਨੂੰ ਭਵਨ ਵੀ ਨਜ਼ਰੀਂ ਪੈ  ਗਿਆ। ਮੈਂ ਉਸਦਾ ਪਿੱਛਾ ਕੀਤਾ, ਪਰ ਹਮੇਸ਼ਾ ਉਪਰਲੇ ਥੜ੍ਹੇ ਉੱਤੇ ਰਿਹਾ। ਨੀਵਾਂ  ਹੋ ਕੇ ਤੁਰਦਾ ਰਿਹਾ। ਫਿਰ ਢੋਣ ਵਾਲੀ ਵੱਧਰੀ ਨੇ ਮੇਰੀ ਅੱਖ ਫੜ੍ਹ ਲਈ। ਉਹਦੇ ਉਪਰ ਲਾਲ ਟਿੱਕੀਆਂ ਸਨ।

ਮੈਂ ਸੋਚਿਆ ਜੇ ਮੈਂ ਵੱਧਰੀ ਦੇ ਪੰਧ ਦੇ ਖਿਲਾਫ਼ ਜਾਵਾਂ,ਤਾਂ ਮੈਨੂੰ ਦਿਸ ਜਾਵੇਗਾ ਲਾਲ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਨੇ। ਭਵਨ ਤਾਂ ਇਥੇ ਮਾਲਿਕ ਨੂੰ ਹੀ ਮਿਲਣ ਆਇਆ ਹੋਵੇਗਾ। ਭੇਤ ਤਾਂ ਬਾਅਦ 'ਚ ਵੀ ਕੱਢ ਲਾਵਾਂਗਾ। ਮੇਰੀ ਉਤਸੁਕਤਾ ਮੈਨੂੰ ਲਾਲ ਟਿੱਕੀ ਦੇ ਸਰੋਤ ਵੱਲ ਲੈ ਗਈ। ਉੱਪਰ ਤੋਂ ਮੈਨੂੰ ਕਈ ਕਲਦਾਰ ਕੰਮ ਕਰਦੇ ਦਿਸਦੇ ਸੀ। ਸ਼ਹਿਰ ਵਿੱਚ ਬੇਕਾਰੀ ਹੈ, ਪਰ ਇਹ ਅੱਗ ਲਾਉਣੇ ਮਸ਼ੀਨੀ ਮਾਨਵਾਂ ਨੇ ਸਭ ਦੇ ਨੌਕਰੀਆਂ ਖੋਹ ਲਈਆਂ! ਝੱਟ ਮੈਂ ਸਰੋਤ ਵੱਲ ਜਾ ਪਹੁੰਚਿਆ। ਮੈਂ ਤਾਂ ਦੇਖ ਕੇ ਇੱਕ ਦਮ ਹੈਰਾਨ ਰਹਿ ਗਿਆ।ਉਹੀ ਗੱਲ ਨਿੱਕਲੀ, ਜਿਸਦੀਆਂ ਅਫ਼ਵਾਹਾਂ ਸਨ, ਲਾਲ ਟਿੱਕੀ ਸੱਚ ਮੁੱਚ ਮਾਸ ਦੀ ਬਣਾਈ ਜਾਂਦੀ ਸੀ। ਸੰਸਾਰ ਜਾਨਵਰਾਂ ਤੋਂ ਲਗਾਤਾਰ ਸੱਖਣਾ ਹੁੰਦਾ ਜਾ ਰਿਹਾ ਸੀ। ਕੋਈ ਭੇਡ, ਗਾਂ ਜਾਂ ਸੂਰ ਦੁਨੀਆਂ 'ਚ ਬਾਕੀ  ਨਹੀਂ ਸਨ ਰਹੇ। ਇਨਸਾਨਾਂ ਨੇ ਸਾਰੇ ਖਾ ਲਏ ਸਨ। ਹੁਣ ਮੇਰੇ ਸਾਹਮਣੇ ਕਲਦਾਰ ਮਾਨਵ  ਸਰੀਰਾਂ  ਦਾ ਕਤਲ-ਏ-ਆਮ ਕਰ ਰਿਹਾ ਸੀ। ਕਲਦਾਰ ਕਸਾਈ ਪਿੰਡਿਆਂ ਦੇ ਟੁਕੜੇ ਟੁਕੜੇ ਬਣਾ ਰਿਹਾ ਸੀ। ਇਨਸਾਨੀ ਪਿੰਡਿਆਂ  ਦੇ ਟੁਕੜੇ!

ਮੈਨੂੰ ਉਲਟੀ ਆ ਗਈ ।ਕੁਛ ਦੇਰ ਲਈ ਕੋਈ ਗੱਲ ਨਾ ਸੁਝੀ। ਲੰਬੇ ਲੰਬੇ ਸਾਹ ਭਰਦਾ ਰਿਹਾ। ਇਹ ਕਾਰਖਾਨਾ ਤਾਂ ਸਰਕਾਰ ਦਾ ਸੀ। ਮੈਂ ਓਨ੍ਹਾਂ ਨੂੰ ਕੁੱਝ ਨਹੀਂ ਸੀ ਕਹਿ ਸਕਦਾ। ਮੈਂ ਸੋਚਿਆ ਭਵਨ ਦਾ ਪਿੱਛਾ  ਕੁਝ ਹੋਰ ਸੋਚ ਕੇ ਕਰ ਰਿਹਾ ਸੀ, ਪਰ ਗੱਲ ਤਾਂ ਹੋਰ ਹੀ ਨਿਕਲ ਗਈ! ਹੁਣ ਮੈਂ ਕੀ ਕਰਾਂਗਾ? ਮੇਰੀਆਂ ਅੱਖਾਂ  ਦੇ ਸਾਹਮਣੇ ਇੱਕ ਕਲਦਾਰ ਨੇ ਇੱਕ  ਬੰਦੇ ਦੀ ਲੋਥ ਦੇ ਸਰੀਰ'ਚ ਟੋਕਾ ਮਾਰਿਆ। ਮੇਰਾ ਜੀ ਕੀਤਾ ਉਸ ਕਲਦਾਰ ਦੇ ਟੋਟੇ-ਟੋਟੇ ਕਰ  ਦੇਵਾਂ। ਪਰ ਮੈਂ ਡੂੰਘਾ ਸਾਹ ਭਰ ਕੇ ਇੱਕ ਹੋਰ ਫ਼ੈਸਲਾ ਕਰ ਲਿਆ। ਮੈਂ ਕਾਰਖਾਨੇ  ਦੇ ਦਫਤਰ 'ਚ ਵੜ ਗਿਆ । ਬਹੁਤਾ ਦੇਰ ਨਹੀਂ ਲੱਗੀ  ਉਸਨੂੰ ਲੱਭਣ 'ਚ। ਬਾਰੀ'ਚੋਂ ਅੰਦਰ ਬਾਹਰ ਦਿਸਦਾ ਸੀ। ਬਾਹਰ ਰਾਖੇ ਤੁਰਦੇ ਫਿਰਦੇ ਸੀ। ਜਦ ਲੰਘ ਗਏ, ਮੈਂ ਕੰਪਿਊਟਰ ਚੱਲਾ ਦਿੱਤੇ। ਤੇਜ ਕੰਮ ਕਰਨਾ ਪਿਆ। ਜਦ ਮੈਨੂੰ ਮੀਟ ਮਾਸ ਅਤੇ ਲਾਲ ਟਿੱਕੀਆਂ ਬਾਰੇ ਸਭ ਸਬੂਤ ਮਿਲ ਪਏ, ਇੱਕ ਡਿਸਕ ਉੱਤੇ ਕੌਪੀ ਕਰ ਕੇ ਜੇਬ ਵਿੱਚ ਪਾ ਲਈ। ਫਿਰ ਮੈਂ ਭਵਨ ਨੂੰ ਟੋਲਣ ਗਿਆ,ਪਰ ਉਹ  ਦਿਸਿਆ ਨਹੀਂ।

ਕਾਰਖਾਨੇ  ਵਿੱਚ ਮੈਥੋਂ  ਛੁੱਟ ਕੋਈ ਇਨਸਾਨ ਨਹੀਂ ਸੀ। ਰਾਖੇ  ਵੀ ਰੋਬੋਟ ਸਨ। ਸਾਰੇ ਸਾਲੇ ਕਲਦਾਰ ਸਨ। ਬਾਹਰ ਇੱਕ ਦੋ ਇਨਸਾਨ ਹੀ ਰਾਖੇ ਸੀ। ਪਤਾ ਨਹੀਂ ਕਿਸ ਹਕੂਮਤ ਦਾ ਮੁਖੀਆ ਇਹਨਾਂ ਕਾਰਖਾਨਿਆਂ ਦਾ ਜ਼ੁੰਮੇਵਾਰ ਸੀ। ਉਸਨੂੰ ਇਹ ਸਭ ਪਤਾ ਵੀ ਸੀ ਕਿ ਨਹੀਂ? ਪਤਾ ਨਹੀਂ ਕੋਣ ਇਸ ਕਾਰਖਾਨੇ  ਦਾ ਮਾਲਕ ਸੀ।  ਪਰ ਉਹ ਪੜਤਾਲ ਕਰਵਾਏਗਾ ਅਤੇ ਜ਼ਰੂਰ ਉਸ  ਸਾਲੇ ਭਵਨ ਨੂੰ ਗ੍ਰਿਫਤਾਰ ਕਰੇਗਾ। ਪਰ ਕਿਸ ਦੋਸ਼, ਕਿਸ ਚਾਰਜ 'ਤੇ ਕੈਦ ਕਰੂੰਗਾ? ਡਿਸਕ ਵੀ ਘਰ ਜਾ ਕੇ ਪਰਖਣੀ ਹੈ। ਜਰੂਰ ਕੁਝ ਨਾ ਕੁਝ ਹੋਵੇਗਾ। ਓਹ ਲਾਸ਼ਾਂ ਕਿਸ ਦੀਆਂ ਸਨ? ਕੋਈ ਆਵਾਰਾ, ਕੋਈ ਸੈਲਾਨੀ ਜਿਨਾਂ  ਨੂੰ ਗਲੀਆਂ'ਚੋਂ ਚੱਕ ਲਿਆ ਸੀ ਜਾਂ  ਸ਼ਹਿਰ ਤੋਂ ਬਾਹਰ ਜਾ ਕੇ ਕੋਈ ਕਿਸਾਨਾਂ ਜਾਂ ਪੇਂਡੂਆਂ ਨੂੰ  ਜਬਰਦਸਤੀ ਚੁੱਕ  ਕੇ ਇਥੇ ਲਿਆਂਦਾ ਸੀ? ਸਭ ਘਰ ਜਾ ਕੇ ਪਤਾ ਲੱਗ ਜਾਵੇਗਾ। ਇੱਦਾਂ ਸੋਚਦਾ ਮੈਂ ਉਥੋਂ ਨਿਕਲ ਕੇ ਘਰ ਚਲਾ ਗਿਆ । ਡਿਸਕ ਦੀ ਸੂਚੀ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ। ਬਸ ਹੱਦ ਹੋ ਗਈ ਸੀ। ਹੁਣ ਭਵਨ ਦੀ ਗ੍ਰਿਫ਼ਤਾਰੀ  ਹੋਵੇਗੀ। ਕਾਫ਼ੀ ਸਬੂਤ ਸਨ ਉਸਦੇ ਖਿਲਾਫ਼। ਭਵਨ ਰੋਬੋਟ ਹੋਣ ਕਰ ਕੇ ਤਕੜਾ ਸੀ। ਮੈਂ ਅਪਣੇ ਨਾਲ ਇੱਕ ਦੋ ਕਲਦਾਰ ਲੈ ਕੇ ਜਾਵਾਂਗਾ। ਬੰਦੇ ਵੀ ਨਾਲ ਲੈ ਕੇ ਜਾਵਾਂਗਾ। ਇੱਦਾਂ ਦੀਆਂ ਅਨੇਕਾਂ ਸੋਚਾਂ ਮਨ'ਚ ਘੁੰਮ ਰਹੀਆਂ ਸਨ।

ਉਸ ਰਾਤ ਜਦ ਭਵਨ ਨੇ ਅਪਣੇ ਟਿਕਾਣੇ ਦਾ ਦਰ ਖੋਲ੍ਹਿਆ, ਮੈਂ ਉਸ ਦੀ ਕੁਰਸੀ ਉੱਤੇ ਬੈਠਾਂ ਸਾਂ। ਮੇਰੇ ਨਾਲ ਦੋ ਕਲਦਾਰ ਖੜ੍ਹੇ ਸਨ ਅਤੇ ਤਿੰਨ ਬੰਦੇ। ਉਸਨੇ  ਨੱਠਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ  ਨਾ ਹੀ  ਸਾਨੂੰ ਮਾਰਨ ਦੀ। ਅਰਾਮ ਨਾਲ ਦਰਵਾਜ਼ਾ ਬੰਦ ਕਰ ਕੇ ਮੇਰੇ ਸਾਹਮਣੇ ਖੜ੍ਹ ਗਿਆ।

- "ਕੀ ਗੱਲ ਦਰਸ਼ਨ। ਐਨੇ ਪੁਲਸੀਆਂ ਦੀ ਲੋੜ ਕਿਉਂ? ਮੈਥੋਂ ਡਰਦਾ ਕਰ ਕੇ?"
- "ਨਹੀਂ ਭਵਨ। ਤੇਰੇ ਲੋਹੇ ਦੇ ਹੱਥਾਂ ਨਾਲ ਮੁਕਾਬਲਾ ਕਰਨਾ ਬੇਵਕੂਫ਼ੀ  ਹੋਵੇਗੀ।"
- "ਸਿੰਗ  ਫਸਾਉਣ ਤੋਂ  ਡਰ ਹੀ ਗਿਆਂ ਆਖਿਰ। ਤਾਂ ਫਿਰ ਦੋਸ਼ ਕੀ ਹੈ ਮੇਰੇ ਖਿਲਾਫ਼?"
- "ਕਾਲੀਆ ਦਾ ਕਤਲ। ਨਾਲੇ ਨੰਬਰ ਵੰਨ ਟਿੱਕੀ ਇਨਸਾਨਾਂ ਦੇ ਗੋਸ਼ਤ ਤੋਂ ਬਣਦੀ ਹੈ। ਲੱਗਦਾ ਕਾਲੀਆ  ਸਾਨੂੰ ਸਭ ਕੁਝ ਦੱਸਣ ਲੱਗਾ ਸੀ। ਕਾਰਖਾਨੇ ਦੇ ਮਾਲਕ ਤੇ ਇਲਜ਼ਾਮ ਲਾਉਣ ਲੱਗਾ ਸੀ,ਤਾਂ ਮਾਲਕ ਨੇ ਤੇਰੇ ਤੋਂ ਉਸਦਾ ਕਤਲ ਕਰਵਾ ਦਿੱਤਾ। ਸਭ ਸਬੂਤ ਇਸ ਡਿਸਕ 'ਚ ਦਰਜ ਨੇ। ਗ੍ਰਿਫਤਾਰ ਕਰ ਲਓ ਇਸ ਨੂੰ ।"
- "ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ। ਵੱਧ ਤੋਂ ਵੱਧ ਮੇਰੀ ਮੇਮਰੀ ਨੂੰ ਮਿਟਾ ਦਿਓਗੇ । ਪਰ ਜਦ ਤੇਰੀਆਂ ਲੱਤਾਂ ਕਬਰ 'ਚ ਲਮਕ ਦੀਆਂ ਹੋਣਗੀਆਂ, ਮੈਂ ਉਦੋਂ  ਵੀ ਜਿਉਂਦਾ ਹੋਵਾਂਗਾ..।"

ਕਾਰਖਾਨੇ ਦਾ ਮਾਲਕ ਤੇਜ਼  ਆਦਮੀ ਸੀ। ਉਸਦਾ ਰਸੂਖ ਇਨਸਾਫ਼ 'ਤੇ ਭਾਰੀ ਪੈ ਗਿਆ। ਭਵਨ ਦੀ ਯਾਦਾਸ਼ਤ  ਮਿਟਾ ਕੇ ਅਦਾਲਤ ਨੇ ਵੇਚਣ ਦਾ ਹੁਕਮ ਦੇ ਦਿੱਤਾ ਤੇ ਉਸਨੂੰ ਨੰਬਰ ਵੰਨ ਟਿੱਕੀ ਦੇ ਮਾਲਕ ਨੇ ਖਰੀਦ ਲਿਆ। ਮੈਂ ਸਮਝ ਗਿਆ ਸੀ ਕਿ ਜੇ ਮੈਂ ਹੁਣ ਕੁਝ ਨਹੀਂ ਕੀਤਾ, ਓਸ ਆਦਮੀ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਹੈ। ਮੈਨੂੰ ਕੈਦ ਵੀ ਹੋ  ਸਕਦੀ ਹੈ,ਜਾਂ ਮੈ ਮਾਰਿਆ ਵੀ ਜਾ ਸਕਦਾ  ਸੀ। ਇਸ ਲਈ ਮੈਂ ਫੈਸਲਾ ਕਰ ਲਿਆ  ਕੁਝ ਨਾ ਕੁਝ ਕਰਨ ਦਾ। ਡਿਸਕ ਦੀ ਇੱਕ ਕਾਪੀ ਹਾਲੇ ਮੇਰੇ ਕੋਲ ਸੀ। ਮੈਂ  ਜਾਣਦਾ ਸੀ ਕਿ ਅਸਲ ਡਿਸਕ ਤਾਂ ਸਬੂਤ ਸੀ। ਇਸ ਕਰਕੇ ਉਹ ਤਾਂ ਓਨ੍ਹਾਂ ਨੇ ਤਾਂ ਬਰਬਾਦ ਕਰ  ਦਿੱਤੀ ਹੋਵੇਗੀ। ਮੈਂ ਆਪਣੇ ਭਰੋਸੇਮੰਦ ਦੋਸਤਾਂ ਨੂੰ ਇੱਕ ਬੰਦ ਪਏ  ਢਾਬੇ 'ਚ ਮੀਟਿੰਗ ਲਈ ਬੁਲਾਇਆ।ਉਹ ਕੁੱਲ ਮਿਲਾ ਕੇ  ਪੰਦਰਾਂ ਬੰਦੇ ਹੀ ਸਨ।

- "ਫਿਰ ਹੁਣ ਕਰਨਾ ਕੀ ਏ?"- ਇੱਕ ਨੇ ਪੁੱਛਿਆ। ਮੇਰੇ ਕੋਲੇ ਇੱਕ ਲੈਪ ਟੌਪ ਸੀ। ਮੈਂ ਡਿਸਕ ਓਹਦੇ 'ਚ ਪਾ ਦਿੱਤੀ। ਸਾਰੀਆਂ ਫ਼ਾਈਲਾਂ ਸਭ ਨੂੰ ਦਿਖਾ ਦਿੱਤੀਆਂ। ਸਾਰੇ ਜਿਵੇਂ  ਇੱਕ ਦਮ ਗੂੰਗੇ ਹੋ ਗਏ ਹੋਣ, ਕਾਫ਼ੀ ਦੇਰ ਉਹ ਉਵੇਂ ਖ਼ਾਮੋਸ਼ੀ 'ਚ ਖੜ੍ਹੇ ਖਲੋਤੇ ਰਹਿ ਗਏ  ਸਨ।

- "ਮੈਨੂੰ ਹਾਲੇ ਵੀ ਪੂਰੀ ਤਰਾਂ ਗੱਲ ਸਮਝ ਨਹੀਂ ਆਈ..."- ਉਹਨਾਂ 'ਚੋਂ ਕਿਸੇ ਨੇ  ਖ਼ਾਮੋਸ਼ੀ ਨੂੰ ਤੋੜਿਆ।
- "ਗੱਲ ਬੜੀ ਸਿੱਧੀ ਏ"- ਮੈਂ ਜਵਾਬ ਦੇਣਾ ਸ਼ੁਰੂ ਕੀਤਾ, - "ਅਪਣਾ  ਦੇਸ਼ ਵੀ ਪੱਛਮੀ   ਦੇਸ਼ਾਂ  ਵਾਂਗ ਤਕਨੀਕੀ ਤਰੱਕੀ ਕਰਦਾ ਗਿਆ। ਪਰ ਜਿਵੇਂ ਟਿੱਡੀ ਦਲ ਹਰ ਚੀਜ਼ ਦਾ ਸਫ਼ਾਇਆ ਕਰਦਾ ਤੁਰਿਆ ਜਾਂਦਾ ਹੈ, ਅਸੀਂ  ਇਨਸਾਨਾਂ ਨੇ ਵੀ ਆਪਣੀ ਅੰਨੀ ਤਕਨੀਕੀ ਤਰੱਕੀ ਦੀ ਹੋੜ ਵਿੱਚ ਧਰਤੀ ਤੋਂ ਸਾਰਾ ਬਾਲਣ, ਸਾਰੇ ਸਰੋਤ, ਸਾਰੇ  ਸਾਧਨ  ਵਰਤ ਲਏ। ਅਸੀਂ ਆਪਣੀ ਇਸ ਖ਼ੂਬਸੂਰਤ ਧਰਤੀ ਲਈ ਹੀ  ਪਰਜੀਵੀ ਬਣ ਗਏ। ਹੌਲੀ ਹੌਲੀ ਧਰਤੀ ਬੰਜਰ ਹੋ ਗਈ  ਸੀ। ਜ਼ਮੀਨ 'ਤੇ ਕਿਸਾਨਾਂ ਦੀ ਲੋੜ ਨਹੀਂ ਰਹੀ। ਕਾਮਿਆਂ ਦੀ  ਥਾਂ ਕਲਦਾਰਾਂ ਨੇ ਲੈ ਲਈ। ਪੇਂਡੂ ਇਲਾਕਿਆਂ 'ਚ ਕਿਸੇ ਕੋਲੇ ਕੰਮ ਨਹੀਂ ਰਿਹਾ। ਲੋਕ ਸ਼ਹਿਰਾਂ 'ਚ ਆ ਗਏ। ਸ਼ਹਿਰਾਂ ਤੋਂ ਇਸ ਹੜ੍ਹ ਸਹਾਰ ਨਹੀਂ ਹੋਇਆ। ਲੋਕਾਂ ਦੇ ਢਿੱਡ ਤਾਂ ਭਰਨੇ  ਸੀ। ਲੋਕਾਂ ਨੂੰ ਮਾਸ ਖਾਣਾ ਪਿਆ; ਭਾਵੇਂ ਗਾਊ ਦਾ ਸੂਰ ਦਾ ਜਾਂ ਕੁੱਤੇ ਦਾ। ਹਾਰ ਕੇ ਸ਼ੇਰ ਤਕ ਖਾਣ ਲੱਗ ਪਏ। ਤਰੱਕੀ ਨਾਲ ਸੁੱਖ ਸੁਵਿਧਾ ਦੇ ਸਾਮਾਨ ਤਾਂ ਵਧ ਗਏ ਪਰ  ਜਨਤਾ ਵੱਧ ਸੀ, ਖਾਣਾ ਘੱਟ। 'ਨੰਬਰ ਵੰਨ ਟਿੱਕੀ' ਵਰਗਿਆਂ ਨੇ ਲਾਲ'ਤੇ ਹਰੀਆਂ  ਟਿੱਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਇਸ ਨੂੰ ਖਾਣ ਲੱਗ ਪਏ। ਕਲਦਾਰ ਸਾਡੇ ਲਈ, ਸਾਡੇ ਥਾਂ ਕੰਮ ਕਰੀ ਗਏ। ਇਨਸਾਨ ਨਿਤ ਨਿਤ ਅਰਾਮ ਕਰਨ ਲੱਗ ਗਿਆ। ਜਿਉਂ  ਜਿਉਂ ਸ਼ਹਿਰ ਵੱਧਦਾ ਗਿਆ, ਕਿਸੇ ਨੇ ਸੋਚਿਆ ਨਹੀਂ ਬਾਹਰਲੇ ਲੋਕਾਂ ਦਾ ਹਾਲ ਕੀ ਹੋਵੇਗਾ। ਜਿਹੜੇ ਲੋਕ ਸ਼ਹਿਰਾਂ 'ਚ ਨਹੀਂ ਪਹੁੰਚੇ ਜਾਂ ਭੀੜ ਕਰਕੇ ਅੰਦਰ ਨਾ ਆ ਸੱਕੇ, ਉਨ੍ਹਾਂ ਦਾ ਕੀ ਹੋਇਆ? ਕਿਸਾਨ ਲਈ ਹਲ ਵਾਉਣ ਲਈ ਚੰਗੀ ਮਿੱਟੀ ਤਾਂ ਨਹੀਂ ਰਹੀ। ਫਿਰ  ਹੁਣ ਕਿਸਾਨ ਦੁਨੀਆ'ਚ ਕੀ ਕਰਦੇ ਹੋਣਗੇ? ਕਿਸਾਨਾਂ  ਦਾ ਸਭ ਨੇ ਚੇਤਾ ਭੁਲਾ ਦਿੱਤਾ। ਪਰ ਹੁਣ ਸਾਨੂੰ ਪਤਾ ਹੈ। ਅਸੀਂ ਸਭ ਨੂੰ  ਦੱਸਣਾ ਹੈ  ਕਿ ਉਹ ਕਿਸਾਨਾਂ ਨੂੰ, ਉਹਨਾਂ ਪੇਂਡੂ ਲੋਕਾਂ  ਨੂੰ ਮਾਰ ਮਾਰ ਕੇ ਕਾਰਖਾਨੇ  ਵਿੱਚ ਲਾਲ ਟਿੱਕੀਆਂ ਬਣਾ ਕੇ ਸਾਡੇ ਢਿੱਡ ਭਰ ਕੇ ਖ਼ੁਸ਼ ਰੱਖਦੇ ਨੇ ! ਅਸੀਂ ਲੋਕ  ਅਨਜਾਣੇ ਹੀ ਆਦਮ ਖੋਰ ਬਣ ਗਏ ਹਾਂ। ਇਸ ਬਾਰੇ ਹੁਣ ਕੀ ਕਰਨਾ ਏ ?''
-"ਦਰਸ਼ਨ! ਤੂੰ ਜਿਵੇਂ ਕਹੇਂ ,ਅਸੀਂ ਤੇਰੇ ਨਾਲ ਹਾਂ।"- ਸਭ ਨੇ ਹੁੰਗਾਰਾ ਦੇ ਦਿੱਤਾ।
- "ਦੋਸਤੋ! ਤਾਂ ਫਿਰ ਆਪੋ ਆਪਣੇ ਹਥਿਆਰ ਚੁੱਕੋ ! ਅੱਜ ਰਾਤ ਜਿਸ ਨੂੰ ਜਿਸ ਗੱਲ 'ਤੇ ਗੁਸਾ ਹੈ, ਜਿੰਨ੍ਹਾਂ ਦੀਆਂ ਨੌਕਰੀਆਂ ਕਲਦਾਰ ਲੈ ਗਏ, ਜਿੰਨ੍ਹਾਂ ਦੇ ਰਿਸ਼ਤੇਦਾਰ ਪਿੰਡ'ਚ ਪਿੱਛੇ ਰਹਿ ਕੇ ਸਾਡਾ ਆਪਣਾ ਹੀ ਭੋਜਨ ਬਣ ਗਏ, ਸਾਰੇ ਦੇ ਸਾਰੇ ਉੱਠੋ ਮੇਰੇ ਨਾਲ ,ਅੱਜ ਓਸ ਕਾਰਖਾਨੇ ਦੀ  ਇੱਟ ਨਾਲ ਇੱਟ ਖੜਕਾ ਦੇਣੀ ਹੈ..!"

ਗੁੱਸੇ ਨਾਲ਼ ਭਰੇ ਪੀਤੇ ਅਸੀਂ ਤੁਰ ਪਏ, ਪਰ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਸਨ ਕਿ ਇਹ ਕੰਮ ਖੁੱਲੇਆਮ ਨਹੀਂ ਬਲਕਿ ਚਿਹਰਿਆਂ 'ਤੇ  ਨਕਾਬ ਪਾ ਕੇ ਬੁੱਕਲ'ਚ ਰਹਿ ਕੇ ਕਰਨਾ ਚਾਹੀਦਾ। ਜਦੋਂ  ਤਕ ਅਸੀਂ 'ਨੰਬਰ ਵੰਨ ਟਿੱਕੀ' ਦੇ ਫਾਟਕ ਤਕ ਪਹੁੰਚੇ , ਕਿਸੇ ਨੇ ਡਿਸਕ ਦਾ ਡੈਟਾ ਸਾਰੇ ਸ਼ਹਿਰ ਦੇ ਕੰਪਿਊਟਰਾਂ ਨੂੰ ਭੇਜ ਦਿੱਤਾ ਸੀ। ਉਸ ਰਾਤ ਤੋਂ ਬਾਅਦ ਜਿਹੜੇ ਲੋਕ ਉਦਯੋਗ-ਤਕਨਾਲੌਜੀ ਦੇ ਖਿਲਾਫ਼ ਹੋ ਗਏ ਅਤੇ ਜ਼ਬਰਦਸਤੀ ਮਸ਼ੀਨਾਂ ਦਾ ਘਾਣ  ਕਰਦੇ ਸੀ, ਜਨਤਾ ਉਨਾਂ  ਲੋਕਾਂ ਨੂੰ  'ਕਲਵਾਰਦਾਰ' ਕਹਿਣ ਲੱਗ ਪਈ। ਮੈਂ, ਦਰਸ਼ਨ, ਇੰਨ੍ਹਾ ਦਾ ਲੀਡਰ ਬਣ ਗਿਆ ਸੀ। ਇਹ ਕੰਮ ਅਸੀਂ  ਓਹਲੇ ਓਹਲੇ ਕਰਦਾ ਸਾਂ ਕਿਉਂਕਿ  ਪੁਲਿਸ ਸਾਡੇ ਪਿੱਛੇ  ਸੀ। ਮੇਰਾ ਮਕਸਦ ਸੀ ਕਾਰਖਾਨੇ ਦੇ  ਮਾਲਕ ਦਾ ਖਾਤਮਾ, ਪਰ ਹਾਲੇ ਸਾਨੂੰ ਕਾਰਖਾਨੇ ਅਤੇ  ਕਲਦਾਰਾਂ ਦੇ ਖ਼ਾਤਮੇ ਨਾਲ ਹੀ ਸਬਰ ਕਰਨਾ ਪੈ ਰਿਹਾ ਸੀ। ਕਾਰਖਾਨੇ ਦਾ ਮਾਲਕ  ਹਾਲੇ ਤੱਕ ਸਾਡੇ ਹੱਥ ਨਹੀਂ ਲੱਗਾ ਸੀ।

ਇੱਕ  ਰਾਤ ਅਸੀਂ 'ਨੰਬਰ ਵੰਨ ਟਿੱਕੀ' 'ਚ ਵੜ ਗਏ। ਐਤਕੀਂ  ਲੁਕ ਕੇ ਨਹੀਂ, ਬਲਕਿ  ਖੁਲ੍ਹੇਆਮ। ਅਸੀਂ ਰਾਖਿਆਂ ਨੂੰ ਕੁਟਿਆ। ਮੈਂ  ਪਹਿਲਾਂ  ਹੀ ਦੱਸ ਚੁਕਾ ਹਾਂ ਕਿ ਰਾਖੀ ਕਰਨ ਲਈ ਉੱਥੇ  ਕੁੱਤੇ ਨਹੀਂ ਸਨ। ਇਨਸਾਨਾਂ ਦੀ ਭੁੱਖ ਮਿਟਾਉਣ ਲਈ ਸਭ ਜਾਨਵਰ ਪਹਿਲਾਂ ਹੀ ਮਾਰ ਕੇ ਲਾਲ ਟਿੱਕੀਆਂ ਬਣਾ ਲਈਆਂ ਸਨ। ਅਸੀਂ  ਕਾਰਖਾਨੇ  ਦੇ ਫਾਟਕ ਖੋਲ੍ਹ ਲਏ। ਸਾਰੇ ਪਾਸੇ ਮਸ਼ੀਨਾਂ ਹੀ ਮਸ਼ੀਨਾਂ ਸਨ ਤੇ ਉਹਨਾਂ 'ਤੇ  ਕਲਦਾਰ ਕੰਮ ਕਰ ਰਹੇ  ਸਨ। ਉਹਨਾਂ 'ਚੋਂ ਕੁਝ  ਟਿੱਕੀਆਂ ਨੂੰ ਬੈਗਾਂ ਵਿੱਚ ਪਾ ਰਹੇ ਸਨ। ਕੁਝ  ਚੱਲਦੀ ਵੱਧਰੀ ਦੀ ਰਾਖੀ ਕਰ ਰਹੇ  ਸਨ। ਕੁਝ  ਲੋਥਾਂ ਨੂੰ ਵੱਡੇ ਪਤੀਲੇ 'ਚ ਪਾ ਰਹੇ ਸਨ। ਇੱਕ ਲੋਹੇ ਵਾਲਾ ਪੰਜਾ ਲਾਸ਼ਾਂ ਨੂੰ ਚੁੱਕ ਕੇ ਕੱਟਣ ਵਾਲੀ ਮਸ਼ੀਨ'ਚ ਪਾਉਂਦਾ ਜਾ ਰਿਹਾ ਸੀ। ਕਲਦਾਰ ਇਹ  ਕੰਮ ਆਪਣੇ  ਹੱਥਾਂ ਨਾਲ  ਨਹੀਂ  ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਆਦਮੀਆਂ  ਨੂੰ ਮਾਰਨ ਲਈ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ। ਪਰ ਜੋ ਉਹ ਕਰ ਰਹੇ  ਸੀ, ਉਹ ਤਾਂ  ਕਤਲ ਤੋਂ ਵੀ ਭਿਆਨਕ ਸੀ?

ਇਹ ਨਜ਼ਾਰਾ ਦੇਖ ਕੇ ਸਾਡਾ ਖ਼ੂਨ ਖੌਲਣ ਲੱਗ ਪਿਆ। ਕਲਦਾਰ ਦਾ ਕੰਮ ਬੰਦੇ ਦੀ ਰਾਖੀ  ਕਰਨਾ ਸੀ, ਨਾ ਕਿ ਇਨਸਾਨਾਂ ਦੀ ਵੱਢ -ਟੁੱਕ ਕਰਨਾ। ਸਾਡੇ ਹਥਿਆਰਾਂ ਨੇ ਆਪਣੇ ਮੂੰਹ ਖੋਲ੍ਹ ਦਿੱਤੇ। ਅਸੀਂ ਸਭ ਕੁਝ ਨਾਸ ਕਰ ਦਿੱਤਾ । ਆਲੇ ਦੁਆਲੇ ਕਲਦਾਰਾਂ ਦੇ ਟੋਟੇ ਖਿੱਲਰੇ ਪਏ ਸਨ।ਕਿਸੇ ਥਾਂ ਕਲਦਾਰ ਦਾ ਹੱਥ ਸੀ। ਕਿਸੇ ਥਾਂ ਸੀਸ ਸੀ। ਜਦ ਸਾਨੂੰ ਭਰੋਸਾ ਹੋ ਗਿਆ ਕਿ ਸਭ ਖ਼ਤਮ ਹੋ ਚੁੱਕੇ ਹਨ ਤਾਂ ਅਸੀਂ ਬਾਹਰ ਤੁਰ ਪਏ।

- "ਅੱਗ ਲਾ ਦੇਣੀ ਚਾਹੀਦੀ ਏ !"- ਕਿਸੇ ਨੇ ਆਖਿਆ।
- "ਲਾ ਦਿਉ।.. ਹੁਣ  ਮਾਲਕ ਨੂੰ ਸੁਨੇਹਾ ਭੇਜਣ ਦਾ ਵਕਤ ਆ ਗਿਆ ਹੈ।"- ਮੈਂ  ਕਿਹਾ।
- "ਹਰੀ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਹੋਣਗੇ?"-
- "ਕੀ ਪਤਾ-?"
ਅਸੀਂ ਕਾਰਖਾਨੇ ਨੂੰ ਅੱਗ ਦੇ ਹਵਾਲੇ ਕਰ ਕੇ ਉਥੋਂ  ਤੁਰ ਪਏ।


 ਬਾਅਦ 'ਚ ਪਤਾ ਲੱਗਾ ਕਿ ਅੱਗ ਨੇ ਸਾਰੇ ਕਾਰਖਾਨੇ  ਨੂੰ ਨਹੀਂ ਸਾੜਿਆ ਸੀ । ਕੁਝ ਕਲਦਾਰ ਬਚ ਗਏ ਸੀ। ਇੱਕ ਹੁਸ਼ਿਆਰ ਰੋਬੋਟ ਨੇ  ਜਿਹੜੇ ਹਾਲੇ ਕੰਮ ਜੋਗੇ ਸੀ, ਨੂੰ ਫਿਰ ਬਣਾ ਦਿੱਤਾ। ਇਹ ਕਲਦਾਰ ਲੀਡਰ ਬਣ ਕੇ ਸਾਰਿਆਂ ਨੂੰ ਮੇਰੇ ਥਾਣੇ ਲੈ ਕੇ ਆ ਖਲੋਇਆ ।  ਸ਼ਿਕਾਇਤ ਕੀਤੀ, ਹਾਲ ਦੁਹਾਈ ਮਚਾਈ। ਅਸੀਂ ਕਿਹਾ ਸਾਨੂੰ ਟਾਇਮ ਲੱਗੂਗਾ ਆਦਮੀਆਂ ਨੂੰ ਟੋਲਣ ਲਈ ਕਿਉਂਕਿ ਸਾਰਿਆਂ ਦੇ ਨਕਾਬ ਪਾਏ ਹੋਏ ਸਨ। ਕਲਦਾਰ ਨੇ ਮੈਨੂੰ ਪਛਾਣਿਆ ਨਹੀਂ। ਕਲਦਾਰਾਂ ਨੇ ਪੁਲਿਸ ਦਾ ਤਰਲਾ ਕੀਤਾ। ਤੇ ਫਿਰ ਉਹ ਚਲੇ ਗਏ। ਉਸ ਰਾਤ ਕਾਰਖਾਨੇ  ਦਾ  ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ । ਮੀਡੀਆ ਨੇ ਸਾਰੇ ਰਣਜੀਤਪੁਰ ਨੂੰ ਟਿੱਕੀਆਂ ਦੀ ਸੱਚਾਈ ਦੱਸ ਦਿੱਤੀ। ਸਾਰੇ ਪਾਸੇ ਹੜਤਾਲ, ਬਗਾਵਤ ਅਤੇ ਫਸਾਦ ਹੋਣ ਲੱਗ ਪਏ। ਲੋਕ ਕਲਦਾਰਾਂ ਨੂੰ ਇੱਕ-ਇੱਕ ਕਰਕੇ ਮਾਰਨ ਲੱਗ ਪਏ। ਸਰਕਾਰ ਦੇ ਮੰਤਰੀਆਂ ਨੂੰ ਵੀ ਮਾਰਨ ਲੱਗ ਪਏ। ਸ਼ਹਿਰ'ਚ ਤੂਫਾਨ ਆ ਗਿਆ । ਪਹਿਲਾ ਤਾਂ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਕਲਦਾਰਾਂ ਨੇ ਉਹਨਾਂ ਦੀ ਰੱਖਿਆ ਕੀਤੀ ਪਰ ਫਿਰ ਕਿਸੇ ਨੇ ਉਹਨਾਂ ਦੇ ਪ੍ਰੋਗਰਾਮ ਵਿੱਚ ਤਬਦੀਲੀ ਕਰ ਕੇ ਉਹਨਾਂ ਨੂੰ ਭਵਨ ਵਰਗਾ ਬਣਾ ਦਿੱਤਾ। ਉਹ ਸਭ ਹੁਣ ਘਾਤਕ ਬਣ ਗਏ ਸਨ।

ਉਸ ਤੋਂ ਬਾਅਦ ਇਨਸਾਨ ਅਤੇ ਕਲਦਾਰ ਦੀ ਲੜਾਈ ਸ਼ੁਰੂ ਹੋ ਗਈ। ਰਣਜੀਤਪੁਰ ਸੱਚ ਮੁੱਚ ਯੁੱਧ ਦਾ ਮੈਦਾਨ ਬਣ ਗਿਆ। ਓਹ ਸਾਲਾ ਕਲਦਾਰ, ਜੋ ਕਲਦਾਰਾਂ ਨੂੰ ਥਾਣੇ ਲੈ ਕੇ ਆਇਆ ਸੀ, ਸਭ ਮਸ਼ੀਨਾਂ ਦਾ ਮੋਹਰੀ ਬਣ ਗਿਆ।

ਇਨਸਾਨ ਹੁਣ ਨਿੱਤ ਨਿੱਤ ਮਸ਼ੀਨਾਂ ਨਾਲ ਲੜਦਾ ਹੈ। ਲੱਗਦਾ ਹੈ ਕਿ ਇਸ ਜੰਗ ਵਿੱਚ ਮਸ਼ੀਨਾਂ ਨੇ  ਜਿੱਤ ਜਾਣਾ ਹੈ। ਰੋਜ਼ ਕਲਦਾਰ ਫੌਜ ਤਕੜੀ ਹੋਈ ਜਾਂਦੀ ਹੈ। ਸਾਨੂੰ ਤਾਂ ਖਾਣ ਦੀ ਲੋੜ ਹੈ। ਅਰਾਮ ਕਰਨ ਦੀ ਲੋੜ ਹੈ। ਪਰ ਕਲਦਾਰ ਨੂੰ ਨਾ ਖਾਣ ਦੀ ਲੋੜ , ਨਾ ਸੌਣ ਦੀ। ਪੇਂਡੂ  ਸਮਾਜ, ਕਹਿਣ ਦਾ ਮਤਲਬ ਖੇਤੀ ਸੰਬੰਧੀ, ਅਮੀਰਾਂ ਨੇ ਮਾਰ ਦਿੱਤਾ। ਹੁਣ ਉੱਦਮ ਸੰਬੰਧੀ ਕਲਵਾਰਦਾਰਾਂ ਨੇ ਮਾਰ ਦਿੱਤਾ। ਦਿਨੋਂ ਦਿਨ ਲੱਗਦਾ ਕਿ ਕਲਦਾਰ ਸਮਾਜ ਸਾਡੇ ਥਾਂ ਪੰਜਾਬ ਤੇ ਰਾਜ ਕਰੇਗਾ। ਮੇਰੇ ਮਨ 'ਚ ਹਰ ਵਕਤ ਇੱਕ ਤਰਥੱਲੀ ਜਿਹੀ ਮੱਚੀ ਰਹਿੰਦੀ ਹੈ। ਆਖਿਰ ਹਾਲਾਤ ਇਸ ਮੋੜ ਤੇ ਕਿਉਂ ਪਹੁੰਚ ਗਏ? ਕੀ  ਮੇਰੀ ਇਸ ਹਰਕਤ ਨੇ ਸਾਨੂੰ ਏਥੇ ਤੱਕ ਪੁਚਾਇਆ ਕਿ ਮੈਂ ਲਾਲ ਟਿੱਕੀ ਦੇ ਰਾਜ਼ ਦਾ ਪਰਦਾ ਫਾਸ਼ ਕੀਤਾ ? ਜਾਂ ਉਹ ਕਾਰਖਾਨੇ ਦਾ ਮਾਲਕ ,ਜਿੰਨ੍ਹੇ ਪਿੰਡਾਂ ਦੇ ਇਲਾਕਿਆਂ'ਚੋਂ ਪੇਂ ਡੂਆਂ ਨੂੰ ਫੜ ਕੇ ਸ਼ਹਿਰ ਵਾਲਿਆਂ ਲਈ ਉਹਨਾਂ ਇਨਸਾਨਾਂ ਦੇ ਗੋਸ਼ਤ ਤੋਂ ਭੋਜਨ  ਬਣਾਇਆ? ਜਾਂ ਫਿਰ ਪੂਰੀ ਮਾਨਵ-ਜਾਤੀ ਨੇ, ਜਿਸਨੇ ਇਸ ਖ਼ੂਬਸੂਰਤ ਧਰਤੀ ਨੂੰ ਇੱਕ ਪਰਜੀਵੀ ਵਾਂਗ ਨਿਚੋੜ  ਕੇ ਇਸ ਕਾਲਯੁਗ ਨੂੰ ਅਪਣੇ ਉੱਤੇ ਲਿਆਂਦਾ?

ਹੁਣ ਤਾਂ ਅੰਤਲੇ ਸਾਹਾਂ  ਤੱਕ ਰੋਜ਼  ਲੜਦੇ ਹਾਂ। ਭੁੱਖ ਨਾਲ ਕਈ ਆਦਮੀ ਆਦਮਖੋਰ  ਬਣ ਰਹੇ ਨੇ। ਪਤਾ ਨਹੀਂ ਦੁਸ਼ਮਣ  ਹੁਣ ਕਲਦਾਰ ਹੈ.. ਜਾਂ ਮੇਰੇ  ਨਾਲ਼ ਖੜ੍ਹਾ ਉਹ ਬੰਦਾ, ਜੋ ਭੁੱਖ ਦਾ ਮਾਰਿਆ ਹੋਇਆ  ਮੈਨੂੰ  ਤਾੜ ਰਿਹਾ ਹੈ।

ਜੇ ਤੁਸੀਂ ਇਹ ਖ਼ਤ ਪੜ੍ਹ ਰਹਿ ਹੋ, ਤਾਂ ਇਸਦਾ ਮਤਲਬ ਕਿ  ਮੈਂ  ਮਰ ਚੁੱਕਾ ਹਾਂ।ਤੁਸੀਂ ਜੋ ਹਾਲੇ ਬਚੇ ਹੋਏ ਹੋ,ਹੁਣ ਤੁਸੀਂ ਕੋਈ ਰਾਹ ਲੱਭੋ.....ਬਚਣ ਦਾ !
......................


No comments:

Post a Comment