Tuesday, May 11, 2010

ਨੀਤੀਵਾਨ ਪੁੱਤ -ਭਿੰਦਰ ਜਲਾਲਾਬਾਦੀ

ਨੀਤੀਵਾਨ ਪੁੱਤ

ਭਿੰਦਰ ਜਲਾਲਾਬਾਦੀ
ਜਦ ਉਸ ਨੇ ਆਪਣੇ ਡੈਡ ਨੂੰ ਆਪਣੇ ਦਿਲ ਦੀ 'ਅਸਲ' ਗੱਲ ਦੱਸੀ ਤਾਂ ਉਸ ਦਾ ਡੈਡ ਉਸ ਦੀ ਨੀਤੀ Ḕਤੇ ਦੰਗ ਰਹਿ ਗਿਆ।
ਜੈਗ ਸ਼ੁਰੂ ਤੋਂ ਹੀ ਚੁੱਪ ਚਾਪ ਰਹਿਣ ਵਾਲਾ 'ਮਾਊਂ' ਜਿਹਾ ਮੁੰਡਾ ਸੀ। ਇਹ ਨਹੀਂ ਬਈ ਉਹ ਘੁੱਗੂ ਹੀ ਸੀ। ਪੜ੍ਹਨ ਨੂੰ ਬੜਾ ਹੀ ਹੁਸ਼ਿਆਰ। ਸਲੀਕੇ ਨਾਲ ਰਹਿਣ ਵਾਲਾ ਸੋਹਣਾ ਸੁਨੱਖਾ, ਪਰ ਚੁੱਪ ਚਾਪ ਮੁੰਡਾ। ਘਰ ਆਉਣਾ ਅਤੇ ਖਾ-ਪੀ ਕੇ ਪੜ੍ਹਨ ਬੈਠ ਜਾਣਾ ਅਤੇ ਫ਼ਿਰ ਜਾਂ ਫ਼ੁੱਟਬਾਲ ਖੇਡਣ ਚਲੇ ਜਾਣਾ ਅਤੇ ਜਾਂ ਫ਼ਿਰ ਜਿੰਮ! ਕਦੇ ਕਦੇ ਉਹ ਕਿੱਕ ਬੌਕਸਿੰਗ ਸਿੱਖਣ ਵੀ ਚਲਾ ਜਾਂਦਾ। ਜਦ ਜੈਗ ਨੇ ਪੜ੍ਹਾਈ ਖ਼ਤਮ ਕੀਤੀ ਤਾਂ ਮਾਂ-ਬਾਪ ਨੇ ਉਸ ਦੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪਰ ਜੈਗ ਵਿਆਹ ਨੂੰ ਲੱਤ ਨਹੀਂ ਲਾ ਰਿਹਾ ਸੀ। ਉਸ ਦੇ ਵੱਡੇ ਭਰਾ ਦੀ ਸ਼ਾਦੀ ਦੋ ਸਾਲ ਪਹਿਲਾਂ ਹੋ ਗਈ ਸੀ ਅਤੇ ਹੁਣ ਘਰ ਵਿਚ ਸਿਰਫ਼ ਜੈਗ ਹੀ ਵਿਆਹੁੰਣ ਵਾਲਾ ਰਹਿੰਦਾ ਸੀ। ਜੈਗ ਹੋਰੀਂ ਸਿਰਫ਼ ਦੋ ਭਰਾ ਹੀ ਭਰਾ ਸਨ। ਜੈਮੀ ਵੱਡਾ ਅਤੇ ਜੈਗ ਛੋਟਾ!
ਦੋ ਕੁ ਸਾਲ ਜੈਗ ਨੇ ਵਿਆਹ ਬਾਰੇ ਮਾਂ-ਬਾਪ ਦੀ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਉਸ ਦੀ ਪੱਕੀ ਜੌਬ ਵੀ ਲੱਗ ਗਈ ਅਤੇ ਉਸ ਜੌਬ ਤੋਂ ਉਸ ਦੀ ਸਾਲਾਨਾ ਆਮਦਨ ਸੱਠ ਹਜ਼ਾਰ ਪੌਂਡ ਸੀ। ਜਦ ਸਾਲ ਕੁ ਬਾਅਦ ਉਸ ਨੇ ਆਪਣੇ ਮਾਂ-ਬਾਪ ਨਾਲ ਆਪ ਖ਼ੁਦ ਆਪਣੀ ਸ਼ਾਦੀ ਦੀ ਗੱਲ ਚਲਾਈ ਤਾਂ ਮਾਂ-ਬਾਪ ਨੇ ਕਿਹੜਾ 'ਨਾਂਹ' ਕਰਨੀ ਸੀ? ਉਸ ਦੀ ਮਿੱਤਰ ਕੁੜੀ ਕਿਰਨ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਅਤੇ ਜੈਗ ਦਾ ਉਸ ਨਾਲ ਪ੍ਰੇਮ ਚੱਕਰ ਤਕਰੀਬਨ ਸਾਲ ਤੋਂ ਚੱਲ ਰਿਹਾ ਸੀ। ਸ਼ਾਦੀ ਦੇ ਇਸ ਲਏ ਫ਼ੈਸਲੇ ਤੋਂ ਮਾਂ-ਬਾਪ ਖ਼ੁਸ਼ ਤਾਂ ਸਨ। ਪਰ ਜੈਗ ਦੀ ਹੋਣ ਵਾਲੀ ਪਤਨੀ ਇਕੱਲੀ-ਇਕੱਲੀ ਕੁੜੀ ਸੁਣ ਕੇ ਮਾਂ ਨੇ ਲੱਤ ਜਿਹੀ ਚੁੱਕੀ, "ਮੁੰਡੇ ਦੇ ਭਾਈ ਕੋਈ ਸਾਲਾ ਤਾਂ ਜ਼ਰੂਰ ਹੋਣਾਂ ਚਾਹੀਦੈ।" ਜਦ ਮਾਂ ਨੇ ਇਹ ਸੁਣਾਈ ਕੀਤੀ ਤਾਂ ਜੈਗ ਖਿਝ ਉਠਿਆ, "ਯੂ ਕੀਪ ਕੁਆਇਟ ਮੰਮ! ਫ਼ੌਰਗਿੱਟ ਅਬਾਊਟ ਯੂਅਰ ਇੰਡੀਅਨ ਕਲਚਰ ਐਂਡ ਸਾਲਾ!"
ਜੈਗ ਦੀ ਜ਼ਿਦ ਅਤੇ ਮਨ ਅਨੁਸਾਰ ਉਸ ਦੀ ਦੇਖ ਦਿਖਾਈ ਹੋ ਗਈ ਅਤੇ ਵਿਆਹ ਦਾ ਦਿਨ ਵੀ ਨੀਯਤ ਕਰ ਲਿਆ ਗਿਆ। ਮੰਗਣੀਂ, ਪ੍ਰੀ-ਵੈਡਿੰਗ ਪਾਰਟੀ ਅਤੇ ਸ਼ਾਦੀ ਅੱਗੜ-ਪਿੱਛੜ ਹੀ ਤਹਿ ਹੋ ਗਏ। ਜੈਗ ਦਾ ਵਿਆਹ ਹੋ ਗਿਆ। ਮਾਪਿਆਂ ਦੀ Ḕਕੱਲੀ-Ḕਕੱਲੀ ਕੁੜੀ ਦਾ ਵਿਆਹ ਤਾਂ ਧੂਮ-ਧੜੱਕੇ ਨਾਲ ਹੋਣਾ ਹੀ ਸੀ। ਜੈਗ ਦੇ ਸਹੁਰਿਆਂ ਨੇ ਲੈਣ-ਦੇਣ ਦੀ ਕੋਈ ਕਸਰ ਬਾਕੀ ਨਾ ਛੱਡੀ। ਕਿਰਨ ਦੇ ਮਾਂ-ਬਾਪ ਬਹੁਤ ਅਮੀਰ ਸਨ ਅਤੇ ਉਹਨਾਂ ਨੇ ਲਾਡਲੀ ਧੀ ਕਿਰਨ ਦੀ ਸ਼ਾਦੀ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਗ਼ਿਲੇ-ਸ਼ਿਕਵੇ ਨਵਿੱਰਤ ਕਰ ਲਏ ਅਤੇ ਰੀਝਾਂ ਪੂਰੀਆਂ ਕਰ ਲਈਆਂ ਸਨ। ਮੁੰਡਾ ਵੀ ਉਹਨਾਂ ਨੂੰ ਸੋਹਣਾ-ਸੁਨੱਖਾ ਅਤੇ ਚੰਗੀ ਜੌਬ ਵਾਲਾ ਮਿਲ ਗਿਆ ਸੀ। ਕਿਰਨ ਦੇ ਮਾਪਿਆਂ ਨੇ ਇਕ ਤਿੰਨ ਬੈੱਡ-ਰੂਮ ਦਾ ਮਕਾਨ ਉਹਨਾਂ ਨੂੰ ਵਿਆਹ 'ਤੇ ਇਕ ਵਿਸ਼ੇਸ਼ 'ਤੋਹਫ਼ੇ' ਵਜੋਂ ਦਿੱਤਾ ਸੀ, ਜਿਸ ਦਾ 'ਡਿਪੌਜ਼ਿਟ' ਕਿਰਨ ਦੇ ਬਾਪ ਨੇ ਦੇ ਦਿੱਤਾ ਸੀ ਅਤੇ ਮਾਮੂਲੀ ਜਿਹੀ ਕਿਸ਼ਤ ਉਹਨਾਂ ਦੋਨਾਂ ਨੂੰ ਹਰ ਮਹੀਨੇ ਭਰਨੀ ਪੈਣੀ ਸੀ। ਕਿਰਨ ਦੀ ਜੌਬ ਵੀ ਚੰਗੀ ਸੀ ਅਤੇ ਉਸ ਦੀ ਸਾਲਾਨਾ ਆਮਦਨ ਤਾਂ ਜੈਗ ਨਾਲੋਂ ਵੀ ਜ਼ਿਆਦਾ ਸੀ।
ਵਿਆਹ ਤੋਂ ਤੁਰੰਤ ਬਾਅਦ ਜੈਗ ਅਤੇ ਕਿਰਨ ਹਨੀਮੂਨ ਮਨਾਉਣ ਲਈ ਸ਼੍ਰੀ ਲੰਕਾ ਚਲੇ ਗਏ। ਹਨੀਮੂਨ ਤੋਂ ਬਾਅਦ ਸਭ ਕੁਝ ਆਮ ਵਰਗਾ ਹੋ ਗਿਆ। ਇਕ ਦਿਨ ਕਿਰਨ ਕੰਮ 'ਤੇ ਗਈ ਹੋਈ ਸੀ ਅਤੇ ਜੈਗ ਆਪਣੇ ਬਾਪ ਕੋਲ ਬੈਠਾ ਸੀ। ਅਜੇ ਉਹਨਾਂ ਨੇ ਆਪਣੇ ਮਕਾਨ ਵਿਚ 'ਸ਼ਿਫ਼ਟ' ਨਹੀਂ ਕੀਤਾ ਸੀ, ਜੋ ਕਿਰਨ ਦੇ ਮਾਪਿਆਂ ਨੇ ਉਹਨਾਂ ਨੂੰ ਤੋਹਫ਼ੋ ਵਜੋਂ ਦਿੱਤਾ ਸੀ।
"ਜੈਗ! ਇਕ ਗੱਲ ਦੱਸ?" ਜੈਗ ਦੇ ਬਾਪ ਨੇ ਸੁਆਲ ਕੀਤਾ।
"ਦੱਸੋ?" ਜੈਗ ਸੰਖੇਪ ਗੱਲ ਕਰਨ ਅਤੇ ਸੁਣਨ ਦਾ ਹੀ ਆਦੀ ਸੀ।
"ਤੂੰ ਕਿਰਨ ਨੂੰ ਹੀ ਕਿਉਂ ਪਸੰਦ ਕੀਤਾ, ਜਦ ਕਿ ਅਸੀਂ ਕਿੰਨੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਤੇਰੇ ਵਾਸਤੇ ਦੇਖੀ ਬੈਠੇ ਸੀ? ਮੈਂ ਤੇਰੇ ਅਤੇ ਕਿਰਨ ਦੇ ਵਿਆਹ ਕਰਵਾਉਣ ਦੇ ਖ਼ਿਲਾਫ਼ ਨਹੀਂ ਹਾਂ, ਪਰ ਕਿਰਨ ਹੀ ਕਿਉਂ? ਸਿਰਫ਼ ਕਾਰਨ ਹੀ ਜਾਨਣਾ ਚਾਹੁੰਨੈਂ!"
"ਡੈਡ! ਕਿਰਨ 'ਕੱਲੀ-'ਕੱਲੀ ਕੁੜੀ ਹੈ, ਰਾਈਟ?"
"ਠੀਕ!"
"ਉਸ ਦੇ ਬਾਪ ਕੋਲ ਮਿਲੀਅਨ ਪੌਂਡ ਨੇ, ਮਿਲੀਅਨਾਂ ਦੀ ਹੀ ਉਹਦੇ ਕੋਲ ਪ੍ਰਾਪਰਟੀ ਹੈ ਤੇ ਮਿਲੀਅਨਾਂ ਦਾ ਹੀ ਕਾਰੋਬਾਰ!"
"ਇਹ ਵੀ ਠੀਕ!"
"ਆਪਣੇ ਬਾਪ ਤੋਂ ਬਾਅਦ ਸਾਰੀ ਪ੍ਰਾਪਰਟੀ ਦੀ ਮਾਲਕ ਕਿਰਨ ਹੀ ਹੈ!"
"ਇਹ ਵੀ ਠੀਕ!"
"ਆਪਣੇ ਬਾਪ ਦੀ ਰਿਟਾਇਰਮੈਂਟ ਤੋਂ ਬਾਅਦ ਕਿਰਨ ਨੇ ਹੀ ਉਸ ਦੇ ਕਾਰੋਬਾਰ ਨੂੰ ਸੰਭਾਲਣਾ ਹੈ!"
"ਠੀਕ!"
"ਡੈਡ! ਉਤਨਾ ਤਾਂ ਤੁਸੀਂ ਜ਼ਿੰਦਗੀ ਵਿਚ ਕਮਾਇਆ ਨਹੀਂ ਹੋਣਾ, ਜਿੰਨਾ ਮੈਂ ਕਿਰਨ ਨਾਲ ਵਿਆਹ ਕਰ ਕੇ ਪਾ ਲਿਆ!" ਜੈਗ ਦੀ ਇਸ ਨੀਤੀ 'ਤੇ ਉਸ ਦਾ ਬਾਪ ਆਚੰਭੇ ਵਿਚ ਪੈ ਗਿਆ। ਉਹ ਸੋਚ ਰਿਹਾ ਸੀ ਕਿ ਘੁੱਗੂ ਜਿਹਾ ਸਮਝਿਆ ਜਾਣ ਵਾਲਾ ਉਸ ਦਾ ਪੁੱਤਰ ਜੈਗ 'ਮਾਊਂ' ਜਿਹਾ ਨਹੀਂ, ਇਕ ਖਾੜਕੂ ਨੀਤੀਵਾਨ ਹੈ।
"ਇਕ ਗੱਲ ਪੱਕੀ ਹੈ ਜੈਗ! ਤੂੰ ਇਕ ਨਾ ਇਕ ਦਿਨ ਘਾਗ ਸਿਆਸਤਦਾਨ ਬਣੇਂਗਾ!" ਬਾਪ ਦੇ ਆਖਣ 'ਤੇ ਜੈਗ ਮੁਸਕਰਾ ਕੇ ਚੁੱਪ ਹੋ ਗਿਆ।
************

No comments:

Post a Comment