Saturday, July 3, 2010

ਚਾਰ ਮਿੰਨੀ ਕਹਾਣੀਆਂ - ਰਵੀ ਸਚਦੇਵਾ

ਚਾਰ ਮਿੰਨੀ ਕਹਾਣੀਆਂ
ਰਵੀ ਸਚਦੇਵਾ
੧. ਸ਼ਨੀ ਭਾਰੂ ਜਾ ਮੰਗਲ    

ਨਿਹਾਲੇ ਨੂੰ ਆਉਦਾ ਵੇਖ ਸਾਧ ਨੇ ਅੱਖਾਂ ਮੀਚ ਲਈਆਂ 'ਤੇ ਹੱਥ 'ਚ ਫੜ੍ਹੀ ਮਾਲਾ ਫੇਰਨ ਲੱਗਾ। ਬਾਬਾ ਜੀ… ਬਾਬਾ ਜੀ… ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।
-"ਬਾਬਾ ਜੀ..." 'ਮੇਰੇ ਘਰ ਬੜਾ ਕਲੇਸ਼ ਏ। ਹਰ ਵਕਤ ਲੜਾਈ ਝਗੜਾ। ਜਦੋਂ ਦੀ ਉਹ ਘਰ ਆਈ ਏ ਘਰ ਦਾ ਸੁੱਖ ਚੈਨ ਖਤਮ ਹੋ ਗਿਆ। ਜਦ ਮੈਂ ਮਾਪਿਆਂ ਦਾ ਪੱਖ ਲੈਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ। ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਦਿਨ ਤੂੰ-ਤੂੰ, ਮੈਂ-ਮੈਂ, ਤੇਰਾ ਮੇਰਾ ਦੀ ਜੰਗ ਜੋਰਾ ਸ਼ੋਰਾਂ ਤੇ ਚੱਲਦੀ ਰਹਿੰਦੀ ਏ। ਜਦ ਮੈਂ ਆਪਣੀ ਵਹੁੱਟੀ ਦਾ ਸਾਥ ਦਿੰਦਾ ਹਾਂ ਤਾਂ  ਮਾਪੇ ਮੇਰੇ ਤੋਂ ਮੂੰਹ ਫੇਰ ਲੈਦੇ ਨੇ। "ਕਹਿੰਦੇ ਨੇ,  "ਕਾਕਾ ਤੂੰ ਕਵਾਰਾ ਹੀ ਚੰਗਾ ਸੀ,। ਜਦ ਦਾ ਤੇਰਾ  ਵਿਆਹ ਹੋਇਆ ਏ ਬਸ… ਤੀਵੀ ਜੋਗਾ ਏ। ਤੇਰੀ ਮਤ ਤਾਂ ਉਸਨੇ ਮਾਰ ਰੱਖੀ ਏ। ਉਸ ਬਾਰੇ ਸੋਚਣ ਤੋਂ ਵੇਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ। ਬਾਬਾ ਜੀ ਹੁਣ ਤੁਸੀ ਹੀ ਦੱਸੋ ਮੈਂ ਮਾਪਿਆਂ ਦੀ ਮੰਨਾ ਜਾਂ ਵਹੁੱਟੀ ਦੀ। ਦੋਹਾਂ ਪਾਸਿਓ ਮੇਰੀ ਹੀ ਹਾਰ ਏ।
-"ਕਾਕਾ" 'ਦੋਹਾਂ ਦਾ ਹੱਕ ਬਰਾਬਰ ਹੀ ਬਣਦੈ'। ਤੂੰ ਸਿਰਫ ਸੱਚ ਦਾ ਸਾਥ ਦੇ।      ਸਾਧ ਨੇ ਨਾਲ ਪਈ ਟੋਕਰੀ 'ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ, ਮੰਤਰ ਪੜ੍ਹਿਆ 'ਤੇ ਪੱਤੀਆਂ ਨੂੰ ਦਰੱਖਤ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ ਮਾਰਿਆ। ਜਿਸ 'ਤੇ ਲਿਖਿਆ ਹੋਇਆ ਸੀ। "ਦਕਸ਼ਣਾ ਸ਼ਰਧਾ ਅਨੁਸਾਰ"। ਨਿਹਾਲਾ ਸਮਝ ਗਿਆ। ਉਸਨੇ ਜੇਬ 'ਚੌ ਸੌਂ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ 'ਚ ਰੱਖ ਦਿੱਤਾ।
-"ਆਹ ਜੱਲ ਲੈ ਜੀਂ ਭਗਤਾ, ਘਰ ਜਾ ਕੇ ਛਿੜਕੀਂ। ਸਭ ਕੁਝ ਠੀਕ ਹੋ ਜੂ। ਸਾਡਾ      ਆਸ਼ੀਰਵਾਦ ਤੇਰੇ ਨਾਲ ਹੈ।                                          
ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇੱਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌ ਦਾ ਕੜਕਦਾ-ਕੜਕਦਾ ਪੱਤਾ ਵੇਖ, ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ। ਇੱਕ ਵਿaੁਂਤ ਬਣਾਈ। 'ਤੇ  ਇੱਕ ਨਵਾ ਦਾਅ ਸੁੱਟਿਆ।
-"ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ। ਤੇਰੇ ਕਰਨੀ ਜਾਂ ਮੂੰਹ 'ਚੋਂ ਨਿਕਲੀ ਕੋਈ ਅਜਿਹੀ ਗੱਲ ਜਿਸਨੇ ਤੇਰੀ ਚੰਗੀ ਕਿਸਮਤ ਦੀ ਰੇਖਾ ਕੱਟ ਦਿੱਤੀ 'ਤੇ ਤੈਨੂੰ ਗ੍ਿਰਹਾਂ ਦੇ ਚੱਕਰ ਵਿੱਚ ਪਾ ਦਿੱਤਾ"।
ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ। ਬਾਬੇ ਦਾ ਦਾਅ ਨਿਸ਼ਾਨੇ 'ਤੇ ਲੱਗਣ ਲਈ ਤਿਆਰ ਸੀ। ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ, ਉਸਦੇ ਬੁੱਲਾਂ ਦੇ ਹਿੱਲਣ ਦੀ ਉਡੀਕ ਵਿੱਚ ਸੀ।
-"ਜੀ… ਬਾਬਾ ਜੀ…" ਨਿਹਾਲਾ ਇੱਕਦਮ ਬੋਲ ਪਿਆ। ਕੀ ਦੱਸਾਂ ਬਾਬਾ ਜੀ… ਦੱਸਦੇ ਨੂੰ ਵੀ ਸ਼ਰਮ ਆਉਦੀ ਏ। ਗੱਲ ਉਸ ਸਮੇ ਦੀ ਹੈ। ਜਦੋ ਮੈਂ ਆਪਣੇ ਰਿਸ਼ਤੇ ਲਈ ਜੀਤੋ ਨੂੰ ਵੇਖਣ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ ਕਮਰੇ 'ਚ ਤੋਰ ਦਿੱਤਾ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿaਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਪਤਾ ਨਹੀ ਕਿਉ ਮੈਂ ਉਸਦੇ ਚੇਹਰੇ ਵੱਲ ਵੇਖ ਕੇ ਨੀਵੀਂ ਪਾ ਲਈ ਸੀ। ਸ਼ਾਇਦ… ਮੈਂਨੂੰ ਸ਼ਰਮ ਆ ਰਹੀ ਸੀ। ਨਾ ਗੱਲ ਸ਼ੁਰੂ ਉਹ ਕਰ ਰਹੀ ਸੀ 'ਤੇ.. ਨਾ ਹੀ ਮੈਂ…! ਕਿੰਨਾ ਹੀ ਚਿਰ aੁਹ ਮੇਰੇ ਬੂਥੇ ਵੱਲ, ਡੱਡੂ ਵਾਂਗ ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -"ਜੀ.. ਤੁਸੀ.. ਮੇਰੇ…ਤੋਂ.. ਕੁਝ ਪੁੱਛਣਾ ਨਹੀ  ਚਾਹੁੰਦੇ..."? ਮੈਂ ਘਬਰਾਹਟ ਵਿੱਚ ਬੋਲ ਗਿਆ "ਭੈਣ ਜੀ.. ਤੁਸੀ ਕਿੰਨੇ ਭੈਣ-ਭਰਾ ਓ"। ਪਹਿਲਾ ਤਾਂ ਉਹ ਗੁੱਸੇ 'ਚ ਲਾਲ ਪੀਲੀ ਹੋ ਗਈ 'ਤੇ ਫਿਰ ਜਲਦ ਹੀ ਠੰਢੀ ਪੈ ਗਈ। ਜਿਵੇਂ ਉਸਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ। ਹੱਸਦੀ ਹੋਈ ਉਹ ਬੋਲੀ, "ਜੀ.. ਪਹਿਲਾ ਤਾਂ ਤਿੰਨ ਭੈਣ-ਭਰਾ ਸਾਂ। ਪਰ ਹੁਣ ਲੱਗਦੈ ਜਿਵੇਂ ਚਾਰ ਹੋ ਗਏ ਆਂ। ਮੇਰਾ ਵੀ ਹਾਸਾ ਨਿੱਕਲ ਗਿਆ। ਦੋਹਾਂ ਨੂੰ ਹੱਸਦੇ ਵੇਖ ਮਾਪਿਆਂ ਨੇ ਸਾਡੇ ਬਾਹਰ ਆਉਣ ਤੋਂ ਪਹਿਲਾ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ ਭਾਣਾਂ ਮੰਨ ਕੇ ਅਸੀ ਵੀ  ਇਸ ਨਵੇਂ ਰਿਸ਼ਤੇ ਨੂੰ ਕਬੁਲ ਕਰ ਲਿਆ।
-"ਕਾਕਾ" 'ਉਸ ਦਿਨ ਭਲਾ ਵਾਰ ਕਹਿੜਾ ਸੀ,। ਬਾਬਾ ਗੜ੍ਹਵੀ ਵਿਚਲੇ ਨੋਟ ਨੂੰ ਚੱਕਦਾ ਹੋਇਆ ਬੋਲਿਆ।
-"ਸ਼ਾਇਦ.. ਬਾਬਾ ਜੀ.. ਸ਼ਨੀਵਾਰ,।
-"ਕਾਕਾ" ਪੈ ਗਿਆ ਨਾ ਪੰਗਾ। ਗ੍ਰਹਾਂ ਦਾ ਚੱਕਰ। ਸ਼ਨੀ ਦੀ ਕਰੋਪੀ। ਹੁਣ ਤਾਂ ਪਾਣੀ ਦੇ ਛਿੜਕਾ ਨਾਲ ਵੀ ਕੁਝ ਨਹੀ ਬਣਨਾਂ। ਹਵਨ ਕਰਾਉਣਾਂ ਪੈਣਾ ਏ। ਕਾਕਾ ਇੰਜ ਕਰ ਮੇਰੇ ਚੇਲੇ ਨੂੰ ਕਵੰਜਾ ਸੌਂ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।
-"ਪਰ ਬਾਬਾ ਜੀ ਮੇਰੇ ਕੋਲ ਤਾਂ…!!"
-"ਕੋਈ ਗੱਲ ਨਹੀ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ, ਤੂੰ ਦੇਜਾ ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਗੇ।
ਜੇਬ ਖਾਲ੍ਹੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ…!!

੨.ਖਾਮੋਸ਼ ਜਵਾਲਾਮੁੱਖੀ  

ਮੀਂਹ ਪੈ ਹਟਿਆ ਸੀ। ਹਵਾ ਬੰਦ ਹੋਣ ਕਾਰਨ ਛੱਤ 'ਤੇ ਵੀ ਤਾਅ ਜਿਹਾ ਸੀ। ਸੂਰਜ ਡੁੱਬਣ ਵਾਲਾ ਸੀ। ਆਕਾਸ਼ 'ਚ ਛਾਏ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰ ਰੱਖਿਆ ਸੀ। ਨੀਲੇ ਅੰਬਰ 'ਚ ਛਾਈਆਂ ਕਾਲੀਆਂ ਘਟਾਵਾਂ ਵੱਲ ਵੇਖ ਆਪਣੇ ਅਤੀਤ ਨੂੰ ਫਰੋਲਦੀ ਬੇਬੇ ਮੰਜੇ ਦੇ ਇੱਕ ਕੋਨੇ ਤੇ ਪਈ ਸੀ। ਯਾਦਾਂ ਦੀ ਉਧੇੜ ਬੁਣ 'ਚੋ ਉਸਨੇ ਅਤੀਤ ਦੇ ਸਾਰੇ ਪੱਤਰੇ ਫਰੋਲੇ। ਬੇਬੇ ਤਰੇਂਹਟ ਸਾਲ ਦੀ ਇੱਕ ਕਵਾਰੀ ਔਰਤ ਸੀ। ਨਾ ਬੱਚਿਆਂ ਦਾ ਸ਼ੋਰ, ਨਾ ਘਰ-ਗ੍ਰਸਤੀ ਦਾ ਫਿਕਰ। ਅੱਧੀ ਤੋਂ ਵੱਧ ਉਮਰ ਲੰਗ ਚੁੱਕੀ ਸੀ। ਆਪਣੀ ਤਨਹਾਈ 'ਚ ਉਹ ਅਕਸਰ ਸਪਨਿਆਂ ਦੇ ਮਹਿਲ ਖੜ੍ਹੇ ਕਰਦੀ ਸੀ। ਇੰਜ ਹੀ  ਬਚੀ ਜਿੰਦਗੀ ਲੱਗ ਰਹੀ ਸੀ। ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀ ਸੋਚਾਂ ਦੀ ਲੜੀ ਨੂੰ ਇੱਕਦਮ ਤੋੜ ਦਿੱਤਾ।
-"ਕੀ ਹੋਇਆ ਤਾਈ ਜੀ, ਬੜੇ ਉਦਾਸ ਬੈਠੇ ਓ…?
-"ਕੁਝ ਨਹੀ ਨਸੀਬ ਕੋਰੇ। ਬਸ … ਜਵਾਨੀ ਦੇ ਦਿਨਾਂ 'ਚ ਕੀਤਾ ਇੱਕ ਫੈਸਲਾ ਕਦੇ- ਕਦੇ ਬਹੁਤ ਗਲਤ ਲਗਦੈਂ। ਕਾਸ਼ ਸਾਡਾ ਸਮਝੌਤਾ ਹੋ ਜਾਦਾ… 'ਤੇ ਅੱਜ ਮੇਰੇ ਵੀ…?
-"ਤਾਈ ਜੀ, 'ਮੈਂ ਕੁਝ ਸਮਝੀ ਨਹੀ। ਤੁਸੀ ਕੀ ਕਹਿਣਾਂ ਚਾਹੁੰਦੇ ਓ।
-" ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ।  ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ ਪ੍ਰੀਵਾਰ ਹੁੰਦਾ। ਨਿਆਂਣੇ ਮਾਂ ਕਹਿ ਕੇ ਬਲਾਉਦੇ, ਮੇਰੀ ਸੁੱਨੀ ਗੋਦ ਅੱਜ ਭਰੀ ਹੁੰਦੀ। ਕਾਸ਼.. ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ……?
-"ਕੌਣ ਸੀ ਤਾਈ ਜੀ ਓ…?"
-ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ। ਸਰਦਾਰ ਸੀ ਉਹ। ਮੁੱਛ ਫੁੱਟ ਗੱਬਰੂ। ਸੱਥ 'ਚ ਸੌਦੇ ਦੀ ਦੁਕਾਨ ਕਰਦਾ ਸੀ। ਹੁਣ ਤਾਂ ਸੁੱਖ ਨਾਲ ਉਸਦੇ ਨਿਆਣੇ ਵੀ ਜਵਾਨ ਹੋ ਗਏ ਹੋਣਗੇ। ਪਰ ਮੈਂ ਤਾਂ ਹਲੇ ਵੀ ਉਥੇ ਦੀ ਉਥੇ… ਖੜ੍ਹੀ ਹਾਂ। ਕਿੰਨੇ ਚੰਗੇ ਸਨ ਜਵਾਨੀ ਦੇ ਉਹ ਮੌਜ-ਮਸਤੀ ਭਰੇ ਦਿਨ। ਅਸੀ ਦੋਨੋ ਹੀ ਕੱਚੀ ਉਮਰ ਦੇ ਸਾਂ। ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ। ਰੱਬ ਪਤਾ ਨਹੀ ਕਿਹੜਿਆਂ ਰੰਗਾਂ 'ਚ ਰਾਜ਼ੀ ਸੀ। ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ, ਅਸੀ ਚੱਲ ਪਏ ਨਵੇ ਰਾਹਾਂ ਤੇ ਆਪੋ –ਆਪਣੀ ਮੰਜਿਲ ਦੀ ਭਾਲ ਵਿੱਚ। ਨਾ ਉਸਦੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ 'ਤੇ ਨਾ ਮੇਰੇ ਮੌਲਾ ਨੇ।
-"ਤਾਈ ਜੀ, "ਉਹ ਕਿਹੜਾ ਫੈਂਸਲਾ ਸੀ। ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾ..?
-"ਬੱਚਪਨ ਦਾ ਪਿਆਰ ਜਵਾਨੀ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ। ਸਾਡੇ ਪਿਆਰ ਦੀਆਂ ਗੱਲਾਂ ਖੁੱਲ ਕੇ ਹੋਣ ਲੱਗੀਆਂ ਸਨ। ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਜਦ ਗੱਲ ਵਿਆਹ ਤੱਕ ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ। ਕਹਿੰਦਾ ਤੂੰ ਸਰੋਪਾ ਪਾ ਲੈ। ਸਿੱਖਣੀ ਬਣ ਜਾ।
-"ਫਿਰ ਤਾਈ ਜੀ ਤੁਸੀ ਕੀ ਕਿਹਾ…?"
-"ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ। ਮੈਂ ਵੀ ਕਹਿ ਦਿੱਤਾ ਉਸਨੂੰ ਤੂੰ ਮੁੱਸਲਮਾਨ ਹੋ ਜਾ।"
-"ਫਿਰ ਤਾਈ ਜੀ……?"
-"ਫਿਰ ਕੀ, ਨਾਂ ਉਸਨੇ ਮੁੜਕੇ ਵੇਖਿਆ 'ਤੇ ਨਾਂ ਮੈਂ। ਸਾਡਾ ਬਚਪਨ ਦਾ ਪਿਆਰ ਧਰਮ 'ਤੇ ਕੌਮ ਲਈ ਕੁਰਬਾਨ ਹੋ ਗਿਆ। ਜਦ ਆਪਣਾ ਫੈਸਲਾ ਗੱਲਤ ਲੱਗਣ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਸਮਾਂ ਹੱਥੋ ਨਿੱਕਲ ਚੁੱਕਾ ਸੀ। "ਨਸੀਬ ਕੋਰੇ, "ਮੈਂ-ਮੈਂ, ਤੂੰ-ਤੂੰ, ਮੇਰਾ-ਤੇਰਾ ਹੰਕਾਰ  ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਖੂੰਨ ਕਰਦੀ ਏ। ਜਦ ਕਿ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ, ਹਰ ਇੱਕ ਧਰਮ ਕੌਮ ਦਾ ਸਤਿਕਾਰ, ਭਾਈਚਾਰਕ 'ਤੇ ਪਿਆਰ ਮੁੱਹਬਤ ਦੀ ਸਾਂਝ ਨਵੇ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ। ਕਾਸ਼…ਅਸੀ ਦੋਨੋ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ। ਆਪੋ- ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿੰਦੇ ਹੋਏ। ਇੱਕ-ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ। ਕਾਸ਼……!!  
ਲੰਬਾ ਹੌਂਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ। ਇੱਕ ਖਾਮੋਸ਼ ਜਵਾਲਾਮੁੱਖੀ ਦੀ ਤਰ੍ਹਾਂ। ਸ਼ਾਂਤ…… ਬਿੱਲਕੁਲ ਸ਼ਾਂਤ………!!

੩.ਸ਼ਗਨ

ਅੱਜ ਸਵੇਰ ਦਾ ਮੀਹ ਪੈ ਰਿਹਾ ਸੀ। ਨਿੱਕੀਆਂ-ਨਿੱਕੀਆਂ ਕਣੀਆਂ। ਅੱਧੀ ਰਾਤ ਲੰਘ ਚੁੱਕੀ ਸੀ। ਪਰ ਨੀਂਦ ਮੇਰੇ ਤੌਂ ਕੋਹਾਂ ਦੂਰ ਸੀ। ਵਾਰ-ਵਾਰ ਪਾਸੇ ਪੱਲਟ ਰਹੀ ਸਾਂ। ਅਚਾਨਕ ਖੜ੍ਹਕਾ ਹੋਇਆ। ਮੈਂ ਉੱਠਦੇ ਹੀ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ। ਖੜ੍ਹਕਾ ਫਿਰ ਹੋਇਆ। ਇੱਕ ਵੱਟਾ ਮੇਰੇ ਪੈਰਾਂ ਕੋਲ ਆਕੇ ਡਿੱਗਿਆ। ਪਹਿਲਾ ਤਾਂ ਮੈਂ ਡਰ ਗਈ। 'ਤੇ ਫਿਰ…… ਮੈਂ ਸਮਝ ਗਈ। ਚੰਗਾ ਸ਼ਗਨ ਸੀ। ਉਹ ਇੱਕ ਪਿਆਰਾ ਸ਼ੈਤਾਨ ਸੀ। ਮੇਰਾ ਗੁਆਢੀ। ਘਰ ਦੇ ਬੂਹੇ ਆਹਮੋ ਸਾਹਮਣੀ। ਉਹ ਕੁਆਰਾ 'ਤੇ ਮੈਂ ਵਿਆਹੀ ਇੱਕ ਪਰਬਲ ਲਾਟ……, ਹਰ ਰੋਜ਼ ਬਲਦੀ ਸਾਂ। ਬੁਝਾਉਣ ਵਾਲਾ ਵਤਨੋ ਪਾਰ। ਮੈਂ ਉਡੀਕ ਕਰਦੀ ਹਾਂ ਉਸਦੇ ਵਿਦੇਸ਼ੋ ਪਰਤਨ ਦੀ। ਪਰ ਉਸਨੂੰ ਸ਼ਾਇਦ… ਡੋਲਰਾ 'ਚ  ਮੈਂ ਦਿਖਦੀ ਹਾਂ। ਜਾਂ ਫਿਰ ਉਸਨੇ ਕਿਸੀ ਗੋਰੀ ਨਾਲ ਡੂਗੀ ਸਾਝ ਪਾ ਰੱਖੀ ਏ। ਜਦ ਉਸ  ਚਦਰੇ ਦੀ ਯਾਦ ਸਤੋਦੀ ਏ ਤਾਂ ਇਸ ਚਦਰੇ ਨੂੰ ਯਾਦ ਕਰ ਲੈਦੀ ਹਾਂ। ਟਾਇਮ ਸੌਖਾ ਲੰਘਣ ਲੱਗਦੈਂ। ਸ਼ਾਲ ਦੀ ਬੁੱਕਲ ਮਾਰ ਮੈਂ ਪੌੜੀਆਂ ਚੜ੍ਹੀ। ਉਹ ਕੋਠੇ 'ਤੇ ਖੜ੍ਹਾ ਇੱਕ ਹੋਰ ਵੱਟਾ ਮਾਰਨ ਲਈ ਤਿਆਰ ਸੀ। ਮੈਂਨੂੰ ਵੇਖ ਕੇ ਉਹ ਰੁਕ ਗਿਆ। ਗਲੀ 'ਚ ਲੱਗੀ ਟਿਊਬ ਦੀ ਰੌਸ਼ਨੀ ਇੱਕ ਦੂਜੇ ਨੂੰ ਨਿਹਾਰਨ ਲਈ ਕਾਫੀ ਸੀ। ਕੁਝ ਸਮਾਂ ਅਸੀ ਇੱਕ ਦੂਜੇ ਦੀਆ ਅੱਖਾਂ 'ਚ ਅੱਖਾਂ ਪਾਈ ਮੂਕ ਖੜ੍ਹੇ ਰਹੇ। ਮੀਂਹ ਦੀ ਟਿੱਪ ਟਿਪਾਹਟ ਦੋਹਾ ਦੇ ਸ਼ਰੀਰ ਤੇ ਭਾਂਬੜ ਮਚਾ ਰਹੀ ਸੀ। 'ਤੇ ਠੰਡੀ ਸੀਤ ਹਵਾ ਝੁਰਝੁਰੀ ਜਿਹੀ ਮਚਾਉਦੀ ਭਾਂਬੜ ਨੂੰ ਹੋਰ ਤੇਜ ਕਰ ਰਹੀ ਸੀ। ਉਸਨੇ ਮੈਂਨੂੰ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ ਤੇ ਮੈਂ ਉਸਨੂੰ ਅੰਦਰ ਆਉਣ ਦੀ ਸਹਿਮਤੀ ਦਾ…। ਅੰਦਰ ਵੜਦੇ ਹੀ ਉਸਨੇ ਬਾਹਾਂ ਪਸਾਰ ਮੈਂਨੂੰ ਨਿਮੰਤ੍ਰਣ ਦਿੱਤਾ। ਮੈਂ ਕਦ ਉਸਦੇ ਨਾਲ ਚੁੰਬੜ ਗਈ ਪਤਾ ਹੀ ਨਾ ਲੱਗਾ……!!

   ੩.ਆਸ਼ੀਰਵਾਦ ਜਾਂ ਬਦਦੁਆ

-"ਮੰਮੀ ਜੀ… !! ਦੁੱਧ ਨੂੰ ਬਿੱਲੀ ਮੂੰਹ ਲਾ ਗਈ, ਡੋਲ ਦੇਵਾਂ"।
-"ਨਹੀਓ ਧੀਏ ਡੋਲ੍ਹਣਾ ਕਾਹਨੂੰ ਏ,  ਜਾਹ ਦਾਦੀ ਨੂੰ ਦੇ ਆਂ। ਖੁਸ਼ ਹੋ ਜੂ"
-"ਠੀਕ ਏ ਮੰਮੀ ਜੀ" ਧੀ ਆਪਣੀ ਮਾਂ ਦੀ ਅਕਲਮੰਦੀ 'ਤੇ ਮੁਸਕਰਾਈ 'ਤੇ ਦੁੱਧ ਦੀ  
ਭਰੀ ਗਲਾਸੀ  ਉਸਨੇ ਦਾਦੀ ਨੂੰ ਜਾਂ ਫੜ੍ਹਾਈ। ਦਾਦੀ ਇੱਕ ਦਮ ਗੱਟ ਗੱਟ ਕਰਦੀ ਸਾਰੇ ਦਾ ਸਾਰਾ ਦੁੱਧ ਇੱਕੋ ਸਾਹੀਂ ਗਟਾਰ ਗਈ। ਦੁੱਧ ਪੀਂਦੇ ਹੀ ਦਾਦੀ ਨੇ ਇੱਕ ਲੰਬਾ ਜਿਹਾ  ਹੋਕਾ ਭਰੀਆ 'ਤੇ ਪਿਆਰ ਭਿਜੀਆ ਨਜ਼ਰਾ ਨਾਲ ਤੱਕਦੇ, ਆਸ਼ੀਰਵਾਦ ਦਿੰਦਾ।"ਜਿੰਦੀ ਵਸਦੀ ਰੇਹ ਧੀਏ"। ਤੈਨੂੰ ਵੀ, ਇੰਜ ਹੀ ਸੇਵਾ ਕਰਣ ਵਾਲੀ ਧੀ ਰੱਬ ਦੇਵੇ"। ਦਾਦੀ  ਦਾ ਆਸ਼ੀਰਵਾਦ ਪੋਤੀ ਨੂੰ ਇੱਕ ਤੱਤੀ ਹਵਾ ਦਾ ਬੁੱਲਾ ਲੱਗੀਆ। ਜੋ ਉਸਦੇ ਜਿਸਮ ਨੂੰ ਛੂੰਹਦਾ, ਇੱਕ ਡਰ ਜਿਹਾ ਪੈਦਾ ਕਰਦਾ ਕਿਤੇ ਦੂਰ ਨਿੱਕਲ ਗਿਆ। ਉਹ ਬੇਵੱਸ ਡੁੰਨ ਵੱਟ ਬਣੀ ਆਪਣਾ ਆਪ ਸੰਭਾਲਦੀ ਠੰਠਬਰ ਗਈ 'ਤੇ ਮੂੰਹ 'ਚ ਉਗਲਾ ਪਾਉਦੀ, ਇੱਕ ਕੋਨੇ 'ਤੇ ਖੜ੍ਹੀ  ਸੋਚ ਰਹੀ ਸੀ ਕਿ ਦਾਦੀ ਨੇ ਉਸਨੂੰ ਆਸ਼ੀਰਵਾਦ ਦਿੱਤਾ ਹੈ ਜਾਂ ਫਿਰ…  ਫੋਕੀ ਵਡਿਆਈ ਖਟਣ ਦੀ ਕੋਈ  ਬਦਦੂਆ… ?

No comments:

Post a Comment