Tuesday, May 11, 2010

ਮਾਰਗ ਦਰਸ਼ਕ -ਭਿੰਦਰ ਜਲਾਲਾਬਾਦੀ

ਮਾਰਗ ਦਰਸ਼ਕ

ਭਿੰਦਰ ਜਲਾਲਾਬਾਦੀ
ਜਦ ਜਿੰਦਰ ਸਵੇਰੇ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਂਦਾ ਤਾਂ ਸੜਕ ਪਾਰ ਕਰਨ 'ਤੇ ਤਕਰੀਬਨ ਹਰ ਰੋਜ਼ ਹੀ ਉਹ ਬਜ਼ੁਰਗ ਉਸ ਨੂੰ ਧੀਮੀ ਚਾਲ ਕਾਰ 'ਤੇ ਆਉਂਦਾ ਮਿਲ਼ਦਾ। ਬਜ਼ੁਰਗ ਦੀ ਉਮਰ ਕੋਈ ਅੱਸੀਆਂ ਤੋਂ ਉਪਰ ਸੀ। ਪਰ ਠੋਕ ਕੇ ਬੰਨ੍ਹੀ ਪੱਗ ਅਤੇ ਸਲੀਕੇ ਤੋਂ ਬੰਨ੍ਹੀ ਦਾਹੜੀ ਤੋਂ ਪਤਾ ਲੱਗਦਾ ਸੀ ਕਿ ਬਜ਼ੁਰਗ ਜੁਆਨੀ ਵਿਚ ਕਿਸੇ ਉਚ ਅਹੁਦੇ 'ਤੇ ਰਿਹਾ ਸੀ। ਦੁਨੀਆਂ ਵਿਚ ਤੁਰਿਆ-ਫ਼ਿਰਿਆ ਸੀ ਅਤੇ ਜਿੰਦਗੀ ਦਾ ਤਜ਼ਰਬਾ ਹਾਸਲ ਸੀ। ਬੰਦੇ ਦੀ ਸੁਸਾਇਟੀ ਹੀ ਬੰਦੇ ਨੂੰ ਸਿਰਜਦੀ ਹੈ। ਆਦਮੀ ਚਾਹੇ ਕਿੰਨਾਂ ਵੀ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ। ਪਰ ਜੇ ਸੁਸਾਇਟੀ ਬੁਰੀ ਹੋਵੇ ਤਾਂ ਉਹ ਵੀ 'ਉਜੱਡ' ਬਣ ਕੇ ਰਹਿ ਜਾਂਦਾ ਹੈ ਅਤੇ ਉਸ ਨੂੰ ਜ਼ਿੰਦਗੀ ਦੀਆਂ ਗ਼ੈਬੀ ਕਲਾਵਾਂ ਅਤੇ ਕੁਦਰਤ ਦੇ ਬਖ਼ਸ਼ੇ ਅਨਮੋਲ ਖ਼ਜ਼ਾਨੇ ਦਾ ਭੇਦ ਨਹੀਂ ਆਉਂਦਾ।
ਬਜ਼ੁਰਗ ਆਪਣੀ ਕਾਰ ਰੋਕ ਕੇ ਉਸ ਨੂੰ ਰਸਤਾ ਦਿੰਦਾ ਅਤੇ ਉਦੋਂ ਤੱਕ ਖੜ੍ਹਾ ਰਹਿੰਦਾ, ਜਦ ਤੱਕ ਉਹ ਪਿਉ-ਪੁੱਤ ਸੜਕ ਨਾ ਪਾਰ ਕਰ ਜਾਂਦੇ! ਇਹ ਉਹਨਾਂ ਦਾ ਹੁਣ ਹਰ ਰੋਜ਼ ਦਾ ਹੀ ਰੁਟੀਨ ਬਣ ਗਿਆ ਸੀ। ਉਹਨਾਂ ਨੇ ਸੜਕ ਪਾਰ ਕਰਨੀ ਅਤੇ ਉਸ ਨੇ ਕਾਰ ਰੋਕ ਕੇ ਸੜਕ ਪਾਰ ਕਰਵਾਉਣੀ। ਉਸ ਬਾਬੇ ਨੂੰ ਦੇਖ ਕੇ ਜਿੰਦਰ ਨੂੰ ਰਾਜੇ ਜ਼ਰਥੁਸਟਰ ਦੀ ਕਹਾਣੀ ਯਾਦ ਆ ਜਾਂਦੀ। ਰਾਜਾ ਜ਼ਰਥੁਸਟਰ ਬੜਾ ਚਿੰਤਕ ਰਾਜਾ ਸੀ। ਇਕ ਦਿਨ ਉਹ ਆਪਣਾ ਮਹਿਲ ਛੱਡ ਕੇ ਲੋਕਾਂ ਨਾਲ ਗੱਲ ਬਾਤ ਕਰਨ ਲਈ ਪਹਾੜੀ ਤੋਂ ਥੱਲੇ ਉਤਰਿਆ। ਲੋਕਾਂ ਦੀ ਭੀੜ ਉਸ ਦੇ ਦੁਆਲੇ ਇਕੱਠੀ ਹੋ ਗਈ। ਪਰ ਜਦ ਲੋਕਾਂ ਨੇ ਦੂਜੇ ਪਾਸੇ ਕੋਈ ਬਾਜ਼ੀਗਰ ਦੇਖਿਆ ਤਾਂ ਰਾਜੇ ਨੂੰ ਖੜ੍ਹਾ ਖੜ੍ਹੋਤਾ ਛੱਡ ਕੇ ਤਮਾਸ਼ਾ ਦੇਖਣ ਉਧਰ ਚਲੇ ਗਏ। ਬਾਜ਼ੀਗਰ ਨੇ ਰੱਸੇ 'ਤੇ ਤੁਰ ਕੇ ਆਪਣੀ ਕਲਾ ਦਿਖਾਉਣੀ ਸੀ। ਜਦ ਬਾਜ਼ੀਗਰ ਆਪਣੀ ਕਲਾ ਦਿਖਾਉਣ ਲੱਗਿਆ ਤਾਂ ਪਹਿਲੀ ਬਾਜ਼ੀ ਵਿਚ ਹੀ ਰੱਸੇ ਤੋਂ ਡਿੱਗਿਆ ਅਤੇ ਮਰ ਗਿਆ। ਲੋਕ ਉਸ ਨੂੰ ਉਥੇ ਹੀ ਪਿਆ ਛੱਡ ਕੇ ਹੌਲੀ-ਹੌਲੀ ਘਰ ਨੂੰ ਤੁਰ ਗਏ। ਕਿਸੇ ਨੇ ਉਸ ਦੇ ਸਸਕਾਰ ਦਾ ਪ੍ਰਬੰਧ ਨਾ ਕੀਤਾ। ਰਾਜੇ ਨੇ ਉਸ ਬਾਜ਼ੀਗਰ ਦੀ ਲਾਸ਼ ਆਪਣੇ ਮੋਢੇ 'ਤੇ ਚੁੱਕ ਲਈ, "ਤੂੰ ਖ਼ਤਰਿਆਂ ਨਾਲ ਖੇਡਦਾ ਮਰਿਐਂ, ਤੇਰਾ ਸਸਕਾਰ ਮੈਂ ਕਰਾਂਗਾ, ਇਹ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਸੀ, ਤੇ ਤਮਾਸ਼ਾ ਦੇਖ ਕੇ ਤੁਰ ਗਏ;;!"
ਇੰਗਲੈਂਡ ਦਾ ਮੌਸਮ ਅਤੇ ਮਾਹੌਲ ਹੀ ਕੁਝ ਅਜਿਹਾ ਹੈ, ਜਿੱਥੇ ਤਿੰਨ 'ਡਬਲਿਊ' ਦੀ ਕਹਾਵਤ ਮਸ਼ਹੂਰ ਹੈ ਕਿ ਵੈਦਰ, ਵਾਈਫ਼ ਅਤੇ ਵਰਕ ਦਾ ਕੋਈ ਇਤਬਾਰ ਨਹੀਂ! ਹੁਣ ਜਿੰਦਰ ਨੂੰ ਉਹ ਬਜ਼ੁਰਗ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਿਹਾ ਸੀ। ਜਿੰਦਰ ਚਿੰਤਤ ਹੋ ਗਿਆ ਕਿ ਵੱਡੀ ਉਮਰ ਦਾ ਬਾਬਾ ਕਿਤੇ...? ਪਰ ਉਹ 'ਨਾਂਹ' ਵਿਚ ਸਿਰ ਹਿਲਾਉਂਦਾ ਅਤੇ ਕੋਈ ਹਕੀਕਤ ਮੰਨਣ ਤੋਂ ਇਨਕਾਰੀ ਹੋ ਜਾਂਦਾ। ਓਪਰਾ ਅਣਜਾਣ ਬਾਬਾ ਜਿਵੇਂ ਉਸ ਦਾ ਕੋਈ 'ਆਪਣਾ' ਸੀ। ਉਸ ਦਾ ਦਿਲ ਉਦਾਸ ਹੋ ਗਿਆ।
ਜਿੰਦਰ ਇਕ ਹਸਪਤਾਲ ਵਿਚ ਸਹਾਇਕ ਡਾਕਟਰ ਸੀ। ਜਦ ਤੀਜੇ ਦਿਨ ਉਹ ਆਪਣੀ ਟੀਮ ਨਾਲ 'ਰਾਊਂਡ' 'ਤੇ ਗਿਆ ਤਾਂ ਬਾਬਾ ਖੂੰਜੇ ਵਾਲੇ ਬੈੱਡ 'ਤੇ ਪਿਆ ਸੀ। ਜਿੰਦਰ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਬਾਬੇ ਦੇ ਬੈੱਡ ਕੋਲ ਚਲਾ ਗਿਆ ਅਤੇ ਹੱਥ ਜੋੜ ਕੇ 'ਸਤਿਕਾਰ' ਦਿੱਤਾ। ਪਹਿਚਾਣ ਕੇ ਬਾਬਾ ਵੀ ਉਠ ਕੇ ਬੈਠ ਗਿਆ। ਉਸ ਨੂੰ ਵੀ ਜਿਵੇਂ ਕੋਈ ਚਾਅ ਚੜ੍ਹ ਗਿਆ ਸੀ। ਜਿੰਦਰ ਨੂੰ ਇਸ ਹਸਪਤਾਲ ਵਿਚ ਸਹਾਇਕ ਡਾਕਟਰ ਦੀ ਨੌਕਰੀ ਹੀ ਇਸ ਬੁਨਿਆਦ 'ਤੇ ਮਿਲੀ ਸੀ ਕਿ ਜਿੰਦਰ ਪੰਜਾਬੀ ਸੀ ਅਤੇ ਕਈ ਪੰਜਾਬੀ ਮਰੀਜ਼ ਅੰਗਰੇਜ਼ੀ ਨਹੀਂ ਬੋਲ ਸਕਦੇ ਸਨ ਅਤੇ ਜਿੰਦਰ ਭਾਸ਼ਾ ਵਜੋਂ ਮੱਦਦ ਵੀ ਕਰ ਦਿਆ ਕਰੇਗਾ। ਪਰ ਬਾਬਾ ਤਾਂ ਜਿੰਦਰ ਨਾਲ ਫ਼ਰਾਟੇਦਾਰ ਅੰਗਰੇਜ਼ੀ ਬੋਲ ਰਿਹਾ ਸੀ। ਜਿੰਦਰ ਅਤੇ ਬਾਬੇ ਨੇ ਗੱਲ ਅੰਗਰੇਜ਼ੀ ਅਤੇ ਪੰਜਾਬੀ ਵਿਚ ਹੀ ਕੀਤੀ। ਬਾਬੇ ਦਾ ਨਾਂ ਮਿੱਤ ਸਿੰਘ ਸੀ ਅਤੇ ਉਹ ਆਰਮੀ ਵਿਚ ਕਰਨਲ ਦੇ ਅਹੁਦੇ 'ਤੇ ਰਹਿ ਚੁੱਕਾ ਸੀ। ਦੁਨੀਆਂ ਵਿਚ ਵਰਤਿਆ ਵਿਚਰਿਆ ਇਨਸਾਨ ਸੀ।
ਜਿੰਦਰ ਨੂੰ ਬਾਬੇ ਨਾਲ ਦਿਲਚਸਪੀ ਜਾਗ ਪਈ ਸੀ। ਜਦ ਜਿੰਦਰ ਨੇ ਬਾਬੇ ਮਿੱਤ ਸਿੰਘ ਦੀ ਫ਼ਾਈਲ ਦੀ ਜਾਂਚ ਕੀਤੀ ਤਾਂ ਬਾਬੇ ਦੇ ਸਿਰ ਵਿਚ ḔਰਸੌਲੀḔ ਸੀ ਅਤੇ ਜਲਦੀ ਆਪਰੇਸ਼ਨ ਦੀ ਲੋੜ ਸੀ। ਸ਼ਾਮ ਨੂੰ ਜਦ ਜਿੰਦਰ ਬਾਬੇ ਕੋਲ ਗਿਆ ਤਾਂ ਬਾਬਾ ਸਿਰ 'ਤੇ ਸਫ਼ੈਦ ਸਾਅਫ਼ਾ ਬੰਨ੍ਹੀ ਬੈੱਡ 'ਤੇ ਬੈਠਾ ਸੀ। ਬਾਬਾ ਜਿੰਦਰ ਨੂੰ ਕੋਈ ਮਹਾਂਪੁਰਖ਼ ਜਾਪਿਆ।
"ਬਾਬਾ ਜੀ! ਕੱਲ੍ਹ ਤੁਹਾਡਾ ਆਪਰੇਸ਼ਨ ਹੋਵੇਗਾ ਤੇ ਤਿਆਰੀ ਆਪਾਂ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਹੈ!"
"ਤਿਆਰੀ?" ਬਾਬਾ ਹੈਰਾਨ ਹੋ ਗਿਆ।
"ਸਿਰ ਵਿਚ ਜਿੱਥੇ ਆਪਰੇਸ਼ਨ ਹੋਣਾਂ ਹੈ ਉਸ ਥਾਂ ਤੋਂ ਵਾਲ ਕੱਟਣੇ ਪੈਣਗੇ, ਨਰਸ ਆਵੇਗੀ ਤੇ ਤੁਹਾਡੇ ਵਾਲ ਕੱਟ ਜਾਵੇਗੀ, ਬਾਕੀ ਆਪਾਂ ਬਾਅਦ ਵਿਚ ਦੇਖਾਂਗੇ!"
"ਕੀ ਨਾਂ ਹੈ ਯੰਗ ਮੈਨ ਤੇਰਾ?" ਬਾਬੇ ਨੇ ਪੁੱਛਿਆ।
"ਨਾਂ ਤਾਂ ਹਰਜਿੰਦਰ ਸਿੰਘ ਹੈ ਜੀ, ਪਰ ਸਾਰੇ ਮੈਨੂੰ ਜਿੰਦਰ ਹੀ ਆਖਦੇ ਹਨ!"
"ਜਿੰਦਰ ਸਿਆਂ! ਆਪਰੇਸ਼ਨ ਕਰਦਾ ਮੇਰਾ ਚਾਹੇ ਅੰਗ ਅੰਗ ਕੱਟ ਧਰੀਂ, ਪਰ ਮੇਰੇ ਸਰੀਰ ਦੇ ਕਿਸੇ ਰੋਮ ਨੂੰ ਕਤਲ ਨਾ ਕਰੀਂ! ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪੜ ਲੁਹਾ ਲਏ ਸੀ, ਪਰ ਰੋਮ ਕਤਲ ਨਹੀਂ ਸਨ ਕਰਵਾਏ! ਆਰਮੀ 'ਚ ਹੋਣ ਮੌਕੇ ਮੈਂ ਤਿੰਨ ਜੰਗਾਂ ਲੜੀਆਂ, ਫ਼ੱਟੜ ਵੀ ਹੋਇਆ, ਪਰ ਆਪਣੇ ਕੇਸਾਂ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ! ਸੋ ਪੁੱਤਰਾ..! ਚੀਰ ਫ਼ਾੜ ਜੋ ਮਰਜ਼ੀ ਹੈ ਕਰੀ ਚੱਲਿਓ, ਪਰ ਮੇਰੇ ਗੁਰੂ ਦੇ ਕੇਸਾਂ ਨੂੰ ਕਤਲ ਨਹੀਂ ਮੈਂ ਹੋਣ ਦੇਣਾਂ!" ਬਾਬੇ ਨੇ ਨਿਰੋਲ ਫ਼ੈਸਲਾ ਸੁਣਾਇਆ। ਵੱਡੇ ਡਾਕਟਰ ਇਸ ਗੱਲ ਨਾਲ ਸਹਿਮਤ ਨਹੀਂ ਸਨ ਅਤੇ ਕੇਸ ਕਤਲ ਕਰਵਾਉਣ ਲਈ ਬਾਬਾ ਸਹਿਮਤ ਨਹੀਂ ਸੀ। ਗੱਲ ਕਿਸੇ ਸਿਰੇ ਨਾ ਲੱਗੀ। ਬਾਬਾ ਇਕ ਗੱਲ Ḕਤੇ ਹੀ ਅੜਿਆ ਰਿਹਾ ਕਿ ਮਰਨਾਂ ਮਨਜੂਰ ਹੈ, ਪਰ ਕੇਸ ਕਤਲ ਨਹੀਂ ਕਰਵਾਉਣੇ, ਕੱਲ੍ਹ ਦੀ ਜਗਾਹ ਚਾਹੇ ਅੱਜ ਮਰ ਜਾਵਾਂ! ਬਾਬੇ ਦੀ ਜ਼ਿਦ ਅਤੇ ਅੜੀ ਸੁਣ ਕੇ ਜਿੰਦਰ ਨੇ ਆਪਣੇ 'ਘੋਨ-ਮੋਨ' ਸਿਰ 'ਤੇ ਹੱਥ ਫ਼ੇਰਿਆ। ਉਸ ਦਾ ਸਾਰਾ ਪ੍ਰੀਵਾਰ, ਦਾਦੇ-ਪੜਦਾਦੇ ਸਾਬਤ-ਸੂਰਤ, ਦਸਤਾਰ ਸਿਰਾ ਸਨ। ਪਰ ਜਿੰਦਰ..?
ਅਖ਼ੀਰ ਬਾਬਾ ਜੀ ਨੇ ਆਪਰੇਸ਼ਨ ਕਰਵਾਉਣ ਤੋਂ ਹੀ 'ਨਾਂਹ' ਕਰ ਦਿੱਤੀ। ਉਸ ਨੇ ਮਰਨਾਂ ਮਿਥ ਲਿਆ ਸੀ, "ਮੇਰਾ ਗੁਰੂ ਮੈਨੂੰ ਆਪੇ ਰੱਖੂ..! ਇਹ ਦੁਨਿਆਵੀ ਡਾਕਟਰ ਮੇਰਾ ਕੀ ਇਲਾਜ਼ ਕਰਨਗੇ?" ਆਪਰੇਸ਼ਨ ਟਾਲ ਕੇ ਡਾਕਟਰ ਬਾਬਾ ਜੀ ਦੀ ਅੜੀ ਅੱਗੇ ਝੁਕ ਗਏ ਅਤੇ ਉਹਨਾਂ ਨੇ ਬਾਬੇ ਮਿੱਤ ਸਿੰਘ ਨੂੰ ਦੁਆਈਆਂ ਅਤੇ ਕੈਪਸੂਲ ਲਿਖ ਦਿੱਤੇ ਅਤੇ ਤਿੰਨ ਹਫ਼ਤੇ ਬਾਅਦ ਫ਼ਿਰ 'ਚੈੱਕ' ਕਰਵਾਉਣ ਲਈ ਕਿਹਾ।
ਤਿੰਨ ਹਫ਼ਤੇ ਬਾਅਦ ਜਦ ਬਾਬੇ ਦੀ 'ਚੈੱਕ-ਅੱਪ' ਹੋਈ ਤਾਂ ਉਸ ਦੀ ਰਸੌਲੀ ਗਾਇਬ ਸੀ। ਡਾਕਟਰ ਹੈਰਾਨ ਸਨ। ਤਿੰਨ ਹਫ਼ਤੇ ਵਿਚ ਤਾਂ ਬਾਬੇ ਨੇ ਆਪਰੇਸ਼ਨ ਕਰਵਾ ਕੇ ਵੀ ਠੀਕ ਨਹੀਂ ਸੀ ਹੋਣਾਂ! ...ਤੇ ਇਹ ਦੁਆਈਆਂ ਆਸਰੇ ਹੀ ਰਸੌਲੀ ਖ਼ਤਮ ਹੋ ਗਈ?
"ਜਿੰਦਰ!"
"ਹਾਂ ਜੀ, ਬਾਬਾ ਜੀ?"
"ਤੈਨੂੰ ਕਿਹਾ ਸੀ ਨ੍ਹਾਂ ਪੁੱਤ ਕਿ ਮੈਨੂੰ ਮੇਰਾ ਗੁਰੂ ਰੱਖੂ?"
"ਬਿਲਕੁਲ ਕਿਹਾ ਸੀ ਜੀ!"
"ਤੇ ਦੇਖ ਲੈ ਸ਼ੇਰਾ ਰੱਖ ਲਿਆ ਨਾ ਫ਼ੇਰ?"
"ਰੱਖ ਲਿਆ ਜੀ! ਕੋਈ ਸ਼ੱਕ ਨਹੀਂ!"
"ਤੇ ਫ਼ਿਰ ਤੂੰ ਸਿੱਖ ਹੋ ਕੇ ਘੋਨਾਂ ਮੋਨਾਂ ਕਿਸ ਖ਼ੁਸ਼ੀ 'ਚ ਫ਼ਿਰਦੈਂ?" ਬਾਬੇ ਦਾ ਤਰਕ-ਬਾਣ ਜਿੰਦਰ ਦੀ ਰੂਹ ਵਿਚ ਛੇਕ ਕਰ ਗਿਆ ਅਤੇ ਜਿੰਦਰ ਡਿਊਟੀ ਖ਼ਤਮ ਕਰ ਗੁਰੂ ਘਰ ਨੂੰ ਸਿੱਧਾ ਹੋ ਲਿਆ...!
***************

No comments:

Post a Comment