Tuesday, January 5, 2010

ਚਿੜੀਆਂ ਦੀ ਮੌਤ.... (ਛੇ ਜਨਵਰੀ ਦੇ ਨਾਂ) -ਮਿੰਨੀ ਕਹਾਣੀ - ਭਿੰਦਰ



ਚਿੜੀਆਂ ਦੀ ਮੌਤ.... (ਛੇ ਜਨਵਰੀ ਦੇ ਨਾਂ) -ਮਿੰਨੀ ਕਹਾਣੀ   - ਭਿੰਦਰ


ਅੱਜ ਸਵਿੱਤਰੀ ਬੜੀ ਹੀ ਖੁਸ਼ ਸੀ। ਰਾਮ ਪ੍ਰਤਾਪ ਨਾਲ ਜੁੜ-ਜੁੜ ਕੇ ਬੈਠਦੀ ਸੀ। ਰੱਬ ਸਵਿੱਤਰੀ ਕੇ ਪ੍ਰੀਵਾਰ 'ਤੇ ਬੜਾ ਹੀ 'ਮਿਹਰਬਾਨ' ਹੋਇਆ ਸੀ। ਇਸ 'ਤੇ ਉਸ ਨੂੰ ਬੜਾ ਹੀ ਫ਼ਖ਼ਰ ਸੀ। ਨਹੀਂ ਤਾਂ ਪੱਚੀ ਸਾਲ ਹੋ ਗਏ ਸਨ ਉਸ ਦੇ ਵਿਆਹ ਹੋਏ ਨੂੰ, ਰਾਮ ਪ੍ਰਤਾਪ ਕੇ ਪ੍ਰੀਵਾਰ ਨੂੰ ਹੀ ਗਾਲ੍ਹਾਂ ਦੀ ਸੂੜ ਬੰਨ੍ਹੀ ਰੱਖਦੀ,"ਮੈਂ ਨੰਗਾਂ ਦੇ ਵਿਆਹੀ ਗਈ!" ਬਾਕੀ 'ਕੁੱਤੇ ਟੱਬਰ' ਤੋਂ ਬਿਨਾਂ ਗੱਲ ਹੀ ਨਾ ਕਰਦੀ। ਰਾਮ ਪ੍ਰਤਾਪ ਵੀ ਘੇਸਲ ਮਾਰ ਛੱਡਦਾ। ਕਲੇਸ਼ ਤੋਂ ਉਹ ਬਹੁਤ ਡਰਦਾ ਸੀ। ਘਰੇਲੂ ਕਲੇਸ਼ ਆਦਮੀ ਨੂੰ ਮਾਰ ਲੈਂਦਾ ਹੈ, ਉਹ ਹਮੇਸ਼ਾ ਇਹ ਹੀ ਸੋਚਦਾ ਰਹਿੰਦਾ। ਪੰਜਾਬ ਵਿਚ ਜੰਮਿਆਂ ਪਲਿਆ ਰਾਮ ਪ੍ਰਤਾਪ, ਪਹਿਲਾਂ ਪੰਜਾਬ ਅਤੇ ਫਿਰ ਦਿੱਲੀ ਦੀ ਬੇਰੁਜ਼ਗਾਰੀ ਨੇ ਮਾਰ ਲਿਆ ਸੀ। ਕੀ ਕਰਦਾ? ਚੁੱਪ ਹੀ ਬਿਹਤਰ ਸੀ! ਉਹ ਜ਼ਮੀਰ ਕੁਚਲ ਕੇ ਵੀ ਜੀਅ ਰਿਹਾ ਸੀ।
-"ਕਬੀਲਦਾਰ, ਨੂੰਹਾਂ ਧੀਆਂ ਆਲੀ ਐਂ, ਐਨਾਂ ਮਛਰੇਵਾਂ ਵੀ ਕੀ ਆਖ? ਮਾੜੀ ਮੋਟੀ ਸ਼ਰਮ ਕਰ ਲਿਆ ਕਰ!" ਰਾਮ ਪ੍ਰਤਾਪ ਨੇ ਧੁਆਂਖੀਆਂ ਮੁੱਛਾਂ 'ਚੋਂ ਬੀੜੀ ਦੀ 'ਲੰਬ' ਕੱਢਦੇ ਹੋਏ ਕਿਹਾ। ਅੱਜ ਉਹ ਵੀ ਬਾਗੋ-ਬਾਗ ਸੀ।
-"ਸਾਡੇ 'ਤੇ ਰਾਮ ਮਿਹਰਬਾਨ ਹੋ ਗਿਐ ਮੇਰੇ ਸੁਆਮੀ!" ਸਵਿੱਤਰੀ ਨੇ ਰਾਮ ਪ੍ਰਤਾਪ ਨੂੰ ਚੁੰਮਿਆਂ, "ਜਦੋਂ ਰਾਮ ਦਿੰਦੈ ਛੱਪਰ ਪਾੜ ਕੇ ਦਿੰਦੈ!"
-".......!" ਰਾਮ ਪ੍ਰਤਾਪ ਚੁੰਨ੍ਹੀਆਂ ਅੱਖਾਂ ਵਿਚ ਹੱਸਿਆ। ਉਹ ਸਾਵਿੱਤਰੀ ਨੂੰ ਹਰ ਪਾਸੇ ਤੋਂ ਸਮਝਦਾ ਸੀ। ਉਸ ਨੂੰ ਅਹਿਸਾਸ ਸੀ ਕਿ ਚਲੋ ਸਾਵਿੱਤਰੀ ਖੁਸ਼ ਤਾਂ ਸੀ!
-"ਪਹਿਲਾਂ ਚੁਰਾਸੀ 'ਚ ਆਪਾਂ ਨੂੰ ਗੁਰਮਖ ਸਿਉਂ ਦੇ ਘਰੋਂ ਵੀਡੀਓ ਤੇ ਫਰਿੱਜ ਮਿਲਿਆ।"
-"......!" ਰਾਮ ਪ੍ਰਤਾਪ ਚੁੱਪ ਸੀ, ਸੁਣ ਰਿਹਾ ਸੀ। 'ਲੂੰਬਾ' ਕੱਢ ਰਿਹਾ ਸੀ।
-"ਹੁਣ ਅਸਗਰ ਮੁਹੰਮਦ ਦੇ ਘਰੋਂ ਟੀ ਵੀ ਮਿਲ ਗਿਆ-ਮੇਰੇ ਮਗਰ ਲੱਗੋਂ ਤਾਂ ਸਾਰਾ ਪ੍ਰੀਵਾਰ ਐਸ਼ ਕਰੋਂ!" ਸਾਵਿੱਤਰੀ ਬੜੇ ਮਾਣ ਨਾਲ ਆਖ ਰਹੀ ਸੀ।
-"ਗੱਲ ਤੇਰੀ ਭਾਗਮਾਨੇਂ ਠੀਕ ਐ! 'ਕਰ-ਸੇਵਾ' 'ਚੋਂ ਕੀ ਮਿਲਿਆ?" ਰਾਮ ਪ੍ਰਤਾਪ ਟੈਕਸ-ਮਹਿਕਮੇਂ ਵਿਚ ਕੰਮ ਕਰਦਾ, ਘਪਲੇ ਵਿਚ ਛੇ ਮਹੀਨੇ ਸਜ਼ਾ ਖਾ ਚੁੱਕਾ ਸੀ।
-"ਤੂੰ 'ਕਾਰ-ਸੇਵਾ' ਦੇ ਫਲ ਦੇਖ!" ਰਾਮ ਪ੍ਰਤਾਪ ਨੇ ਆਕੜ ਕੇ ਕਿਹਾ। ਉਸ ਨੇ ਜੋਸ਼ ਵਿਚ ਲੰਮਾਂ ਸੂਟਾ ਮਾਰਿਆ ਤਾਂ ਉਸ ਨੂੰ ਹੱਥੂ ਆ ਗਿਆ।
-"ਆਯੁੱਧਿਆ ਮੇਂ ਮਰਨੇਂ ਵਾਲੋਂ ਕੀ ਸੰਖਿਆ ਛੇ ਸੌ ਦਸ ਹੋ ਗਈ।" ਅਸਗਰ ਮੁਹੰਮਦ ਦੇ ਘਰੋਂ ਜ਼ਬਰੀ ਲੁੱਟ ਕੇ ਲਿਆਂਦਾ ਟੀ ਵੀ ਦੱਸ ਰਿਹਾ ਸੀ।
-"ਇਕ ਚੁਰਾਸੀ ਜਾਂ ਆਯੁੱਧਿਆ ਵਰਗੀ Ḕਕਾਰ-ਸੇਵਾḔ ਹੋਰ ਸੁਰੂ ਹੋ ਜਾਵੇ ਤਾਂ ਆਪਣੇ ਘਰੇ ਕਾਰ ਵੀ ਆ ਜਾਵੇ।" ਸਾਵਿੱਤਰੀ ਆਖ ਰਹੀ ਸੀ।
-"ਚਲਾਊ ਤੇਰਾ ਪਿਓ? ਸਾਈਕਲ ਤਾਂ ਆਪਣੇ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ?"
-"ਸੁਆਮੀ! ਜਦੋਂ ਸੋਨਾਂ ਮਿਲੇ ਫੇਰ ਘੜ੍ਹਾਈ ਮਹਿੰਗੀ ਨਹੀਂ ਹੁੰਦੀ-ਵਕਤ ਨਾਲ ਸਭ ਕੁਛ ਹੀ ਆ ਜਾਂਦੈ-ਆਪਣਾ ਪੰਜੂ ਬੜਾ ਹੁਸ਼ਿਆਰ ਐ-ਸਭ ਕੁਛ ਸਿੱਖ ਜਾਵੇਗਾ!"
-"ਪਰ ਕਾਰ...?" ਰਾਮ ਪ੍ਰਤਾਪ ਨੇ ਟੀ ਵੀ 'ਤੇ ਗੱਡੀਆਂ ਅੱਖਾਂ ਪੱਟ ਕੇ ਪੁੱਛਿਆ।
-"ਇਹ ਤਾਂ ਮੇਰੇ ਸੁਆਮੀ ਸਮਾਂ ਹੀ ਦੱਸੂ ਕਿ 'ਕਾਰ-ਸੇਵਾ' ਜੈ ਵੱਢੇ ਸਿੱਖਾਂ ਦੇ ਖ਼ਿਲਾਫ਼ ਹੋਊ ਜਾਂ ਟੁੱਟ ਪੈਣੇ ਮੁਸਲਮਾਨਾਂ ਦੇ? ਮੈਂ ਤਾਂ ਕਾਰਾਂ ਦੇ ਨੰਬਰ ਵੀ ਜੁਬਾਨੀ ਯਾਦ ਕਰੀ ਫਿਰਦੀ ਆਂ!"
-"ਕੁਛ ਲੋਗੋਂ ਨੇ ਮੁਸਲਮਾਨ ਬਸਤੀ ਕੋ ਆਗ ਲਗਾ ਦੀ-ਜਿਸ ਮੇਂ ਤੀਨ ਬੱਚੇ ਔਰ ਛੇ ਬੁੜ੍ਹੀ ਔਰਤੇਂ ਜਲ ਗਈ-ਜਲੀ ਹੂਈ ਬਸਤੀ ਕੇ ਨੁਕਸਾਨ ਕਾ ਅੰਦਾਜ਼ਾ ਕਰੀਬ ਆਠ ਕਰੋੜ ਰੁਪਏ ਬਤਾਯਾ ਜਾ ਰਹਾ ਹੈ।" ਟੀ ਵੀ ਖਬਰਾਂ ਦੇ ਰਿਹਾ ਸੀ।
ਰਾਮ ਪ੍ਰਤਾਪ ਮਸਤ ਹੋਇਆ ਬੀੜੀ ਦੇ ਸੂਟੇ ਖਿੱਚੀ ਜਾ ਰਿਹਾ ਸੀ।
............................

No comments:

Post a Comment