Thursday, April 22, 2010

ਮੋਹ ਦੀ ਦੇਵੀ (ਮਿੰਨੀ ਕਹਾਣੀ) - ਭਿੰਦਰ ਜਲਾਲਾਬਾਦੀ

ਮੋਹ ਦੀ ਦੇਵੀ (ਮਿੰਨੀ ਕਹਾਣੀ) 


  ਭਿੰਦਰ ਜਲਾਲਾਬਾਦੀ
               ਅੱਜ ਜੀਤ ਕੌਰ ਅੰਤਾਂ ਦੀ ਉਦਾਸ ਸੀ। ਜਿਤਨੇ ਸੁਖ ਅਤੇ ਸਹੂਲਤਾਂ ਉਸ ਨੇ ਆਪਣੇ ਬੁੜ੍ਹਾਪੇ ਲਈ ਕਲਪੇ ਅਤੇ ਚਿਤਵੇ ਸਨ, ਉਤਨਾ ਹੀ ਸੋਗ, ਮਲਾਲ, ਉਦਾਸੀ ਅਤੇ ਦਿਲਗੀਰੀ ਉਸ ਦੇ ਪੱਲੇ ਪਈ ਸੀ। ਉਸ ਨੂੰ ਅਜੇ ਵੀ ਯਾਦ ਸੀ ਕਿ ਜਦ ਉਹ ਵਿਆਹੀ ਆਈ ਸੀ। ਸਾਲ ਕੁ ਬਾਅਦ ਉਸ ਅੰਦਰ ਮਾਂ ਬਣਨ ਦੇ ਅਰਮਾਨ ਕਰੂੰਬਲਾਂ ਵਾਂਗ ਅੰਗੜਾਈਆਂ ਲੈਣ ਲੱਗ ਪਏ। ਜਦ ਉਸ ਨੂੰ ਦੋ ਕੁ ਸਾਲ ਬੱਚਾ ਨਾ ਹੋਇਆ ਤਾਂ ਉਸ ਨੂੰ "ਬਾਂਝ" ਦੇ ਤਾਹਨੇ ਮਿਹਣੇ ਮਿਲਣੇ ਸ਼ੁਰੂ ਹੋ ਗਏ। ਜੀਤ ਕੌਰ ਰੱਬ ਨੂੰ ਮੰਨਣ ਵਾਲੀ ਅਤੇ ਰੱਬ ਤੋਂ ਡਰਨ ਵਾਲੀ ਔਰਤ ਸੀ। ਉਸ ਨੇ ਸਾਧਾਂ ਸੰਤਾਂ ਦੇ ਡੇਰੀਂ ਡੰਡਾਉਤਾਂ ਕਰਨੀਆਂ ਅਤੇ ਥਾਂ-ਥਾਂ ਮੱਥੇ ਰਗੜਨੇ ਸ਼ੁਰੂ ਕਰ ਦਿੱਤੇ। ਕਦੇ ਉਹ ਕਿਸੇ 'ਚਾਲੇ' ਜਾਂਦੀ ਅਤੇ ਕਦੇ ਕਿਤੇ ਚਾਲੀਸਾ ਵੀ ਕੱਟਦੀ। ਵਰਤ ਵੀ ਰੱਖਦੀ ਅਤੇ ਪਿੱਪਲਾਂ ਅਤੇ ਜੰਡਾਂ ਨੂੰ ਪਾਣੀ ਵੀ ਪਾਉਂਦੀ। ਉਸ ਦੇ ਘਰਵਾਲਾ ਸਾਧੂ ਸਿੰਘ ਵੀ ਸਿੱਧਾ ਸਾਧੂ ਬੰਦਾ ਸੀ। ਆਂਢਣਾਂ-ਗੁਆਂਢਣਾਂ ਵੱਲੋਂ ਮਾਰੇ ਜਾਂਦੇ ਤਾਹਨਿਆਂ ਦਾ ਉਸ 'ਤੇ ਕੋਈ ਅਸਰ ਨਹੀਂ ਸੀ। ਬੱਚਾ ਨਾ ਜੰਮ ਸਕਣ ਕਾਰਨ ਉਸ ਦਾ ਆਪਣੀ ਘਰਵਾਲੀ ਨਾਲ ਪ੍ਰੇਮ ਨਾ ਘਟਿਆ। ਉਹ ਵੀ ਰੱਬ ਦੀ ਰਜ਼ਾ ਵਿਚ ਰਾਜ਼ੀ ਹੀ ਰਿਹਾ। ਉਸ ਨੇ ਮੂੰਹ ਪਾੜ ਕੇ ਜੀਤ ਕੌਰ ਨੂੰ ਕੋਈ ਸ਼ਿਕਵਾ ਨਾ ਦਿਖਾਇਆ।
ਰੂੜੀ ਵਾਂਗ ਜੀਤ ਕੌਰ ਦੀ ਵੀ ਪੂਰੇ ਬਾਰ੍ਹਾਂ ਸਾਲਾਂ ਬਾਅਦ ਸੁਣੀ ਗਈ। ਰੱਬ ਦੇ ਘਰੋਂ ਮਿਹਰ ਹੋਈ ਅਤੇ ਉਸ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ। ਜਿਸ ਦਾ ਨਾਂ ਉਸ ਨੇ ਬੜੀ ਹਸਰਤ ਨਾਲ 'ਗੁਰਨੇਕ' ਰੱਖਿਆ। ਗੁਰੂ ਦਾ ਬਖ਼ਸ਼ਿਆ 'ਨੇਕ' ਪੁੱਤਰ! ਉਹ ਪੁੱਤਰ ਵਿਚ ਪਰਚ ਗਈ ਅਤੇ ਮੋਹ ਦੀ ਦੇਵੀ ਬਣ ਉਸ ਦੇ ਅੱਗੇ ਪਿੱਛੇ ਘੁੰਮਦੀ ਅਤੇ ਪੁੱਤ ਦੀ ਹਰ ਸਧਰ ਪੂਰੀ ਕਰਦੀ। ਸਾਧੂ ਸਿੰਘ ਵੀ ਪੁੱਤ ਨੂੰ ਸਾਰੀ ਦਿਹਾੜੀ ਮੋਢਿਆਂ 'ਤੇ ਚੁੱਕੀ ਰੱਖਦਾ। ਜਿੱਥੇ ਵੀ ਜਾਂਦਾ ਗੁਰਨੇਕ ਨੂੰ ਨਾਲ ਲੈ ਕੇ ਜਾਂਦਾ।
ਕੁਦਰਤ ਰੱਬ ਦੀ, ਇਕ ਦਿਨ ਸਾਧੂ ਸਿੰਘ ਦੀ ਟਰੱਕ ਦੀ ਫ਼ੇਟ ਵੱਜਣ ਕਾਰਨ ਮੌਤ ਹੋ ਗਈ। ਸ਼ਰਾਬੀ ਟਰੱਕ ਡਰਾਈਵਰ ਨੇ ਰਾਤ ਨੂੰ ਟਰੱਕ ਸਾਧੂ ਸਿੰਘ ਦੇ ਸਾਈਕਲ ਵਿਚ ਲਿਆ ਮਾਰਿਆ ਅਤੇ ਫ਼ਰਾਰ ਹੋ ਗਿਆ। ਉਸ ਦੀ ਥਾਂ 'ਤੇ ਹੀ ਮੌਤ ਹੋ ਗਈ ਸੀ। ਪਰ ਜੀਤ ਕੌਰ ਨੇ ਭਾਣਾਂ ਮੰਨ ਸਬਰ ਕਰ ਲਿਆ ਸੀ। ਹੁਣ ਉਹ 'ਕੱਲੇ-'ਕੱਲੇ ਪੁੱਤ ਦੇ ਆਸਰੇ ਦਿਨ 'ਤੋੜਨ' ਲੱਗ ਪਈ ਸੀ। ਇਕਲੌਤੇ ਪੁੱਤ ਦਾ ਉਹ ਮੁੜ੍ਹਕਾ ਵੀ ਨਾ ਸਹਾਰਦੀ। ਜੇ ਕਦੇ ਗੁਰਨੇਕ ਨੂੰ ਬੁਖ਼ਾਰ ਚੜ੍ਹ ਜਾਂਦਾ ਜਾਂ ਸਿਰ ਦੁਖਣ ਲੱਗ ਪੈਂਦਾ ਤਾਂ ਜੀਤ ਕੌਰ ਪੁੱਤ ਦੇ ਦੁਆਲੇ ਊਰੀ ਬਣ ਜਾਂਦੀ।
ਵਰ੍ਹੇ ਬੀਤ ਗਏ ਸਨ। ਗੁਰਨੇਕ ਮਾਂ ਦੀਆਂ ਆਸਾਂ Ḕਤੇ ਪੂਰਾ ਨਾ ਉਤਰਿਆ। ਭੈੜ੍ਹੀ ਸੰਗਤ ਵਿਚ ਫ਼ਸ ਉਹ ਨਸ਼ਿਆਂ ਵਿਚ ਗਲਤਾਨ ਹੋ ਕੇ ਮਾਂ ਵੱਲੋਂ ਆਵੇਸਲਾ ਅਤੇ ਫ਼ਿਰ ਲਾਪ੍ਰਵਾਹ ਹੋ ਗਿਆ। ਮਾਂ ਹੱਥ ਜੋੜਦੀ, ਪੈਰੀਂ ਚੁੰਨੀ ਧਰਦੀ, "ਵੇ ਪੁੱਤ! ਮੇਰਾ ਪੁੱਤ ਬਣਕੇ ਨਸ਼ੇ ਛੱਡ ਦੇਹ, ਚਾਹੇ ਮਾਂ ਦਾ ਕਾਲਜਾ ਖਾ ਲੈ, ਕਦੇ ਨਾਂਹ ਨਹੀਂ ਕਰਦੀ! ਦੇਖ ਤੈਨੂੰ ਕਿੰਨੇ ਤਰਲਿਆਂ ਨਾਲ ਲਿਐ ਸੱਚੇ ਪਾਤਸ਼ਾਹ ਤੋਂ!" ਪਰ ਗੁਰਨੇਕ ਦੀਆਂ ਆਦਤਾਂ ਸੁਧਰਨ ਦੀ ਵਜਾਏ ਹੋਰ ਵਿਗੜਦੀਆਂ ਗਈਆਂ ਅਤੇ ਉਹ ਅੰਤਾਂ ਦਾ ਅਲੱਥ ਅਤੇ ਵੈਲੀ-ਐਬੀ ਬਣ ਗਿਆ। ਉਹ ਜਰਦੇ-ਬੀੜੀ ਤੋਂ ਲੈ ਕੇ ਅਫ਼ੀਮ-ਡੋਡਿਆਂ ਤੱਕ ਹਰ ਨਸ਼ਾ ਵਰਤਦਾ। ਕਦੇ ਕਦੇ ਪੈਸੇ ਨਾਂ ਮਿਲਣ 'ਤੇ ਮਾਂ ਦੀ 'ਖਿੱਚ-ਧੂਹ' ਵੀ ਕਰਦਾ ਸੀ। ਨਸ਼ਿਆਂ ਕਾਰਨ ਅੱਠੇ ਪਹਿਰ ਗੁਰਨੇਕ ਨਾਲ ਸਿਰ ਖਪਾਉਂਦੀ ਮਾਂ ਨੂੰ ਪਹਿਲਾਂ ਬਲੱਡ ਪ੍ਰੈਸ਼ਰ ਅਤੇ ਬਾਅਦ ਵਿਚ ਅਧਰੰਗ ਦੀ ਬਿਮਾਰੀ ਚਿੰਬੜ ਗਈ। ਉਹ ਘਰ ਵਿਚ ਇਕੱਲੀ ਬੈਠੀ ਹੀ ਕੁੱਤੇ ਵਾਂਗ ਚੂਕੀ ਜਾਂਦੀ। ਪੁੱਤ ਉਸ ਦੀ ਖ਼ਬਰ ਨਾ ਲੈਂਦਾ। ਆਂਢੀ-ਗੁਆਂਢੀ ਰੱਬ ਦੇ ਨਾਂ ਨੂੰ ਮਾੜੀ ਮੋਟੀ ਦੁਆਈ-ਬੂਟੀ ਕਰਵਾਉਂਦੇ। ਪਰ ਜੀਤ ਕੌਰ ਦੀ ਬਿਮਾਰੀ ਨਿੱਤ ਦਿਹਾੜੇ ਹੋਰ ਭਿਆਨਕ ਹੁੰਦੀ ਗਈ।
....ਤੇ ਇਕ ਰਾਤ, ਜਦ ਜੀਤ ਕੌਰ ਨੇ ਸੁਆਸ ਤਿਆਗੇ ਤਾਂ ਉਸ ਦੇ ਮੂੰਹੋਂ ਆਖਰੀ ਸ਼ਬਦ ਨਿਕਲੇ, "ਵੇ ਪੁੱਤ ਨੇਕ! ਜਾਂਦੀ ਵਾਰੀ ਮੇਰੀ ਹਿੱਕ ਨੂੰ ਤਾਂ ਲੱਗਜਾ! ਵੇ ਮਾਂਵਾਂ ਐਸ ਆਖਰੀ ਸਮੇਂ ਵਾਸਤੇ ਰੱਬ ਤੋਂ ਪੁੱਤ ਮੰਗਦੀਆਂ ਹੁੰਦੀਐਂ ਬਈ ਜਾਂਦੀ ਵਾਰੀ ਮੇਰੇ ਮੂੰਹ 'ਚ ਪਾਣੀ ਪਾਊ!" ਪਰ ਉਸ ਦੇ ਬੁੱਲ੍ਹਾਂ ਨੂੰ ਪਾਣੀ ਲਾਉਣ ਵਾਲਾ ਵੀ ਕੋਲ ਕੋਈ ਨਹੀਂ ਸੀ। ਉਸ ਦਾ ਪੁੱਤ ਗੁਰਨੇਕ ਦੂਜੇ ਮੰਜੇ 'ਤੇ ਨਸ਼ੇ ਨਾਲ ਗੁੱਟ ਹੋਇਆ ਮੰਜੇ 'ਤੇ ਲੁੜਕਿਆ ਮੂਧੇ ਮੂੰਹ ਪਿਆ ਸੀ। ਮੋਹ ਦੀ ਦੇਵੀ, ਪਿਆਸੀ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ....!

No comments:

Post a Comment