Tuesday, June 15, 2010

ਦੋ ਕਹਾਣੀਆਂ- ਭਿੰਦਰ ਜਲਾਲਾਬਾਦੀ

ਦੋ ਕਹਾਣੀਆਂ
ਭਿੰਦਰ ਜਲਾਲਾਬਾਦੀ 
ਆਖ਼ਰੀ ਦਾਅ 
 ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।
 ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।
 ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।
 ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ
ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।
 ''ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ 'ਪੈਨੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।
 ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ''ਓ ਗੌਡ-ਓ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ 'ਸੌਰੀ-ਸੌਰੀ' ਦੀ ਰਟ ਲਾ ਲਈ।
 ''ਕੀ ਨਾਂ ਏਂ ਤੇਰਾ, ਯੰਗਮੈਨ?"
 ''ਰਣਬੀਰ, ਰਣਬੀਰ ਸਿੰਘ!"
 ''ਲੋਕਲ ਹੀ ਰਹਿੰਨੈਂ?"
 ''ਹਾਂ ਜੀ!"
 ''ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।
 ਰਣਬੀਰ ਦਾ ਮਨ ਹਲਕਾ ਹੋ ਗਿਆ।
 ''ਕਿਹੜੀ ਰੋਡ 'ਤੇ ਰਹਿੰਨੈ?"
 ''ਹਾਈ ਰੋਡ 'ਤੇ, ਇੱਕੀ ਨੰਬਰ 'ਚ!"
 ''ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"
 ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।
 ''ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।
 ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।
 ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।
  ...ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ ...! ਬੱਸ ਇਹੀ ਉਸ ਦਾ 'ਆਖ਼ਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ ...!
*************
ਘੱਲੂਘਾਰਾ
           ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ। ਬੇਬੇ ਭੰਤੋ ਦਾ ਪ੍ਰੀਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ ਪਤਾ ਲੱਗਿਆ ਤਾਂ ਉਹ ਨਾ ਤਾਂ ਰੋਈ ਅਤੇ ਨਾ ਹੀ ਕੋਈ ਪਿੱਟ ਸਿਆਪਾ ਕੀਤਾ। ਬੱਸ, ਟੱਬਰ ਦੇ ਅੱਠ ਜੀਆਂ ਦੀਆਂ ਲਾਸ਼ਾਂ ਦੇਖ ਕੇ ਬੁੱਤ ਹੀ ਬਣ ਗਈ ਸੀ! ਚੁੱਪ ਚਾਪ ਅਤੇ ਸਿਲ-ਪੱਥਰ!
ਬੇਬੇ ਭੰਤੋ ਦਾ ਸਾਰਾ ਪ੍ਰੀਵਾਰ ਉਸ ਨੂੰ ਘਰ ਸੰਭਾਲ਼ ਕੇ ਤੀਰਥ ਯਾਤਰਾ Ḕਤੇ ਗਿਆ ਸੀ ਅਤੇ ਹਾਦਸੇ ਕਾਰਨ ਰਸਤੇ ਵਿਚ ਹੀ ਲਾਸ਼ਾਂ ਬਣ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਬੇਬੇ ਕਿਸੇ ਤੀਰਥ ਅਸਥਾਨ Ḕਤੇ ਨਹੀਂ ਗਈ ਸੀ। ਤੀਰਥ ਯਾਤਰਾ ਤੋਂ ਵਾਪਸ ਆਉਂਦਾ ਪ੍ਰੀਵਾਰ ਬੱਜਰੀ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ ਅਤੇ ਟਰੱਕ ਨੇ ਸਾਰਾ ਪ੍ਰੀਵਾਰ ਕੁਚਲ ਦਿੱਤਾ ਸੀ ਅਤੇ ਬੇਬੇ ਭੰਤੋ ਦਾ ਵਸਦਾ-ਰਸਦਾ ਘਰ ਉੱਜੜ ਗਿਆ ਸੀ। ਉਸ ਹਾਦਸੇ ਤੋਂ ਬਾਅਦ ਨਾਂ ਤਾਂ ਬੇਬੇ ਕਿਸੇ ਨਾਲ ਬੋਲਦੀ ਅਤੇ ਨਾ ਹੀ ਕਿਸੇ ਨੇ ਹੱਸਦੀ ਦੇਖੀ ਸੀ। ਪ੍ਰੀਵਾਰ ਦੇ ਅੱਠ ਜੀਆਂ ਦੇ ਸਸਕਾਰ ਵੇਲੇ ਬੇਬੇ ਆਮ ਲੋਕਾਂ ਨਾਲ ਸ਼ਮਸ਼ਾਨਘਾਟ ਗਈ ਅਤੇ ਸਸਕਾਰ ਕਰਵਾ ਕੇ ਵਾਪਸ ਆ ਗਈ ਸੀ। ਰਿਸ਼ਤੇਦਾਰ ਫ਼ੁੱਲ ਚੁਗ ਕੇ ਤਾਰ ਆਏ ਸਨ। ਬੇਬੇ ਉਹਨਾਂ ਨਾਲ ਫ਼ੁੱਲ ਤਾਰਨ ਵੀ ਨਹੀਂ ਗਈ ਸੀ। ਜਦ ਫ਼ੁੱਲ ਤਾਰੇ ਗਏ ਤਾਂ ਬੇਬੇ ਦਾ ਸ਼ਾਮ ਨੂੰ ਆਟਾ ਗੁੰਨ੍ਹਦੀ ਦਾ ਦਿਲ ਹਿੱਲਿਆ। ਹੌਲ ਜਿਹਾ ਪਿਆ ਕਿ ਉਹ ਉਸ ਘਰ ਵਿਚ ਇਕੱਲੀ ਬੈਠੀ ਸੀ, ਜਿਸ ਘਰ ਵਿਚ ਕਦੇ ਚਿੜੀ ਚੂਕਦੀ ਨਹੀਂ ਸੀ ਸੁਣਦੀ ਅਤੇ ਪੋਤੇ-ਪੋਤੀਆਂ ਰੌਣਕਾਂ ਲਾਈ ਰੱਖਦੇ ਸਨ। ਉਹ ਕਿਸੇ ਨੂੰ ਝਿੜਕਦੀ ਅਤੇ ਕਿਸੇ ਨੂੰ ਵਿਰਾਉਂਦੀ ਸੀ।
ਰਿਸ਼ਤੇਦਾਰਾਂ ਨੇ ਬੇਬੇ ਕੋਲ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਹੁਣ ਬੇਬੇ ਅੱਧੇ ਕਿੱਲੇ ਦੇ ਘਰ ਅਤੇ ਵੀਹ ਕਿੱਲੇ ਜ਼ਮੀਨ ਦੀ Ḕਕੱਲੀ ਮਾਲਕ ਸੀ। ਲੋਕਾਂ ਨੂੰ ਇਹ ਸੀ ਕਿ ਇਕੱਲੀ ਬੁੱਢੀ ਨੂੰ ḔਸੇਵਾḔ ਦੀ ḔਆੜḔ ਵਿਚ ਖ਼ੁਸ਼ ਰੱਖੋ ਅਤੇ ਜ਼ਮੀਨ ਹਥਿਆਉਣ ਵਾਲ਼ੀ ਗੱਲ ਕਰੋ! ਪਰ ਬੇਬੇ ਨੇ ਇੱਕੋ ਗੱਲ ਵਿਚ ਨਬੇੜ ਦਿੱਤੀ ਸੀ, "ਜੇ ਰੱਬ ਨੂੰ ਮੇਰੇ Ḕਤੇ ਤਰਸ ਆਉਂਦਾ ਹੁੰਦਾ, ਤਾਂ ਮੇਰਾ ਸਾਰਾ ਟੱਬਰ ਨਾ ਖੋਂਹਦਾ ਭਾਈ! ਹੁਣ ਤੁਸੀਂ ਮੇਰੀ ਚਿੰਤਾ ਛੱਡੋ ਤੇ ਆਪਂਣੇ ਪ੍ਰੀਵਾਰਾਂ ਦਾ ਫ਼ਿਕਰ ਕਰੋ! ਮੈਂ ਆਪਣੇ ਘਰ ਰੱਬ ਦੀ ਰਜ਼ਾ Ḕਚ ਰਾਜ਼ੀ ਆਂ! ਮੇਰੀ ਚਿੰਤਾ ਦਿਲੋਂ ਕੱਢ ਦਿਓ!"
ਜ਼ਮੀਨ ਦੇ ਲਾਲਚ ਵਿਚ ਆਏ ਰਿਸ਼ਤੇਦਾਰ ਨਿਰਾਸ਼ ਪਰਤ ਗਏ ਸਨ। ਬੰਦਾ ਨਿਰਾਸ਼ਾ ਵਿਚ ਵੀ ਉਦੋਂ ਹੀ ਆਉਂਦਾ ਹੈ, ਜਦ ਉਸ ਨੂੰ ਕੋਈ ਆਸ ਬੱਝੀ ਹੋਈ ਹੋਵੇ! ਪਰ ਲਾਲਚੀ ਰਿਸ਼ਤੇਦਾਰ ਤਾਂ ਬਹੁਤਾ ਹੀ ਨਿਰਾਸ਼ ਹੋ ਗਏ ਸਨ।
ਫ਼ੇਰ ਜਦ ਬੇਬੇ ਨੂੰ ਪੀਲੀਆ ਹੋਇਆ ਤਾਂ ਸਾਕ-ਸਬੰਧੀਆਂ ਨੂੰ ਫ਼ਿਰ ḔਸੇਵਾḔ ਦਾ ḔਬਹਾਨਾḔ ਮਿਲ ਗਿਆ। ਉਹਨਾਂ ਨੇ ਫ਼ਿਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੇਬੇ ਨੇ ਫ਼ਿਰ ਸਾਰੇ ਇਕ ਗੱਲ ਨਾਲ ਹੀ ਖੂੰਜੇ ਲਾ ਧਰੇ।
"ਤੁਹਾਨੂੰ ਮੈਂ ਅੱਗੇ ਵੀ ਕਿਹੈ ਬਈ, ਤੁਸੀਂ ਮੇਰਾ ਫ਼ਿਕਰ ਛੱਡੋ! ਮੈਂ ਨਹੀਂ ਮਰਦੀ! ਮੈਨੂੰ ਤਾਂ ਓਦੋਂ ਨਹੀਂ ਕੁਛ ਹੋਇਆ, ਜਦੋਂ ਮੇਰਾ ਸਭ ਕੁਛ ਉੱਜੜ ਗਿਆ ਸੀ? ਹੁਣ ਮੈਨੂੰ ਕੀ ਹੋਣੈਂ? ਤੁਸੀਂ ਆਪਣੇ ਆਪਣੇ ਘਰੇ ਬੈਠ ਕੇ ਰੱਬ ਰੱਬ ਕਰੋ!" ਤੇ ਰਿਸ਼ਤੇਦਾਰ ਛਿੱਥੇ ਜਿਹੇ ਪੈ ਕੇ ਵਾਪਸ ਪਰਤ ਗਏ ਸਨ।
ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ। ਨਿੱਕੀ-ਨਿੱਕੀ ਗੱਲ ਤੋਂ Ḕਮਰਗੀ-ਮਰਗੀḔ ਕਰਨ ਵਾਲੀ ਬੇਬੇ ਹੈ ਨਹੀਂ ਸੀ। ਜਦ ਕਦੇ ਸੁਰਜੀਤ ਕੌਰ ਬੇਬੇ Ḕਤੇ ਤਰਸ ਜਿਹਾ ਕਰਕੇ ਉਸ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਇੱਕੋ ਗੱਲ ਆਖ ਕੇ ਸਬਰ ਦਾ ਘੁੱਟ ਭਰ ਲੈਂਦੀ, "ਜੋ ਸਤਿਗੁਰੂ ਨੂੰ ਮਨਜੂਰ ਸੀ, ਉਹੀ ਹੋ ਗਿਆ ਜੀਤੋ! ਮੈਂ ਓਸ ਰੱਬ ਦੀ ਕਿਉਂ ਸ਼ਰੀਕਣੀਂ ਬਣਾਂ? ਉਹ ਤਾਂ ਉਹੀ ਕਰਦੈ, ਜੋ ਉਹਨੂੰ ਚੰਗਾ ਲੱਗਦੈ! ਮੈਂ ਤਾਂ ਓਸੇ ਰੱਬ ਦੇ ਭਾਣੇ Ḕਚ ਰਾਜੀ ਆਂ ਧੀਏ!" ਤੇ ਜੇ ਸੁਰਜੀਤ ਕੌਰ ਆਖਦੀ, "ਬੇਬੇ ਜੀ, ਕੀ ਮੰਨੀਏਂ? ਤੀਰਥ ਯਾਤਰਾ ਕਰਨ ਗਏ ਟੱਬਰ ਨਾਲ ਆਹ ਭਾਣਾਂ ਵਾਪਰ ਗਿਆ, ਜੇ ਕਿਤੇ ਵਿਆਹ-ਬਰਾਤ ਗਏ ਹੁੰਦੇ ਤਾਂ ਅਗਲਾ ਸੋਚਦੈ ਬਈ ਸ਼ਰਾਬ-ਸ਼ਰੂਬ ਪੀਤੀ ਹੋਣੀਂ ਹੈ?" ਤਾਂ ਬੇਬੇ ਫ਼ਿਰ ਕਹਿੰਦੀ, "ਜੋ ਭਾਣਾਂ ਵਰਤ ਕੇ ਰਹਿਣੈ ਜੀਤੋ, ਉਹ ਵਰਤ ਕੇ ਹੀ ਰਹਿਣੈਂ! ਹੋਣੀਂ ਦਾ ਮਤਬਲ ਕੀ ਹੁੰਦੈ? ਜਿਹੜੀ ਹਰ ਹਾਲਤ ਹੋ ਕੇ ਰਹੇ, ਉਹਨੂੰ ਹੀ ਤਾਂ ḔਹੋਣੀਂḔ ਕਹਿੰਦੇ ਨੇ! ਮੈਨੂੰ ਰੱਬ Ḕਤੇ ਕੋਈ ਗਿਲਾ-ਰੋਸਾ ਨਹੀਂ! ਉਹਦੀਆਂ ਕੁਦਰਤਾਂ ਬੱਸ ਓਹੀ ਦਾਤਾ ਜਾਣੇ! ਰੋ ਕੁਰਲਾ ਕੇ ਦੱਸ ਉਹਦੀ ਕੀ ਲੱਤ ਭੰਨ ਲਵਾਂਗੇ? ਉਹ ਡਾਢਾ ਸਤਿਗੁਰੂ ਹੈ ਧੀਏ!"
æææਤੇ ਅੱਜ ਜਦ ਸੁਰਜੀਤ ਕੌਰ ਦੇ ਕੰਨੀਂ ਭੰਤੋ ਬੇਬੇ ਦੇ ਘਰੋਂ ਰੋਣ-ਧੋਣ ਦੀ ਅਵਾਜ਼ ਪਈ ਤਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਬੇਬੇ ਨੇ ਤਾਂ ਉਦੋਂ ਹੰਝੂ ਨਹੀਂ ਕੇਰਿਆ ਸੀ, ਜਦੋਂ ਭਰਿਆ-ਭਰਾਇਆ ਘਰ ਖਾਲੀ ਹੋ ਗਿਆ ਸੀ ਅਤੇ ਘਰ ਦੇ ਅੱਠ ਜੀਆਂ ਦੀ ਅਣਿਆਈ ਮੌਤ ਹੋ ਗਈ ਸੀ?
ਉਹ ਬੜੇ ਉੱਦਮ ਨਾਲ ਬੇਬੇ ਦੇ ਘਰ ਪਹੁੰਚੀ।
ਬੇਬੇ ਤੱਪੜ ਵਿਛਾਈ ਭੁੰਜੇ ਹੀ ਸਿਰ ਫ਼ੜੀ ਬੈਠੀ ਸੀ।
"ਕੀ ਹੋ ਗਿਆ ਬੇਬੇ ਜੀ?" ਸੁਰਜੀਤ ਕੌਰ ਬੇਬੇ ਦੇ ਅੱਗੇ ਜਾ ਬੈਠੀ।
"ਤੈਨੂੰ ਪਤਾ ਈ ਨੀ ਜੀਤੋ?" ਬੇਬੇ ਦਾ ਫ਼ਿਰ ਰੋਣ ਨਿਕਲ਼ ਗਿਆ। ਉਸ ਨੇ ਉਲਾਂਭਾ ਦੇਣ ਵਾਲਿਆਂ ਵਾਂਗ ਕਿਹਾ ਸੀ।
"ਨਹੀਂ ਬੇਬੇ ਜੀ!" ਸੁਰਜੀਤ ਕੌਰ ਦੁਖੀ ਹੋਣ ਨਾਲੋਂ ਹੈਰਾਨ ਜ਼ਿਆਦਾ ਸੀ।
"ਨ੍ਹੀ ਧੀਏ! ਆਪਣਾ ਆਹ ਗੁਆਂਢੀ ਪਾੜ੍ਹਾ ਦੱਸ ਕੇ ਗਿਐ ਬਈ ਰਾਤ ਫ਼ੌਜ ਨੇ ਦਰਬਾਰ ਸਾਹਬ ਢਾਅਤਾæææ!"
"ਹੈਂਅææ!" ਸੁਰਜੀਤ ਕੌਰ ਵੈਣ ਪਾਉਣ ਵਾਲੀ ਹੋ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜ ਪਹੁੰਚਣ ਦੀ ਖ਼ਬਰ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਇਸ ḔਘੱਲੂਘਾਰੇḔ ਬਾਰੇ ਤਾਂ ਕਿਸੇ ਨੇ ਸੋਚਿਆ ਕਿਆਸਿਆ ਹੀ ਨਹੀਂ ਸੀ।
"ਆਪਾਂ ਦੋ ਇੱਟਾਂ ਦੀ ਮਟੀ ਢਾਹੁੰਦੇ ਸਾਰਾ ਟੱਬਰ ਵੀਹ ਵਾਰੀ ਸੋਚਦੇ ਐਂ, ਤੇ ਜਲ ਜਾਣੇ ਪਲ Ḕਚ ਦਰਬਾਰ ਸਾਹਬ ਢਾਹ ਕੇ ਰਾਹ ਪਏ!" ਤੇ ਬੇਬੇ ਫ਼ੁੱਟ-ਫ਼ੁੱਟ ਕੇ ਰੋ ਪਈ।
  ********

No comments:

Post a Comment