Saturday, May 15, 2010

ਤਿੰਨ ਮਿੰਨੀ ਕਹਾਣੀਆਂ -ਰਵੀ ਸਚਦੇਵਾ

ਤਿੰਨ ਮਿੰਨੀ ਕਹਾਣੀਆਂ
ਰਵੀ  ਸਚਦੇਵਾ
੧. ਮੱਕੜਜਾਲ    
          ਅਰਚਨਾ ਨੂੰ ਬਿੱਛੂ ਨੇ ਡੰਗ ਮਾਰਿਆ ਸੀ, ਜਾ ਸੱਪ ਨੇ ਕੱਟਿਆ ਸੀ। ਕਿਸੇ ਨੂੰ ਨਹੀ ਸੀ ਪਤਾ। ਆਢ-ਗੁਆਢ ਵਾਲੀਆਂ ਨੇ ਬੇਹੋਸ਼ ਪਈ ਅਰਚਨਾ ਵੱਲ ਵੇਖ, ਸੱਪ ਦੇ ਕੱਟਣ ਦਾ ਰੌਲਾ ਪਾ ਦਿੱਤਾ। ਬੇਹੋਸ਼ੀ ਦੀ ਵਜਾ ਕੀ ਸੀ ਇਸਤੇ ਗੋਰ ਨਾ ਕਰ,ਸਲਾਹ ਦੇਣ ਵਾਲੇ ਇੱਕਠੇ ਹੋ ਗਏ। ਇੱਕਠੀ ਹੋਈ ਭੀੜ 'ਚੋਂ ਇੱਕ ਔਰਤ ਨੇ ਕਿਹਾ, "ਬੇਬੇ……, "ਛੇਤੀ ਕਰ, ਸਮਾ ਹੱਥੋ ਨਾ ਨਿਕਲ ਜੇ। ਅਰਚਨਾ ਨੂੰ ਆਪਾ ਸੱਪਾਂ ਵਾਲੇ ਬਾਬੇ ਦੇ ਡੇਰੇ ਲੈ ਜਾਦੇ ਆਂ। ਬੜਾ ਪਹੁੰਚਿਆ ਹੋਇਆ ਬਾਬਾ ਏ, "ਗੁੜਦਿੱਤਾ ਸਿੰਹੂ,। ਕਠਿਨ ਤੋਂ ਕਠਿਨ ਇਲਮ ਦੀ ਕਾਟ ਏ ਉਸ ਕੋਲ। ਰੂਹਾਨੀ ਸਿਪਲੀ ਤਿਲਸਮੀ ਕਾਲੇ ਇਲਮਾਂ ਦੇ ਮਾਹਿਰ ਨੇ ਬਾਬਾ ਜੀ। ਜ਼ਹਿਰ ਤਾ ਮਿੰਟਾ-ਸਕਿੰਟਾਂ 'ਚ ਕੱਢ ਦੂ।                
ਸੱਚੀ ਬੇਬੇ… ਜਿਸ ਔਰਤ ਦੀ ਕੁੱਖ ਨੀ ਭਰਦੀ ਉਹ ਅਜਿਹਾ ਫਲ ਝੋਲੀ ਪਾaੁਂਦਾ ਏ ਕਿ ਉਹ ਔਰਤ ਕੁਝ ਦਿਨਾ 'ਚ ਹੀ ਗਰਭਵਤੀ ਹੋ ਜਾਦੀ ਏ। ਮਾਤਾ ਕਾਲੀ ਦੀ ਕਿਰਪਾ ਨਾਲ ਸੱਤਾ ਇਲਮਾ ਦੀਆ ਤਿਲਸਮੀ ਰੂਹਾਨੀ ਗੈਬੀ ਸ਼ਕਤੀਆ ਬਾਬੇ ਦਾ ਪਾਣੀ ਭਰਦਿਆ ਨੇ।  ਇੱਕਠ 'ਚ ਖੜ੍ਹੀ ਦੂਸਰੀ ਔਰਤ ਨੇ ਗੱਲ ਹੋਰ ਸਪੱਸ਼ਟ ਕੀਤੀ। ਲੋਕਾ ਦੇ ਅਟੁੱਟ ਵਿਸ਼ਵਾਸ ਨੇ ਬੇਬੇ ਦੇ ਮਨ 'ਚ ਬਾਬੇ ਪ੍ਰਤੀ ਸ਼ਰਧਾ ਪੈਦਾ ਕਰ ਦਿੱਤੀ ਤੇ ਉਹ ਆਪਣੀ ਧੀ ਨੂੰ ਬਾਬੇ ਗੁੜਦਿੱਤਾ ਸਿੰਹੂ ਦੇ ਦਰਬਾਰ  'ਚ  ਲੈ ਗਈ।
-"ਊ…ਹੀ…ਹੇ…ਤ੍ਰਿਗ…ਗੇ…ਫਯ..ਤਿਨ..ਡਿਗ…ਫਾਹਅ……,ਬਾਬੇ ਨੇ ਮੰਤਰ ਪੜ੍ਹਿਆ ਤੇ ਬੇਹੋਸ਼ ਪਈ ਅਰਚਨਾ ਦੀ ਪਿੱਠ ਤੇ ਇੱਕ ਥਾਲੀ ਚਪਕੇ ਦਿੱਤੀ ਤੇ ਬੁੱਕਲ ਭਰ- ਭਰ ਮਿੱਟੀ ਉਹ  ਜ਼ੋਰ-ਜ਼ੋਰ ਦੀ ਉਸ ਥਾਲੀ ਤੇ ਸੁੱਟਣ ਲੱਗਾ। ਬਾਬੇ ਦੇ ਇੱਕ ਸੇਵਕ ਨੇ ਝੋਲੇ 'ਚੌ ਪਟਾਰੀ ਕੱਢੀ ਤੇ ਉਸਦਾ ਢੱਕਣ ਉਤਾਰ ਕੇ ਭੁਜੇ ਰੱਖ ਦਿੱਤੀ। ਨਾਲ ਖੜੇ ਦੋ ਹੋਰ ਸੇਵਕਾਂ ਨੇ ਬੀਨ ਕੱਢੀ ਤੇ ਉਸਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਜ਼ਹਿਰ ਚੂਸਨ ਲਈ ਸੱਪ ਪਟਾਰੀ 'ਚੋਂ ਗਰਦਨ ਉਠਾ ਫਨ ਫੈਲਾਉਣ ਲੱਗਾ। ਘੇਰੇ ਦੇ ਆਲੇ-ਦੁਆਲੇ ਬੈਠੇ ਲੋਕ ਬਾਬੇ ਦੇ  ਬੁਨੇ ਮੱਕੜਜਾਲ ਵੱਲ ਵੇਖ,ਉਤੇਜਿਤ ਹੋ ਉਠੇ। ਸਭ ਦੀਆ ਨਜ਼ਰਾਂ ਪਟਾਰੀ 'ਚੋਂ ਨਿਕਲੇ ਸੱਪ ਵੱਲ ਸਨ। ਅਚਾਨਕ ਡਗਰਾਂ ਵਾਲੀ ਖੁਰਲੀ ਕੋਲੋਂ ਦੀ ਇੱਕ ਸੱਪ ਬੜੀ ਤੇਜ਼ੀ ਨਾਲ ਵੱਲ ਖਾਦਾਂ, ਬਾਬੇ ਦੇ ਲਾਗੇ ਆ ਕੇ ਫਨ ਫੈਲਾਉਣ ਲੱਗਾ। ਅਨਜਾਣੇ ਸੱਪ ਨੂੰ ਆਪਣੇ ਲਾਗੇ ਵੇਖ ਬਾਬੇ ਦਾ ਰੰਗ ਪੀਲਾ ਪੈ ਗਿਆ। ਘਬਰਾਹਟ 'ਚ ਆਏ ਸੇਵਕਾਂ ਨੇ ਬੀਨ ਵਜਾਉਣੀ ਬੰਦ ਕਰ ਦਿੱਤੀ। ਸੱਪ ਨੇ ਫਨ ਫੈਲਾਇਆ। ਜ਼ੋਰ ਦਾ ਝਟਕਾ ਭੁਜੇ ਬੈਠੇ ਬਾਬੇ ਦੀ ਗਰਦਨ ਤੇ ਲਗਾਇਆ। ਬਾਬਾ ਉਥੇ ਹੀ ਢੇਰੀ ਹੋ ਗਿਆ। ਮੂੰਹ 'ਚੋਂ ਨਿਕਲਦੀ ਝੱਗ ਵੱਲ ਵੇਖ ਸੇਵਕਾਂ ਨੇ ਚਲ ਰਿਹਾ ਤੰਤਰ-ਮੰਤਰ ਬੰਦ ਕਰ, ਬਾਬੇ ਨੂੰ ਡੇਰੇ ਦੀ ਪੀਟਰ ਰੇਹੜੇ ਦੀ ਮੰਗਰਲੀ ਸੀਟ ਤੇ ਲਟਾ ਦਿੱਤਾ। ਡੇਰੇ ਦਾ ਘੜੁੱਕਾ ਧੂੜ੍ਹਾ ਪੁੱਟਦਾ ਹਸਪਤਾਲ ਵੱਲ ਜਾ ਰਿਹਾ ਸੀ।
*************

੨. ਚੱਕਰਵਿਉ
ਇਕ  ਕੁੜੀ ਮਿਲੀ। ਉਹ ਵੀ ਪੰਜਾਬਣ। ਗੋਰੀ ਚਿੱਟੀ,ਚੋੜੇ ਸੀਨੇ ਤੇ ਉਭਰਵੀ ਛਾਤੀ। ਪੂਰੇ ਦਾ ਪੂਰਾ ਸੁਡੋਲ ਸਰੀਰ। ਮੂੰਗਲੀਆਂ ਵਰਗੇ ਪੱਟ ਤੇ ਲੂ-ਫੁੱਟ ਗੱਲਾ। ਮਾਈ ਗੋਡ…! ਬਸ……, "ਉਹ ਮੇਰੇ ਖਾਲੀ ਦਿਲ ਦੇ ਫਰੇਮ ਤੇ ਫਿਟ ਹੋ ਗਈ। ਭਾਵੇ ਉਹ ਆਸਟ੍ਰੇਲਿਅਨ ਪਹਿਰਾਵਾ ਪਾਉਣ ਲੱਗੀ ਸੀ। ਪਰ ਸੀ ਉਹ ਇੰਡੀਅਨ ਖਿਆਲਾ ਵਾਲੀ ਮੁਟਿਆਰ। ਉਹ ਵੀ ਸਟੂਡੇਨਟ ਵਿਜੇ ਤੇ ਸੀ 'ਤੇ ਕਾਲਜ ਵੀ ਦੋਹਨਾ ਦਾ ਇਕ। ਉਸਨੂੰ ਮੈਂ ਭਾਅ ਗਿਆ ਸਾਂ। ਮੁਲਾਕਾਤਾ ਦੋਸਤੀ 'ਚ ਤੇ ਦੋਸਤੀ ਪਿਆਰ 'ਚ ਬੱਦਲ ਗਈ। ਸਾਡਾ ਪਿਆਰ ਵਿਆਹ ਹੋ ਗਿਆ। ਪਿਆਰ ਦੀਆ ਅਜਿਹੀਆਂ ਕਣੀਆਂ ਵਰੀਆਂ ਜਲਦ ਹੀ ਦੋ ਨਿਆਣੇ ਹੋ ਗਏ। ਪਹਿਲਾ ਮੁੰਡਾ ਸੀ ਟਿੰਕੂ, ਤੇ ਫਿਰ ਸਾਡੀ ਸਵੀਟੀ। ਮਿਹਨਤ ਰੰਗ ਲਾਈ। ਅਸੀ ਆਸਟ੍ਰੇਲਿਆ ਪੱਕੇ ਹੋ ਗਏ।                       
 ਸਮੇ ਨੇ ਰਫਤਾਰ ਫੜੀ ……!! ਬੱਚੇ ਸਕੂਲ ਜਾਣ ਲੱਗ ਪਏ। ਪੜ੍ਹਾਈ ਫਰੀ ਸੀ। ਪਰ ਬੱਚੇ ਸਿੱਖ ਰਹੇ ਸਨ ਸਿਰਫ…… ਬ੍ਰਿਟਿਸ਼ ਸਲਂੈਗ ਤੇ ਵਿਦੇਸ਼ੀ ਕਲਚਰ। ਟਿੰਕੂ ਨੇ ਕੰਨਾ 'ਚ ਕੁਡਲਾ ਪਾ ਲਈਆਂ ਸਨ ਤੇ ਵਾਲ ਮੁੰਹਹੁਕ, ਅੱਗੋ ਛੋਟੇ ਖੱੜੇ ਤੇ ਪਿਛੋ ਗੁੱਤ। ਤੇ ਸਾਡੀ ਸਵੀਟੀ ਕਿਸੇ ਨਾਲੋ ਘੱਟ ਨਹੀ ਸੀ। ਉਸਦੇ ਵਾਲ ਛੋਟੇ      ਸਟੈਟ ਤੇ ਅੱਗੋ ਅੱਖਾਂ ਨੂੰ ਢੱਕਦੀਆਂ ਵੱਲ ਖਾਦੀਆਂ ਲਟਾਵਾ। ਕੱਪੜੇ ਆਪਣੀ ਮਾਂ ਤੌਂ ਵੀ ਛੋਟੇ ਤੇ ਦੋਹਾ ਮੋਡੀਆਂ ਤੇ ਟੇਟੁ। ਆਪਣੀ ਮਾਂ ਬੋਲੀ, ਭਾਰਤੀ ਸਭਿਅਤਾ ਤੇ ਉਥੋ ਦੀ ਪੜ੍ਹਾਈ,  ਸਭ ਤੌ ਇਹ ਵਾਝੇ ਸਨ। ਬੱਚਿਆਂ ਦੇ ਸ਼ੋਕ 'ਤੇ ਮੂੰਹ 'ਚੋ ਰੱਬ ਨੂੰ ਛੂਹਨ ਵਾਲੀਆ ਗੱਲਾ ਸੁਣ, ਮਨ ਅੰਦਰ  ਇਕ ਡਰ ਰੋਮ-ਰੋਮ ਨੂੰ ਵਲੂੰਧਰ ਕੇ ਰੱਖ ਦਿੰਦਾ ਏ। ਸਾਨੂੰ ਬੇਵੱਸ ਕਰ ਦਿੰਦਾ ਏ 'ਤੇ ਅਸੀ ਦੋਹਨੋ ਜੀ, ਡੁੰਨਵੱਟ ਬਣੇ ਆਪਣਾ ਆਪ ਸੰਭਾਲਦੇ ਠਠੰਬਰ ਕੇ ਰਹਿ ਜਾਦੇ ਆਂ। ਇਕ ਸੋਚ ਦਿਲ ਨੂੰ ਛਲਣੀ-–ਛਲਣੀ ਕਰਦੀ ਕਿਤੇ ਦੂਰ ਨਿਕਲ ਜਾਦੀ ਏ। "ਰੱਬ ਨਾ ਕਰੇ, "ਦੋਹਾ ਬੱਚਿਆ 'ਚੌ ਕਿਸੇ ਨੇ ਵੀ, ਕਿਸੇ ਗੋਰੇ ਦਾ ਪੱਲਾ ਫੜ੍ਹ ਲਿਆ ਤਾਂ…, ਅਨਰਥ ਹੋ ਜੂ। ਅੱਗੋ ਉਹਨਾ ਦੇ ਨਿਆਣੇ ਵੀ ਗੋਰੇ। ਇੰਜ ਹੋ ਗਿਆ ਤਾਂ ਸਾਡਾ ਵੰਨਸ਼, ਸਾਡੀ ਪੀੜੀ ਇਥੇ ਹੀ ਖਤਮ……!!
ਐਜੂਕੇਸ਼ਨ ਤੇ ਕਲਚਰ ਦੇ ਚੱਕਰਵਿਉ 'ਚ ਫਸੇ ਅਸੀ ਦੋਹਨੋ ਦਿਲ ਚਿਰਵੇ ਭੈੜੇ ਖਿਆਲਾ ਦੀ ਉਧੇੜ ਬੁਨ 'ਚੌ ਜਦ ਬਾਹਰ ਨਿਕਲਦੇ ਆਂ ਤਾ ਬਸ..., " ਮਨ ਅੰਦਰ ਇਕੋ ਖਿਆਲ ਵਾਰ-ਵਾਰ ਆਉਦਾ ਏ,"ਗੋ ਬੇਕ ਇੰਡੀਆ,। ਪਰ ਸਵਾਲ ਹੈ ਕਿ ਬੱਚੇ ਹੁਣ ਭਾਰਤੀ ਸਭਿਅਤਾ, ਰੀਤੀ-ਰਿਵਾਜ ਤੇ ਕੱਪੜੇ ਪਹਿਨਣ ਦਾ ਸ਼ਲੀਕਾ ਇਹ ਸਭ ਕਿੱਥੋ ਸਿਖਣਗੇ। ਆਪਣੇ ਆਪ ਨੂੰ ਬਦਲ ਕੇ ਭਾਰਤ ਦੀ ਸਾਧੀ ਜਿੰਦਗੀ ਨੂੰ ਉਹ ਕਿਵੇ ਜੀਣਗੇ। ਭਾਰਤੀ ਮਿੱਟੀ ਨੂੰ ਆਪਣੀ ਸੱਪਤੀ, ਆਪਣੀ ਮਾਤਭੂਮੀ ਸਮਝਣਗੇ ਜਾਂ ਫਿਰ…………??
**************

੩. ਤਰਸੇਵਾਂ                                
                               
ਉਹ ਮੇਰਾ ਜਮਾਤੀ ਸੀ। ਹਮ ਉਮਰ ਵੀ। ਪੰਦਰਾ ਅਗਸਤ ਦੇ ਪ੍ਰੋਗਰਾਮ ਲਈ ਰਿਹਾਸਲ ਜੋਰਾ ਤੇ ਸੀ। ਉਸਨੂੰ ਭਾਰਤ ਦੀ ਹਿੱਕ ਉਤੇ ਮੁੰਗ ਦਲਨ ਵਾਲੇ ਇਕ ਜ਼ਾਲਿਮ ਅੰਗਰੇਜ ਜ਼ੇਲਰ ਦਾ ਰੋਲ ਮਿਲਿਆ ਸੀ। ਤੇ ਮੈਨੂੰ ਇਕ ਦੇਸ ਭਗਤ ਦੀ ਤੀਵੀ ਦਾ, ਜੋ ਆਪਣੇ ਜੇਲ 'ਚ ਫਸੇ ਪਤੀ ਦੇ ਰੋਸ਼ ਵੱਜੋ ਗੋਰੀਆ ਖਿਲਾਫ ਪ੍ਰਦਰਸ਼ਨ ਕਰਦੀ ਸੀ। ਉਸਨੇ ਮੈਨੂੰ ਚਪੇੜਾ ਮਾਰਦੇ, ਘੜੀਸਦੇ ਹੋਏ ਇਕ ਦਰਖਤ ਨਾਲ ਬੰਨਣਾ ਸੀ ਤੇ ਫਿਰ ਕੋੜੇ ਮਾਰਨੇ ਸਨ। ਅਸੀ ਸਕੂਲ ਦੇ ਖੇਡ ਮੈਦਾਨ 'ਚ ਹਰ ਰੋਜ ਰਿਹਾਸਲ ਕਰਦੇ ਸਾਂ। ਉਹ ਪੋਲੇ-ਪੋਲੇ ਹੱਥਾ ਨਾਲ ਮੇਰੀਆ ਗੱਲਾ ਤੇ ਚਪੇੜਾਂ ਮਾਰਦਾ, ਬਾਹ ਫੜ੍ਹ ਮੈਨੂੰ ਆਪਣੇ ਵੱਲ ਖਿੱਚਦਾ, ਡਿੱਗਣ ਲੱਗਦੀ ਤਾਂ ਉਹ ਆਪਣਾ ਹੱਥ ਮੇਰੀ ਕਮਰ 'ਚ ਪਾਉਦਾ। ਉਸਦੇ ਸਪਰਸ਼ ਨਾਲ ਮੇਰਾ ਤਨ ਮਨ ਲੂਹਰੀਆਂ ਲੈਣ ਲੱਗਦਾ। ਦਿਲ ਕਰਦਾ ਇਹੀ ਰੋਲ ਵਾਰ-ਵਾਰ ਹੁੰਦਾ ਰਹੇ 'ਤੇ ਮੈਂ… ਇੰਝ… ਹੀ……!! ਉਹ ਮੈਨੂੰ ਜਚ ਗਿਆ ਸੀ। ਮੈਂ ਮੱਕੀ ਦੇ ਦਾਣਿਆਂ ਵਾਗ ਭੱਠੀ 'ਤੇ ਪਈ ਤਪ ਰਹੀ ਸਾਂ। ਤਰਸੇਵਾਂ ਦਾਣਿਆਂ ਦੇ ਭੁੰਨਣ ਦੀ ਅਗਵਾਈ ਦੇ ਰਿਹਾ ਸੀ। ਮੈਂ ਉਸ ਵਿੱਚ ਸਮਾ ਜਾਣਾ ਚਾਹੁੰਦੀ ਸਾਂ। ਦੋ ਵਜੂਦ ਇਕ ਰੂਹ। ਕੁਦਰਤੀ ਇਕ ਦਿਨ ਬੱਸ 'ਚ ਅਸੀ ਦੋ ਵਾਲੀ ਸੀਟ 'ਤੇ ਇੱਕਠੇ ਬੈਠ ਗਏ। ਮੈਨੂੰ ਚੰਗਾ ਸ਼ਗਨ ਲੱਗਾ। ਮੇਰਾ ਮਨ ਚਾਹੁੰਦਾ ਸੀ ਕਿ ਉਹ ਕੋਈ ਗੱਲ ਸ਼ੇੜੇ। ਪਰ ਉਹ ਮਰ…ਜਾਣਾ ਤਾਂ ਚੁੱਪ ਸੀ। ਜਿਵੇ ਕਦੇ ਮੈਂਨੂੰ ਵੇਖਿਆ ਈ ਨਾ ਹੋਵੇ। ਬੱਸ ਨੇ ਰਫਤਾਰ ਫੜ੍ਹੀ। ਮੈਂ ਵਾਰ-ਵਾਰ ਪਾਸਾ ਪੱਲਟਦੀ 'ਤੇ ਉਸ ਵੱਲ  ਚੋਰਝਾਕ ਮਾਰਦੀ। ਮੈਨੂੰ ਉਮੀਦ ਸੀ ਕਿ ਉਹ ਮੇਰੇ ਵੱਲ ਅੱਕਰਸ਼ਿਤ ਹੋਵੇਗਾ 'ਤੇ ਕੋਈ ਗੱਲ ਕਰੇਗਾ। ਬੱਸ ਥੌੜ੍ਹੀ ਦੂਰ ਹੀ ਗਈ ਹੋਵੇਗੀ ਉਹ ਬੋਲਿਆਂ।
-"ਜੀ ਤੁਹਾਡਾ ਨਾ..ਮ…"
-"ਵੀਨਾ" ਮੈਂ ਇੱਕੋ ਸਾਹੀ ਬੋਲ ਪਈ।
-"ਵੀਨਾ..ਜੀ……"
-"ਜੀ ਬੋਲੋ……" ਮੈਂ ਉਤੇਜਿਤ ਹੋ ਉੱਠੀ।
-"ਮੈਂ ਸੁਣਿਆਂ ਏ ਤੁਹਾਡੇ ਪਾਪਾ ਮੁਨੀਮ ਨੇ"
-"ਜੀ…ਹਾਂ…"
-"ਮੈਂ ਮੁਨੀਮੀ ਸਿੱਖਣ ਦੀ ਸੋਚ ਰਿਹਾ ਸਾਂ। ਜੇ ਤੁਸੀ ਉਹਨਾ ਤੋਂ ਪੁੱਛ ਦਿਉ ਤਾਂ…।
-"ਜੀ ਜ਼ਰੂਰ, ਮੈਂ ਪਾਪਾ ਨੂੰ ਕਹਿ ਦਿਆਗੀ। ਤੁਸੀ ਘਰ ਆ ਜਾਣਾ।
ਮੈਂਨੂੰ ਅਧੂਰੇ ਅਰਮਾਨ ਪੂਰੇ ਹੁੰਦੇ ਜਾਪੇ। ਮੈਂ ਅੰਤਾਂ ਦੀ ਖੁਸ਼, ਮਨ ਹੀ ਮਨ ਸੋਚ ਰਹੀ ਸਾਂ, "ਐ ਵੈਰੀਆਂ" ਇਸ ਦਿਨ ਨੂੰ ਤਾਂ ਮੈਂ ਅਜ਼ਲਾ ਤੋਂ ਤਰਸ ਰਹੀ ਸਾਂ। 'ਤੇ ਅੱਜ ਉਹ ਦਿਨ………!!  ਤਰਸੇਵਾਂ ਦੂਰ ਹੁੰਦਾ ਜਾਪਦੈਂ।

*************

No comments:

Post a Comment